ਮੁੰਬਈ, 5 ਜੁਲਾਈ
ਗਾਇਕ ਸ਼ਾਨ ਦਾ ਮੰਨਣਾ ਹੈ ਕਿ ਸੰਗੀਤਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਸੁਣਨ ਵਾਲਿਆਂ ਨੂੰ ਨਕਾਰਾਤਮਕ ਗੀਤਾਂ ਤੋਂ ਦੂਰ ਰੱਖੇ। ਉਸ ਨੇ ਕਿਹਾ, ‘ਸੰਗੀਤ ਹਮੇਸ਼ਾ ਹੀ ਤਣਾਅਮੁਕਤੀ ਦਾ ਕੰਮ ਕਰਦਾ ਹੈ। ਇਹ ਤੁਹਾਡੇ ਬਦਲਦੇ ਮਿਜ਼ਾਜ ਅਤੇ ਸਥਿਤੀਆਂ ਵਿੱਚ ਵੀ ਤੁਹਾਡਾ ਸਾਥ ਦਿੰਦਾ ਹੈ। ਚੰਗਾ ਸੰਗੀਤ ਸੁਣਨਾ ਬਹੁਤ ਜ਼ਰੂਰੀ ਹੈ। ਉਸ ਨੇ ਕਿਹਾ ਕਿ ਜੋ ਸੰਗੀਤ ਤੁਹਾਡੀ ਆਵਾਜ਼ ਅਤੇ ਸਰੀਰ ਨੂੰ ਝੰਜੋੜਦਾ ਹੈ, ਉਹ ਹਾਨੀਕਾਰਕ ਹੋ ਸਕਦਾ ਹੈ। ਇਹ ਤੁਹਾਡੇ ਅੰਦਰ ਨਕਾਰਾਤਮਿਕਤਾ ਭਰਨ ਦਾ ਕੰਮ ਕਰਦਾ ਹੈ। ਇਹੀ ਵਜ੍ਹਾ ਹੈ ਕਿ ਮੈਂ ਅਜਿਹੇ ਸੰਗੀਤ ਤੋਂ ਕੋਹਾਂ ਦੂਰ ਹਾਂ।’ ਮਹਾਮਾਰੀ ਦੇ ਇਸ ਨਾਜ਼ੁਕ ਦੌਰ ਵਿੱਚ ਲੋਕਾਂ ਨੂੰ ਆਪਣੇ ਸੰਗੀਤ ਰਾਹੀਂ ਕੁਝ ਰਾਹਤ ਦੇਣ ਸਬੰਧੀ ਸੰਗੀਤਕਾਰ ਦੀ ਜ਼ਿੰਮੇਵਾਰੀ ਬਾਰੇ ਸ਼ਾਨ ਨੇ ਕਿਹਾ, ‘ਮੈਂ ਨਿਸ਼ਚਿਤ ਰੂਪ ਨਾਲ ਚਾਹੁੰਦਾ ਹਾਂ ਕਿ ਮੇਰੇ ਸੰਗੀਤ ਦਾ ਮੇਰੇ ਸਰੋਤਿਆਂ ’ਤੇ ਸਕਾਰਾਤਮਕ ਪ੍ਰਭਾਵ ਪਵੇ। ਮੈਂ ਆਪਣੇ ਗੀਤਾਂ ਵਿੱਚ ਦਰਸ਼ਕਾਂ ਦਾ ਮੰਨੋਰੰਜਨ ਕਰਦਿਆਂ ਆਨੰਦਮਈ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦਾ ਹਾਂ।’ ਸ਼ਾਨ ਇਨ੍ਹੀਂ ਦਿਨੀਂ ਆਪਣੇ ਨਵੇਂ ਗਾਣੇ ‘ਤੇਰਾ ਹਿੱਸਾ ਹੂੰ’ ਕਾਰਨ ਚਰਚਾ ਵਿੱਚ ਹੈ, ਜੋ ਪਿਤਾ ਤੇ ਬੱਚਿਆਂ ਵਿਚਲੇ ਪਿਆਰ ’ਤੇ ਆਧਾਰਿਤ ਹੈ। ਇਸ ਗੀਤ ਨੂੰ ਹਾਲ ਹੀ ਵਿੱਚ ‘ਫਾਦਰਜ਼ ਡੇਅ’ ਮੌਕੇ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਦੀ ਵੀਡੀਓ ਸ਼ਾਨ ਤੇ ਉਸ ਦੇ ਛੋਟੇ ਪੁੱਤਰ ਸ਼ੁੱਭ ’ਤੇ ਫਿਲਮਾਈ ਗਈ ਹੈ। -ਆਈਏਐੱਨਐੱਸ