ਮਨਮੋਹਨ ਸਿੰਘ ਬਾਸਰਕੇ
ਰਿੰਕੂ ਦੇ ਦਾਦੀ-ਦਾਦਾ ਮਕਾਨ ਦੇ ਹੇਠਲੇ ਹਿੱਸੇ ਵਿੱਚ ਰਹਿੰਦੇ ਹਨ, ਜਦੋਂਕਿ ਉਹਦੇ ਮੰਮੀ-ਡੈਡੀ ਅਤੇ ਚਾਚਾ-ਚਾਚੀ ਉੱਪਰਲੀ ਮੰਜ਼ਿਲ ’ਤੇ ਰਹਿੰਦੇ ਹਨ। ਰਿੰਕੂ ਦੀ ਇੱਕ ਭੈਣ ਸੀਰਤ ਅਤੇ ਚਾਚੇ ਦਾ ਪੁੱਤਰ ਲਵਸ ਹੈ। ਇਹ ਸਾਰੇ ਹੀ ਮਿਲ ਕੇ ਸ਼ਰਾਰਤਾਂ ਕਰਦੇ ਹਨ। ਰਿੰਕੂ ਦੀ ਮੰਮੀ ਇਨ੍ਹਾਂ ਦੀਆਂ ਸ਼ਰਾਰਤਾਂ ਤੋਂ ਕਲਪ ਜਾਂਦੀ ਹੈ। ਉਹ ਕਈ ਵਾਰ ਇਨ੍ਹਾਂ ਦੀਆਂ ਸ਼ਰਾਰਤਾਂ ਤੋਂ ਤੰਗ ਆ ਕੇ ਰਿੰਕੂ ਨੂੰ ਤਾਂ ਦੋ ਲਗਾ ਵੀ ਦਿੰਦੀ, ਪਰ ਵਿਚਕਾਰ ਦਾਦੀ ਆ ਜਾਂਦੀ ਹੈ। ‘ਸੀਮਾ! ਇਹ ਤਾਂ ਬੱਚਾ ਹੈ, ਇਸ ਨੂੰ ਪਿਆਰ ਨਾਲ ਸਮਝਾ।’
ਰਿੰਕੂ ਪਾਣੀ ਵਾਲੀ ਟੂਟੀ ਖੋਲ੍ਹਕੇ ਪਾਣੀ ਨਾਲ ਅਲਖੇਲੀਆਂ ਕਰਦਾ। ਇਸ ਦਾ ਸਾਥ ਦੇਣ ਲਈ ਉਸ ਦੇ ਚਾਚੇ ਦਾ ਪੁੱਤਰ ਲਵਸ ਵੀ ਸ਼ਾਮਲ ਹੋ ਜਾਂਦਾ। ਉਹ ਇੱਕ ਦੂਜੇ ਉੱਤੇ ਪਾਣੀ ਪਾਉਂਦੇ ਹਨ। ਇੱਕ ਤਾਂ ਪਾਣੀ ਬਰਬਾਦ ਹੁੰਦਾ ਹੈ ਤੇ ਦੂਜਾ ਜ਼ਿਆਦਾ ਪਾਣੀ ਨਾਲ ਖੇਡਣ ਕਰਕੇ ਬਿਮਾਰ ਹੋਣ ਦਾ ਡਰ ਬਣਿਆ ਰਹਿੰਦਾ। ਮੰਮੀ ਨੂੰ ਇਹੀ ਡਰ ਸਤਾਉਂਦਾ ਰਹਿੰਦਾ। ਇਸੇ ਕਰਕੇ ਉਹ ਪਾਣੀ ਨਾਲ ਖੇਡਣ ਤੋਂ ਵਾਰ ਵਾਰ ਵਰਜਦੀ, ਪਰ ਬੱਚੇ ਆਖੇ ਨਹੀਂ ਲੱਗਦੇ। ਉਹ ਡਰ ਪਾਉਣ ਲਈ ਕਹਿੰਦੀ, ‘ਸੀਰਤ ਮੋਬਾਈਲ ਫੜਾ, ਮੈਂ ਏਹਦੀ ਮੈਡਮ ਨੂੰ ਫੋਨ ਕਰਾਂ।’
ਤੇ ਉਹ ਕਈ ਵਾਰ, ‘ਆ ਲੈਣ ਦੇ ਤੇਰੇ ਪਾਪਾ ਨੂੰ ਤੇਰੀ ਸ਼ਿਕਾਇਤ ਲਾਵਾਂਗੀ।’ ਕਹਿ ਕੇ ਰਿੰਕੂ ਨੂੰ ਡਰਾਉਂਦੀ, ਪਰ ਉਹ ਘੜੀ ਪਲ ਬਾਅਦ ਮੁੜ ਪਾਣੀ ਨਾਲ ਅਲਖੇਲੀਆਂ ਕਰਨ ਲੱਗ ਜਾਂਦਾ। ਇੱਕ ਦਿਨ ਗੁੱਸੇ ਆਈ ਮੰਮੀ ਨੇ ਰਿੰਕੂ ਦੇ ਦੋ-ਤਿੰਨ ਚਪੇੜਾਂ ਮਾਰ ਦਿੱਤੀਆਂ। ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਦਾਦੀ ਉੱਪਰ ਆ ਗਈ। ਦਾਦੀ ਨੇ ਰੋਂਦੇ ਰਿੰਕੂ ਨੂੰ ਗਲ਼ ਨਾਲ ਲਾ ਕੇ ਚੁੱਪ ਕਰਾਇਆ ਤੇ ਰੋਣ ਦਾ ਕਾਰਨ ਪੁੱਛਿਆ।
‘ਬੀਜੀ ਇਹ ਪਾਣੀ ਨਾਲ ਹੀ ਲੱਗਾ ਰਹਿੰਦਾ, ਕੱਲ੍ਹ ਨੂੰ ਬਿਮਾਰ ਹੋ ਗਿਆ ਤਾਂ ਵਖਤ ਪਾਊ।’ ਸੀਮਾ ਤਲਖ਼ੀ ਨਾਲ ਬੋਲੀ।
ਦਾਦੀ ਨੇ ਰਿੰਕੂ ਨੂੰ ਬੁਕਲ ਵਿੱਚ ਲੈ ਕੇ ਕਿਹਾ, ‘ਇਹ ਤਾਂ ਪੁੱਤ ਮੇਰਾ ਬੜਾ ਸਿਆਣਾ। ਹਰ ਗੱਲ ਨੂੰ ਸਮਝਦਾ। ਤੂੰ ਐਵੇਂ ਨਾ ਮਾਰਿਆ ਕਰ ਮੇਰੇ ਪੁੱਤ ਨੂੰ। ਪੁੱਤ! ਮੇਰੀ ਗੱਲ ਸੁਣ ਜੇ ਆਪਾਂ ਇਸੇ ਤਰ੍ਹਾਂ ਪਾਣੀ ਬਰਬਾਦ ਕਰਦੇ ਰਹੇ ਤਾਂ ਪਾਣੀ ਪੀਣਾ ਕਿੱਥੋਂ ਏ?’ ਦਾਦੀ ਨੇ ਰਿੰਕੂ ਦੀਆਂ ਅੱਖਾਂ ਵਿੱਚ ਅੱਖਾਂ ਪਾ ਪੁੱਛਿਆ।
‘ਦਾਦੀ ਪਾਣੀ ਕਿਵੇਂ ਖਤਮ ਹੋ ਜਾਊ?’ ਰਿੰਕੂ ਨੇ ਵੀ ਦਾਦੀ ਵੱਲ ਸਵਾਲੀਆ ਨਜ਼ਰਾਂ ਨਾਲ ਵੇਖਿਆ ਤੇ ਬੋਲਿਆ, ‘ਧਰਤੀ ਹੇਠ ਕਿੰਨਾ ਪਾਣੀ ਤੇ ਸਮੁੰਦਰਾਂ ਵਿੱਚ ਤਾਂ ਪਾਣੀ ਹੀ ਪਾਣੀ ਹੈ। ਸਾਡੀ ਮੈਡਮ ਨੇ ਦੱਸਿਆ ਹੈ।’
‘ਹਾਂ! ਪੁੱਤਰ, ਸਮੁੰਦਰ ਵਿੱਚ ਪਾਣੀ ਤਾਂ ਹੈ, ਪਰ ਪੀਣ ਯੋਗ ਨਹੀਂ। ਸਮੁੰਦਰ ਦਾ ਪਾਣੀ ਖਾਰਾ ਹੁੰਦਾ ਏ।’
‘ਹਾਂ ਦਾਦੀ! ਮੈਨੂੰ ਯਾਦ ਆਇਆ, ਮੈਡਮ ਨੇ ਇਹ ਵੀ ਦੱਸਿਆ ਸੀ ਕਿ ਲੂਣ ਸਮੁੰਦਰ ਦੇ ਪਾਣੀ ਤੋਂ ਬਣਦਾ ਹੈ। ਪਰ ਦਾਦੀ! ਧਰਤੀ ਹੇਠਲਾ ਪਾਣੀ ਕਿਵੇਂ ਮੁੱਕ ਜਾਵੇਗਾ?’ ਰਿੰਕੂ ਨੇ ਮੁੜ ਸਵਾਲ ਉਠਾਇਆ।
‘ਪੁੱਤ! ਜਿਵੇਂ ਆਪਾਂ ਨੂੰ ਪਾਣੀ ਦੀ ਲੋੜ ਏ, ਇਸੇ ਤਰ੍ਹਾਂ ਫ਼ਸਲਾਂ ਅਤੇ ਰੁੱਖਾਂ ਨੂੰ ਵੀ ਪਾਣੀ ਦੀ ਲੋੜ ਏ। ਇਹ ਲੋੜ ਵੀ ਧਰਤੀ ਹੇਠਲਾ ਪਾਣੀ ਹੀ ਪੂਰੀ ਕਰਦਾ ਏ। ਜੇ ਧਰਤੀ ਵਿੱਚੋਂ ਪਾਣੀ ਕੱਢੀ ਜਾਵਾਂਗੇ ਤਾਂ ਪਾਣੀ ਤੇ ਫਿਰ ਮੁੱਕੇਗਾ ਹੀ।’
‘ਦਾਦੀ! ਮਾਮਾ ਤੇ ਕਹਿੰਦਾ ਸੀ, ਉਨ੍ਹਾਂ ਦੇ ਪਿੰਡ ਪੱਖੋਕੇ ਚੱਲਦੀ ਨਹਿਰ ਫ਼ਸਲਾਂ ਪਾਲਦੀ ਹੈ।’
‘ਹਾਂ ਪੁੱਤਰ! ਤੇਰੇ ਮਾਮੇ ਨੇ ਠੀਕ ਦੱਸਿਆ। ਨਹਿਰ ਦਾ ਪਾਣੀ ਵੀ ਫ਼ਸਲਾਂ ਦੇ ਕੰਮ ਆਉਂਦਾ ਏ।’ ਉਹ ਪਲ ਕੁ ਚੁੱਪ ਰਹੀ ਤੇ ਫਿਰ ਬੋਲੀ। ‘ਰਿੰਕੂ! ਪਾਣੀ ਦੀ ਟੂਟੀ ਲੋੜ ਤੋਂ ਬਿਨਾਂ ਨਾ ਖੋਲ੍ਹਿਆ ਕਰ। ਪੁੱਤ ਜੇ ਪਾਣੀ ਖਤਮ ਹੋ ਗਿਆ, ਫਿਰ ਪੀਵਾਂਗੇ ਕਿੱਥੋਂ?’
‘ਦਾਦੀ ਇਹ ਤਾਂ ਮੈਂ ਸੋਚਿਆ ਹੀ ਨਹੀਂ। ਹੁਣ ਮੈਂ ਕਦੇ ਵੀ ਪਾਣੀ ਨੂੰ ਬਰਬਾਦ ਨਹੀਂ ਕਰਾਂਗਾ।’ ਕਹਿ ਕੇ ਉਹ ਦਾਦੀ ਦੀ ਬੁੱਕਲ ਵਿੱਚੋਂ ਨਿਕਲ ਲਵਸ ਨਾਲ ਖੇਡਣ ਲੱਗ ਪਿਆ।
ਸੰਪਰਕ: 99147-16616