ਮੁੰਬਈ: ਬੌਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਆਖਿਆ ਕਿ ਜੇਕਰ ਫ਼ਿਲਮ ਦੀ ਕਹਾਣੀ ਚੰਗੀ ਹੈ ਤਾਂ ਉਹ ਦਰਸ਼ਕਾਂ ਨੂੰ ਸਿਨੇਮਾ ਘਰਾਂ ’ਚ ਖਿੱਚ ਲਿਆਏਗੀ। ਜਾਣਕਾਰੀ ਅਨੁਸਾਰ ਅਦਾਕਾਰ ਦੀ ਫ਼ਿਲਮ ‘ਅੰਤਿਮ: ਦਿ ਫਾਈਨਲ ਟਰੁੱਥ’ ਹਾਲ ਹੀ ਵਿਚ ਰਿਲੀਜ਼ ਹੋਈ ਹੈ। ਇਸ ਫ਼ਿਲਮ ਵਿੱਚ ਸਲਮਾਨ ਖਾਨ ਦਾ ਜੀਜਾ ਆਯੂਸ਼ ਸ਼ਰਮਾ ਅਤੇ ਪ੍ਰਸਿੱਧ ਟੀਵੀ ਐਂਕਰ ਮਹਿਮਾ ਮਕਵਾਨਾ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਇਹ ਮਰਾਠੀ ਦੀ ਹਿੱਟ ਫਿਲਮ ‘ਮੁਲਸ਼ੀ ਪੈਟਰਨ’ ਉੱਤੇ ਆਧਾਰਿਤ ਹੈ, ਜਿਸ ’ਚ ਮੁਸ਼ਕਲਾਂ ’ਚ ਘਿਰੇ ਕਿਸਾਨਾਂ ਨੂੰ ਦਿਖਾਇਆ ਗਿਆ ਹੈ, ਜਿਸ ਕਾਰਨ ਕੁਝ ਕਿਸਾਨ ਅਪਰਾਧ ਵਾਲੇ ਪਾਸੇ ਚਲੇ ਜਾਂਦੇ ਹਨ। ਸਲਮਾਨ ਖਾਨ ਨੇ ਆਖਿਆ,‘‘ਇਹ ਮਾਅਨੇ ਨਹੀਂ ਰੱਖਦਾ ਕਿ ਕਿੰਨੀ ਵੱਡੀ ਫ਼ਿਲਮ ਹੈ, ਜੇਕਰ ਕਹਾਣੀ ਵਧੀਆ ਨਹੀਂ ਹੋਵੇਗੀ ਤਾਂ ਫ਼ਿਲਮ ਨਹੀਂ ਚਲੇਗੀ। ਜੇਕਰ ਕਹਾਣੀ ਚੰਗੀ ਹੈ ਤਾਂ ਬਹੁਤ ਛੋਟੀਆਂ ਫਿਲਮਾਂ ਵੀ ਚੱਲ ਜਾਂਦੀਆਂ ਹਨ ਤੇ ਚੰਗੀ ਕਮਾਈ ਕਰ ਜਾਂਦੀਆਂ ਹਨ। ਇਹ ਵੀ ਦੇਖਣਾ ਹੈ ਕਿ ਫਿਲਮ ਵਪਾਰ ਪੱਖੋਂ ਕਿਵੇਂ ਕੰਮ ਕਰਦੀ ਹੈ। ਇਹ ਸਾਡੇ ਸਾਰਿਆਂ ਲਈ ਖੁਸ਼ੀ ਦਾ ਪਲ ਹੈ ਕਿ ਲੋਕ ਫ਼ਿਲਮ ਦੇਖਣ ਲਈ ਸਿਨੇਮਾ ਘਰਾਂ ’ਚ ਗਏ ਅਤੇ ਆਯੂਸ਼ ਦੀ ਸ਼ਲਾਘਾ ਹੋਈ। ਸਗੋਂ ਮੈਂ, ਮਹੇਸ਼, ਮਹਿਮਾ ਤੇ ਹੋਰਨਾਂ ਨੇ ਵੀ ਸ਼ਲਾਘਾ ਕੀਤੀ। ਹੁਣ ਅਸੀਂ ਫ਼ਿਲਮ ਦੀ ਪ੍ਰਮੋਸ਼ਨ ਲਈ ਹੋਰ ਸ਼ਹਿਰਾਂ ’ਚ ਜਾ ਰਹੇ ਹਾਂ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਾਂਗੇ ਕਿ ਫ਼ਿਲਮ ਵਿੱਚ ਮੇਰੀ ਭੂਮਿਕਾ ਮਹਿਜ਼ 15 ਮਿੰਟ ਲਈ ਨਹੀਂ ਹੈ ਸਗੋਂ ਵੱਧ ਸਮਾਂ ਹੈ।’’ -ਆਈਏਐੱਨਐੱਸ