ਮੁੰਬਈ: ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਆਪਣੇ ਪੁੱਤਰ ਸ਼ਿੰਦੇ ਨਾਲ ਆ ਰਹੀ ਫਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਅਗਲੇ ਸਾਲ 14 ਅਪਰੈਲ ਨੂੰ ਵਿਸਾਖੀ ਮੌਕੇ ਰਿਲੀਜ਼ ਹੋਵੇਗੀ। ਯੂਡਲੀ ਫਿਲਮਜ਼ ਦੀ ਇਹ ਪੇਸ਼ਕਾਰੀ ਬੱਚਿਆਂ ਦੀ ਪਰਵਰਿਸ਼ ਸਮੇਂ ਮਾਪਿਆਂ ਸਾਹਮਣੇ ਆਉਣ ਵਾਲੀਆਂ ਹਾਸੋ-ਹੀਣੀਆਂ ਹਾਲਤਾਂ ’ਤੇ ਆਧਾਰਿਤ ਹੈ। ਅੰਮ੍ਰਿਤ ਛਾਬੜਾ ਵੱਲੋਂ ਨਿਰਦੇਸ਼ਿਤ ਇਸ ਫਿਲਮ ਦੀ ਪਟਕਥਾ ਨਰੇਸ਼ ਕਥੂਰੀਆ ਨੇ ਲਿਖੀ ਹੈ। ਜ਼ਿਕਰਯੋਗ ਹੈ ਕਿ ਇਸ ਫਿਲਮ ’ਚ ਗਿੱਪੀ ਗਰੇਵਾਲ ਪਹਿਲੀ ਵਾਰ ਆਪਣੇ ਪੁੱਤਰ ਨਾਲ ਸਕਰੀਨ ’ਤੇ ਦਿਖਾਈ ਦੇਵੇਗਾ। ਅਦਾਕਾਰ ਨੂੰ ਆਸ ਹੈ ਕਿ ਉਸ ਦੀਆਂ ਪਿਛਲੀਆਂ ਪੇਸ਼ਕਾਰੀਆਂ ਵਾਂਗ ਇਹ ਫਿਲਮ ਵੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਇਸ ਫਿਲਮ ਵਿੱਚ ਯੂਕੇ ਤੋਂ ਭਾਰਤ ਆਏ ਇੱਕ ਪਿਤਾ ਦੀ ਜੱਦੋ-ਜਹਿਦ ਦਿਖਾਈ ਗਈ ਹੈ, ਜਿਸ ਦਾ ਪੁੱਤਰ ਉਸ ਦੀ ਕੋਈ ਗੱਲ ਨਹੀਂ ਸੁਣਦਾ। ਫਿਲਮ ਬਾਰੇ ਗੱਲ ਕਰਦਿਆਂ ਗਿੱਪੀ ਨੇ ਕਿਹਾ, ‘ਮੈਂ ਆਪਣੇ ਪੁੱਤਰ ਨਾਲ ਕੰਮ ਕਰਕੇ ਬਹੁਤ ਉਤਸ਼ਾਹਿਤ ਹਾਂ ਤੇ ਮੈਨੂੰ ਆਸ ਹੈ ਕਿ ਸਾਡੀ ਪਿਓ-ਪੁੱਤ ਦੀ ਜੋੜੀ ਨੂੰ ਦਰਸ਼ਕ ਸਕਰੀਨ ’ਤੇ ਵੀ ਪਸੰਦ ਕਰਨਗੇ। -ਪੀਟੀਆਈ