ਮੁੰਬਈ: ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਆਪਣੀ ਆਉਣ ਵਾਲੀ ਫ਼ਿਲਮ ਵਿੱਚ ਆਪਣੇ ਪੁੱਤਰ ਸ਼ਿੰਦਾ ਗਰੇਵਾਲ ਨਾਲ ਦਿਖਾਈ ਦੇਵੇਗਾ। ਇਸ ਫ਼ਿਲਮ ਦਾ ਹਾਲੇ ਨਾਮ ਨਹੀਂ ਰੱਖਿਆ ਗਿਆ। ਇਸ ਤੋਂ ਪਹਿਲਾਂ ਸ਼ਿੰਦਾ ਦਿਲਜੀਤ ਦੋਸਾਂਝ ਨਾਲ ਫ਼ਿਲਮ ‘ਹੌਸਲਾ ਰੱਖ’ ਵਿੱਚ ਦਿਖਾਈ ਦਿੱਤਾ ਸੀ। ਨਵੀਂ ਫ਼ਿਲਮ ਦੀ ਕਹਾਣੀ ਲੇਖਕ ਤੇ ਅਦਾਕਾਰ ਨਰੇਸ਼ ਕਥੂਰੀਆ ਨੇ ਲਿਖੀ ਅਤੇ ਅਮਰਪ੍ਰੀਤ ਛਾਬੜਾ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਹੈ। ਨਰੇਸ਼ ਕਥੂਰੀਆ ‘ਕੈਰੀ ਔਨ ਜੱਟਾ-1 ਤੇ 2’ ‘ਮੰਜੇ ਬਿਸਤਰੇ 2’, ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’, ‘ਬੈਸਟ ਆਫ ਲੱਕ’, ‘ਭਾਅਜੀ ਇਨ ਪ੍ਰੌਬਮਲ’, ‘ਵੇਖ ਬਰਾਤਾਂ ਚੱਲੀਆਂ’ ਤੇ ‘ਮਿਸਟਰ ਐਂਡ ਮਿਸਿਜ਼ 420’ ਵਰਗੀਆਂ ਸਫ਼ਲ ਫਿਲਮਾਂ ਲਈ ਜਾਣੇ ਜਾਂਦੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਆਗਾਮੀ ਜੁਲਾਈ ਮਹੀਨੇ ਸ਼ੁਰੂ ਹੋਵੇਗੀ ਤੇ ਇਹ ਫ਼ਿਲਮ ਅਗਲੇ ਸਾਲ ਫਰਵਰੀ ਵਿੱਚ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ਗਿੱਪੀ ਨੇ ਕਿਹਾ, ‘ਪੰਜਾਬੀ ਸਿਨੇਮਾ ਬਹੁਤ ਤਰੱਕੀ ਕਰ ਰਿਹਾ ਹੈ ਤੇ ਨਾ ਸਿਰਫ਼ ਭਾਰਤ ਵਿੱਚ ਸਗੋਂ ਬਾਹਰਲੇ ਮੁਲਕਾਂ ਵਿੱਚ ਵੀ ਪੰਜਾਬੀ ਫ਼ਿਲਮਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਯੂਡਲੀ ਫਿਲਮਜ਼ ਇਸ ਮੌਕੇ ਖੇਤਰੀ ਕਲਾਕਾਰਾਂ ਨਾਲ ਰਲ ਕੇ ਮਿਆਰੀ ਫਿਲਮਾਂ ਬਣਾਉਣਾ ਚਾਹੁੰਦਾ ਹੈ। ਮੈਂ ਇਸ ਨਜ਼ਰੀਏ ਦਾ ਕਦਰਦਾਨ ਹਾਂ ਤੇ ਖੁੁਸ਼ ਹਾਂ ਕਿ ਅਸੀਂ ਇਕੱਠਿਆਂ ਕੰਮ ਕਰਾਂਗੇ।’ -ਆਈਏਐੱਨਐੱਸ