ਮੁੰਬਈ: ਗਾਇਕਾ ਜੋਨੀਤਾ ਗਾਂਧੀ ਨੇ ਇੱਥੇ ਕਿਹਾ ਕਿ ਮਿਊਜ਼ਿਕ ਵੀਡੀਓ’ਜ਼ ਗਾਇਕਾਂ ਲਈ ਦਰਸ਼ਕਾਂ ਤੱਕ ਪਹੁੰਚਣ ਦਾ ਸ਼ਾਨਦਾਰ ਜ਼ਰੀਆ ਹਨ। ਉਸ ਨੇ ਇਸ਼ਾਰਾ ਕਰਦਿਆਂ ਕਿਹਾ ਕਿ ਫਿਲਮੀ ਗੀਤਾਂ ਦੇ ਮਾਮਲੇ ’ਚ ਪ੍ਰਸ਼ੰਸ਼ਕ ਸਿਰਫ਼ ਅਦਾਕਾਰਾਂ ਨੂੰ ਯਾਦ ਰੱਖਦੇ ਹਨ, ਜਿਨ੍ਹਾਂ ਨੂੰ ਉਹ ਸਕਰੀਨ ’ਤੇ ਦੇਖਦੇ ਹਨ ਅਤੇ ਅਕਸਰ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਗੀਤ ਕਿਸ ਨੇ ਗਾਇਆ। ਉਸ ਨੇ ਕਿਹਾ, ‘‘ਅਸੀਂ ਦਿਖਾਵੇ ਦੀ ਦੁਨੀਆਂ ’ਚ ਰਹਿੰਦੇ ਹਾਂ। ਇੱਕ ਗਾਇਕ ਵਜੋਂ, ਖਾਸ ਕਰ ਬੌਲੀਵੁੱਡ ਵਿੱਚ… ਅਸੀਂ ਅਕਸਰ ਆਪਣੀ ਆਵਾਜ਼ ਦਾ ਚਿਹਰਾ ਨਹੀਂ ਬਣ ਪਾਉਂਦੇ, ਇਸ ਲਈ ਸਰੋਤੇ ਨਹੀਂ ਜਾਣ ਪਾਉਂਦੇ ਕਿ ਅਸੀਂ ਕੌਣ ਹਾਂ। ਮਿਊਜ਼ਿਕ ਵੀਡੀਓ’ਜ਼ ਨੇ ਆਜ਼ਾਦ ਸੰਗੀਤ ਲਈ ਸਾਨੂੰ ਆਪਣੀ ਆਵਾਜ਼ ਨੂੰ ਇੱਕ ਚਿਹਰਾ ਦੇਣ ਦਾ ਮੌਕਾ ਦਿੱਤਾ।’’ ਗਾਇਕਾ ਨੇ ਕਿਹਾ ਕਿ ਮਹਾਮਾਰੀ ਨੇ ਗਾਇਕਾਂ ਨੂੰ ਆਪਣੇ ਪੱਧਰ ’ਤੇ ਸੰਗੀਤ ਬਣਾਉਣ ਅਤੇ ਪ੍ਰਸ਼ੰਸਕਾਂ ਨਾਲ ਸਿੱਧੀ ਗੱਲਬਾਤ ਦਾ ਮੌਕਾ ਦਿੱਤਾ। ਜੋਨੀਤਾ ਨੇ ਕਿਹਾ ਕਿ ਮਹਾਮਾਰੀ ਦੇ ਵਧਣ ਨਾਲ ਕਲਾਕਾਰਾਂ ਨੂੰ ਘਰ ਤੋਂ ਸੰਗੀਤ ਬਣਾਉਣ ਦਾ ਵਿਚਾਰ ਆਇਆ ਅਤੇ ਇਸ ਦੌਰਾਨ ਉਨ੍ਹਾਂ ਆਪਣੇ ਪੱਧਰ ’ਤੇ ਕਈ ਗਾਣੇ ਰਿਲੀਜ਼ ਕੀਤੇ, ਜਿਨ੍ਹਾਂ ਨੇ ਉਨ੍ਹਾਂ ਦੀ ਇੱਕ ਵੱਖਰੀ ਪਛਾਣ ਬਣਾਈ। ਇਸੇ ਦੌਰਾਨ ਜੋਨੀਤਾ ਅਤੇ ਗਾਇਕ ਅਰਜੁਨ ਹਰਜੈ ਗੀਤ ‘ਮੈਂ ਜਾਨੂੰ ਨਾ’ ਉੱਤੇ ਇਕੱਠਿਆਂ ਕੰਮ ਕਰ ਰਹੇ ਹਨ। ਅਰਜੁਨ ਨਾਲ ਕੰਮ ਕਰਨ ਬਾਰੇ ਗੱਲਬਾਤ ਕਰਦਿਆਂ ਜੋਨੀਤਾ ਨੇ ਕਿਹਾ, ‘‘ ਮੈਂ ਅਤੇ ਅਰਜੁਨ ਨੇ ਇੱਕੋ ਸਮੇਂ ਆਪਣਾ ਸਫ਼ਰ ਸ਼ੁਰੂ ਕੀਤਾ। ਅਸੀਂ ਪਿਛਲੇ ਸਮੇਂ ਦੌਰਾਨ ਕਈ ਵਾਰ ਇਕੱਠਿਆਂ ਕੰਮ ਕੀਤਾ ਅਤੇ ਸੰਗੀਤ ਨੂੰ ਲੈ ਕੇ ਆਪਣਾ ਨਜ਼ਰੀਆ ਸਾਂਝਾ ਕੀਤਾ।’’
-ਆਈਏਐੱਨਐੱਸ