ਮੁੰਬਈ, 17 ਅਗਸਤ
‘ਦ੍ਰਿਸ਼ਅਮ’ ਤੇ ‘ਮਦਾਰੀ’ ਜਿਹੀਆਂ ਸਫ਼ਲ ਤੇ ਗੰਭੀਰ ਵਿਸ਼ਿਆਂ ਵਾਲੀਆਂ ਫ਼ਿਲਮਾਂ ਦੇ ਨਿਰਦੇਸ਼ਕ ਨਿਸ਼ੀਕਾਂਤ ਕਾਮਤ (50) ਦਾ ਦੇਹਾਂਤ ਹੋ ਗਿਆ ਹੈ। ਉਹ ਹੈਦਰਾਬਾਦ ਦੇ ਇਕ ਹਸਪਤਾਲ ਵਿਚ ਦਾਖ਼ਲ ਸਨ ਤੇ ਇਲਾਜ ਚੱਲ ਰਿਹਾ ਸੀ। ਕਾਮਤ ਨੂੰ ਦੋ ਸਾਲ ਤੋਂ ਜਿਗਰ ਦੀ ਗੰਭੀਰ ਬੀਮਾਰੀ ਸੀ ਤੇ ਲਾਗ ਵੀ ਸੀ। ਫ਼ਿਲਮ ਜਗਤ ਵਿਚ ਉਨ੍ਹਾਂ ਦੇ ਨੇੜਲੇ ਮਿੱਤਰ ਤੇ ਨਿਰਦੇਸ਼ਕ ਮਿਲਾਪ ਜ਼ਾਵੇਰੀ ਨੇ ਦੱਸਿਆ ਕਿ ਜਿਗਰ ਸਣੇ ਸਰੀਰ ਦੇ ਕਈ ਹੋਰ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਤੇ ਉਹ ਵੈਂਟੀਲੇਟਰ ਉਤੇ ਸਨ। ਹਸਪਤਾਲ ਦੇ ਬੁਲਾਰੇ ਮੁਤਾਬਕ ਕਾਮਤ ਦੀ ਹਾਲਤ ਬੇਹੱਦ ਗੰਭੀਰ ਹੋ ਗਈ ਸੀ। 31 ਜੁਲਾਈ ਨੂੰ ਕਾਮਤ ਨੂੰ ਪੀਲੀਆ, ਬੁਖ਼ਾਰ ਤੇ ਪੇਟ ਦੀ ਤਕਲੀਫ਼ ਮਗਰੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਬੌਲੀਵੁੱਡ ਵਿਚ ਕਾਮਤ ਨੇ ਸ਼ੁਰੂਆਤ ‘ਮੁੰਬਈ ਮੇਰੀ ਜਾਨ’ ਨਾਲ ਕੀਤੀ ਸੀ ਤੇ ਮਰਹੂਮ ਅਦਾਕਾਰ ਇਰਫ਼ਾਨ ਦੀ ਇਸ ਵਿਚ ਮੁੱਖ ਭੂਮਿਕਾ ਸੀ। ਜੌਹਨ ਅਬਰਾਹਮ ਦੀ ‘ਰੌਕੀ ਹੈਂਡਸਮ’ ਵਿਚ ਕਾਮਤ ਨੇ ਅਦਾਕਾਰੀ ਵੀ ਕੀਤੀ ਸੀ। ਇਸ ਫ਼ਿਲਮ ਦੇ ਉਹ ਨਿਰਦੇਸ਼ਕ ਵੀ ਸਨ। ਕਾਮਤ ਨੇ ਐਕਸ਼ਨ ਫ਼ਿਲਮ ‘ਫੋਰਸ’ ਵੀ ਬਣਾਈ ਸੀ। ‘ਦ੍ਰਿਸ਼ਅਮ’ ਦੇ ਅਦਾਕਾਰ ਅਜੈ ਦੇਵਗਨ ਨੇ ਕਾਮਤ ਦੇ ਦੇਹਾਂਤ ਉਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
-ਪੀਟੀਆਈ