ਗੁਰਮੀਤ ਸਿੰਘ*
ਸਾਡੇ ਦੇਸ਼ ਵਿਚ ਵੱਖ ਵੱਖ ਤਰ੍ਹਾਂ ਦੇ ਪੰਛੀ ਪਾਏ ਜਾਂਦੇ ਹਨ। ਭੂਰਾ ਤਿੱਤਰ ਜਾਣਿਆ ਪਛਾਣਿਆ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿਚ ਗ੍ਰੇ ਪਾਰਟਰਿਜ (Grey Partridge) ਅਤੇ ਹਿੰਦੀ ਵਿਚ ਸਫ਼ੈਦ ਤਿੱਤਰ ਕਹਿੰਦੇ ਹਨ। ਇਹ ਇਕ ਸਥਾਨਕ ਪੰਛੀ ਹੈ। ਇਹ ਪੰਛੀ ਸ਼ਰਮਾਕਲ ਸੁਭਾਅ ਦਾ ਹੈ। ਇਸੇ ਲਈ ਇਹ ਮਨੁੱਖ ਤੋਂ ਦੂਰ ਰਹਿਣਾ ਪਸੰਦ ਕਰਦਾ ਹੈ। ਇਸ ਨੂੰ ਕਿਸਾਨਾਂ ਦਾ ਚੰਗਾ ਮਿੱਤਰ ਸਮਝਿਆ ਜਾਂਦਾ ਹੈ। ਜਦੋਂ ਕਿਸਾਨ ਖੇਤ ਵਿਚ ਫ਼ਸਲਾਂ ਦੀ ਬਿਜਾਈ ਕਰਦੇ ਹਨ, ਤਾਂ ਇਹ ਤਿੱਤਰ ਕੀੜੇ-ਮਕੌੜੇ ਖਾ ਜਾਂਦੇ ਹਨ।
ਇਸ ਦੀ ਧੌਣ ਬਦਾਮੀ ਰੰਗ ਦੀ ਹੁੰਦੀ ਹੈ। ਇਸ ਦੇ ਮੱਥੇ, ਮੂੰਹ ਦੇ ਦੋਵੇਂ ਪਾਸੇ ਅਤੇ ਅੱਖਾਂ ਦੇ ਥੱਲੇ ਨਸਵਾਰੀ ਧਾਰੀ ਹੁੰਦੀ ਹੈ। ਇਸ ਦਾ ਉੱਪਰੋਂ ਸਾਰਾ ਸਰੀਰ ਖਾਕੀ ਹੁੰਦਾ ਹੈ। ਇਸ ਦੇ ਉੱਪਰ ਕਾਲੇ ਅਤੇ ਪੀਲੇ ਰੰਗ ਦੀਆਂ ਲਹਿਰੀਏਦਾਰ ਧਾਰੀਆਂ ਹੁੰਦੀਆਂ ਹਨ। ਇਸ ਦੀ ਬਦਾਮੀ ਧੌਣ ਵਿਚ ਕਾਲੇ ਰੰਗ ਦੀ ਟੁੱਟਵੀਂ ਜਿਹੀ ਗਾਨੀ ਹੁੰਦੀ ਹੈ। ਨਰ ਤਿੱਤਰ ਮਾਦਾ ਨਾਲੋਂ ਤਕੜਾ ਹੁੰਦਾ ਹੈ। ਇਹ ਛੋਟੇ-ਛੋਟੇ ਝੁੰਡਾਂ ਵਿਚ ਮਿਲਦਾ ਹੈ।
ਇਹ ਪੰਛੀ ਦਾਣੇ, ਬੀਜ, ਕੀੜੇ ਅਤੇ ਸਿਉਂਕ ਆਦਿ ਖਾਂਦੇ ਹਨ। ਇਹ ਮਾਰਚ ਤੋਂ ਅਕਤੂਬਰ ਤਕ ਬੱਚੇ ਪੈਦਾ ਕਰਦੇ ਹਨ। ਇਹ ਆਪਣਾ ਆਲ੍ਹਣਾ ਝਾੜੀ ਵਿਚ ਬਣਾਉਂਦੇ ਹਨ। ਇਹ ਪੰਛੀ ਮਿੱਟੀ ਵਿਚ ਨਹਾਉਣ ਦਾ ਸ਼ੌਕੀਨ ਹੈ। ਸ਼ਾਮ ਵੇਲੇ ਇਹ ਅਕਸਰ ਆਪਣੇ ਸਾਥੀ ਤਿੱਤਰਾਂ ਨਾਲ ਮਿਲ ਕੇ ਕੰਡਿਆਲੇ ਰੁੱਖਾਂ ਉੱਤੇ ਇਕੱਠੇ ਹੋ ਕੇ ਆਰਾਮ ਕਰਦੇ ਹਨ। ਨਰ ਪੰਛੀ ਦੀ ਸਵੇਰੇ ਸ਼ਾਮ ਆਵਾਜ਼ ਆਮ ਸੁਣਾਈ ਦਿੰਦੀ ਹੈ ਜਿਸ ਵਿਚ ਉਹ ਉੱਚੇ ਸੁਰ ਵਿਚ ਕਤੀਤਰ-ਕਤੀਤਰ-ਕਤੀਤਰ ਜਾਂ ਪਤੀਲਾ-ਪਤੀਲਾ ਕਹਿੰਦਾ ਹੈ।
ਭੂਰਾ ਤਿੱਤਰ ਕਿਸੇ ਵੇਲੇ ਰਾਜਿਆਂ, ਮਹਾਰਾਜਿਆਂ ਤੇ ਸ਼ਿਕਾਰੀਆਂ ਦਾ ਮਨਭਾਉਂਦਾ ਮਾਸ ਹੁੰਦਾ ਸੀ। ਵੱਡੀਆਂ ਪਾਰਟੀਆਂ ਵਿਚ ਤਿੱਤਰਾਂ ਨੂੰ ਮਾਰ ਕੇ ਖਵਾਉਣਾ ਸ਼ਾਨੋ ਸ਼ੌਕਤ ਸਮਝਿਆ ਜਾਂਦਾ ਸੀ। ਅੱਜ ਇਸ ਦੇ ਸ਼ਿਕਾਰ ’ਤੇ ਸਖ਼ਤ ਪਾਬੰਦੀ ਹੈ। ਜੰਗਲੀ ਜੀਵ (ਸੁਰੱਖਿਆ) ਐਕਟ, 1972 ਵਿਚ ਇਸ ਦੀ ਸਖ਼ਤ ਸਜ਼ਾ ਰੱਖੀ ਗਈ ਹੈ। ਕੀੜੇ ਮਾਰਨ ਵਾਲੀਆਂ ਜ਼ਹਿਰੀਲੀਆਂ ਦਵਾਈਆਂ ਦਾ ਇਨ੍ਹਾਂ ਪੰਛੀਆਂ ਦੀ ਹੋਂਦ ’ਤੇ ਮਾੜਾ ਅਸਰ ਪੈ ਰਿਹਾ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ, ਸੁਸਾਇਟੀ,ਪੰਜਾਬ।
ਸੰਪਰਕ: 98884-56910