ਮਨਦੀਪ ਸਿੰਘ ਸਿੱਧੂ
ਐੱਮ. ਐੱਮ. ਮਹਿਰਾ ਉਰਫ਼ ਮਦਨ ਮੋਹਨ ਮਹਿਰਾ ਉਰਫ਼ ਬਿੱਲੂ ਮਹਿਰਾ ਦੀ ਪੈਦਾਇਸ਼ 20 ਨਵੰਬਰ 1919 ਨੂੰ ਐਬਟਾਬਾਦ ਦੇ ਪੰਜਾਬੀ ਪਰਿਵਾਰ ਵਿਚ ਹੋਈ। ਬਚਪਨ ਤੋਂ ਹੀ ਇਹ ਬੜੇ ਤੀਖਣ-ਬੁੱਧੀ ਤੇ ਧਾਰਮਿਕ ਰੁਚੀਆਂ ਵਾਲੇ ਬਾਲਕ ਸਨ। ਜਵਾਨ ਉਮਰੇ ਇਨ੍ਹਾਂ ਦਾ ਝੁਕਾਅ ਫ਼ਿਲਮਾਂ ਵੱਲ ਹੋ ਗਿਆ ਕਿਉਂਕਿ ਵੱਡੇ ਭਰਾ ਕੇ. ਡੀ. ਮਹਿਰਾ ਉਰਫ਼ ਕ੍ਰਿਸ਼ਨ ਦੇਵ ਮਹਿਰਾ ਪੰਜਾਬੀ ਫ਼ਿਲਮਾਂ ਬਣਾ ਰਹੇ ਸਨ। ਲਿਹਾਜ਼ਾ ਇਨ੍ਹਾਂ ਨੇ ਵੀ ਫ਼ਿਲਮ ਲਾਇਨ ਅਖ਼ਤਿਆਰ ਕਰ ਲਈ।
ਮਦਨ ਮੋਹਨ ਮਹਿਰਾ ਨੇ ਆਪਣੇ ਫ਼ਿਲਮ ਸਫ਼ਰ ਦੀ ਸ਼ੁਰੂਆਤ 17 ਸਾਲਾਂ ਦੀ ਚੜ੍ਹਦੀ ਉਮਰੇ ਆਪਣੇ ਵੱਡੇ ਭਰਾ ਕੇ. ਡੀ. ਮਹਿਰਾ ਦੀ ਫ਼ਿਲਮਸਾਜ਼ੀ ਅਤੇ ਹਿਦਾਇਤਕਾਰੀ ਵਿਚ ਤਾਮੀਰਸ਼ੁਦਾ ਮਾਦਨ ਥੀਏਟਰ, ਕਲਕੱਤਾ ਦੀ ਪੰਜਾਬੀ ਫ਼ੀਚਰ ਫ਼ਿਲਮ ‘ਸ਼ੀਲਾ’ ਉਰਫ਼ ‘ਪਿੰਡ ਦੀ ਕੁੜੀ’ (1936) ਤੋਂ ਸਹਾਇਕ ਵਜੋਂ ਕੀਤੀ। ਫ਼ਿਲਮ ਵਿਚ ਨਵਾਬ ਬੇਗ਼ਮ ਮਾਬੀ ਨੇ ‘ਸ਼ੀਲਾ’ ਦਾ ਤੇ ਰੇਡੀਓ ਸਿੰਗਰ ਕੇ. ਐੱਲ. ਰਾਜਪਾਲ ਉਰਫ਼ ਕੁੰਦਨ ਲਾਲ ਰਾਜਪਾਲ ਨੇ ‘ਕੇਦਾਰ’ ਦਾ ਸੋਹਣਾ ਪਾਰਟ ਅਦਾ ਕੀਤਾ। ਦੀਗ਼ਰ ਫ਼ਨਕਾਰਾਂ ਵਿਚ ਹੈਦਰ ਬਾਂਦੀ, ਏ. ਆਰ ਕਸ਼ਮੀਰੀ, ਬਾਵਾ ਰਹੀਮ ਬਖ਼ਸ਼, ਨਵਾਜ਼ਸ਼ ਅਲੀ, ਬੇਬੀ ਨੂਰਜਹਾਂ, ਮਾਸਟਰ ਗਾਮਾ (ਰੇਡੀਓ ਸਿੰਗਰ), ਚੰਦਾ ਬਾਈ ਆਦਿ ਸ਼ਾਮਲ ਸਨ। ਕਹਾਣੀ, ਗੀਤ ਤੇ ਮੁਕਾਲਮੇ ਕੇ. ਡੀ. ਮਹਿਰਾ ਅਤੇ ਪੰਜਾਬੀ ਜ਼ੁਬਾਨ ਵਿਚ ਪੰਜਾਬ ਦੀ ਰਵਾਇਤ ਨੂੰ ਤਾਜ਼ਾ ਕਰਨ ਵਾਲੀ ਇਹ ਪਹਿਲੀ ਪੰਜਾਬੀ ਸ਼ਾਹਕਾਰ ਫ਼ਿਲਮ 26 ਮਾਰਚ 1937 ਨੂੰ ਪੇਲੈਸ ਥੀਏਟਰ, ਮੈਕਲੋਡ ਰੋਡ, ਲਾਹੌਰ ਵਿਖੇ ਨੁਮਾਇਸ਼ ਹੋਈ। ਐੱਮ. ਐੱਮ. ਮਹਿਰਾ ਦੀ ਆਪਣੇ ਭਰਾ ਨਾਲ ਸਹਾਇਕ ਵਜੋਂ ਦੂਜੀ ਪੰਜਾਬੀ ਫ਼ਿਲਮ ਇੰਦਰਾ ਮੂਵੀਟੋਨ, ਕਲਕੱਤਾ ਦੀ ਕੇ. ਡੀ. ਮਹਿਰਾ ਦੀ ਫ਼ਿਲਮਸਾਜ਼ੀ ਤੇ ਅਦਾਕਾਰੀ ਵਿਚ ਬਣੀ ‘ਹੀਰ ਸਿਆਲ’ (1938) ਸੀ। ਫ਼ਿਲਮ ਵਿਚ ‘ਹੀਰ’ ਦਾ ਕਿਰਦਾਰ ਇਕਬਾਲ ਬੇਗ਼ਮ ਉਰਫ਼ ‘ਬਾਲੋ’ ਨੇ ਤੇ ‘ਰਾਂਝੇ’ ਦਾ ਪਾਰਟ ਪੀ. ਐੱਨ. ਬਾਲੀ ਨੇ ਅਦਾ ਕੀਤਾ ਸੀ। ਦੀਗ਼ਰ ਫ਼ਨਕਾਰਾਂ ਵਿਚ ਬੇਬੀ ਨੂਰਜਹਾਂ, ਐੱਮ. ਇਸਮਾਇਲ, ਏ. ਆਰ ਕਸ਼ਮੀਰੀ, ਦਰ ਕਸ਼ਮੀਰੀ, ਹੈਦਰ ਬਾਂਦੀ ਵਗੈਰਾ ਮੁਸ਼ਤਮਿਲ ਸਨ। ਵਾਰਿਸ ਸ਼ਾਹ ਦੇ ਮੁਹੱਬਤੀ ਕਿੱਸੇ ’ਤੇ ਬਣੀ ਇਹ ਮਸ਼ਹੂਰ ਜ਼ਮਾਨਾ ਫ਼ਿਲਮ 2 ਦਸੰਬਰ 1938 ਨੂੰ ਪ੍ਰਭਾਤ ਟਾਕੀਜ਼, ਲਾਹੌਰ ਵਿਖੇ ਪਰਦਾਪੇਸ਼ ਹੋਈ। ਇਨ੍ਹਾਂ ਫ਼ਿਲਮਾਂ ਦੀ ਨੁਮਾਇਸ਼ ਤੋਂ ਲਾਹੌਰ ਪੰਜਾਬੀ ਫ਼ਿਲਮਾਂ ਦਾ ਚੌਥਾ ਵੱਡਾ ਮਰਕਜ਼ ਬਣ ਗਿਆ। ਬੰਬਈ ਤੇ ਕਲਕੱਤੇ ਦੇ ਬਹੁਤ ਸਾਰੇ ਫ਼ਿਲਮਸਾਜ਼, ਹਿਦਾਇਤਕਾਰ ਅਤੇ ਟੈਕਨੀਸ਼ੀਅਨ ਲਾਹੌਰ ਸ਼ਿਫ਼ਟ ਹੋ ਗਏ, ਜਿਨ੍ਹਾਂ ਵਿਚ ਕੁਝ ਪ੍ਰਮੁੱਖ ਨਾਮ ਸਨ ਅਤਾਉੱਲਾ ਹਾਸ਼ਮੀ, ਕ੍ਰਿਸ਼ਨ ਕੁਮਾਰ, ਸ਼ੰਕਰ ਹੁਸੈਨ ਆਦਿ। ਉਨ੍ਹਾਂ ਦਿਨਾਂ ਵਿਚ ਲਾਹੌਰ ’ਚ ਬੀ. ਆਰ. ਚੋਪੜਾ ਉਰਫ਼ ਬਲਦੇਵ ਰਾਜ ਚੋਪੜਾ ਫ਼ਿਲਮੀ ਰਸਾਲਾ ‘ਸਿਨੇ ਹੈਰਾਲਡ’, ਅਤਾਉੱਲਾ ਹਾਸ਼ਮੀ ਫ਼ਿਲਮੀ ਰਸਾਲਾ ‘ਅਦਾਕਾਰ’ ਅਤੇ ਰਾਮਾਨੰਦ ਸਾਗਰ ‘ਇਵਨਿੰਗ ਨਿਊਜ਼’ ਨਾਲ ਜੁੜੇ ਹੋਏ ਸਨ।
ਲਾਹੌਰ ਵਿਚ ਬਣੀ ਐੱਮ. ਐੱਮ. ਮਹਿਰਾ ਦੀ ਪਹਿਲੀ ਹਿੰਦੀ ਫ਼ਿਲਮ ਮੂਵੀ ਮੇਕਰਜ਼, ਲਾਹੌਰ ਦੀ ‘ਖ਼ਾਨਾਬਦੋਸ’ ਉਰਫ਼ ‘ਦੋ ਸੌਦਾਗਰ’ (1953) ਸੀ। ਫ਼ਿਲਮ ਵਿਚ ਹੀਰੋ ਦਾ ਕਿਰਦਾਰ ਪ੍ਰਾਣ ਅਤੇ ਹੀਰੋਇਨ ਦਾ ਪਾਰਟ ਕਲਾਵਤੀ ਨਿਭਾ ਰਹੀ ਸੀ। ਕਹਾਣੀ ਅਖ਼ਤਰ ਛੁਗਾਨੀ, ਮੁਕਾਲਮੇ ਸ਼ਾਤਰ ਗਜ਼ਨਵੀ, ਗੀਤ ਬੇਕਲ ਅੰਮ੍ਰਿਤਸਰੀ ਅਤੇ ਮੌਸੀਕੀ ਭਾਈ ਗ਼ੁਲਾਮ ਹੈਦਰ ਅੰਮ੍ਰਿਤਸਰੀ ਨੇ ਮੁਰੱਤਬਿ ਕੀਤੀ। ਤਕਮੀਲ ਦੇ ਆਖ਼ਰੀ ਮਰਹੱਲੇ ਸਕਰੀਨ ਐਂਡ ਸਾਊਂਡ ਸਟੂਡੀਓ ਵਿਚ ਮੁਕੰਮਲ ਕੀਤੇ ਗਏ।
1948 ਵਿਚ ਐੱਮ. ਐੱਮ. ਮਹਿਰਾ ਲਾਹੌਰ ਤੋਂ ਕਲਕੱਤੇ ਚਲੇ ਗਏ। ਇੱਥੇ ਪਹੁੰਚ ਕੇ ਉਨ੍ਹਾਂ ਨੇ ਅਮਰ ਪਿਕਚਰਜ਼, ਕਲਕੱਤਾ ਦੇ ਬੈਨਰ ਹੇਠ ਆਪਣੀ ਅਤੇ ਪ੍ਰਾਣ ਮਹਿਰਾ ਦੀ ਹਿਦਾਇਤਕਾਰੀ ਵਿਚ ਫ਼ਿਲਮ ‘ਸ਼ਾਦੀ ਕੇ ਬਾਦ’ (1949) ਬਣਾਈ। ਫ਼ਿਲਮ ਵਿਚ ਹਾਫ਼ਿਜ਼ਾਬਾਦ ਦੇ ਗੱਭਰੂ ਅਮਰਨਾਥ ਨੇ ਹੀਰੋ ਦਾ ਪਾਰਟ ਅਦਾ ਕੀਤਾ, ਜਿਸ ਦੇ ਰੂਬਰੂ ਅਦਾਕਾਰਾ ਜਯੋਤੀ ਕੰਮ ਕਰ ਰਹੀ ਸੀ। ਫ਼ਿਲਮ ਦੀ ਮੌਸੀਕੀ ਕੇ. ਪੀ. ਸੇਨ ਨੇ ਮੁਰੱਤਬਿ ਕੀਤੀ ਤੇ ਫ਼ਿਲਮ ਦੇ 12 ਗੀਤ ਰੰਗੇਸ਼ ਨੇ ਤਹਿਰੀਰ ਕੀਤੇ। ਇਸ ਤੋਂ ਬਾਅਦ ਉਨ੍ਹਾਂ ਨੂੰ ਕਾਰਵਾਂ ਪਿਕਚਰਜ਼, ਬੰਬਈ ਕ੍ਰਿਸ਼ਨ ਕੁਮਾਰ ਨਿਰਦੇਸ਼ਿਤ ਫ਼ਿਲਮ ‘ਕਨੀਜ਼’ (1949) ’ਚ ਤਕਨੀਕੀ ਸਲਾਹਕਾਰ ਬਣਨ ਦਾ ਮੌਕਾ ਮਿਲਿਆ। ਇੱਥੇ ਮਹਿਰਾ ਨੇ ਲਾਹੌਰ ਦੇ ਗੱਭਰੂ ਓ. ਪੀ. ਨਈਅਰ ਨਾਲ ਮੁਲਾਕਾਤ ਕੀਤੀ ਜੋ ਫ਼ਿਲਮ ਜਗਤ ਵਿਚ ਨਵੇਂ ਸਨ। ਉਨ੍ਹਾਂ ਨੇ ਨਈਅਰ ਨੂੰ ਫ਼ਿਲਮ ਦਾ ਬੈਕਗਰਾਊਂਡ ਸੰਗੀਤ ਦੇਣ ਦਾ ਖ਼ੂਬਸੂਰਤ ਮੌਕਾ ਦਿਵਾਇਆ।
1952 ਵਿਚ ਭਾਰਤ-ਪਾਕਿਸਤਾਨ ਵਿਚ ਸਬੰਧ ਤਣਾਅਪੂਰਨ ਹੋਣ ਤੋਂ ਬਾਅਦ ਐੱਮ. ਐੱਮ. ਮਹਿਰਾ ਪਾਕਿਸਤਾਨ ਛੱਡ ਕੇ ਪੱਕੇ ਤੌਰ ’ਤੇ ਬੰਬੇ ਆਣ ਵੱਸੇ। ਇੱਥੇ ਆ ਕੇ ਉਨ੍ਹਾਂ ਨੂੰ ਆਪਣਾ ਫ਼ਿਲਮੀ ਸਫ਼ਰ ਦੁਬਾਰਾ ਸ਼ੁਰੂ ਕਰਨਾ ਪਿਆ। 1961 ਵਿਚ ਮਦਨ ਮੋਹਨ ਮਹਿਰਾ ਨੇ ਆਪਣੀ ਹਿਦਾਇਤਕਾਰੀ ਵਿਚ ਪਹਿਲੀ ਸਟੰਟ ਫ਼ਿਲਮ ‘ਬਲੈਕ ਸ਼ੈਡੋ’ ਬਣਾਈ। ਫ਼ਿਲਮ ਵਿਚ ਹੀਰੋਇਨ ਦਾ ਕਿਰਦਾਰ ਸਿਆਲਕੋਟ ਦੀ ਮੁਟਿਆਰ ਨਿਸ਼ੀ ਨੇ ਅਦਾ ਕੀਤਾ, ਜਿਸ ਦੇ ਸਨਮੁੱਖ ਹੀਰੋ ਮਨਹਰ ਦੇਸਾਈ ਆਪਣੇ ਫ਼ਨ ਦੀ ਨੁਮਾਇਸ਼ ਕਰ ਰਿਹਾ ਸੀ। ਫ਼ਿਲਮ ਦੀ ਮੌਸੀਕੀ ਪੰਡਤ ਹਰਬੰਸ ਅਤੇ ਫ਼ਿਲਮ ਦੇ 12 ਗੀਤ ਨਕਸ਼ ਲਾਇਲਪੁਰੀ ਨੇ ਤਹਿਰੀਰ ਕੀਤੇ। ਫ਼ਿਲਮ ਦੇ ਇਹ ਮਕਬੂਲ ਗੀਤ ਹਨ ‘ਨਜ਼ਰ ਹੈ ਕਾਂਟੋਂ ਸੇ ਤੀਖੀ ਬਦਨ ਹੈ ਫੂਲੋਂ ਸੇ ਹਲਕਾ’ (ਸ਼ਮਸ਼ਾਦ ਬੇਗ਼ਮ, ਸੁਧਾ ਮਲਹੋਤਰਾ), ‘ਲਾਲ ਨੀਲੀ ਪੀਲੀ ਸ਼ਰਮੀਲੀ ਤਿਤਲੀ’ (ਸੁਧਾ ਮਲਹੋਤਰਾ, ਮਹਿੰਦਰ ਕਪੂਰ) ਤੇ ਕੱਵਾਲੀ ਗੀਤ ‘ਨਜ਼ਰ ਪਰਦਾ ਵਫ਼ਾ ਪਰਦਾ’ (ਜਾਨੀ ਬਾਬੂ ਕੱਵਾਲ, ਪਾਰਟੀ) ਆਦਿ। ਇਹ ਫ਼ਿਲਮ ਟਿਕਟ ਖਿੜਕੀ ’ਤੇ ਬਹੁਤਾ ਕਮਾਲ ਨਾ ਵਿਖਾ ਸਕੀ।
ਇਸ ਤੋਂ ਬਾਅਦ ਮਦਨ ਮੋਹਨ ਮਹਿਰਾ ਨੇ ਬਿੱਲੂ ਮਹਿਰਾ ਦੇ ਨਾਮ ਨਾਲ ਮਾਹੇਸ਼ਵਰੀ ਪਿਕਚਰਜ਼, ਬੰਬੇ ਦੀ ਫ਼ਿਲਮ ‘ਸਤਲੁਜ ਦੇ ਕੰਢੇ’ (1964) ਵਿਚ ਸਹਾਇਕ ਹਿਦਾਇਤਕਾਰ ਦੀ ਭੂਮਿਕਾ ਨਿਭਾਈ। ਫ਼ਿਲਮਸਾਜ਼ ਤੇ ਹਿਦਾਇਤਕਾਰ ਪਦਮ ਮਹੇਸ਼ਵਰੀ ਦੀ ਇਸ ਫ਼ਿਲਮ ਵਿਚ ਬਲਰਾਜ ਸਾਹਨੀ, ਨਿਸ਼ੀ ਤੇ ਸੁਰੇਸ਼ ਨੇ ਅਹਿਮ ਕਿਰਦਾਰ ਅਦਾ ਕੀਤੇ ਸਨ। ਜਿੱਥੇ ਇਹ ਵਿਦੇਸ਼ੀ ਫ਼ਿਲਮ ਫੈਸਟੀਵਲ ’ਚ ਚੁਣੀ ਜਾਣ ਵਾਲੀ ਪਹਿਲੀ ਫ਼ਿਲਮ ਬਣੀ ਉੱਥੇ ਇਸ ਫ਼ਿਲਮ ਨੂੰ 1967 ਵਿਚ ਬੈਸਟ ਪੰਜਾਬੀ ਫ਼ੀਚਰ ਫ਼ਿਲਮ ਦਾ ਨੈਸ਼ਨਲ ਐਵਾਰਡ ਮਿਲਿਆ। ਇਹ ਫ਼ਿਲਮ ਦੂਰਦਰਸ਼ਨ ਦੀ ਵੀ ਸ਼ੋਭਾ ਬਣਦੀ ਰਹੀ। 1970ਵਿਆਂ ਦੇ ਦਹਾਕੇ ਵਿਚ ਮਦਨ ਮੋਹਨ ਮਹਿਰਾ ਕੁਝ ਨਿੱਜੀ ਕਾਰਨਾਂ ਸਦਕਾ ਬੰਬਈ ਛੱਡ ਕੇ ਦਿੱਲੀ ਆਣ ਵੱਸੇ। ਇੱਥੇ ਆ ਕੇ ਉਨ੍ਹਾਂ ਨੇ ਫਰਿੱਜਾਂ ਦਾ ਕਾਰੋਬਾਰ ਸ਼ੁਰੂ ਕੀਤਾ ਜੋ ਵਧੀਆ ਚੱਲਿਆ। 90 ਦੇ ਦਹਾਕੇ ਵਿਚ ਕਾਰੋਬਾਰ ਤੋਂ ਸੰਨਿਆਸ ਲੈਣ ਤੋਂ ਪਹਿਲਾਂ ਮਦਨ ਮੋਹਨ ਮਹਿਰਾ ਨੇ ‘ਗੁਰਬਾਣੀ’ ਅਤੇ ‘ਸ੍ਰੀਰਾਮ ਕ੍ਰਿਸ਼ਨ ਪਰਮਾਹੰਸ’ ਨਾਮੀ ਦੋ ਵੀਡੀਓ ਫ਼ਿਲਮਾਂ ਦਾ ਨਿਰਮਾਣ ਕੀਤਾ। ਬਸ ਐਨਾ ਹੀ ਨਹੀਂ ਉਨ੍ਹਾਂ ਨੇ ਕਲਕੱਤਾ ਵਿਚ 7 ਕੈਮਰਿਆਂ ਨਾਲ ਮਹਾਨ ਬੰਗਲਾ ਕਵੀ ਰਵਿੰਦਰ ਨਾਥ ਟੈਗੋਰ ਦੇ ਸਸਕਾਰ ਦੇ ਜਲੂਸ ਨੂੰ ਕਵਰ ਕਰਨ ਦਾ ਵੀ ਮਾਣ ਪ੍ਰਾਪਤ ਸੀ।
ਮਦਨ ਮੋਹਨ ਮਹਿਰਾ 2010 ਵਿਚ 91 ਸਾਲਾਂ ਦੀ ਬਜ਼ੁਰਗ ਉਮਰੇ ਦਿੱਲੀ ਵਿਖੇ ਵਫ਼ਾਤ ਪਾ ਗਏ। ਉਨ੍ਹਾਂ ਦਾ ਇਕ ਪੁੱਤਰ ਨੀਰਜ ਐੱਮ. ਮਹਿਰਾ ਵੀ ਗਵੱਈਆ ਹੈ ਜੋ ਦਿੱਲੀ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ।
ਸੰਪਰਕ: 97805-09545