ਹਰਦਿਆਲ ਸਿੰਘ ਥੂਹੀ
ਭਲਵਾਨਾਂ ਵਰਗਾ ਭਰਵਾਂ ਜੁੱਸਾ, ਇੱਕੋ ਰੰਗ ਦਾ ਰੇਸ਼ਮੀ ਕੁੜਤਾ ਚਾਦਰਾ, ਫਰਲੇ ਵਾਲੀ ਪੱਗ, ਬੂਟੀਆਂ ਵਾਲੀ ਜਾਕਟ, ਗਲ ਵਿੱਚ ਕੈਂਠਾ ਤੇ ਲੱਕ ਰਿਵਾਲਵਰ, ਖਤ ਕੱਢਵੀਂ ਦਾੜ੍ਹੀ ਤੇ ਕੁੰਢੀਆਂ ਮੁੱਛਾਂ, ਹੱਥ ਵਿੱਚ ਤੂੰਬੀ ਲੈ ਕੇ ਜਦੋਂ ਉਹ ਸਟੇਜ ’ਤੇ ਚੜ੍ਹਦਾ ਤਾਂ ਸਰੋਤੇ ਅਸ਼ ਅਸ਼ ਕਰ ਉੱਠਦੇ। ਐਸੀ ਛਾਪ ਸੀ ਲੋਕ ਗਾਇਕ ਮੱਘਰ ਅਲੀ ਦੀਵਾਨੇ ਦੀ। ਆਪਣੇ ਇਲਾਕੇ ਦਾ ਉਹ ਮਹਬਿੂਬ ਗਾਇਕ ਸੀ। ਆਮ ਲੋਕ ਉਸ ਨੂੰ ‘ਮੱਘਰ ਦਮਾਨਾ’ ਹੀ ਆਖਦੇ ਸਨ।
ਮੱਘਰ ਅਲੀ ਦਾ ਜਨਮ ਜ਼ਿਲ੍ਹਾ ਤੇ ਤਹਿਸੀਲ ਪਟਿਆਲਾ ਦੇ ਪਿੰਡ ਵਜ਼ੀਦਪੁਰ ਵਿਖੇ ਪਿਤਾ ਝੰਡੇ ਖਾਂ ਤੇ ਮਾਤਾ ਬਚਨੀ ਦੇ ਘਰ ਮੀਰ ਆਲਮ ਪਰਿਵਾਰ ਵਿੱਚ ਹੋਇਆ। ਕਾਗਜ਼ਾਂ ਪੱਤਰਾਂ ਵਿੱਚ ਉਸ ਦੀ ਜਨਮ ਤਰੀਕ 15 ਅਗਸਤ 1923 ਦਰਜ ਹੈ। ਮਾਤਾ-ਪਿਤਾ ਦੀਆਂ ਪੰਜ ਔਲਾਦਾਂ ਵਿੱਚੋਂ ਮੱਘਰ ਅਲੀ ਸਭ ਤੋਂ ਵੱਡਾ ਸੀ। ਦੋ ਛੋਟੇ ਭਰਾ ਬਾਬੂ ਰਾਮ ਉਰਫ਼ ਮਸਤ ਤੇ ਨਰਾਤਾ ਰਾਮ ਉਰਫ਼ ਅਨਾਇਤ ਅਲੀ ਅਤੇ ਦੋ ਛੋਟੀਆਂ ਭੈਣਾਂ ਸੁਰਜੀਤ ਕੌਰ ਤੇ ਦੌਲੀ (ਦੌਲਤਾਂ) ਸਨ। ਪਿਤਾ ਝੰਡੇ ਖਾਂ ਪਿੰਡ ਦੀ ਚੌਕੀਦਾਰੀ ਤੇ ਹੋਰ ਮਿਹਨਤ ਮਜ਼ਦੂਰੀ ਕਰਦਾ ਸੀ। ਪਰਿਵਾਰ ਵੱਡਾ ਹੋਣ ਕਾਰਨ ਘਰ ਵਿੱਚ ਗ਼ਰੀਬੀ ਦਾ ਬੋਲਬਾਲਾ ਸੀ। ਤੰਗੀਆਂ-ਤੁਰਸ਼ੀਆਂ ਨਾਲ ਜੂਝਦੇ ਪਰਿਵਾਰ ’ਤੇ ਉਦੋਂ ਹੋਰ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਛੇ ਕੁ ਮਹੀਨੇ ਦੀ ਛੋਟੀ ਭੈਣ ਦੌਲੀ ਨੂੰ ਛੱਡ ਕੇ ਮਾਂ ਸਦਾ ਲਈ ਤੁਰ ਗਈ। ਇਸ ਤਰ੍ਹਾਂ ਛੋਟੀ ਉਮਰ ਵਿੱਚ ਹੀ ਮੱਘਰ ਅਲੀ ’ਤੇ ਵੱਡੀਆਂ ਜ਼ਿੰਮੇਵਾਰੀਆਂ ਪੈ ਗਈਆਂ। ਪਿਤਾ ਨਾਲ ਮਿਹਨਤ ਮਜ਼ਦੂਰੀ ਦਾ ਕੰਮ ਵੀ ਕਰਾਉਣਾ ਤੇ ਛੋਟੇ ਭੈਣ ਭਰਾਵਾਂ ਦੀ ਸਾਂਭ ਸੰਭਾਲ ਵੀ ਕਰਨੀ। ਪਰਿਵਾਰਕ ਗੱਡੀ ਰੋੜ੍ਹਨ ਲਈ ਛੋਟੇ ਮੋਟੇ ਕਈ ਕੰਮ ਕੀਤੇ, ਖੇਤਾਂ ਵਿੱਚ ਦਿਹਾੜੀ ਦੱਪਾ ਕੀਤਾ, ਭੱਠੇ ’ਤੇ ਇੱਟਾਂ ਪੱਥੀਆਂ, ਚੁੰਨੀਆਂ-ਪੱਗਾਂ ਰੰਗੀਆਂ, ਤਾਂਗਾ ਚਲਾਇਆ ਆਦਿ। ਸਖ਼ਤ ਮਿਹਨਤ ਕਰਕੇ ਪਰਿਵਾਰ ਨੂੰ ਪੈਰਾਂ ਸਿਰ ਕੀਤਾ। ਆਪਣਾ ਤੇ ਛੋਟੇ ਭੈਣ ਭਰਾਵਾਂ ਦੇ ਵਿਆਹ ਕੀਤੇ।
ਏਨੇ ਸਖ਼ਤ ਹਾਲਾਤ ਦੇ ਬਾਵਜੂਦ ਮੱਘਰ ਅਲੀ ਨੂੰ ਗੀਤ-ਸੰਗੀਤ ਨਾਲ ਲਗਾਓ ਸੀ। ਵਾਹ ਲੱਗਦੀ ਉਹ ਨੇੜੇ ਤੇੜੇ ਪਿੰਡਾਂ ਵਿੱਚ ਰਾਤਾਂ ਨੂੰ ਲੱਗਣ ਵਾਲੇ ਅਖਾੜਿਆਂ ਤੇ ਜਲਸਿਆਂ ਵਿੱਚ ਹਾਜ਼ਰੀ ਭਰਦਾ ਸੀ। ਇਸ ਸ਼ੌਕ ਨੇ ਉਸ ਨੂੰ ਢੋਲਕ ਵਜਾਉਣੀ ਸਿੱਖਣ ਲਈ ਮਜਬੂਰ ਕਰ ਦਿੱਤਾ। ਉਸ ਨੇ ਪਿੰਡ ਉਕਸੀ ਦੇ ਉਸਤਾਦ ਢੋਲਕ ਵਾਦਕ ਹੀਰਾ ਰਾਮ ਤੋਂ ਢੋਲਕ ਵਜਾਉਣੀ ਸਿੱਖੀ। ਰਾਮ ਲੀਲਾ ਦੀਆਂ ਸਟੇਜਾਂ ਅਤੇ ਜਲਸਿਆਂ ਵਿੱਚ ਕਈ ਸਾਲ ਢੋਲਕੀ ਵਜਾਈ। ਬਾਅਦ ਵਿੱਚ ਪੰਡਤ ਆਗਿਆ ਰਾਮ ਪਤਰੇੜੀ ਵਾਲਿਆਂ ਦੀ ਮੰਡਲੀ ਵਿੱਚ ਸ਼ਾਮਲ ਹੋ ਗਿਆ ਤੇ ਉਨ੍ਹਾਂ ਤੋਂ ਗਾਇਕੀ ਦੇ ਗੁਰ ਸਿੱਖੇ। ਕੁਝ ਸਮਾਂ ਪਟਿਆਲਾ ਘਰਾਣੇ ਦੇ ਉਸਤਾਦ ਆਸ਼ਿਕ ਅਲੀ ਸਾਹਿਬ ਤੋਂ ਵੀ ਸਿੱਖਿਆ ਲਈ। ਫੇਰ ਆਪਣੀ ਮੰਡਲੀ ਬਣਾ ਕੇ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ ਤੇ ਉਹ ਮੱਘਰ ਅਲੀ ਤੋਂ ਮੱਘਰ ਦੀਵਾਨਾ ਬਣ ਗਿਆ।
ਮੱਘਰ ਅਲੀ ਦੀ ਗਾਇਨ ਮੰਡਲੀ ਵਿੱਚ ਕਈ ਸਹਿਯੋਗੀ ਕਲਾਕਾਰ ਸਮੇਂ ਸਮੇਂ ’ਤੇ ਸਾਥ ਨਿਭਾਉਂਦੇ ਰਹੇ। ਉਸਤਾਦ ਲੱਭੂ ਖਾਨ ਦੌਣ ਕਲਾਂ ਵਾਲਿਆਂ ਨੇ ਹਾਰਮੋਨੀਅਮ ਵਾਦਕ ਵਜੋਂ ਅਤੇ ਮਾਸਟਰ ਤੁੱਲੇ ਖਾਨ ਦੌਣ ਕਲਾਂ ਵਾਲਿਆਂ ਨੇ ਢੋਲਕ ਵਾਦਕ ਵਜੋਂ ਲੰਮਾ ਸਮਾਂ ਸਾਥ ਨਿਭਾਇਆ। ਮਾਸਟਰ ਰੌਣਕੀ ਸਾਨੀਪੁਰ ਵਾਲੇ ਵੀ ਸਹਿਯੋਗੀ ਸਾਥੀ ਰਹੇ। ਪ੍ਰਸਿੱਧ ਲੋਕ ਗਾਇਕ ਸਰਦੂਲ ਸਿਕੰਦਰ (ਮਰਹੂਮ) ਦੇ ਪਿਤਾ ਸਾਗਰ ਮਸਤਾਨਾ ਤਬਲਾ ਵਾਦਕ ਵਜੋਂ ਸਾਥ ਦਿੰਦੇ ਰਹੇ। ਛੋਟੇ ਭਰਾ ਨਰਾਤਾ ਰਾਮ ਉਰਫ਼ ਅਨਾਇਤ ਅਲੀ ਨੇ ਹਾਰਮੋਨੀਅਮ ਵਾਦਕ ਵਜੋਂ ਅੰਤ ਤੱਕ ਸਾਥ ਨਿਭਾਇਆ। ਮੱਘਰ ਅਲੀ ਦੇ ਭਣੋਈਏ ਸਦੀਕ ਮੁਹੰਮਦ ਲਲੌਢਾ, ਪੁੱਤਰ ਪ੍ਰਸਿੱਧ ਲੋਕ ਗਾਇਕ ਈਦੂ ਖਾਨ ਲਲੌਢਾ ਨੇ ਵੀ ਬਤੌਰ ਸਾਰੰਗੀ ਵਾਦਕ ਕੁਝ ਸਮਾਂ ਸਾਥ ਦਿੱਤਾ। ਮੱਘਰ ਅਲੀ ਵੀ ਆਮ ਲੋਕ ਗਾਇਕਾਂ ਵਾਂਗ ਪਰੰਪਰਿਕ ਲੋਕ ਗਾਥਾਵਾਂ ਹੀ ਕਿੱਸਿਆਂ ਦੇ ਰੂਪ ਵਿੱਚ ਗਾਉਂਦਾ ਸੀ। ਜਿਨ੍ਹਾਂ ਵਿੱਚ ਹੀਰ ਰਾਂਝਾ, ਸੱਸੀ ਪੁੰਨੂੰ, ਸੋਹਣੀ ਮਹੀਂਵਾਲ, ਕੌਲਾਂ, ਪ੍ਰਿਥੀ ਸਿੰਘ ਕਿਰਨ ਮਈ, ਹੰਸ ਦਾਮਣੀ ਉਦੈ ਸਿੰਘ, ਜਿਉਣਾ ਮੌੜ ਆਦਿ ਸ਼ਾਮਲ ਸਨ।
ਮੱਘਰ ਅਲੀ ਜਿੱਥੇ ਇੱਕ ਪਰਿਪੱਕ ਗਾਇਕ ਸੀ, ਉੱਥੇ ਇੱਕ ਚੰਗਾ ਵਿਆਖਿਆਕਾਰ ਵੀ ਸੀ। ਉਸ ਦਾ ਵਿਖਿਆਨ ਢੰਗ ਪ੍ਰਭਾਵਸ਼ਾਲੀ ਸੀ। ਉਹ ਆਪਣੇ ਬਿਆਨ ਨਾਲ ਸਰੋਤਿਆਂ ਨੂੰ ਕੀਲ ਕੇ ਬਿਠਾਉਣ ਦੇ ਸਮਰੱਥ ਸੀ। ਇਲਾਕੇ ਵਿੱਚ ਜਿੱਥੇ ਵੀ ਕਿਸੇ ਪਿੰਡ ਵਾਲਿਆਂ ਨੇ ਕੋਈ ਧਾਰਮਿਕ ਸਥਾਨ ਬਣਾਉਣਾ ਹੁੰਦਾ ਜਾਂ ਸਮਾਗਮ ਕਰਾਉਣਾ ਹੁੰਦਾ ਤਾਂ ਪ੍ਰਬੰਧਕ ਮੱਘਰ ਦੀਵਾਨੇ ਨੂੰ ਬੁਲਾਉਂਦੇ। ਉਹ ਇਸ ਢੰਗ ਨਾਲ ਸਹਿਯੋਗ ਲਈ ਪ੍ਰੇਰਦਾ ਕਿ ਸਰੋਤੇ ਮੱਲੋ ਮੱਲੀ ਆਪਣੀਆਂ ਜੇਬਾਂ ਵਿੱਚੋਂ ਕੱਢ ਕੇ ਪੈਸੇ ਦਾਨ ਵਜੋਂ ਦਿੰਦੇ। ਬਜ਼ੁਰਗ ਔਰਤਾਂ ਉਸ ਤੋਂ ਆਪਣੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਲਈ ਅਰਦਾਸਾਂ ਕਰਵਾਉਂਦੀਆਂ। ਇਲਾਕੇ ਦੇ ਧਾਰਮਿਕ ਸਥਾਨਾਂ ਤੋਂ ਇਲਾਵਾ ਇਨ੍ਹਾਂ ਦੀ ਮੰਡਲੀ ਨੈਣਾ ਦੇਵੀ, ਮਣਸਾ ਦੇਵੀ, ਕਪਾਲ ਮੋਚਨ, ਭੇਵੇ (ਪਹੋਏ) ਕੁਰਕਸ਼ੇਤਰ ਆਦਿ ਧਾਰਮਿਕ ਮੇਲਿਆਂ ’ਤੇ ਵੀ ਹਰ ਸਾਲ ਹਾਜ਼ਰੀ ਭਰਦੀ ਸੀ।
ਲੋਕ ਗਾਥਾਵਾਂ ਦੇ ਨਾਲ ਨਾਲ ਦੀਵਾਨਾ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਵਿਕੋਲਿਤਰੀਆਂ ਰਚਨਾਵਾਂ ਵੀ ਗਾਉਂਦਾ ਸੀ। ਜਿਨ੍ਹਾਂ ਵਿੱਚੋਂ ਕੁਝ ਇੱਕ ਨਮੂਨੇ ਹਨ:
* ਗੁਰਮੁਖਾਂ ਨੂੰ ਛੱਡ ਕੇ ਵੀਰੋ ਸਭ ’ਤੇ ਭਾਣਾ ਵਰਤੂ।
ਜਮਰਾਜ ਦਾ ਘੋਟਣਾ ਮਨਮੁੱਖਾਂ ’ਤੇ ਖੜਕੂ।
ਧੀਆਂ ਪੁੱਤਰ ਮਹਿਲ ਮੁਨਾਰੇ ਸਭ ਏਥੇ ਛੱਡ ਜਾਣਾ
ਜਦੋਂ ਜਮਾਂ ਦੀ ਮਾਰ ਹੈ ਪੈਣੀ ਓੜਕ ਪਊ ਪਛਤਾਣਾ
ਲੂਣ ਮਿਰਚਾਂ ਲਗਾਕੇ, ਤੈਨੂੰ ਤੇਲ ਵਿੱਚ ਪਾ ਕੇ
ਵਾਂਗ ਪਕੌੜੇ ਤੜਕੂ, ਜਮਰਾਜ ਦਾ ਘੋਟਣਾ।
* ਅੱਖ ਭੈੜੀ ਲੱਗਦੀ ਨਹੀਂ, ਜਦੋਂ ਤਾਰ ਦਿਲਾਂ ਦੀ ਖੜਕੇ
ਇੱਕ ਅੱਖ ’ਤੇ ਬਹਿੰਦੀਆਂ ਮੱਖੀਆਂ ਨੇ।
ਇੱਕ ਅੱਖਾਂ ਸਾਂਭ ਕੇ ਰੱਖੀਆਂ ਨੇ।
ਇੱਕ ਕੱਚੀਆਂ ਤੇ ਇੱਕ ਪੱਕੀਆਂ ਨੇ।
ਮੈਂ ਦੇਖਿਆ ਦੀਵਾਨਿਆਂ ਖੜ੍ਹ ਕੇ,
ਅੱਖ ਭੈੜੀ ਲੱਗਦੀ ਨਹੀਂ, ਜਦੋਂ ਤਾਰ ਦਿਲਾਂ ਦੀ ਖੜਕੇ।
* ਤੂੰ ਸ਼ਾਨ ਦਰੋਪਤ ਸੀਤਾ ਦੀ,
ਸਿਰ ਦੋ ਗੁੱਤਾਂ ਨਾ ਕਰ ਕੁੜੀਏ।
ਨੀਂ ਸਿਰ ਚੁੰਨੀ ਲੈ, ਹਾੜ੍ਹਾ ਨੀਂ ਸਿਰ ਚੁੰਨੀ ਲੈ।
ਦੋ ਗੁੱਤਾਂ ਪਈ ਕਰਾਉਨੀ ਏਂ,
ਦੋ ਸੱਪ ਜਿਹੇ ਲਟਕਾਉਨੀ ਏਂ।
ਤੈਨੂੰ ਰਿਹਾ ਨਾ ਕਿਸੇ ਦਾ ਡਰ ਕੁੜੀਏ,
ਨੀਂ ਸਿਰ ਚੁੰਨੀ ਲੈ।
ਦੀਵਾਨਾ ਜਦੋਂ ਭਗਤ ਸਿੰਘ ਦੀ ਘੋੜੀ ਗਾਉਂਦਾ ਸੀ ਤਾਂ ਸਰੋਤਿਆਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਸਨ। ਭਗਤ ਸਿੰਘ ਦੀ ਮੰਗੇਤਰ ਨੂੰ ਉਸ ਦਾ ਪਿਤਾ ਇਸ ਤਰ੍ਹਾਂ ਦੱਸ ਰਿਹਾ ਹੈ:
ਬੱਚੀ ਲਾਹ ਦੇ ਸੁਹਾਗ ਦੀਆਂ ਚੂੜੀਆਂ,
ਪਿਤਾ ਧੀ ਨੂੰ ਰਿਹਾ ਸਮਝਾ।
ਤੇਰੇ ਹੋਵਣ ਵਾਲੇ ਪਤੀ ਨੂੰ, ਅੱਜ ਦੇਣਾ ਫਾਂਸੀ ਲਾ।
ਜਦੋਂ ਸੁਣਿਆ ਵਿਛੋੜਾ ਪਤੀ ਦਾ, ਉਹ ਰੋ ਰੋ ਮਾਰੇ ਧਾਹ।
ਪੱਟ ਗੇਰੇ ਸਿਰ ਦੀਆਂ ਮੀਢੀਆਂ, ਅੱਜ ਬਾਬਲ ਮੇਰੇ ਬਚਾ।
ਆਪਣੀ ਗਾਇਕੀ ਦੇ ਬਲਬੂਤੇ ਮੱਘਰ ਦੀਵਾਨੇ ਨੇ ਦੋ ਫੇਰੀਆਂ ਇੰਗਲੈਂਡ ਦੀਆਂ ਵੀ ਪਾਈਆਂ। ਪਹਿਲੀ ਫੇਰੀ 10 ਮਾਰਚ ਤੋਂ 2 ਮਈ 1969 ਤੱਕ ਦੀ ਸੀ। ਦੂਜੀ ਫੇਰੀ 1974 ਵਿੱਚ 29 ਜੁਲਾਈ ਤੋਂ 17 ਅਗਸਤ ਤੱਕ ਦੀ ਸੀ। ਉੱਥੇ ਉਸ ਨੇ ਵੱਖ-ਵੱਖ ਥਾਵਾਂ ’ਤੇ ਪ੍ਰੋਗਰਾਮ ਕਰਕੇ ਪਰਵਾਸੀ ਪੰਜਾਬੀਆਂ ਦੀ ਰੂਹ ਰਾਜ਼ੀ ਕੀਤੀ। ਪੰਜਾਬੀਆਂ ਨੇ ਜਿੱਥੇ ਆਪਣੇ ਮਹਬਿੂਬ ਗਾਇਕ ਨੂੰ ਰੱਜਵਾਂ ਪਿਆਰ ਦਿੱਤਾ, ਉੱਥੇ ਪੌਂਡਾਂ ਨਾਲ ਵੀ ਨਿਹਾਲ ਕਰ ਦਿੱਤਾ।
1950 ਦੇ ਵਿੱਚ ਮੱਘਰ ਅਲੀ ਦਾ ਨਿਕਾਹ ਰਾੜਾ ਸਾਹਿਬ (ਲੁਧਿਆਣਾ) ਦੇ ਨੇੜਲੇ ਪਿੰਡ ਜੀਰਖ ਦੇ ਨਿਵਾਸੀ ਚਾਨਣ ਖਾਂ ਦੀ ਧੀ ਰਜ਼ੀਆ ਬੇਗ਼ਮ ਉਰਫ਼ ਗਫ਼ੂਰਾਂ ਨਾਲ ਹੋਇਆ। ਇਨ੍ਹਾਂ ਦੇ ਘਰ ਤਿੰਨ ਪੁੱਤਰਾਂ ਤੇ ਦੋ ਧੀਆਂ ਨੇ ਜਨਮ ਲਿਆ। ਸਾਰਿਆਂ ਤੋਂ ਛੋਟਾ ਪੁੱਤਰ ਸ਼ੌਕਤ ਅਲੀ ਆਪਣੇ ਪਿਤਾ ਦੇ ਨਕਸ਼ੇ ਕਦਮਾਂ ’ਤੇ ਚੱਲਿਆ। ਉਹ ਅੱਜ ਦੇ ਸਮੇਂ ਦਾ ਵਧੀਆ ਗਾਇਕ ਹੈ। ਗਾਇਕੀ ਦੇ ਨਾਲ ਨਾਲ ਉਸ ਨੇ ਪਟਿਆਲਾ ਦੇ ਗਿੱਲ ਐਵੇਨਿਊ, ਸਰਹੰਦ ਰੋਡ ਪਟਿਆਲਾ ਵਿਖੇ ਆਪਣੇ ਪਿਤਾ ਦੇ ਨਾਂ ’ਤੇ ‘ਦੀਵਾਨਾ ਸੰਗੀਤ ਅਕੈਡਮੀ’ ਖੋਲ੍ਹੀ ਹੋਈ ਹੈ। ਏਥੇ ਉਹ ਸਿਖਿਆਰਥੀਆਂ ਨੂੰ ਸੰਗੀਤ ਦੀ ਸਿੱਖਿਆ ਦਿੰਦਾ ਹੈ। ਅਗਲੀ ਪੀੜ੍ਹੀ ਵਿੱਚੋਂ ਦੀਵਾਨੇ ਦੇ ਪੋਤਰੇ ਵੀ ਸੰਗੀਤ ਦੇ ਨਾਲ ਹੀ ਜੁੜੇ ਹੋਏ ਹਨ। ਮੱਘਰ ਅਲੀ ਦੀ ਛੋਟੀ ਧੀ ਰਾਣੀ ਉਰਫ਼ ਸਰਬਜੀਤ ਜੋ ਪਿੰਡ ਰੀਠ ਖੇੜੀ ਵਿਆਹੀ ਹੋਈ ਹੈ, ਦੇ ਪੁੱਤਰ ਕਮਲ ਖਾਨ ਅਤੇ ਵਨੀਤ ਖਾਨ ਅਜੋਕੇ ਸਮੇਂ ਦੇ ਸਟਾਰ ਗਾਇਕ ਹਨ। ਦੀਵਾਨੇ ਦੇ ਕੁਝ ਸ਼ਾਗਿਰਦ ਵੀ ਹੋਏ, ਜਿਨ੍ਹਾਂ ਵਿੱਚੋਂ ਰਾਜ ਸਿੰਘ ਬੁਲ੍ਹਾੜੀ ਕਲਾਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੇ ਸਾਬਰ ਅਲੀ ਤੇਜੀ ਮੋਹੜੀ, ਜ਼ਿਲ੍ਹਾ ਅੰਬਾਲਾ ਆਪਣੇ ਉਸਤਾਦ ਦੇ ਨਾਂ ਨੂੰ ਰੋਸ਼ਨ ਕਰ ਰਹੇ ਹਨ।
ਨੌਵੇਂ ਦਹਾਕੇ ਦੇ ਅਖ਼ੀਰ ਵਿੱਚ ਪੰਜਾਬ ਵਿੱਚ ਝੁੱਲੀ ਕਾਲੀ ਹਨੇਰੀ ਨੇ ਏਥੋਂ ਦੀਆਂ ਲੋਕ ਕਲਾਵਾਂ ਨੂੰ ਝੰਬ ਕੇ ਰੱਖ ਦਿੱਤਾ। ਦੀਵਾਨਾ ਵੀ ਇਸ ਦੀ ਲਪੇਟ ਵਿੱਚ ਆ ਗਿਆ। 18 ਦਸੰਬਰ 1990 ਨੂੰ ਜ਼ਿਲ੍ਹਾ ਰੋਪੜ ਦੀ ਤਹਿਸੀਲ ਖਰੜ ਦੇ ਪਿੰਡ ਬਹਬਿਲਪੁਰ ਵਿਖੇ ਘਰ ਵਿੱਚ ਹੀ ਸਵੇਰੇ ਸਵੇਰੇ ਉਸ ਨੂੰ ਦੋਖੀਆਂ ਨੇ ਗੋਲੀਆਂ ਮਾਰਕੇ ਮਾਰ ਦਿੱਤਾ। ਇਸ ਤਰ੍ਹਾਂ ਦੀਵਾਨੇ ਦੀ ਦੀਵਾਨੀ ਆਵਾਜ਼ ਸਦਾ ਲਈ ਚੁੱਪ ਹੋ ਗਈ।
ਸੰਪਰਕ: 84271-00341