ਰਾਜੇਸ਼ ਰਿਖੀ
ਗੋਲੂ ਬੜਾ ਹੀ ਸ਼ਰਾਰਤੀ ਤੇ ਚਲਾਕ ਵਿਦਿਆਰਥੀ ਸੀ। ਸਾਰੇ ਜਿੱਥੇ ਉਸ ਨੂੰ ਸ਼ਰਾਰਤਾਂ ਨਾ ਕਰਨ ਬਾਰੇ ਸਮਝਾਉਂਦੇ ਰਹਿੰਦੇ, ਉੱਥੇ ਤੇਜ਼ ਦਿਮਾਗ਼ ਕਰਕੇ ਕਦੇ ਕਦੇ ਉਸ ਦੀ ਸ਼ਲਾਘਾ ਵੀ ਕਰਦੇ ਸਨ। ਅੱਜ ਸਕੂਲ ਵਿਚ ਪਿੰਡ ਤੋਂ ਹੀ ਵਾਤਾਵਰਣ ਦੀ ਸੰਭਾਲ ਲਈ ਚਲਾਈ ‘ਪੰਛੀ ਪਿਆਰੇ’ ਮੁਹਿੰਮ ਵਾਲੇ ਨੌਜਵਾਨਾਂ ਨੇ ਪੌਦੇ ਲਗਾਏ ਸਨ। ਇਕ ਦਿਨ ਪਹਿਲਾਂ ਉਨ੍ਹਾਂ ਨੇ ਸਕੂਲ ਦਾ ਸਾਰਾ ਮੈਦਾਨ ਸਾਫ਼ ਕਰਕੇ ਉੱਥੇ ਪੌਦੇ ਲਗਾਉਣ ਲਈ ਟੋਏ ਕੱਢ ਦਿੱਤੇ ਸਨ। ਅੱਧੀ ਛੁੱਟੀ ਗੋਲੂ ਖੇਡਦਾ ਖੇਡਦਾ ਮੈਦਾਨ ਵੱਲ ਚਲਾ ਗਿਆ ਜਿੱਥੇ ਨਵੇਂ ਨਵੇਂ ਪੌਦੇ ਲਗਾਏ ਗਏ ਸਨ। ਆਲੇ ਦੁਆਲੇ ਕਿਸੇ ਨੂੰ ਨਾ ਦੇਖ ਕੇ ਗੋਲੂ ਦੇ ਮਨ ਵਿਚ ਸ਼ਰਾਰਤ ਸੁੱਝੀ। ਉਸ ਨੇ ਕਈ ਪੌਦੇ ਪੁੱਟ ਕੇ ਸੁੱਟ ਦਿੱਤੇ ਤੇ ਫਿਰ ਭੱਜ ਕੇ ਜਮਾਤ ਦੇ ਕਮਰਿਆਂ ਦੇ ਪਿੱਛੇ ਸਾਥੀਆਂ ਨਾਲ ਖੇਡਣ ਲੱਗ ਪਿਆ, ਤਦ ਹੀ ਅੱਧੀ ਛੁੱਟੀ ਖ਼ਤਮ ਹੋਣ ਦੀ ਘੰਟੀ ਵੱਜੀ। ਹੁਣ ਸਾਰੇ ਬੱਚੇ ਸਕੂਲ ਵਿਚ ਪਿੱਪਲ ਥੱਲੇ ਬਾਲ ਸਭਾ ਲਗਾਉਣ ਲਈ ਇਕੱਤਰ ਹੋ ਗਏ ਤੇ ਉਨ੍ਹਾਂ ਕੋਲ ਹੀ ਸਾਰੇ ਅਧਿਆਪਕ ਕੁਰਸੀਆਂ ’ਤੇ ਬੈਠ ਗਏ।
ਸਾਰੇ ਬੱਚਿਆਂ ਨੂੰ ਚੁੱਪ ਕਰਾਉਂਦਿਆਂ ਮੁੱਖ ਅਧਿਆਪਕਾ ਸ੍ਰੀਮਤੀ ਦਲੀਪ ਕੌਰ ਨੇ ਕਿਹਾ, ‘ਪਿਆਰੇ ਵਿਦਿਆਰਥੀਓ! ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਆਪਣੇ ਸਕੂਲ ਵਿਚ ਬਹੁਤ ਸਾਰੇ ਪੌਦੇ ਲਗਾਏ ਗਏ ਹਨ ਅਤੇ ਅੱਜ ਦੀ ਬਾਲ ਸਭਾ ਵਿਚ ਸਾਡੇ ਅਧਿਆਪਕ ਬਲਵੀਰ ਸਿੰਘ ਤੁਹਾਨੂੰ ਪੌਦਿਆਂ ਬਾਰੇ ਹੀ ਵਿਸਥਾਰ ਵਿਚ ਦੱਸਣਗੇ।’ ਪੰਜਾਬੀ ਅਧਿਆਪਕ ਬਲਵੀਰ ਸਿੰਘ ਜਿਹੜੇ ਹਮੇਸ਼ਾਂ ਬੱਚਿਆਂ ਨੂੰ ਚੰਗੀਆਂ ਗੱਲਾਂ ਦੱਸਦੇ ਰਹਿੰਦੇ ਸਨ, ਖੜ੍ਹੇ ਹੋ ਕੇ ਵਿਦਿਆਰਥੀਆਂ ਨਾਲ ਗੱਲ ਕਰਨ ਲੱਗੇ। ‘ਸਤਿਕਾਰਯੋਗ ਅਧਿਆਪਕ ਸਹਬਿਾਨ ਤੇ ਪਿਆਰੇ ਵਿਦਿਆਰਥੀਓ, ਅੱਜ ਦਾ ਸਾਡਾ ਵਿਸ਼ਾ ਹੈ ‘ਸਾਡੇ ਜੀਵਨ ਵਿਚ ਪੌਦਿਆਂ ਦੀ ਮਹੱਤਤਾ’। ਪੌਦੇ ਸਾਰੇ ਮਨੁੱਖਾਂ ਲਈ ਬਹੁਤ ਲਾਭਦਾਇਕ ਹਨ, ਜਿਵੇਂ ਤੁਸੀਂ ਪਾਠ ਵਿਚ ਪੜ੍ਹਦੇ ਹੋ ਇਨ੍ਹਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ ਜਿਹੜੀ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹੈ। ਪੌਦੇ ਸਾਡੀਆਂ ਬਹੁਤ ਸਾਰੀਆਂ ਜ਼ਰੂਰਤਾਂ ਵੀ ਪੂਰੀਆਂ ਕਰਦੇ ਹਨ ਜਿਵੇਂ ਫ਼ਲ, ਲੱਕੜ, ਦਵਾਈਆਂ, ਵਾਤਾਵਰਣ ਦੀ ਸ਼ੁੱਧਤਾ, ਗਰਮੀ ਤੋਂ ਰਾਹਤ, ਛਾਂ, ਬਾਲਣ, ਕੁਦਰਤੀ ਸੁੰਦਰਤਾ, ਜੀਵ-ਪੰਛੀਆਂ ਦੇ ਰੈਣ ਬਸੇਰੇ ਆਦਿ। ਹੁਣ ਤੁਸੀਂ ਹੀ ਦੱਸੋ ਕਿ ਜੇਕਰ ਪੌਦੇ ਨਾ ਹੋਣ ਤਾਂ ਫਿਰ ਕੀ ਸਾਡਾ ਜੀਵਨ ਸੰਭਵ ਹੈ ? ਸਾਡੇ ਘਰਾਂ ਵਿਚ ਕੁਰਸੀਆਂ, ਮੇਜ਼, ਦਰਵਾਜ਼ੇ, ਸਾਡੇ ਬੈਂਚ, ਹੋਰ ਸਾਰਾ ਕੁਝ ਸਾਨੂੰ ਕਿਵੇਂ ਮਿਲੇਗਾ? ਫਿਰ ਜਿਹੜੇ ਫ਼ਲ ਤੁਸੀਂ ਸਵਾਦ ਨਾਲ ਖਾਂਦੇ ਹੋ ਉਹ ਸਾਨੂੰ ਕਿਵੇਂ ਮਿਲਣਗੇ? ਫਿਰ ਕਿੰਨੀਆਂ ਹੀ ਦਵਾਈਆਂ ਦਰੱਖਤਾਂ ਤੋਂ ਬਣਦੀਆਂ ਹਨ, ਜੇ ਇਹ ਦਰੱਖਤ ਨਾ ਹੋਣ ਤਾਂ ਲੋਕ ਬਿਮਾਰੀਆਂ ਨਾਲ ਮਰ ਜਾਣਗੇ। ਸਾਡਾ ਵਾਤਾਵਰਣ ਏਨਾ ਖ਼ਰਾਬ ਹੋ ਜਾਵੇਗਾ ਕਿ ਅਸੀਂ ਸਾਹ ਵੀ ਨਹੀਂ ਲੈ ਸਕਾਂਗੇ। ਧੂੜ ਮਿੱਟੀ ਦੇ ਕਣ ਵਧ ਜਾਣਗੇ। ਆਵਾਜ਼ ਪ੍ਰਦੂਸ਼ਣ ਸਾਡੇ ਕੰਨ ਪਾੜ ਦੇਵੇਗਾ। ਬੱਚਿਓ! ਮੁੱਕਦੀ ਗੱਲ ਇਹ ਹੈ ਕਿ ਜੇਕਰ ਦਰੱਖਤ ਨਾ ਹੋਣ ਤਾਂ ਮਨੁੱਖ, ਜੀਵ-ਜੰਤੂ ਸਾਰੇ ਰਹਿ ਨਹੀਂ ਸਕਦੇ। ਇਸ ਲਈ ਸਾਨੂੰ ਸਾਰਿਆਂ ਨੂੰ ਜਿੱਥੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ, ਉੱਥੇ ਲਗਾਏ ਪੌਦਿਆਂ ਦੀ ਸੰਭਾਲ ਕਰਨੀ ਚਾਹੀਦੀ ਹੈ।’
ਅਧਿਆਪਕ ਬਲਵੀਰ ਸਿੰਘ ਦੀਆਂ ਦੱਸੀਆਂ ਗੱਲਾਂ ਸੁਣ ਕੇ ਗੋਲੂ ਨੂੰ ਜਿਵੇਂ ਝਟਕਾ ਲੱਗਿਆ ਹੋਵੇ, ਉਸ ਨੂੰ ਆਪਣੀ ਕੀਤੀ ਗ਼ਲਤੀ ਯਾਦ ਆਈ। ਗੋਲੂ ਮਨ ਹੀ ਮਨ ਵਿਚ ਸੋਚਣ ਲੱਗਿਆ ਕਿ ਦਰੱਖਤਾਂ ਦੇ ਤਾਂ ਸਾਨੂੰ ਬਹੁਤ ਲਾਭ ਹਨ ਤੇ ਨੁਕਸਾਨ ਕੋਈ ਵੀ ਨਹੀਂ। ਫਿਰ ਮੈਂ ਤਾਂ ਅੱਜ ਨਵੇਂ ਲਗਾਏ ਪੌਦੇ ਪੁੱਟ ਕੇ ਆਪਣਾ ਤੇ ਸਾਰੇ ਵਿਦਿਆਰਥੀਆਂ ਦਾ ਨੁਕਸਾਨ ਹੀ ਕਰ ਦਿੱਤਾ। ਉਸ ਨੂੰ ਆਪਣੀ ਕੀਤੀ ਗ਼ਲਤੀ ਦਾ ਅਹਿਸਾਸ ਹੋਇਆ ਤੇ ਗੋਲੂ ਨੇ ਡਰਦਿਆਂ-ਡਰਦਿਆਂ ਬਾਲ ਸਭਾ ਵਿਚ ਹੀ ਖੜ੍ਹੇ ਹੋ ਕੇ ਕਿਹਾ, ‘ਸਰ ਮੇਰੇ ਤੋਂ ਅੱਜ ਬਹੁਤ ਵੱਡੀ ਗ਼ਲਤੀ ਹੋ ਗਈ, ਮੈਂ ਅੱਜ ਲਗਾਏ ਕਈ ਪੌਦੇ ਪੁੱਟ ਕੇ ਸੁੱਟ ਦਿੱਤੇ, ਮੈਨੂੰ ਪਤਾ ਨਹੀਂ ਸੀ ਕਿ ਦਰੱਖਤਾਂ ਦੇ ਸਾਨੂੰ ਬਹੁਤ ਸਾਰੇ ਲਾਭ ਹਨ। ਮੈਂ ਆਪਣੀ ਗ਼ਲਤੀ ’ਤੇ ਸ਼ਰਮਿੰਦਾ ਹਾਂ ਤੇ ਮੁੜ ਕਦੇ ਵੀ ਅਜਿਹਾ ਨਹੀਂ ਕਰਾਂਗਾ, ਮੈਨੂੰ ਮੁਆਫ਼ ਕਰ ਦਿਓ।’ ਗੋਲੂ ਦੁਆਰਾ ਕੀਤੀ ਗ਼ਲਤੀ ਨੂੰ ਸੱਚੇ ਮਨ ਨਾਲ ਮੰਨਣ ’ਤੇ ਸਾਰੇ ਅਧਿਆਪਕ ਖ਼ੁਸ਼ ਹੋ ਗਏ ਤੇ ਮੁੱਖ ਅਧਿਆਪਕਾ ਸ੍ਰੀਮਤੀ ਦਲੀਪ ਕੌਰ ਨੇ ਕਿਹਾ, ‘ਭਾਵੇਂ ਗੋਲੂ ਦੀ ਗ਼ਲਤੀ ਬਹੁਤ ਨੁਕਸਾਨਦਾਇਕ ਹੈ, ਪਰ ਸੱਚ ਬੋਲਣਾ ਤੇ ਆਪਣੀ ਗ਼ਲਤੀ ਮੰਨ ਲੈਣਾ ਵੀ ਮਹਾਨਤਾ ਹੈ, ਇਸ ਲਈ ਗੋਲੂ ਨੂੰ ਮੁਆਫ਼ ਕਰਨਾ ਬਣਦਾ ਹੈ। ਹੁਣ ਮੁੜ ਤੋਂ ਅਜਿਹੀ ਗ਼ਲਤੀ ਕੋਈ ਨਾ ਕਰੇ ਸਗੋਂ ਪੌਦਿਆਂ ਦੀ ਸੇਵਾ ਸੰਭਾਲ ਦਾ ਵਾਅਦਾ ਕੀਤਾ ਜਾਵੇ।’ ਸਾਰੇ ਵਿਦਿਆਰਥੀਆਂ ਨੇ ਹੱਥ ਖੜ੍ਹੇ ਕਰਕੇ ਹਮੇਸ਼ਾਂ ਪੌਦੇ ਲਗਾਉਣ ਤੇ ਉਨ੍ਹਾਂ ਦੀ ਸੇਵਾ ਸੰਭਾਲ ਦਾ ਵਾਅਦਾ ਕੀਤਾ ਤੇ ਅਧਿਆਪਕ ਬਲਵੀਰ ਸਿੰਘ ਤੇ ਗੋਲੂ ਖਾਲੀ ਹੋਏ ਟੋਇਆ ਵਿਚ ਪੌਦੇ ਲਗਾਉਣ ਲੱਗ ਪਏ।
ਸੰਪਰਕ: 93565-52000