ਐਸ.ਡੀ. ਸ਼ਰਮਾ
‘ਤੇਰੀ ਆਵਾਜ਼ ਸੇ ਰਿਸ਼ਤਾ ਕੋਈ ਇਲਾਹੀ ਹੈ…
ਤੇਰੀ ਆਵਾਜ਼ ਤੇਰੇ ਹੋਨੇ ਕੀ ਗਵਾਹੀ ਹੈ…।’
ਹਰ ਇਕ ਸਦੀ ਜਾਂ ਯੁੱਗ ਵਿਚ ਕੁਝ ਰੱਬੀ ਸ਼ਖ਼ਸੀਅਤਾਂ ਆਪਣੇ ਹੁਨਰ, ਇਬਾਦਤ ਜਾਂ ਕਿਸੇ ਖੇਤਰ ਵਿਚ ਬਹੁਤ ਹੀ ਅਜੋਕੇ ਯੋਗਦਾਨ ਕਰਕੇ ਉਸ ਸਦੀ ਜਾਂ ਯੁੱਗ ਦੀ ਪਛਾਣ ਬਣਾ ਕੇ ਅਮਰ ਹੋ ਜਾਂਦੀਆਂ ਹਨ। ਭਾਰਤੀ ਸੰਗੀਤ ਅਤੇ ਗ਼ਜ਼ਲ ਗਾਇਕੀ ਦੇ ਅੰਬਰ ਦੇ ਧਰੂ ਤਾਰੇ ਜਗਜੀਤ ਸਿੰਘ ਗ਼ਜ਼ਲ ਸਮਰਾਟ ਨੂੰ ਵੀ ਆਪਣੀ ਕਲਾ ਦੀ ਅਮਿਟ ਛਾਪ ਛੱਡਣ ਕਾਰਨ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿਚ ਇਕ ਯੁੱਗ ਪੁਰਸ਼ ਦੇ ਨਾਮ ਨਾਲ ਜਾਣਿਆ ਜਾਵੇਗਾ ਕਿਉਂਕਿ ਰਹਿੰਦੀ ਦੁਨੀਆਂ ਤੱਕ ਉਨ੍ਹਾਂ ਦੀ ਸੁਰੀਲੀ ਤੇ ਮਖ਼ਮਲੀ ਆਵਾਜ਼ ਦਿਲਾਂ ’ਤੇ ਦਸਤਕ ਦਿੰਦੀ ਰਹੇਗੀ।
8 ਫਰਵਰੀ 1941 ਨੂੰ ਰਾਜਸਥਾਨ ਦੇ ਸ੍ਰੀਗੰਗਾਨਗਰ ਵਿਖੇ ਜਨਮੇ ਜਗਜੀਤ ਸਿੰਘ ਦਾ ਧਾਰਮਿਕ ਪ੍ਰਵਿਰਤੀ ਵਾਲੇ ਪੰਜਾਬੀ ਪਰਿਵਾਰ ਵਿਚ ਪਾਲਣ ਪੋਸ਼ਣ ਹੋਇਆ। ਪਿਤਾ ਸਰਦਾਰ ਅਮਰ ਸਿੰਘ ਦਾ ਪਿਛੋਕੜ ਪਿੰਡ ਡੱਲਾ ਬਹਿਰਾਮਪੁਰ (ਜ਼ਿਲ੍ਹਾ ਰੋਪੜ) ਅਤੇ ਮਾਂ ਬਚਨ ਕੌਰ ਸਮਰਾਲਾ ਦੇ ਲਾਗਲੇ ਪਿੰਡ ਉਟਲਾਂ ਤੋਂ ਸਨ। ਪਿਤਾ ਨੇ ਕਰਾਚੀ ਤੋਂ ਸਿਵਲ ਇੰਜਨੀਅਰਿੰਗ ਦਾ ਡਿਪਲੋਮਾ ਕੀਤਾ ਅਤੇ ਸ੍ਰੀਗੰਗਾਨਗਰ (ਰਾਜਸਥਾਨ) ਦੀ ਰਿਆਸਤ ਵਿਚ ਨੌਕਰੀ ਕੀਤੀ। ਇਤਫ਼ਾਕਨ ਪ੍ਰਸਿੱਧ ਬਾਲ ਗਾਇਕ ਮਾਸਟਰ ਮਦਨ ਦੇ ਪਿਤਾ ਦਾ ਨਾਮ ਵੀ ਅਮਰ ਸਿੰਘ ਸੀ ਅਤੇ ਦੋਨੋਂ ਹੋਣਹਾਰ ਬੱਚੇ ਆਪਣੇ-ਆਪਣੇ ਪਿਤਾ ਦਾ ਨਾਮ ਰੋਸ਼ਨ ਕਰ ਗਏ।
ਸੱਭ ਭੈਣ ਭਰਾਵਾਂ ਦੇ ਪਰਿਵਾਰ ਨੂੰ ਪਿਤਾ ਨੇ ਸੰਗੀਤਕ ਮਾਹੌਲ ਦਿੱਤਾ। ਵੱਡੇ ਭਰਾ ਜਸਵੰਤ ਸਿੰਘ, ਜਗਜੀਤ ਸਿੰਘ ਅਤੇ ਭੈਣਾਂ ਨੇ ਬਾਕਾਇਦਾ ਗੁਰਬਾਣੀ ਸੰਗੀਤ ਦੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ ਜਦੋਂਕਿ ਸਭ ਤੋਂ ਛੋਟੇ ਭਰਾ ਕਰਤਾਰ ਸਿੰਘ ਬਾਲਕ ਸਨ ਪਰ ਅੱਜ ਕੱਲ੍ਹ ਅੱਛੇ ਗਾਇਕ ਹਨ ਅਤੇ ਕਨਸਰਟ ਪ੍ਰੋਗਰਾਮ ਕਰਦੇ ਹਨ। ਸਭ ਤੋਂ ਵੱਧ ਤਵੱਜੋ ਜਗਜੀਤ ਸਿੰਘ ਨੂੰ ਮਿਲੀ। ਉਨ੍ਹਾਂ ਕੋਈ ਦੋ ਸਾਲ ਪੰਡਤ ਸ਼ਗੁਨ ਚੰਦ ਜੋਸ਼ੀ ਕੋਲੋਂ ਭਾਰਤੀ ਸ਼ਾਸਤਰੀ ਸੰਗੀਤ ਸਿੱਖਿਆ ਅਤੇ ਫਿਰ ਉਸਤਾਦ ਜਮਾਲ ਖ਼ਾਨ ਤੋਂ ਧਰੁਪਦ, ਧਮਾਰ, ਸ਼ਾਸਤਰੀ ਤੇ ਸੁਗਮ ਸੰਗੀਤ ਵਿਚ ਪਰਪੱਕਤਾ ਹਾਸਿਲ ਕੀਤੀ। ਉਸਤਾਦ ਜਮਾਲ ਖ਼ਾਨ, ਉਸਤਾਦ ਮੈਂਹਦੀ ਹਸਨ ਦੇ ਚਚੇਰੇ ਭਰਾ ਸਨ ਅਤੇ 1947 ਦੀ ਤਕਸੀਮ ਤੋਂ ਬਾਅਦ ਪਕਿਸਤਾਨ ਨਹੀਂ ਗਏ। ਸਰਦਾਰ ਅਮਰ ਸਿੰਘ ਨੇ ਉਨ੍ਹਾਂ ਨੂੰ ਆਪਣੇ ਘਰ ਹੀ ਰੱਖ ਲਿਆ। ਉਸਤਾਦ ਜੀ ਨੇ ਪੂਰੇ 12 ਸਾਲ ਜਗਜੀਤ ਸਿੰਘ ਤੋਂ ਬਹੁਤ ਮਿਹਨਤ ਕਰਵਾਈ।
ਜਗਜੀਤ ਸਿੰਘ ਦੇ ਸੰਗੀਤਕਾਰ ਬਣਨ ਵਿਚ ਉਨ੍ਹਾਂ ਦੇ ਵੱਡੇ ਭਰਾ ਜਸਵੰਤ ਸਿੰਘ ਦਾ ਬਹੁਤ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਜਗਜੀਤ ਇਕ ਹੋਣਹਾਰ ਵਿਦਿਆਰਥੀ ਸੀ ਤੇ ਇੰਟਰ ਸਾਇੰਸ ਦੀ ਪ੍ਰੀਖਿਆ ਵਿਚ ਆਪਣੇ ਖ਼ਾਲਸਾ ਕਾਲਜ ਅਤੇ ਸ੍ਰੀਗੰਗਾਨਗਰ ਜ਼ਿਲ੍ਹੇ ਵਿਚੋਂ ਅੱਵਲ ਰਿਹਾ। ਉਨ੍ਹਾਂ ਨੇ ਆਪਣੇ ਭਰਾ ਜਗਜੀਤ ਨੂੰ ਡੀਏਵੀ ਕਾਲਜ ਜਲੰਧਰ ਵਿਖੇ ਦਾਖ਼ਲ ਕਰਵਾਇਆ ਤਾਂ ਕਿ ਉਸ ਦੀ ਕਲਾ ਹੋਰ ਉਭਰ ਸਕੇ। ਇੱਥੇ ਉਸ ਨੇ ਉਸਤਾਦ ਸੋਹਨ ਸਿੰਘ ਤੋਂ ਸੰਗੀਤ ਸਿੱਖਿਆ ਅਤੇ ਯੂਥ ਫੈਸਟੀਵਲਾਂ ਵਿਚ ਮੱਲਾਂ ਮਾਰਨ ਤੋਂ ਇਲਾਵਾ ਆਲ ਇੰਡੀਆ ਰੇਡੀਓ ਜਲੰਧਰ ਤੋਂ ਪ੍ਰੋਗਰਾਮ ਵੀ ਪੇਸ਼ ਕੀਤੇ। ਗਰੈਜੂਏਸ਼ਨ ਮਗਰੋਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੂਰਜ ਭਾਨ ਨੇ ਉਨ੍ਹਾਂ ਦਾ ਦਾਖ਼ਲਾ ਐਮਏ ਹਿਸਟਰੀ ਵਿਚ ਕਰਵਾ ਲਿਆ। ਜਗਜੀਤ ਨੇ ਦੋ ਸਾਲ ਵਿਚ ਆਪਣੀ ਯੂਨੀਵਰਸਿਟੀ ਲਈ ਅਨੇਕਾਂ ਮੈਡਲ ਤੇ ਟਰਾਫੀਆਂ ਜਿੱਤੀਆਂ।
ਪਰਿਵਾਰ ਦੀ ਇੱਛਾ ਸੀ ਕਿ ਜਗਜੀਤ ਸਿੰਘ ਆਈਏਐਸ ਅਫ਼ਸਰ ਬਣੇ ਪਰ ਉਸ ਦੇ ਅੰਦਰ ਬੈਠੇ ਕਲਾਕਾਰ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਘੱਟ ਲੋਕ ਜਾਣਦੇ ਹਨ ਕਿ ਫਿਲਮ ਐਕਟਰ ਓਮ ਪ੍ਰਕਾਸ਼ ਜਿਸ ਨੇ ਜਗਜੀਤ ਸਿੰਘ ਨੂੰ ਊਟੀ ਵਿਖੇ ਸੁਣਿਆ ਸੀ, ਦੇ ਬੁਲਾਵੇ ’ਤੇ 1963 ਵਿਚ ਉਹ ਬੰਬਈ ਗਏ ਅਤੇ ਓਮ ਪ੍ਰਕਾਸ ਨੇ ਕਈ ਸੰਗੀਤਕਾਰਾਂ ਨਾਲ ਮਿਲਵਾਇਆ ਪਰ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਜਗਜੀਤ ਸਿੰਘ ਨੇ ਪੂਰੀ ਤਰ੍ਹਾਂ ਅਨੁਭਵ ਕਰ ਲਿਆ ਕਿ ਬੰਬਈ ਦੇ ਸਿੰਗਰ ਕਿੰਨੇ ਪਾਣੀ ’ਚ ਹਨ। ਬੰਬਈ ਵੱਲ ਭਰੀ ਪ੍ਰਵਾਜ਼ ਤੋਂ ਬਾਅਦ ਉਨ੍ਹਾਂ ਮੁੜ ਪਿੱਛੇ ਨਹੀਂ ਵੇਖਿਆ। ਜ਼ਿੰਗਲ, ਸੰਗੀਤ ਮਹਿਫ਼ਿਲਾਂ ਕਰਕੇ ਹੀ ਅੱਗੇ ਵਧੇ।
ਫਿਲਮ ‘ਆਵੀਸ਼ਕਾਰ’ ਲਈ ਗੀਤ ਬਾਬੁਲ ਮੋਰਾ’ ਦੀ ਰਿਕਾਰਡਿੰਗ (1967) ਦਾ ਜ਼ਿਕਰ ਕਰਦੇ ਹੋਏ ਜਗਜੀਤ ਸਿੰਘ ਨੇ ਖੁਲਾਸਾ ਕੀਤਾ ਕਿ ਮੈਂ ਤੇ ਚਿਤਰਾ (ਉਸ ਵੇਲੇ ਜਗਜੀਤ ਨਾਲ ਸ਼ਾਦੀ ਨਹੀਂ ਹੋਈ ਸੀ) ਵਿਦੇਸ਼ ਸੰਗੀਤਕ ਦੌਰੇ ਲਈ ਜਾ ਰਹੇ ਸੀ ਜਦੋਂਕਿ ਉਸੇ ਰਾਤ 9.30 ਵਜੇ ਗੀਤ ਦੀ ਰਿਕਾਰਡਿੰਗ ਆਰੰਭ ਹੋਈ। ਪੂਰੇ 16 ਟੇਕ ਮਗਰੋਂ ਫਿਲਮ ਨਿਰਦੇਸ਼ਕ ਬਾਸੂ ਭੱਟਾਚਾਰਜੀ ਨੇ 3 ਵਜੇ ਟੇਕ ਓਕੇ ਕੀਤਾ। ਇਸ ਪ੍ਰੇਸ਼ਾਨੀ ਤੋਂ ਖਫ਼ਾ ਸੰਗੀਤ ਨਿਰਦੇਸ਼ਕ ਕੰਨੂ ਰਾਇ ਨੇ ਇਤਰਾਜ਼ ਕਰਦਿਆਂ ਕਿਹਾ, ‘‘ਮੈਂ ਸੰਗੀਤ ਨਿਰਦੇਸ਼ਕ ਹਾਂ ਅਤੇ ਸਭ ਤੋਂ ਪਹਿਲਾ ਟੇਕ ਬਿਲਕੁਲ ਉਮਦਾ ਸੀ, ਫਿਰ ਇਹ ਡਰਾਮਾ ਕਿਓਂ?’’ ਪਰ ਫਿਲਮ ਨਿਰਦੇਸ਼ਕ ਨੇ ਮੁਆਫ਼ੀ ਮੰਗਦਿਆਂ ਦੱਸਿਆ, ‘‘ਦਾਦਾ, ਫਿਲਮ ਕੀ ਸਿਚੂਏਸ਼ਨ ਕੇ ਮੁਤਾਬਿਕ ਮੁਝੇ ਹੀਰੋ ਕਾ ਥਕਾ-ਥਕਾ ਆਵਾਜ਼ ਚਾਹੀਏ ਥਾ ਪਰ ਯੇ ਸਰਦਾਰ ਤੋਂ ਥਕਤਾ ਹੀ ਨਹੀਂ।’’
ਇਸ ਤੋਂ ਪਹਿਲਾਂ ਜਗਜੀਤ ਦੀ ਸਟਰਗਲ ਦੇ ਦੌਰਾਨ ਪ੍ਰਸਿੱਧ ਪੱਤਰਕਾਰ ਖੁਸ਼ਵੰਤ ਸਿੰਘ ਨੇ ਆਪਣੇ ਰਸਾਲੇ ‘ਦਿ ਇਲਸਟਰੇਟਿਡ ਵੀਕਲੀ ਆਫ ਇੰਡੀਆ’ ਦੇ ਕਵਰ ਪੇਜ ’ਤੇ ਜਗਜੀਤ ਸਿੰਘ ਦੀ ਸੁੰਦਰ ਫੋਟੋ ਲਗਾਈ ਅਤੇ ਕੈਪਸ਼ਨ ਵਿਚ ਲਿਖਿਆ, ‘‘ਇਹ ਪੰਜਾਬੀ ਨੌਜਵਾਨ ਗਾਇਕ ਦਲੀਪ ਕੁਮਾਰ ਜਿਤਨਾ ਹਸੀਨ ਹੈ ਅਤੇ ਉਸਤਾਦ ਮੈਂਹਦੀ ਹਸਨ ਵਰਗਾ ਸੁਰੀਲਾ।’’ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਦਿਲੀਪ ਕੁਮਾਰ ਨੇ ਮੈਨੂੰ ਗ਼ਜ਼ਲ ਮਹਿਫ਼ਿਲ ਲਈ ਆਪਣੇ ਘਰ ਬੁਲਾਇਆ। ਤਬਲਾ ਨਵਾਜ਼ ਨੂੰ ਲੈ ਕੇ ਆਟੋ ਵਿਚ ਉਨ੍ਹਾਂ ਦੇ ਬੰਗਲੇ ’ਤੇ ਪਹੁੰਚੇ ਪਰ ਜੋਸ਼ ਜ਼ਰਾ ਠੰਢਾ ਹੋ ਗਿਆ ਜਦੋਂ ਦਰਬਾਨ ਨੇ ਬਾਹਰ ਹੀ ਰੋਕ ਲਿਆ ਤੇ ਇੰਤਜ਼ਾਰ ਕਰਨ ਲਈ ਕਿਹਾ। ਫਿਰ ਅਚਾਨਕ ਹੀ ਨਸਵਾਰੀ ਪਠਾਣੀ ਸੂਟ ਵਿਚ ਦਿਲੀਪ ਕੁਮਾਰ ਆਏ ਤੇ ਟਿਕਟਿਕੀ ਲਗਾ ਕੇ ਮੈਨੂੰ ਵੇਖਦੇ ਰਹੇ। ਫਿਰ ਆਪਣੇ ਸ਼ਾਹੀ ਅੰਦਾਜ਼ ਵਿਚ ਬੋਲੇ, ‘‘ਪਹਿਲੀ ਬਾਤ ਜੋ ਸਰਦਾਰ ਖੁਸ਼ਵੰਤ ਸਿੰਘ ਨੇ ਲਿਖੀ ਹੈ ਦਰੁਸਤ ਹੈ ਔਰ ਦੂਸਰੀ ਮੈਂਹਦੀ ਹਸਨ ਸਾਹਿਬ ਜੈਸੀ ਗਾਇਕੀ ਕਹਾਂ ਤੱਕ ਵਾਜੇ ਹੈ, ਅੰਦਰ ਜਾਕਰ ਦੇਖਤੇ ਹੈ। ਯੂਅਰ ਵੈਲਕਮ ਜਗਜੀਤ ਸਿੰਘ।’’ ਦਲੀਪ ਕੁਮਾਰ ਸਾਹਿਬ ਨੇ ਬੜੇ ਖਲੂਸ ਨਾਲ ਕਿਹਾ। ਇਸ ਮਹਿਫ਼ਿਲ ਦੀ ਸੰਗੀਤ ਸਰਕਲ ਵਿਚ ਚਰਚਾ ਹੋਈ ਤੇ ਉਨ੍ਹਾਂ ਨੂੰ ਵਧੀਆ ਮਿਆਰ ਦੇ ਪ੍ਰੋਗਰਾਮ ਮਿਲਣ ਲੱਗ ਪਏ।
ਸੰਪਰਕ: 70092-00209