ਬਲਵਿੰਦਰ ਬਾਲਮ
ਚਿੰਤਾ ਅੰਤਰਮੁਖੀ-ਬਾਹਰਮੁਖੀ ਵੇਦਨਾ ਹੈ। ਸੰਸਾਰ ਵਿਚ ਚਿੰਤਾ ਦੋ ਤਰ੍ਹਾਂ ਦੀ ਪਾਈ ਜਾਂਦੀ ਹੈ। ਇਕ ਅੰਤਰਮੁਖੀ ਅਤੇ ਦੂਸਰੀ ਬਾਹਰਮੁਖੀ। ਅੰਤਰਮੁਖੀ ਚਿੰਤਾ ਵਿਚ ਮਾਨਵਤਾ ਦਾ ਨਿੱਜੀ ਚਿੰਤਨ ਅਤੇ ਬਾਹਰਮੁਖੀ ਵਿਚ ਕੁਦਰਤੀ ਪ੍ਰਕੋਪ ਆਉਂਦਾ ਹੈ। ਆਧੁਨਿਕਤਾ ਨੇ ਮਨੁੱਖ ਦੀਆਂ ਚਿੰਤਾਵਾਂ ਵਿਚ ਬਹੁਤ ਵਾਧਾ ਕੀਤਾ ਹੈ। ਜ਼ਰੂਰਤਾਂ ਨੇ ਮਨੁੱਖ ਦੀ ਭੂਗੋਲਿਕ, ਭੌਤਿਕ ਤੇ ਲੌਕਿਕ ਸਥਿਤੀ ਵਿਚ ਕਾਫ਼ੀ ਤਬਦੀਲੀ ਲਿਆਂਦੀ ਹੈ।
ਸੰਚਾਰ, ਪ੍ਰਚਾਰ, ਪਸਾਰ, ਆਵਾਜਾਈ, ਜਨਸੰਖਿਆ ਆਦਿ ਦੇ ਤੇਜ਼ ਗਤੀ ਨਾਲ ਵਧਣ ਕਾਰਨ ਕੁਦਰਤੀ ਪ੍ਰਕੋਪ ਅਤੇ ਹਾਦਸਿਆਂ ਦੀ ਸੰਖਿਆ ਵਧਦੀ ਜਾ ਰਹੀ ਹੈ। ਹੜ੍ਹ, ਭੂਚਾਲ, ਹਾਦਸੇ, ਬਿਮਾਰੀ, ਸੋਕਾ ਆਦਿ ਸਥਿਤੀਆਂ ਮਨੁੱਖ ਲਈ ਹਮੇਸ਼ਾਂ ਚਿੰਤਾ ਦਾ ਵਿਸ਼ਾ ਰਹੀਆਂ ਹਨ। ਇਹ ਚਿੰਤਾਵਾਂ ਮਨੁੱਖ ਦੀ ਬਰਬਾਦੀ ਤਾਂ ਕਰਦੀਆਂ ਹੀ ਹਨ, ਪਰ ਵਰਤਮਾਨ ਨੂੰ ਕੁਚਲਦੇ ਹੋਏ ਭਵਿੱਖ ਦਾ ਬਹੁਤ ਨੁਕਸਾਨ ਕਰਦੀਆਂ ਹਨ। ਆਰਥਿਕ ਹਾਨੀ ਦੇ ਨਾਲ ਨਾਲ ਮਨੁੱਖੀ ਨੁਕਸਾਨ ਵੀ ਬਹੁਤ ਜ਼ਿਆਦਾ ਹੁੰਦਾ ਹੈ।
ਕੁਦਰਤੀ ਪ੍ਰਕੋਪ ਤਾਂ ਕੁਦਰਤ ਦੇ ਕਾਬੂ ਵਿਚ ਹੀ ਰਹਿੰਦਾ ਹੈ। ਕੁਦਰਤ ਕਦੋਂ, ਕੀ ਕਰੇ? ਕਿਸੇ ਨੂੰ ਵੀ ਨਹੀਂ ਪਤਾ ਹੁੰਦਾ। ਤਰੱਕੀ ਪਸੰਦ ਮਨੁੱਖ ਤਾਂ ਇਸ ਦਾ ਸਾਹਮਣਾ ਹੀ ਕਰ ਸਕਦੇ ਹਨ। ਇਹ ਚਿੰਤਾ ਮਨੁੱਖ ਦੀ ਖ਼ੁਦ ਪੈਦਾ ਕੀਤੀ ਹੋਈ ਨਹੀਂ ਹੁੰਦੀ। ਵਿਕਸਤ ਦੇਸ਼ਾਂ ਨੇ ਬੇਸ਼ੱਕ ਕੁਦਰਤੀ ਆਫ਼ਤਾਂ ਦੀਆਂ ਚਿੰਤਾਵਾਂ ਦੇ ਅਨੇਕ ਹੱਲ ਲੱਭ ਲਏ ਹਨ, ਪਰ ਉਸ ਦੀ ਭਵਿੱਖਬਾਣੀ ਸਟੀਕ ਨਹੀਂ ਹੋ ਸਕਦੀ। ਇਸ ਤਰ੍ਹਾਂ ਦੀਆਂ ਚਿੰਤਾਵਾਂ ਸਾਰੇ ਜਨ ਸਮੂਹ ਲਈ ਬਰਾਬਰ ਹੁੰਦੀਆਂ ਹਨ।
ਆਪਣੇ ਵਿਹਾਰ ਤੋਂ ਉਤਪਨ ਚਿੰਤਾਵਾਂ ਵਿਚ ਅਹੰਕਾਰ, ਬੇਈਮਾਨੀ, ਝੂਠ, ਗ਼ੈਰ-ਕਾਨੂੰਨੀ ਕਾਰਜ, ਅਨੈਤਿਕ ਕਾਰਜ, ਨਸ਼ਾ, ਚੋਰੀ, ਡਕੈੈਤੀ, ਅਨੁਸ਼ਾਸਨਹੀਣਤਾ, ਅਸਮਾਨਤਾ, ਅੰਧ-ਵਿਸ਼ਵਾਸ, ਹੀਣਤਾ ਆਦਿ ਕਾਰਨ ਆ ਜਾਂਦੇ ਹਨ। ਇਨ੍ਹਾਂ ਚਿੰਤਾਵਾਂ ਦਾ ਮਤਲਬ ਤਾਂ ਮਨੁੱਖ ਦੁਆਰਾ ਖ਼ੁਦ ਪੈਦਾ ਕੀਤੀਆਂ ਗਈਆਂ ਚਿੰਤਾਵਾਂ ਹੀ ਹਨ।
ਚਿੰਤਾਵਾਂ ਮਨੁੱਖ ਨੂੰ ਖੋਖਲਾ ਕਰ ਦਿੰਦੀਆਂ ਹਨ। ਚਿੰਤਾ ਇਕ ਐਸਾ ਘੁਣ ਹੈ ਜੋ ਮਨੁੱਖ ਨੂੰ ਆਪਣੇ ਵਿਚੋਂ ਵਿਚ ਹੀ ਖਾਈ ਜਾਂਦਾ ਹੈ। ਚਿੰਤਾਵਾਂ ਦਿਮਾਗ਼ ’ਤੇ ਗਹਿਰਾ ਪ੍ਰਭਾਵ ਪਾਉਂਦੀਆਂ ਹੈ। ਚਿੰਤਾ ਦਾ ਮੂਲ ਪ੍ਰਭਾਵ ਦਿਮਾਗ਼ ’ਚੋਂ ਹੁੰਦਾ ਹੋਇਆ ਫਿਰ ਦਿਲ ’ਚੋਂ ਹੁੰਦਾ ਹੋਇਆ ਸਾਰੇ ਸਰੀਰ ’ਤੇ ਪੈਂਦਾ ਹੈ। ਸਰੀਰ ਦਾ ਕੰਟਰੋਲ ਦਿਮਾਗ਼ ਦੇ ਕੋਲ ਹੀ ਹੈ। ਦਿਮਾਗ਼ ਸਰੀਰ ਨੂੰ ਅੱਗ ਵੀ ਲਗਾ ਸਕਦਾ ਹੈ ਅਤੇ ਬਰਫ਼ ਦੀ ਤਰ੍ਹਾਂ ਠੰਢਾ ਵੀ ਕਰ ਸਕਦਾ ਹੈ। ਚਿੰਤਾ ਦੀ ਅਗਨੀ ਨਾਲ ਦਿਮਾਗ਼ ਗਰਮੀ ਫੜਦਾ ਹੈ। ਦਿਮਾਗ਼ ਦੀ ਅਗਨੀ ਨਾਲ ਸੰਚਾਲਿਤ ਧਮਣੀਆਂ, ਸ਼ਿਰਾਵਾਂ (ਨਾੜੀਆਂ) ਵੀ ਪਿਘਲ ਸਕਦੀਆਂ ਹਨ ਜਾਂ ਫਟ ਸਕਦੀਆਂ ਹਨ। ਬਿਮਾਰੀਆਂ ਦੇ ਵਧਣ ਨਾਲ ਹੀ ਦਿਮਾਗ਼ ਵਿਚ ਗਰਮੀ ਵਧ ਜਾਂਦੀ ਹੈ, ਜਿਸ ਨਾਲ ਖੂਨ ਦਾ ਸੰਚਾਰ ਸਹੀ ਨਹੀਂ ਰਹਿੰਦਾ। ਇਨ੍ਹਾਂ ਬਿਮਾਰੀਆਂ ਕਾਰਨ ਚਿੰਤਾ ਮਨੁੱਖ ਨੂੰ ਚਿਤਾ ਤਕ ਲੈ ਜਾਂਦੀ ਹੈ।
ਚਿੰਤਾ ਮਨੁੱਖ ਦਾ ਘਰ ਹੈ। ਚਿੰਤਾ ਅਜਿਹੀ ਲਿਖਾਵਟ ਹੈ ਜੋ ਮਨੁੱਖ ਦੀ ਕਾਰਜਸ਼ੈਲੀ ਦੇ ਪੰਨਿਆਂ ’ਤੇ ਇਤਿਹਾਸ ਲਿਖਦੀ ਹੈ। ਇਹ ਇਤਿਹਾਸ ਮਨੁੱਖ ਦੀ ਚਿਤਾ ਤਕ ਚੱਲਦਾ ਰਹਿੰਦਾ ਹੈ। ਮਨੁੱਖ ਦੀ ਚਿਤਾ ਨਾਲ ਹੀ ਚਿੰਤਾ ਵੀ ਖ਼ਤਮ ਹੋ ਜਾਂਦੀ ਹੈ। ਚਿੰਤਾ ਤੋਂ ਛੁਟਕਾਰੇ ਲਈ ਚਿੰਤਾ ਨੂੰ ਅਭਿਵਾਦਨ, ਅਭਿਨੰਦਨ ਨਾਲ, ਸਰਲ ਸਹਿਜ, ਧੀਰਜ ਨਾਲ ਅਪਣਾਉਂਦੇ ਜਾਓ, ਉਸ ਦੇ ਹੱਲ ਲੱਭਦੇ ਜਾਓ ਤਾਂ ਤੁਸੀਂ ਸੁਖਦ ਆਨੰਦਮਈ ਅਵਸਥਾ ਵੱਲ ਵਧਦੇ ਚਲੇ ਜਾਓਗੇ। ਚਿੰਤਾ ਦੇ ਪੁਜਾਰੀ ਲੋਕ ਹੀ ਉਪਲੱਬਧੀਆਂ ਨੂੰ ਚੁੰਮਦੇ ਹਨ। ਸੰਸਕ੍ਰਿਤ ਦੇ ਇਕ ਸ਼ਲੋਕ ਮੁਤਾਬਿਕ: ਚਿੰਤਾ ਅਤੇ ਚਿਤਾ ਵਿਚੋਂ ਚਿੰਤਾ ਅਧਿਕ ਬਲਵਤੀ ਹੁੰਦੀ ਹੈ ਕਿਉਂਕਿ ਚਿਤਾ ਤਾਂ ਨਿਰਜੀਵ (ਲਾਸ਼) ਨੂੰ ਸਾੜਦੀ ਹੈ ਜਦੋਂਕਿ ਚਿੰਤਾ ਜੀਵਤ ਨੂੰ ਹੀ ਸਾੜਦੀ ਰਹਿੰਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅੰਗਦ ਦੇਵ ਕਹਿ ਰਹੇ ਹਨ ਕਿ ਅਰਦਾਸ ਅਤੇ ਵਾਹਿਗੁਰੂ ਦੇ ਚਰਨਾਂ ਵਿਚ ਡਿੱਗਣ ਕਰਕੇ ਸਤਿਗੁਰੂ ਸਹਾਰਾ ਬਖ਼ਸ਼ਦੇ ਹਨ। ਫਿਰ ਆਪਣਾ ਆਪ ਅਰਪਨ ਕਰਕੇੇ ਵਾਹਿਗੁਰੂ ਨੂੰ ਸਹਾਈ ਸਮਝਣ ਕਰਕੇ ਸਾਰੀ ਚਿੰਤਾ ਮੁੱਕ ਜਾਂਦੀ ਹੈ।
ਇਸੇ ਤਰ੍ਹਾਂ ਹੀ ਕਾਮ ਇੰਦਰੀਆਂ ਅਤੇ ਗਿਆਨ ਇੰਦਰੀਆਂ ਦੇ ਅਨੁਸ਼ਾਸਨ ਨਾਲ ਚਿੰਤਾ ਬਲਹੀਨ ਹੁੰਦੀ ਹੈ। ਸੁਖਦ ਚਿੰਤਾ ਤਰੱਕੀ ਦਾ ਦੂਸਰਾ ਨਾਮ ਹੈ।
ਦੁਖਦ ਚਿੰਤਾ ਮੌਤ ਦਾ ਦੂਸਰਾ ਨਾਮ ਹੈ। ਚਿੰਤਾ ਬਿਮਾਰੀਆਂ ਦਾ ਘਰ ਹੈ। ਚਿੰਤਾ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਚਿੰਤਾ ਡਰ ਦਾ ਦੈਂਤ, ਗ਼ਮ ਦੀ ਪੌੜੀ, ਜਵਾਨੀ ਵਿਚ ਬੁਢਾਪੇ ਦਾ ਅਹਿਸਾਸ ਹੈ ਤੇ ਚਿੰਤਾ ਨਰਕ ਦੇ ਦਰਵਾਜ਼ੇ ਖੋਲ੍ਹਦੀ ਹੈ।
ਮਨੁੱਖ ਤਾਂ ਚੱਲਦਾ ਫਿਰਦਾ ਯੰਤਰ ਹੈ। ਇਸ ਦੇ
ਇਰਦ ਗਿਰਦ ਤਾਂ ਅਨੇਕਾਂ ਚੀਜ਼ਾਂ ਚੱਲ ਰਹੀਆਂ
ਹਨ। ਕਿਸੇ ਵੀ ਮਨੁੱਖ ਦਾ ਕੋਈ ਪਤਾ ਨਹੀਂ ਕਦੋਂ
ਕਿਸ ਹਾਦਸੇ ਦਾ ਸ਼ਿਕਾਰ ਹੋ ਜਾਵੇ ਅਤੇ ਚਿੰਤਾ ਵਿਚ ਗ੍ਰਸਤ ਹੋ ਜਾਵੇ।
ਫਿਰ ਵੀ ਮਨੁੱਖ ਆਪਣੀਆਂ ਆਦਤਾਂ ਵਿਚ ਅਨੁਸ਼ਾਸਨ, ਸੱਚ, ਪਿਆਰ-ਸਤਿਕਾਰ ਭਰ ਲਵੇ ਤਾਂ ਉਸ ਦੀਆਂ ਅੱਧੀਆਂ ਚਿੰਤਾਵਾਂ ਖ਼ਤਮ ਹੋ ਜਾਂਦੀਆਂ ਹਨ। ਹੰਕਾਰ, ਭੱਜ ਨੱਠ, ਆਲਸ, ਝੂਠ ਆਦਿ ਤੱਤ ਚਿੰਤਾ ਨੂੰ ਕਿਸੇ ਨਾ ਕਿਸੇ ਰੂਪ ਵਿਚ ਜਨਮ ਦਿੰਦੇ ਹਨ। ਸੰਤੁਲਿਤ ਸੋਚ ਨਾਲ, ਧੀਰਜ ਨਾਲ ਹਰ ਕਾਰਜ ਕਰੋ ਤਾਂ ਚਿੰਤਾ ਘੱਟ ਹੁੰਦੀ ਹੈ। ਮਨੁੱਖ ਚਿੰਤਾ ਖ਼ੁਦ ਮੁੱਲ ਲੈਂਦਾ ਹੈ। ਉਸ ਦਾ ਇਹ ਪ੍ਰਾਚੀਨ ਸੁਭਾਅ ਹੈ। ਫਿਰ ਵੀ ਸਮਝਦਾਰ ਆਦਮੀ ਚਿੰਤਾ ਦੇ ਘੇਰੇ ਤੋਂ ਬਚਣ ਲਈ ਕੋਸ਼ਿਸ਼ ਕਰਦੇ ਹਨ ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਚੰਗੇ ਸਕਾਰਾਤਮਕ ਢੰਗ ਨਾਲ ਬਤੀਤ ਹੋ ਸਕੇ।
ਚਿੰਤਾ ਦੂਰ ਕਰਨ ਲਈ ਮਨੁੱਖ ਨੂੰ ਚੰਗੇ ਸੁਹਿਰਦ ਦੋਸਤ, ਚੰਗਾ ਸ਼ੁੱਧ ਵਾਤਾਵਰਣ, ਸੱਚਾਈ, ਯੋਗ, ਆਧਿਆਤਮਕਤਾ, ਬਾਣੀ, ਭਜਨ, ਦਾਨ-ਪੁੰਨ, ਚੰਗੀਆਂ ਪੁਸਤਕਾਂ, ਉਸਾਰੂ ਪ੍ਰੋਗਰਾਮ, ਚੰਗੀਆਂ ਅਖ਼ਬਾਰਾਂ, ਮੈਗਜ਼ੀਨ, ਸੈਰ-ਸਪਾਟਾ, ਅਨੁਸ਼ਾਸਨ, ਚੰਗੇ ਕਰਮ ਅਤੇ ਚੰਗੀ ਸੰਗਤ ਦਾ ਆਸਰਾ ਲੈਣਾ ਚਾਹੀਦਾ ਹੈ।
ਚਿੰਤਾ ਦੂਰ ਕਰਨ ਲਈ ਮਨੋਰੰਜਨ, ਨੈਤਿਕ ਕਾਰਜ, ਕਾਨੂੰਨ ਦੀ ਉਲੰਘਣਾ ਨਾ ਕੀਤੀ ਜਾਏ, ਦੇਸ਼ ਪ੍ਰਤੀ ਸੁਹਿਰਦਤਾ ਦਿਖਾਓ, ਬੇਈਮਾਨ, ਭ੍ਰਿਸ਼ਟ, ਰਿਸ਼ਵਤਖੋਰ ਨਾ ਬਣੋ, ਬੇਕਾਰ ਸਮੇਂ ਦਾ ਸਦਉਪਯੋਗ ਕਰੋ, ਦਿਖਾਵਟੀ ਪ੍ਰੇਮ ਪ੍ਰਦਰਸ਼ਨ ਨਾ ਕਰੋ, ਖ਼ੁਦ ਹੀ ਕਾਰਜ ਸਿੱਧ ਬਣਾਓ, ਪਿਆਰ ਸਤਿਕਾਰ ਦੀ ਭਾਵਨਾ ਵੰਡੋ, ਵੱਡਿਆਂ ਦਾ ਸਤਿਕਾਰ ਕਰੋ, ਛੋਟਿਆਂ ਨਾਲ ਪਿਆਰ ਕਰੋ ਆਦਿ ਕਾਰਜ ਲਗਾਤਾਰ ਕਰਦੇ ਚਲੇ ਜਾਓ।
ਚਿੰਤਾ ਦੂਰ ਕਰਨ ਦੇ ਦੋ ਮੁੱਖ ਸਰੋਤ ਹਨ- ਨਿਮਰਤਾ ਅਤੇ ਸ਼ਾਂਤੀ। ਇਹ ਦੋ ਸਤੰਭ ਸਾਰੇ ਜੀਵਨ ਦਾ ਆਧਾਰ ਹਨ। ਸਾਰੀ ਸੋਚ ਇਸ ਦੀ ਨੀਂਹ ਉੱਪਰ ਖੜ੍ਹੀ ਹੈ। ਨਿਮਰਤਾ ਅਤੇ ਸ਼ਾਂਤੀ ਹੀ ਸੁਖਦ ਵਾਤਾਵਰਣ ਉਤਪੰਨ ਕਰਦੇ ਹਨ। ਦੂਸਰਿਆਂ ਨੂੰ ਸੁੱਖ ਦੇਣ ਵਾਲੇ ਲਗਭਗ ਸੁਖੀ ਰਹਿੰਦੇ ਹਨ ਅਤੇ ਚਿੰਤਾ ਤੋਂ ਵੀ ਮੁਕਤ ਰਹਿੰਦੇ ਹਨ।
ਖੁਸ਼ੀ ਨੂੰ ਲੱਭਣਾ ਪੈਂਦਾ ਹੈ। ਖੁਸ਼ੀ ਤੁਹਾਡੇ ਦਰ ’ਤੇ ਖ਼ੁਦ ਚੱਲਕੇ ਨਹੀਂ ਆਉਂਦੀ। ਪਰਿਵਾਰ ਦੇ ਜੀਆਂ ਵਿਚ, ਦੋਸਤਾਂ-ਮਿੱਤਰਾਂ ਵਿਚ, ਕੁਦਰਤ ਵਿਚ, ਵਾਤਾਵਰਣ ਵਿਚ ਆਦਿ ਕਣ-ਕਣ ਵਿਚ ਖੁਸ਼ੀ ਮੌਜੂਦ ਹੈ, ਕੇਵਲ ਲੱਭਣ ਦੀ ਜ਼ਰੂਰਤ ਹੈ। ਜਿਸ ਦੇ ਕੋਲ ਸੱਚ ਅਤੇ ਨਿਮਰਤਾ ਦਾ ਕੀਮਤੀ ਗਹਿਣਾ ਹੈ, ਸਮਝੋ ਉਸ ਦੇ ਦਰ ਉੱਪਰ ਖੁਸ਼ੀ ਮੌਜੂਦ ਹੈ। ਨਿਮਰਤਾ, ਸ਼ਾਂਤੀ, ਹੌਸਲਾ, ਸੱਚ ਦੇ ਸਿਧਾਂਤ ਉੱਪਰ ਹੀ ਖੁਸ਼ੀ ਦੀ ਮੰਜ਼ਿਲ ਹੈ, ਜੋ ਚਿੰਤਾ ਨੂੰ ਦੂਰ ਕਰਦੀ ਹੈ।
ਦੂਜਿਆਂ ਨੂੰ ਪਰੇਸ਼ਾਨ ਕਰਨ ਵਾਲੇ ਮਨੁੱਖ ਨੂੰ ਕਦੇ ਖੁਸ਼ੀ ਨਹੀਂ ਮਿਲਦੀ। ਉਹ ਹਮੇਸ਼ਾਂ ਚਿੰਤਾ ਦੇ ਖੂਹ ਵਿਚ ਡਿੱਗਿਆ ਰਹਿੰਦਾ ਹੈ। ਹਰ ਇਕ ਵਸਤੂ ਵਿਚ ਚਿੰਤਾ ਹੈ, ਹਰ ਇਕ ਕਾਰਜ ਵਿਚ ਖੁਸ਼ੀ ਹੈ। ਤੁਹਾਨੂੰ ਲੱਭਣ ਦੀ ਜਾਚ ਹੋਣੀ ਚਾਹੀਦੀ ਹੈ।
ਸੰਪਰਕ: 98156-25409