ਮੁੰਬਈ, 4 ਨਵੰਬਰ
ਬੌਲੀਵੁੱਡ ਅਦਾਕਾਰਾ ਤੱਬੂ ਨੇ ਅੱਜ ਆਪਣੀ ਜ਼ਿੰਦਗੀ ਦੇ ਅਗਲੇ ਵਰ੍ਹੇ ਵਿੱਚ ਕਦਮ ਰੱਖ ਲਿਆ ਹੈ। ਉਸ ਦੇ ਦੋਸਤ, ਪ੍ਰਸ਼ੰਸਕ ਅਤੇ ਸਹਿ-ਕਰਮੀ ਸੋਸ਼ਲ ਮੀਡੀਆ ’ਤੇ ਉਸ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇ ਰਹੇ ਹਨ। ਕੋਰੀਓਗ੍ਰਾਫਰ ਤੇ ਫ਼ਿਲਮ ਨਿਰਦੇਸ਼ਕ ਫਰਾਹ ਖ਼ਾਨ ਅਤੇ ਤੱਬੂ ਦੀ ਦੋਸਤੀ ਨੂੰ 25 ਸਾਲ ਹੋ ਗਏ ਹਨ। ਇਸ ਲਈ ਫਰਾਹ ਨੇ ਇਸ ਅਦਾਕਾਰਾ ਨੂੰ ਸੋਸ਼ਲ ਮੀਡੀਆ ’ਤੇ ਵੱਖਰੇ ਢੰਗ ਨਾਲ ਸ਼ੁੱਭਕਾਮਨਾਵਾਂ ਦਿੱਤੀਆਂ। ਉਸ ਨੇ ਆਪਣੀ ਤੱਬੂ ਨਾਲ 25 ਸਾਲ ਪੁਰਾਣੀ ਸੋਸ਼ਲ ਮੀਡੀਆ ’ਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਹਮ ਸਾਥ ਸਾਥ ਹੈਂ!
ਪਹਿਲੀ ਵਾਰ ਮੈਂ ਉਸ ਨੂੰ 1995 ਵਿੱਚ ‘ਵਿਰਾਸਤ’ ਦੀ ਸ਼ੂਟਿੰਗ ਦੌਰਾਨ ਮਿਲੀ ਸੀ, ਅਤੇ ਇਹ ਇਸ ਤਰ੍ਹਾਂ ਸੀ ਜਿਵੇਂ ਅਸੀਂ ਪੁਰਾਣੇ ਦੋਸਤ ਹੋਈਏ ਅਤੇ ਇੱਕ-ਦੂਜੇ ਨੂੰ ਬਚਪਨ ਤੋਂ ਜਾਣਦੇ ਹੋਈਏ। 25 ਸਾਲ ਬਾਅਦ ਅੱਜ ਵੀ ਬਿਲਕੁਲ ਊਵੇਂ ਹੀ ਹਾਂ… ਜਨਮ ਦਿਨ ਮੁਬਾਰਕ ਮੇਰੀ ਤਬਦੀ…’’ ਤੱਬੂ ਨਾਲ ‘ਦੇ ਦੇ ਪਿਆਰ ਦੇ’ ਦੇ ਸਹਿ ਅਦਾਕਾਰ ਰਕੁਲ ਪ੍ਰੀਤ ਸਿੰਘ ਅਤੇ ਅਦਾਕਾਰਾ ਮਾਧੁਰੀ ਦੀਕਸ਼ਤ ਨੇਨੇ
ਵੀ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਤੱਬੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੇਵ ਆਨੰਦ ਦੀ 1985 ਵਿੱਚ ਰਿਲੀਜ਼ ਹੋਈ ਫ਼ਿਲਮ ‘ਹਮ ਨੌਜਵਾਨ’ ਤੋਂ ਕੀਤੀ ਸੀ। -ਆਈਏਐੱਨਐੱਸ