ਮੁੰਬਈ: ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਅੱਜ ਆਖਿਆ ਕਿ ਕਰੋਨਾ ਮਹਾਮਾਰੀ ਖ਼ਿਲਾਫ਼ ਜੰਗ ਵਿੱਚ ਹਰ ਇਕ ਵਿਅਕਤੀ ਦਾ ਹੰਭਲਾ ਮਾਇਨੇ ਰੱਖਦਾ ਹੈ। ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਸਥਿਤ ਦੇਖਭਾਲ ਕੇਂਦਰ ਬਾਰੇ ਉਨ੍ਹਾਂ ਆਖਿਆ ਕਿ ਕੇਂਦਰ ’ਚ ਫਿਲਹਾਲ 300 ਬਿਸਤਰੇ ਹਨ ਜਿਨ੍ਹਾਂ ਨੂੰ ਵਧਾ ਕੇ 400 ਕੀਤਾ ਜਾਵੇਗਾ। ਗੁਰੂ ਘਰ ਵਿਚ ਦੇਖਭਾਲ ਕੇਂਦਰ ਬਣਾਉਣ ਲਈ ਉਨ੍ਹਾਂ ਦੋ ਕਰੋੜ ਰੁਪਏ ਦਾਨ ਦਿੱਤੇ ਹਨ। ਅਦਾਕਾਰ ਨੇ ਆਪਣੇ ਬਲਾਗ ’ਤੇ ਆਖਿਆ,‘‘ਇਹ ਕੇਂਦਰ ਮੁਫ਼ਤ ਵਿਚ ਸਹੂਲਤਾਂ ਦੇ ਰਿਹਾ ਹੈ, ਜਿਸ ਵਿਚ ਬਿਸਤਰਾ, ਭੋਜਨ, ਦਵਾ ਅਤੇ ਡਾਕਟਰੀ ਦੇਖਭਾਲ ਸ਼ਾਮਲ ਹਨ।’’ ਅਮਿਤਾਭ ਨੇ ਆਖਿਆ ਕਿ ਉਸ ਨੇ ਮੁੰਬਈ ਦੇ ਜੁਹੂ ਸਥਿਤ ਇਕ ਕੋਵਿਡ ਕੇਂਦਰ ਨੂੰ ਇਕ ਕਰੋੜ ਰੁਪਏ ਦਾਨ ਦਿੱਤੇ ਹਨ ਜੋ ਇਕ-ਦੋ ਦਿਨਾਂ ਵਿਚ ਚਾਲੂ ਹੋ ਜਾਵੇਗਾ। ਉਨ੍ਹਾਂ ਆਖਿਆ ਕਿ ਉਹ ਜਿਥੇ ਲੋੜ ਹੋਵੇਗੀ, ਉਥੇ ਮਦਦ ਅਤੇ ਸਹਾਇਤਾ ਕਰਦ ਰਹਿਣਗੇ। ਅਦਾਕਾਰ ਨੇ ਆਖਿਆ,‘‘ਇਹ ਅਜਿਹੀ ਲੜਾਈ ਹੈ ਜਿਹੜੀ ਅਸੀਂ ਸਾਰਿਆਂ ਨੇ ਪਲ-ਪਲ ਲੜਨੀ ਹੈ। ਇਹ ਲੜਾਈ ਸਾਨੂੰ ਜਿੱਤਣ ਦੀ ਲੋੜ ਹੈ ਅਤੇ ਜੇਕਰ ਪ੍ਰਮਾਤਮਾ ਨੇ ਚਾਹਿਆ ਤਾਂ ਆਪਾਂ ਜ਼ਰੂਰ ਜਿੱਤਾਂਗੇ। ਇਸ ਲਈ ਹਰ ਇਕ ਦਾ ਹੰਭਲਾ ਮਾਇਨੇ ਰੱਖਦਾ ਹੈ। ਜਿਵੇਂ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਹੈ।’’ ਅਦਾਕਾਰ ਨੇ ਲੋਕਾਂ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ। -ਪੀਟੀਆਈ
ਅਮਿਤਾਭ ਬੱਚਨ ਤੋਂ ਪੈਸੇ ਮੰਗਣ ਨਹੀਂ ਗਏ: ਸਿਰਸਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਉਹ ਅਮਿਤਾਭ ਬੱਚਨ ਕੋਲੋਂ ਪੈਸੇ ਮੰਗਣ ਨਹੀਂ ਗਏ ਸਨ ਸਗੋਂ ਉਨ੍ਹਾਂ ਦੋ ਕਰੋੜ ਰੁਪਏ ਆਨਲਾਈਨ ਦਿੱਲੀ ਕਮੇਟੀ ਦੇ ਖਾਤੇ ਵਿੱਚ ਪਾਏ ਹਨ। ਜਿਉਂ ਹੀ ਸਟਾਫ਼ ਨੇ ਇਸ ਰਕਮ ਬਾਰੇ ਦੱਸਿਆ ਤਾਂ ਤੁਰੰਤ ਬੱਚਨ ਦੇ ਨਜ਼ਦੀਕੀਆਂ ਨਾਲ ਸੰਪਰਕ ਕੀਤਾ ਤੇ ਇਹ ਪਤਾ ਲੱਗਾ ਕਿ ਸਿੱਖਾਂ ਦੇ ਸਮਾਜ ਪ੍ਰਤੀ ਕਾਰਜਾਂ ਨੂੰ ਦੇਖਦੇ ਹੋਏ ਇਹ ਰਕਮ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਨੂੰ ਦੇਸ਼-ਵਿਦੇਸ਼ ਦੇ ਲੋਕਾਂ ਵੱਲੋਂ ਭਰਵੀਂ ਮਦਦ ਕੀਤੀ ਜਾ ਰਹੀ ਹੈ। ਹਰਿਵੰਸ਼ ਰਾਇ ਬਚਨ ਟਰੱਸਟ ਵੱਲੋਂ ਵੀ ਮਸ਼ੀਨਾਂ ਦੀ ਮਦਦ ਕੀਤੀ ਗਈ ਸੀ।