ਚੰਡੀਗੜ੍ਹ: ਸਾਲ 2022 ਪੰਜਾਬੀ ਸਿਨੇ ਜਗਤ ਲਈ ਬਹੁਤ ਅਹਿਮ ਰਿਹਾ ਹੈ। ਹਰ ਰੋਜ਼ ਪੌਲੀਵੁੱਡ ਵਿੱਚ ਨਵੀਆਂ ਫਿਲਮਾਂ ਦੇ ਐਲਾਨ ਕੀਤੇ ਜਾ ਰਹੇ ਹਨ। ਸਿਨੇਮਾ ਰਾਹੀਂ ਕੁਝ ਵੱਖਰਾ ਅਤੇ ਨਵਾਂ ਕਰਨ ਲਈ ਹਰ ਕਲਾਕਾਰ ਆਪਣੀ ਕੋਸ਼ਿਸ਼ ਕਰ ਰਿਹਾ ਹੈ। ਕਈ ਅਣਛੋਹੇ ਵਿਸ਼ਿਆਂ ਤੇ ਸ਼ਾਨਦਾਰ ਸਿਰਲੇਖਾਂ ਸਣੇ ਹੁਣ ‘ਨਵੀਆਂ ਜੋੜੀਆਂ’ ਰਾਹੀਂ ਫਿਲਮਸਾਜ਼ ਹਰ ਪੱਖੋਂ ਦਰਸ਼ਕਾਂ ਦਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦਰਸ਼ਕ ਵੀ ਆਪਣੇ ਮਨਪਸੰਦ ਦੇ ਕਲਾਕਾਰਾਂ ਨੂੰ ਨਵੇਂ ਸਹਿ-ਕਲਾਕਾਰਾਂ ਨਾਲ ਵੱਡੇ ਪਰਦੇ ’ਤੇ ਦੇਖਣ ਲਈ ਉਤਾਵਲੇ ਹਨ। ਹੁਣ ਨਵਾਂ ਪ੍ਰਯੋਗ ਕਰਨ ਲਈ ਗਿੱਪੀ ਗਰੇਵਾਲ ਅਤੇ ਤਾਨੀਆ ਦੀ ਜੋੜੀ ਤਿਆਰ ਹੈ। ਗਿੱਪੀ ਨੂੰ ਵੱਡੀ ਗਿਣਤੀ ਦਰਸ਼ਕ ਪਸੰਦ ਕਰਦੇ ਹਨ ਅਤੇ ਤਾਨੀਆ ਨੇ ਵੀ ਪੰਜਾਬ ਸਿਨੇ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਹੁਣ ਇਹ ਦੋਵੇਂ ਜਣੇ ਪਹਿਲੀ ਵਾਰ ਸਿਲਵਰ ਸਕਰੀਨ ’ਤੇ ਇਕੱਠੇ ਨਜ਼ਰ ਆਉਣਗੇ। ਦੋਵਾਂ ਜਣਿਆਂ ਨੇ ਸੋਸ਼ਲ ਮੀਡੀਆ ਦੇ ਆਪੋ-ਆਪਣੇ ਖਾਤਿਆਂ ’ਤੇ ਪ੍ਰਸ਼ੰਸਕਾਂ ਲਈ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਉਨ੍ਹਾਂ ਦੀ ਨਵੀਂ ਫ਼ਿਲਮ ਦੇ ਸੈੱਟ ਦੀ ਹੈ। ਇਸ ਨੂੰ ਦੇਖਣ ਤੋਂ ਜਾਪਦਾ ਹੈ ਕਿ ਇਹ ਫ਼ਿਲਮ ਸਾਲ 2000 ਦੇ ਦਹਾਕੇ ’ਤੇ ਆਧਾਰਿਤ ਜਾਪਦੀ ਹੈ। ਗਿੱਪੀ ਨੇ ਵੱਡੇ ਚੈੱਕ ਵਾਲੀ ਕਮੀਜ਼ ਪਹਿਨੀ ਹੋਈ ਹੈ ਤੇ ਗਲੇ ’ਚ ਤਾਵੀਜ਼ ਪਾਇਆ ਹੋਇਆ ਹੈ। -ਟ੍ਰਿਬਿਊਨ ਵੈੱਬ ਡੈਸਕ