ਡਾ. ਸੁਖਦੇਵ ਸਿੰਘ ਮਿਨਹਾਸ
ਸਮਾਂ ਨਿਰੰਤਰ ਗਤੀ ਵਿੱਚ ਰਹਿੰਦਾ ਹੈ। ਅਸੀਂ ਜਨਮ ਤੋਂ ਮੌਤ ਤੱਕ ਸਮੇਂ ਦੇ ਚੱਕਰ ਵਿੱਚ ਸਫ਼ਰ ਕਰਦੇ ਹਾਂ। ਇਸ ਸਫ਼ਰ ਵਿੱਚ ਕਦੇ ਮੋੜ ਆਉਂਦੇ ਹਨ, ਕਦੇ ਡੂੰਘੀਆਂ ਘਾਟੀਆਂ, ਕਦੇ ਸਮਤਲ ਜ਼ਮੀਨ, ਕਦੇ ਖੁਸ਼ੀ, ਕਦੇ ਦੁੱਖ, ਕਦੇ ਆਸ, ਕਦੇ ਨਿਰਾਸ਼ਾ, ਕਦੇ ਸਫਲਤਾ ਅਤੇ ਕਦੇ ਅਸਫਲਤਾ। ਇਸ ਸਫ਼ਰ ਵਿੱਚ ਸਾਡੀ ਜ਼ਿੰਦਗੀ ਦੀ ਗੱਡੀ ਇੱਕੋ ਗੇਅਰ ਤੇ ਇੱਕੋ ਰਫ਼ਤਾਰ ਨਾਲ ਨਹੀਂ ਚੱਲਦੀ। ਚੜ੍ਹਾਈ ਵਾਲੇ ਰਸਤੇ ਉੱਤੇ ਚੜ੍ਹਨ ਲਈ ਛੋਟੇ ਗੇਅਰ, ਸਮਤਲ ਅਤੇ ਚੌੜੇ ਰਸਤੇ ਉੱਤੇ ਚੜ੍ਹਨ ਲਈ ਵੱਡਾ ਗੇਅਰ ਲਗਾ ਕੇ ਗੱਡੀ ਚਲਾਉਣੀ ਪੈਂਦੀ ਹੈ। ਸਮਾਂ, ਵਾਤਾਵਰਨ ਅਤੇ ਹਾਲਾਤ ਨਾਲ ਸਭ ਕੁਝ ਬਦਲਦਾ ਰਹਿੰਦਾ ਹੈ। ਜੋ ਲੋਕ ਸਮੇਂ ਅਤੇ ਆਲੇ ਦੁਆਲੇ ਨਾਲ ਆਪਣੇ ਆਪ ਨੂੰ ਨਹੀਂ ਬਦਲਦੇ, ਉਹ ਜ਼ਿੰਦਗੀ ਦੇ ਸਫ਼ਰ ਵਿੱਚ ਪਿੱਛੇ ਰਹਿ ਜਾਂਦੇ ਹਨ। ‘ਜੈਸਾ ਦੇਸ ਵੈਸਾ ਭੇਸ’ ਵਾਲੀ ਉਕਤੀ ਇਸ ਲਈ ਹੀ ਬਣੀ ਹੈ। ਸਮੇਂ ਅਤੇ ਹਾਲਾਤ ਅਨੁਸਾਰ ਆਪਣੇ ਆਪ ਨੂੰ ਢਾਲ ਕੇ ਹੀ ਅਸੀਂ ਮਾੜੇ ਹਾਲਾਤ ਵਿੱਚ ਵੀ ਕਾਮਯਾਬ ਹੋ ਸਕਦੇ ਹਾਂ। ਅੱਜ ਦੇ ਨਿਯਮ ਅਤੇ ਕਦਰਾਂ-ਕੀਮਤਾਂ ਕੱਲ੍ਹ ਨੂੰ ਬੇਕਾਰ ਹੋ ਸਕਦੀਆਂ ਹਨ। ਜੋ ਵਿਅਕਤੀ ਵਰਤਮਾਨ ਵਿੱਚ ਵੀ ਅਤੀਤ ਨਾਲ ਚਿੰਬੜਿਆ ਰਹਿੰਦਾ ਹੈ, ਉਹ ਸਮੇਂ ਦੀ ਦੌੜ ਵਿੱਚ ਬਹੁਤ ਪਿੱਛੇ ਰਹਿ ਜਾਂਦਾ ਹੈ। ਇਸ ਗੱਲ ਨੂੰ ਕੁਝ ਮਿਸਾਲਾਂ ਰਾਹੀਂ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ।
ਉਦਾਹਰਣ ਵਜੋਂ ਅੱਜ ਤੱਕ ਅਸੀਂ ਇਹ ਕਹਿੰਦੇ ਅਤੇ ਸੁਣਦੇ ਆ ਰਹੇ ਹਾਂ ਕਿ ਬੱਚਿਆਂ ਨੂੰ ਮੋਬਾਈਲ ਅਤੇ ਇੰਟਰਨੈੱਟ ਤੋਂ ਦੂਰ ਰੱਖੋ ਨਹੀਂ ਤਾਂ ਉਹ ਵਿਗੜ ਜਾਣਗੇ। ਜੇਕਰ ਮੋਬਾਈਲ ਦੇਣਾ ਹੀ ਹੈ ਤਾਂ ਸਕੂਲ ਦੀ ਪੜ੍ਹਾਈ ਪੂਰੀ ਹੋਣ ’ਤੇ ਦੇ ਦਿਓ। ਸਮਾਰਟ ਫੋਨ ਦੀ ਕੀ ਲੋੜ ਹੈ, ਉਨ੍ਹਾਂ ਲਈ ਇੱਕ ਸਧਾਰਨ ਫੋਨ ਹੀ ਕਾਫ਼ੀ ਹੈ। ਪਰ ਕਰੋਨਾ ਕਾਲ ਵਿੱਚ ਇਹ ਵਿਸ਼ਵਾਸ ਖ਼ਤਮ ਹੋ ਗਿਆ ਹੈ। ਅੱਜ ਨਰਸਰੀ ਅਤੇ ਕੇ.ਜੀ. ਦੇ ਬੱਚਿਆਂ ਨੂੰ ਵੀ ਮੋਬਾਈਲ ਦਿੱਤਾ ਜਾ ਰਿਹਾ ਹੈ। ਹਾਈ ਸਪੀਡ ਦਾ ਇੰਟਰਨੈੱਟ ਕੁਨੈਕਸ਼ਨ ਦਿੱਤਾ ਜਾ ਰਿਹਾ ਹੈ ਤਾਂ ਜੋ ਬੱਚੇ ਆਸਾਨੀ ਨਾਲ ਆਨਲਾਈਨ ਕਲਾਸਾਂ ਲਾ ਸਕਣ।
ਪਹਿਲਾਂ ਬੱਚਿਆਂ ਨੂੰ ਸਕੂਲ ਵਿੱਚ ਮੋਬਾਈਲ ਲੈ ਜਾਣ ਉੱਤੇ ਸਕੂਲ ਵੱਲੋਂ ਸਜ਼ਾ ਦਿੱਤੀ ਜਾਂਦੀ ਸੀ। ਅੱਜ ਅਧਿਆਪਕ ਉਨ੍ਹਾਂ ਨੂੰ ਚੰਗਾ ਸਮਾਰਟਫੋਨ ਲਿਆਉਣ ਦੀ ਸਲਾਹ ਦੇ ਰਹੇ ਹਨ। ਕਿਸੇ ਸਮੇਂ ਟਿਊਸ਼ਨ ਲੈਣਾ ਨਿਕੰਮੇ ਬੱਚਿਆਂ ਦੀ ਨਿਸ਼ਾਨੀ ਸੀ, ਪਰ ਅੱਜ ਟਿਊਸ਼ਨ ਇੱਕ ਸਟੇਟਸ ਸਿੰਬਲ ਅਤੇ ਫੈਸ਼ਨ ਬਣ ਗਈ ਹੈ। ਪਹਿਲੇ ਸਮਿਆਂ ਵਿੱਚ ਬੱਚੇ ਦੀ ਸ਼ਿਕਾਇਤ ਕਰਨ ਲਈ ਹੀ ਮਾਪਿਆਂ ਨੂੰ ਸਕੂਲ ਬੁਲਾਇਆ ਜਾਂਦਾ ਸੀ ਅਤੇ ਜਿਸ ਬੱਚੇ ਦੇ ਮਾਪੇ ਅਕਸਰ ਸਕੂਲ ਵਿੱਚ ਦੇਖੇ ਜਾਂਦੇ ਸਨ, ਉਸ ਬੱਚੇ ਬਾਰੇ ਸਕੂਲ ਵਿੱਚ ਗ਼ਲਤ ਧਾਰਨਾ ਬਣ ਜਾਂਦੀ ਸੀ। ਅੱਜ ਹਰ ਮਹੀਨੇ ਮਾਤਾ-ਪਿਤਾ ਨੂੰ ਅਧਿਆਪਕ ਮੀਟਿੰਗ ਲਈ ਸਕੂਲ ਜਾਣਾ ਪੈਂਦਾ ਹੈ ਅਤੇ ਮਾਪੇ ਨਿਯਮਤ ਤੌਰ ’ਤੇ ਅਧਿਆਪਕ ਮੀਟਿੰਗ ਵਿੱਚ ਸ਼ਾਮਲ ਹੁੰਦੇ ਹਨ ਅਤੇ ਜਿਹੜੇ ਮਾਪੇ ਇਸ ਮੀਟਿੰਗ ਵਿੱਚ ਨਿਯਮਤ ਤੌਰ ’ਤੇ ਹਾਜ਼ਰ ਨਹੀਂ ਹੁੰਦੇ, ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਪ੍ਰਤੀ ਗੰਭੀਰ ਨਹੀਂ ਸਮਝਿਆ ਜਾਂਦਾ।
ਪਹਿਲਾਂ ‘ਪੜ੍ਹੋਗੇ ਲਿਖੋਗੇ, ਬਣੋਗੇ ਨਵਾਬ, ਖੇਲ੍ਹੋਗੇ ਕੁੱਦੋਗੇ ਹੋਵੋਗੇ ਖਰਾਬ’ ਦੀ ਧਾਰਨਾ ਪ੍ਰਚੱਲਿਤ ਸੀ। ਅੱਜ ਹਰੇਕ ਖੇਡ ਖੇਡਣ ਲਈ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਪਹਿਲਾਂ ਔਰਤ ਨੂੰ ਘਰਵਾਲੀ ਕਹਿ ਕੇ ਉਸ ਦੀ ਹੱਦ ਘਰ ਦੀ ਚਾਰਦੀਵਾਰੀ ਤੱਕ ਮਿੱਥੀ ਜਾਂਦੀ ਸੀ, ਪਰ ਅੱਜ ਔਰਤਾਂ ਘਰ ਦੀ ਚਾਰਦੀਵਾਰੀ ਟੱਪ ਕੇ ਮਰਦਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ। ਉਹ ਡਰਾਈਵਰ, ਕੰਡਕਟਰ, ਦਫ਼ਤਰ, ਸਕੂਲ, ਕਾਲਜ, ਪਾਇਲਟ, ਸਪੇਸ ਆਦਿ ਦੇ ਖੇਤਰ ਵਿੱਚ ਮਰਦਾਂ ਦੇ ਬਰਾਬਰ ਭਾਈਵਾਲ ਹਨ। ਪਹਿਲਾਂ ਲੋਕ ਰਾਤ ਨੂੰ ਸੌਂਦੇ ਸਨ ਅਤੇ ਦਿਨ ਵਿੱਚ ਕੰਮ ਕਰਦੇ ਸਨ, ਪਰ ਹੁਣ ਕੰਮ ਕਰਨ ਲਈ ਦਿਨ- ਰਾਤ ਦਾ ਕੋਈ ਫ਼ਰਕ ਨਜ਼ਰ ਨਹੀਂ ਆਉਂਦਾ। ਸਾਡੀਆਂ ਸਮਾਜਿਕ ਕਦਰਾਂ-ਕੀਮਤਾਂ ਵੀ ਸਮੇਂ ਦੇ ਨਾਲ ਬਦਲਦੀਆਂ ਰਹਿੰਦੀਆਂ ਹਨ। ਪੁਰਾਣੇ ਸਮਿਆਂ ਵਿੱਚ ਸਤੀ ਪ੍ਰਥਾ ਨੂੰ ਮਾਨਤਾ ਦਿੱਤੀ ਗਈ ਸੀ। ਪਤਨੀ ਵੱਲੋਂ ਪਤੀ ਦੀ ਚਿਖਾ ਨਾਲ ਸੜ ਕੇ ਮਰਨਾ ਪਵਿੱਤਰ ਧਰਮ ਸਮਝਿਆ ਜਾਂਦਾ ਸੀ, ਪਰ ਅੱਜ ਇਹ ਸਭ ਕਾਨੂੰਨੀ ਤੌਰ ’ਤੇ ਖ਼ਤਮ ਹੋ ਗਿਆ ਹੈ। ਪਹਿਲਾਂ ਨਵੀ ਵਹੁਟੀ ਨੂੰ ਪੁਤ੍ਰਵਤੀ ਭਵਹ ਕਹਿ ਕੇ ਅਸ਼ੀਰਵਾਦ ਦਿੱਤਾ ਜਾਂਦਾ ਸੀ, ਪਰ ਅੱਜ ਇਹ ਆਸ਼ੀਰਵਾਦ ਸਾਡੀ ਪਿੱਛੜੀ ਸੋਚ ਦਾ ਪ੍ਰਤੀਕ ਬਣ ਗਿਆ ਹੈ। ਹੁਣ ਪੁੱਤਰ ਅਤੇ ਧੀ ਦਾ ਅੰਤਰ ਲਗਭਗ ਖਤਮ ਹੋ ਗਿਆ ਹੈ। ਪਹਿਲਾਂ ਪੁੱਤ ਦੇ ਜਨਮ ਦੀ ਖੁਸ਼ੀ ਵਿੱਚ ਲੋਹੜੀ ਦਿੱਤੀ ਜਾਂਦੀ ਸੀ, ਹੁਣ ਅਗਾਂਹ ਵਧੂ ਸੋਚ ਵਾਲੇ ਲੋਕ ਧੀ ਦੇ ਜਨਮ ਉੱਤੇ ਵੀ ਲੋਹੜੀ ਦੇਣ ਲੱਗ ਪਏ ਹਨ। ਪਰਿਵਰਤਨ ਅਕਸਰ ਸੱਭਿਆਚਾਰ ਦੇ ਅੰਤਰ ਨਾਲ ਵੀ ਦੇਖਿਆ ਜਾਂਦਾ ਹੈ। ਕੁਝ ਸਾਲ ਪਹਿਲਾਂ ਪ੍ਰੇਮ ਵਿਆਹ ਬਹੁਤ ਘੱਟ ਗਿਣਤੀ ਵਿੱਚ ਹੁੰਦੇ ਸਨ ਅਤੇ ਅਕਸਰ ਮਾਪੇ ਇਸ ਲਈ ਸਹਿਮਤ ਨਹੀਂ ਹੁੰਦੇ ਸਨ। ਅੱਜ ਨੱਬੇ ਫੀਸਦੀ ਵਿਆਹ, ਪ੍ਰੇਮ ਵਿਆਹ ਦੇ ਰੂਪ ਵਿੱਚ ਹੋ ਰਹੇ ਹਨ ਅਤੇ ਮਾਂ-ਬਾਪ ਵੀ ਆਪਣੇ ਬੱਚਿਆਂ ਨੂੰ ਪ੍ਰੇਮ ਵਿਆਹ ਦੀ ਮਨਜ਼ੂਰੀ ਆਸਾਨੀ ਨਾਲ ਦੇਣ ਲੱਗ ਪਏ ਹਨ। ਸਾਈਕਲ ਨੂੰ ਗਰੀਬਾਂ ਦੀ ਸਵਾਰੀ ਮੰਨਿਆ ਜਾਂਦਾ ਸੀ ਅਤੇ ਨੌਜਵਾਨ ਇਸ ਤੋਂ ਕੰਨੀ ਕਤਰਾਉਂਦੇ ਸਨ ਅਤੇ ਅੱਜ ਦੇ ਦੌਰ ਵਿੱਚ ਅਮੀਰ ਲੋਕ ਵੀ ਕਾਰਾਂ ਛੱਡ ਕੇ ਸਾਈਕਲਾਂ ਦੀ ਸਵਾਰੀ ਕਰਨ ਵਿੱਚ ਆਪਣੀ ਸ਼ਾਨ ਸਮਝਦੇ ਹਨ। ਨੌਜਵਾਨਾਂ ਦੀ ਪਸੰਦੀਦਾ ਸਵਾਰੀ ਸਾਈਕਲ ਬਣ ਗਈ ਹੈ ਅਤੇ ਸਾਈਕਲ ਉਦਯੋਗ ਵਧ-ਫੁੱਲ ਰਿਹਾ ਹੈ।
ਕਿਹਾ ਜਾ ਸਕਦਾ ਹੈ ਕਿ ਪੁਰਾਣੀਆਂ ਰਵਾਇਤਾਂ ਅਤੇ ਲੋਕ ਵਿਸ਼ਵਾਸ ਜੋ ਅਜੇ ਵੀ ਪ੍ਰਾਸੰਗਿਕ ਹਨ, ਉਨ੍ਹਾਂ ਨੂੰ ਆਧੁਨਿਕ ਸਮੇਂ ਵਿੱਚ ਵੀ ਅਪਣਾਉਣਾ ਸਾਡੀ ਦਕਿਆਨੂਸੀ ਸੋਚ ਨਹੀਂ ਮੰਨੀ ਜਾ ਸਕਦੀ, ਪਰ ਗਲੀਆਂ-ਸੜੀਆਂ ਪਰੰਪਰਾਵਾਂ ਅਤੇ ਰੀਤੀ-ਰਿਵਾਜ ਜਿਹੜੇ ਅੱਜ ਦੇ ਸਮੇਂ ਵਿੱਚ ਆਪਣੀ ਸਾਰਥਿਕਤਾ ਖੋ ਚੁੱਕੇ ਹਨ, ਉਨ੍ਹਾਂ ਨਾਲ ਜੁੜੇ ਰਹਿਣ ਨਾਲ ਅਸੀਂ ਮੌਜੂਦਾ ਸਮੇਂ ਦੇ ਨਾਲ ਚੱਲਣ ਵਿੱਚ ਅਸਮਰੱਥ ਹੋ ਜਾਂਦੇ ਹਾਂ। ਸਮੇਂ ਦੇ ਹਾਣੀ ਬਣਨ ਲਈ ਸਮੇਂ ਅਤੇ ਹਾਲਾਤ ਦੇ ਮੁਤਾਬਿਕ ਆਪਣੇ ਆਪ ਨੂੰ ਢਾਲ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ।
ਸੰਪਰਕ: 96460-67761