ਸ਼ਵਿੰਦਰ ਕੌਰ
ਲੋਕ ਗੀਤ ਮਨੁੱਖੀ ਮਨ ਦੀਆਂ ਚੇਤਨ, ਅਚੇਤਨ ਤੇ ਅਵਚੇਤਨ ਅਵਸਥਾਵਾਂ ਦੇ ਰੂਪ ਚਿੱਤਰ ਹਨ। ਜਿਹੜੇ ਇਸ ਸੱਚ ਦੇ ਵਾਹਨ ਹਨ ਕਿ ਮਨੁੱਖ ਦਾ ਅਨੁਭਵ ਵਰਤਮਾਨ ਦੇ ਪ੍ਰਤੱਖ ‘ਹੱਥਾਂ’ ’ਚੋਂ ਖੁੱਸ ਕੇ ਵੀ ਅਤੀਤ ਦੀ ਬੁੱਕਲ ਵਿੱਚ ਸੁਰੱਖਿਅਤ ਰਹਿੰਦਾ ਹੈ। ਲੋਕ ਗੀਤ ਲੋਕ ਮਨਾਂ ਦੇ ਅਜਿਹੇ ਸੁੱਚੇ ਪ੍ਰਗਟਾਵੇ ਹੁੰਦੇ ਹਨ ਜੋ ਸੁੱਤੇ ਸਿੱਧ ਲੋਕ ਹਿਰਦਿਆਂ ਵਿੱਚੋਂ ਝਰਨਿਆਂ ਦੀ ਤਰ੍ਹਾਂ ਝਰ ਕੇ ਲੋਕ ਚੇਤਿਆਂ ਦਾ ਅੰਗ ਬਣਦੇ ਹਨ। ਇਹ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੇ ਰਹਿੰਦੇ ਹਨ।
ਇਹ ਲੋਕ ਚੇਤਨਾ ਦਾ ਵਗਦਾ ਦਰਿਆ ਹੁੰਦੇ ਹਨ ਜੋ ਮਨੁੱਖੀ ਜਜ਼ਬੇ, ਮਨੁੱਖੀ ਖਾਹਸ਼ਾਂ ਤੇ ਮਨੁੱਖੀ ਦਿਲਗੀਰੀਆਂ ਦਰਸਾਉਂਦੇ ਹਨ। ਲੋਕ ਗੀਤ ਮਨੁੱਖ ਅੰਦਰਲਾ ਸੱਚ ਹੁੰਦੇ ਹਨ। ਇਹ ਜੀਵਨ ਦਾ ਅਸਲ ਮੁਹਾਂਦਰਾ ਹੁੰਦੇ ਹਨ ਜੋ ਮਨੁੱਖੀ ਜ਼ਿੰਦਗੀ ਦੀਆਂ ਪਰਤ-ਦਰ-ਪਰਤ ਡੂੰਘੀਆਂ ਤਹਿਆਂ ਸਮੋਈ ਬੈਠੇ ਹੁੰਦੇ ਹਨ। ਜੇ ਅਸੀਂ ਧਿਆਨ ਨਾਲ ਦੇਖੀਏ ਤਾਂ ਇਸ ਦੀ ਇੱਕ ਲਾਈਨ ਵਿੱਚੋਂ ਹੀ ਸਾਡੀ ਸਮਾਜਿਕ ਸਥਿਤੀ, ਆਰਥਿਕ ਹਾਲਾਤ ਤੇ ਰਾਜਨੀਤਕ ਵਿਵਸਥਾ ਦਾ ਪਤਾ ਲੱਗਦਾ ਹੈ:
ਕੁੜਤੀ ਲਿਆ ਦੇ ਟੂਲ ਦੀ, ਖੱਦਰ ਹੱਡਾਂ ਨੂੰ ਖਾਵੇ।
ਛਿੱਲਾਂ ਪੰਦਰਾਂ ਨਾ ਜੱਟ ਨੂੰ ਜੁੜੀਆਂ
ਬੋਹਲ ਸਾਰਾ ਵੇਚ ਘੱਤਿਆ।
ਇੱਥੇ ਇੱਕ ਪਾਸੇ ਕਿਰਤੀ ਕਿਸਾਨ ਅਤੇ ਉਸ ਦੀ ਜੀਵਨ ਸਾਥਣ ਵੱਲੋਂ ਫ਼ਸਲ ਨੂੰ ਪਾਲਣ ਲਈ ਕੀਤੀ ਹੱਡ ਭੰਨਵੀਂ ਘਾਲ ਕਮਾਈ ਹੈ। ਫ਼ਸਲ ਵੇਚਣ ਤੋਂ ਬਾਅਦ ਘਰ ਦੀ ਕਬੀਲਦਾਰੀ ਨੂੰ ਨਜਿੱਠਣ ਅਤੇ ਆਪਣੇ ਕੁਝ ਖਾਣ ਪਹਿਨਣ ਦੀਆਂ ਰੀਝਾਂ ਪੂਰੀਆਂ ਕਰਨ ਦੇ ਸੰਜੋਏ ਸੁਪਨੇ ਹਨ, ਪਰ ਜਦੋਂ ਸਾਰਾ ਬੋਹਲ ਵੇਚ ਦੇਣ ਤੋਂ ਬਾਅਦ ਵੀ ਪੱਲੇ ਕੁਝ ਨਹੀਂ ਪੈਂਦਾ ਤਾਂ ਉਹਦਾ ਪਹਿਨਣ ਪਚਰਨ ਦਾ ਸ਼ੌਕ ਅਧੂਰਾ ਰਹਿੰਦਾ ਹੈ। ਕਬੀਲਦਾਰੀ ਦੇ ਪੰਜ ਪਾਂਜੇ ਵੀ ਨਿਜੱਠ ਨਹੀਂ ਹੁੰਦੇ। ਇਹ ਟੂਕਾਂ ਸਾਡੇ ਸਾਹਮਣੇ ਸਮੇਂ ਦਾ ਸੱਚ, ਘਰਾਂ ਦੀ ਨਿੱਘਰੀ ਹਾਲਤ, ਆਰਥਿਕ ਸਥਿਤੀਆਂ ਅਤੇ ਰਾਜ ਪ੍ਰਬੰਧ ਦੀ ਤਸਵੀਰ ਪੇਸ਼ ਕਰਦੀਆਂ ਹਨ ਜੋ ਮਿਹਨਤਕਸ਼ ਦੇ ਪੱਲੇ ਸਿਰਫ਼ ਬੇਵਸੀ ਅਤੇ ਮਜਬੂਰੀਆਂ ਹੀ ਪਾਉਂਦਾ ਹੈ।
ਮਿੱਟੀ ਦਾ ਹਾਰਾ ਪੱਥਦੀਏ, ਮਾਏ ਮੇਰੀਏ।
ਮੁੜ ਮੁੜ ਦੇਨੀਂ ਏ ਵਾਰ, ਬੁੱਢਾ ਵਰ ਦੇਂਦੀ ਏਂ।
ਰੀਝਾਂ ਨਾਲ ਜਿਹੜਾ ਮੈਂ ਬਣਾਇਆ ਸੀ ਹਾਰਾ
ਮਾਹੀ ਉਹਦੇ ’ਚ ਅੜਕ, ਕੱਲ੍ਹ ਡਿੱਗ ਪਿਆ ਵਿਚਾਰਾ…
ਮਿੱਟੀ ਦਾ ਹਾਰਾ ਡਿੱਗ ਪਿਆ ਮਾਏ ਮੇਰੀਏ
ਬੁੱਢੜਾ ਤਾਂ ਆ ਗਿਆ ਹੇਠ, ਬੁੱਢਾ ਵਰ ਦੇਨੀਂ ਏਂ…
ਮਾਂ ਤੇ ਧੀ ਦਾ ਰਿਸ਼ਤਾ ਇੱਕ ਵਿਲੱਖਣ ਰਿਸ਼ਤਾ ਹੈ। ਮਾਂ ਦਾ ਦਿਲ ਧੀ ਦੇ ਦਿਲ ਦੀ ਹਰ ਹਰਕਤ, ਹਰ ਧੜਕਣ ਨੂੰ ਸਮਝਦਾ ਹੈ। ਧੀ ਆਪਣੇ ਦਿਲ ਦੇ ਰਾਜ਼ ਮਾਂ ਨਾਲ ਸਾਂਝੇ ਕਰਨ ਸਮੇਂ ਵੀ ਹਿਚਕਦੀ ਹੈ। ਧੀ ਇਸ ਅਸਾਵੇਂ ਰਿਸ਼ਤੇ ਉੱਤੇ ਮਾਂ ਅੱਗੇ ਕਿੰਤੂ ਤਾਂ ਕਰਦੀ ਹੈ, ਪਰ ਉਹ ਵੀ ਬੇਵਸੀ ਵਿੱਚ। ਜਿਵੇਂ ਮਾਂ ਉਸ ਦੇ ਸੰਜੋਏ ਸੁਪਨੇ, ਅਰਮਾਨ, ਰੀਝਾਂ ਦੇ ਰਾਖ ਹੋ ਜਾਣ ਦੀ ਅੰਦਰਲੀ ਵੇਦਨਾ ਸਮਝ ਤਾਂ ਜਾਵੇਗੀ, ਪਰ ਇਸ ਜਗੀਰੂ ਸੋਚ ਵਾਲੇ ਸਮਾਜ ਦੀਆਂ ਗਲੀਆਂ ਸੜੀਆਂ ਰਸਮਾਂ ਅੱਗੇ ਉਹ ਮਜਬੂਰ ਹੋਈ ਕੁਝ ਕਰ ਨਹੀਂ ਸਕੇਗੀ।
ਅੱਗ ਲਾ ਕੇ ਫੂਕ ਦਿਆਂ ਗਹਿਣੇ
ਬਾਪੂ ਮੁੰਡਾ ਤੇਰੇ ਹਾਣ ਦਾ।
ਇਹ ਗੱਲ ਵੀ ਮੁਟਿਆਰ ਦਾ ਦਰਦ ਬਿਆਨਦੀ, ਸਮੇਂ ਦਾ ਸੱਚ ਵੀ ਸਾਡੇ ਸਾਹਮਣੇ ਲਿਆ ਦਿੰਦੀ ਹੈ। ਉਹ ਸੱਚ ਜੋ ਪੈਸੇ ਦੇ ਜ਼ੋਰ ’ਤੇ ਹਰ ਵਸਤੂ ਖ਼ਰੀਦ ਸਕਣ ਦੀ ਤਾਕਤ ਰੱਖਦਾ ਹੈ। ਜੋ ਬੁਢਾਪੇ ਵਿੱਚ ਵੀ ਮੰਡੀ ਦੀ ਵਸਤ ਵਾਂਗ ਮੁਟਿਆਰ ਦੀਆਂ ਰੀਝਾਂ, ਸੁਪਨੇ ਮਿੱਟੀ ਵਿੱਚ ਮਿਲਾ ਕੇ ਉਸ ਦਾ ਹੁਸਨ ਖਰੀਦ ਸਕਦਾ ਹੈ। ਆਪਣੀਆਂ ਅਧਵਾਟੇ ਰਹਿ ਗਈਆਂ ਤਨ, ਮਨ ਦੀਆਂ ਖਾਹਸ਼ਾਂ ਨੂੰ ਸਵਾਹ ਹੁੰਦੀਆਂ ਦੇਖ ਕੇ ਉਸ ਨੂੰ ਜੀਵਨ ਸਾਥੀ ਵੱਲੋਂ ਲਿਆਂਦਾ ਟੂਮਾਂ ਦਾ ਛੱਜ ਵੀ ਜ਼ਹਿਰ ਵਰਗਾ ਲੱਗਦਾ ਹੈ। ਪੈਸੇ ਦੇ ਜ਼ੋਰ ’ਤੇ ਜ਼ਿੰਦਗੀ ਦੇ ਪਿਛਲੇ ਪਹਿਰ ਕੀਤਾ ਹੁਸਨ, ਜਵਾਨੀ ਦਾ ਸੌਦਾ ਜੋ ਉਸ ਨੂੰ ਸੌਦੇ ਦੀ ਵਸਤੂ ਸਮਝੇ ਜਾਣ ਦਾ ਅਹਿਸਾਸ ਕਰਾਉਂਦਾ ਹੈ ਤਾਂ ਉਹ ਬਗਾਵਤ ’ਤੇ ਉਤਰ ਆਉਂਦੀ ਹੈ, ਪਰ ਮਰਦ ਪ੍ਰਧਾਨ ਸਮਾਜ ਵਿੱਚ ਉਹ ਬਾਬਲ ਅੱਗੇ ਬੇਬਾਕ ਹੋ ਕੇ ਕਹਿਣ ਦੀ ਥਾਂ ਆਪਣਾ ਰੁਦਨ ਲੋਕ ਗੀਤ ਰਾਹੀਂ ਪ੍ਰਗਟ ਕਰਦੀ ਹੈ:
ਹਰੀਏ ਹਰੀਏ ਡੇਕੇ ਨੀਂ ਫੁੱਲ ਦੇ ਦੇ
ਅੱਜ ਮੈਂ ਜਾਣਾ ਪੇਕੇ ਨੀਂ ਫੁੱਲ ਦੇ ਦੇ।
ਹਰੀ ਭਰੀ ਫੁੱਲਾਂ ਲੱਦੀ ਡੇਕ ਔਰਤ ਦੇ ਜੋਬਨ ਦੇ ਖਿੜਨ ਦੀ ਰੁੱਤ ਹੈ। ਪੰਜਾਬ ਦੇ ਕਿਸਾਨੀ ਸੱਭਿਆਚਾਰ ਵਿੱਚ ਬਾਗਾਂ ਦਾ ਮੌਲਣਾ, ਫ਼ਲ ਫੁੱਲ ਦੇਣਾ ਅਤੇ ਪਰਿਵਾਰ ਰੂਪੀ ਬਾਗ਼ ਦਾ ਫੈਲਣਾ ਸਮਾਨ ਸਿਰਜਣਾਤਮਕ ਪ੍ਰਕਿਰਿਆਵਾਂ ਵਜੋਂ ਲਿਆ ਜਾਂਦਾ ਹੈ। ਲੋਕਾਂ ਦਾ ਰੁੱਖਾਂ, ਬੂਟਿਆਂ ਪ੍ਰਤੀ ਪਿਆਰ ਕਿੰਨਾ
ਜ਼ਿਆਦਾ ਸੀ, ਇਸ ਦਾ ਪ੍ਰਗਟਾਵਾ ਵੀ ਲੋਕ ਗੀਤ ਕਰਦੇ ਹਨ। ਫੁੱਲਾਂ ਲੱਦੀ ਡੇਕ ਪ੍ਰਸੰਨਤਾ ਦੀ ਸਿਖਰ ਹੈ, ਪ੍ਰਾਪਤੀ ਦਾ ਰੂਪ ਹੈ। ਇੱਥੇ ਵੀ ਮੁਟਿਆਰ ਉਸ ਅੱਗੇ ਅਰਜ਼ੋਈ ਕਰਦੀ ਹੈ ਕਿ ਉਸ ਨੇ ਪੇਕੇ ਘਰ ਜਾਣਾ ਹੈ, ਉਸ ਦੀ ਗੋਦ ਵਿੱਚ ਵੀ ਖਿੜ ਖਿੜ ਕਰਦਾ ਇੱਕ ਫੁੱਲ ਹੋਵੇ ਤਾਂ ਜੋ ਉਹ ਆਪਣੇ ਮੁਕੰਮਲ ਹੋਣ ਦੀ ਖੁਸ਼ੀ ਮਾਪਿਆਂ ਨਾਲ ਸਾਂਝੀ ਕਰ ਸਕੇ। ਔਰਤ ਮਾਂ ਬਣ ਕੇ ਹੀ ਆਪਣੇ ਆਪ ਨੂੰ ਮੁਕੰਮਲ ਹੋਈ ਮਹਿਸੂਸ ਕਰਦੀ ਹੈ। ਫੁੱਲ ਮੁਕੰਮਲ ਹੋਣ ਦੀ ਲੋੜ, ਮਮਤਾ ਦੀ ਤ੍ਰਿਪਤੀ ਦੀ ਇੱਛਾ ਡੇਕ ਵਾਂਗ ਹੀ ਸੁਗੰਧੀਆਂ ਅਤੇ ਖੇੜਿਆਂ ਭਰਿਆਂ ਆਪਾ ਲੈ ਕੇ ਪੇਕੇ ਘਰ ਪਰਤਣਾ ਸੰਪੂਰਨ ਹੋਣ ਦਾ ਅਹਿਸਾਸ ਦਿੰਦੀ ਹੈ। ਨਿੱਕੇ ਜਿਹੇ ਗੀਤ ਵਿੱਚ ਕਿੱਡੀ ਵੱਡੀ ਸਚਾਈ ਹੈ।
ਖੂਹ ’ਤੇ ਪਾਣੀ ਭਰੇਂਦੀਏ ਮੁਟਿਆਰੇ ਨੀਂ।
ਘੁੱਟ ਪਾਣੀ ਪਿਲਾ ਬਾਂਕੀਏ ਨਾਰੇ ਨੀਂ।
ਇਹ ਗੀਤ ਉਸ ਸਮੇਂ ਦੀ ਗੱਲ ਕਰਦਾ ਹੈ ਜਦੋਂ ਲੋਕ ਪੈਦਲ ਤੁਰ ਕੇ ਹੀ ਲੰਮੀਆਂ ਵਾਟਾਂ ਗਾਉਂਦੇ ਸਨ। ਥੱਕਿਆ ਪਰਦੇਸੀ ਜਦੋਂ ਆਪਣੀ ਮੰਜ਼ਿਲ ਤੱਕ ਆਪਣੇ ਪਿੰਡ ਦੇ ਬਾਹਰ ਖੂਹ ’ਤੇ ਪਹੁੰਚਦਾ ਹੈ ਤਾਂ ਖੂਹ ’ਤੇ ਪਾਣੀ ਭਰਦੀ ਮੁਟਿਆਰ ਤੱਕ ਕੇ ਉਸ ਨੂੰ ਪਿਆਸ ਤੀਬਰਤਾ ਨਾਲ ਮਹਿਸੂਸ ਹੁੰਦੀ ਹੈ। ਉੱਥੇ ਮੁਟਿਆਰ ਨੂੰ ਤੱਕ ਉਸ ਨੂੰ ਆਪਣਿਆਂ ਨਾਲ ਮਿਲਣ ਦੀ ਤਾਂਘ, ਮੇਲ ਮਿਲਾਪ ਦੀ ਸਿੱਕ ਭਾਰੂ ਹੁੰਦੀ ਹੈ, ਪਰ ਮੁਟਿਆਰ ਸਮਾਜਿਕ ਬੰਦਸ਼ਾਂ ਅਤੇ ਰਹੁ ਰੀਤਾਂ ਅਤੇ ਸਦਾਚਾਰ ਦੀਆਂ ਕੰਧਾਂ ਉਲੰਘਣ ਤੋਂ ਡਰਦੀ ਓਪਰੇ ਆਦਮੀ ਨੂੰ ਪਾਣੀ ਦੀ ਘੁੱਟ ਪਿਆ ਕੇ ਕੋਈ ਨਵਾਂ ਪੁਆੜਾ ਨਹੀਂ ਸਹੇੜਨਾ ਚਾਹੁੰਦੀ।
ਆਪਣਾ ਭਰਿਆ ਨਾ ਦਿਆਂ ਸਿਪਾਹੀਆਂ ਵੇ
ਲੱਜ ਪਈ ਭਰ ਪੀ ਜਾਂਦਿਆਂ ਰਾਹੀਆਂ ਵੇ
ਮੈਂ ਤੇਰੀ ਮਹਿਰਮ ਨਾ ਹੋਈ।
ਇਸ ਤਰ੍ਹਾਂ ਝਗੜਦਿਆਂ ਦੀ ਉਨ੍ਹਾਂ ਦੀ ਅਖੀਰ ਆਪਸੀ ਪਛਾਣ ਹੋ ਹੀ ਜਾਂਦੀ ਹੈ। ਕਿੰਨੀ ਗਹਿਰੀ ਵੇਦਨਾ ਹੈ ਕਿ ਪਤੀ-ਪਤਨੀ ਹੁੰਦਿਆਂ ਵੀ ਇੱਕ ਦੂਜੇ ਦੀ ਪਛਾਣ ਨਹੀਂ।
ਨਿੱਕੀ ਹੁੰਦੀ ਛੱਡ ਗਿਉਂ ਸਿਪਾਹੀਆਂ ਵੇ
ਹੁਣ ਹੋਈ ਮੁਟਿਆਰ ਤੇ ਮੈਂ ਤੇਰੀ ਮਹਿਰਮ ਹੋਈ।
ਇਹ ਸਿਰਫ਼ ਗੀਤ ਹੀ ਨਹੀਂ ਸਗੋਂ ਪੀੜਾਂ ਭਰੀ ਇਹ ਹੂਕ ਉਨ੍ਹਾਂ ਕੁੜੀਆਂ ਦੇ ਦਿਲ ਦੀ ਹੂਕ ਹੈ ਜਿਨ੍ਹਾਂ ਨੂੰ ਗੁੱਡੀਆਂ ਪਟੋਲਿਆਂ ਨਾਲ ਖੇਡਣ ਦੀ ਉਮਰੇ ‘ਸਿਹਰਿਆਂ ਵਾਲਿਆਂ’ ਨਾਲ ਤੋਰ ਦਿੱਤਾ ਜਾਂਦਾ ਰਿਹਾ ਹੈ। ਇਹ ਮਾਸੂਮ ਬਾਲੜੀਆਂ ਸਹੁਰੇ ਘਰ ਦਾ ਗੋਲਪੁਣਾ ਕਰਦੀਆਂ, ਬਾਲ ਵਿਆਹ ਦਾ ਸੰਤਾਪ ਹੰਢਾਉਂਦੀਆਂ ਰਹਿੰਦੀਆਂ ਸਨ। ਪਤੀ ਦੀ ਲਾਮ ’ਤੇ ਜਾਣ ਦੀ ਮਜਬੂਰੀ ਕਾਰਨ ਉਨ੍ਹਾਂ ਨੂੰ ਆਪਣੇ ਪਤੀ ਦੀ ਪਛਾਣ ਤੱਕ ਭੁੱਲ ਜਾਣੀ, ਜੀਵਨ ਦੀ ਕਿੱਡੀ ਵੱਡੀ ਤ੍ਰਾਸਦੀ ਹੈ। ਇੱਕ ਦਿਨ ਅਚਾਨਕ ਖੂਹ ’ਤੇ ਪਤੀ ਨਾਲ ਮੇਲ ਮਿਲਾਪ ਦਾ ਮੌਕਾ ਮੇਲ ਬਣਨਾ, ਭਰ ਜਵਾਨ ਮੁਟਿਆਰ ਦਾ ਸਬਰ ਸੰਤੋਖ ਨਾਲ ਵਿਛੋੜੇ ਦਾ ਹੇਰਵਾ ਜਰਨਾ, ਮਹਿਰਮ ਨਾ ਹੋਣ ਤੋਂ ਮਹਿਰਮ ਹੋਣ ਦਾ ਸਫ਼ਰ, ਕਿੰਨਾ ਕੁਝ ਆਪਣੇ ਵਿੱਚ ਸਮੋਈ ਬੈਠਾ ਹੈ ਇਹ ਗੀਤ।
ਇਤਿਹਾਸ ਦੇ ਪੰਨਿਆਂ ਨੂੰ ਫਰੋਲਦਿਆਂ ਤਾਂ ਜ਼ੋਰਾਵਰਾਂ ਦਾ, ਜੰਗਾਂ, ਯੁੱਧਾਂ ਤੇ ਜਿੱਤਾਂ-ਹਾਰਾਂ ਦਾ ਵਰਣਨ ਹੀ ਮਿਲੇਗਾ। ਲੋਕ ਗੀਤ ਹੀ ਹਨ ਜੋ ਜੰਗ ਵਿੱਚ ਗਏ ਸੈਨਿਕ ਦੀ ਪਤਨੀ ਦੇ ਮਨ ਦੀ ਅੰਦਰਲੀ ਵੇਦਨਾ ਨੂੰ ਪ੍ਰਗਟ ਕਰਦੇ ਹਨ। ਨਿਮਾਣੀਆਂ, ਨਿਤਾਣੀਆਂ ਰੂਹਾਂ ਦੇ ਜਜ਼ਬਿਆਂ ਦਾ ਇਤਿਹਾਸ ਤਾਂ ਅਸੀਂ ਲੋਕ ਗੀਤਾਂ ਵਿੱਚੋਂ ਹੀ ਅਨੁਭਵ ਕਰ ਸਕਦੇ ਹਾਂ।
ਸੰਪਰਕ: 76260-63596