ਗੁਰਸ਼ਰਨ ਸਿੰਘ ਕੁਮਾਰ
ਅੱਜ ਦੀ ਔਰਤ ਨਿੱਤ ਨਵੀਂਆਂ ਬੁਲੰਦੀਆਂ ਛੂਹ ਰਹੀ ਹੈ। ਔੌੌੌੌਰਤ ਦੀ ਇਹ ਉੱਨਤੀ ਦੇਖਣ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਉਸ ਨੇ ਆਪਣਾ ਸਫ਼ਰ ਕਿੱਥੋਂ ਸ਼ੁਰੂ ਕੀਤਾ। ਭਾਵ ਉਹ ਕਿੱਥੋਂ ਤੁਰੀ ਅਤੇ ਕਿਹੜੀਆਂ ਬਿਖਮ ਸਥਿਤੀਆਂ ਵਿੱਚੋਂ ਹੁੰਦੀ ਹੋਈ ਅੱਜ ਦੇ ਸਥਾਨ ’ਤੇ ਪਹੁੰਚੀ। ਉਸ ਲਈ ਅੱਗੋਂ ਆਉਣ ਵਾਲੀਆਂ ਕਿਹੜੀਆਂ ਚੁਣੌਤੀਆਂ ਹਨ?
ਔਰਤ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਸਿਫ਼ਰ ਦੇ ਬਿੰਦੂ ਤੋਂ ਵੀ ਹੇਠਾਂ ਤੋਂ ਸ਼ੁਰੂ ਕੀਤਾ। ਆਦਿ ਕਾਲ ਤੋਂ ਹੀ ਔਰਤ ਮਰਦ ਪ੍ਰਧਾਨ ਸਮਾਜ ਦੇ ਜ਼ੁਲਮ ਦਾ ਸ਼ਿਕਾਰ ਹੁੰਦੀ ਰਹੀ ਹੈ। ਪਹਿਲੇ ਸਮੇਂ ਵਿੱਚ ਔਰਤ ਨੂੰ ਮਨੁੱਖ ਹੀ ਨਹੀਂ ਸੀ ਸਮਝਿਆ ਜਾਂਦਾ। ਉਸ ਨੂੰ ਜਾਇਦਾਦ ਜਾਂ ਭੋਗ ਦੀ ਵਸਤੂ ਸਮਝਿਆ ਜਾਂਦਾ ਸੀ ਜਿਸ ਨੂੰ ਦੂਸਰੇ ਨੂੰ ਉਪਹਾਰ ਦੇ ਰੂਪ ਵਿੱਚ ਦਿੱਤਾ ਜਾ ਸਕਦਾ ਸੀ, ਵੇਚਿਆ ਵੀ ਜਾ ਸਕਦਾ ਸੀ ਅਤੇ ਜੂਏ ਵਿੱਚ ਹਾਰਿਆ ਵੀ ਜਾ ਸਕਦਾ ਸੀ। ਔਰਤ ਨੂੰ ਪਸ਼ੂ ਦੀ ਤਰ੍ਹਾਂ ਕਿਸੇ ਵੀ ਕਿੱਲੇ ਨਾਲ ਬੰਨ੍ਹ ਦਿੱਤਾ ਜਾਏ ਤਾਂ ਵੀ ਉਹ ਉਫ ਨਹੀਂ ਸੀ ਕਰ ਸਕਦੀ। ਸਮਾਜ ਵਿੱਚ ਉਸ ਦੀ ਕੋਈ ਇੱਛਾ ਨਹੀਂ ਸੀ। ਇਸੇ ਨੂੰ ਮੰਨੂ ਮਹਾਰਾਜ ਨੇ ਲਿਖਿਆ ਸੀ:
ਢੋਲ, ਗਵਾਰ, ਸ਼ੁਦਰ, ਪਸ਼ੂ ਔਰ ਨਾਰੀ
ਯੇਹ ਸਭ ਤਾੜਨ ਕੇ ਅਧਿਕਾਰੀ।
ਮਹਾਭਾਰਤ ਅਤੇ ਰਮਾਇਣ ਵਿੱਚ ਦਰੋਪਤੀ ਅਤੇ ਸੀਤਾ ਦਾ ਕਿਵੇਂ ਸ਼ੋਸ਼ਣ ਹੋਇਆ, ਇਹ ਸਭ ਨੂੰ ਭਲੀ ਭਾਂਤ ਪਤਾ ਹੀ ਹੈ। ਬਹੁ ਪਤਨੀ ਪ੍ਰਥਾ, ਦਾਜ ਪ੍ਰਥਾ, ਸਤੀ ਪ੍ਰਥਾ, ਦੇਵ ਦਾਸੀ ਪ੍ਰਥਾ, ਵਿਧਵਾ ਤੇ ਚਾਦਰ ਪਾਉਣ ਦੀ ਪ੍ਰਥਾ, ਬੁਰਕਾ ਅਤੇ ਘੁੰਡ ਆਦਿ ਔਰਤ ਨੂੰ ਦਬਾ ਕੇ ਰੱਖਣ ਦੀਆਂ ਮੂੰਹ ਬੋਲਦੀਆਂ ਕਹਾਣੀਆਂ ਹਨ। ਇੱਥੇ ਹੀ ਬਸ ਨਹੀਂ ਕਿਸੇ ਵੀ ਔਰਤ ਨੂੰ ਬਦਨਾਮ ਕਰ ਕੇ ਅਤੇ ਵਿਭਚਾਰੀ ਆਖ ਕੇ ਸ਼ਰੇਆਮ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਜਾਂਦਾ ਸੀ। ਜ਼ਰਾ ਸੋਚੋ ਉਨ੍ਹਾਂ ਨਾਲ ਵਿਭਚਾਰ ਕਰਨ ਵਾਲੇ ਕੌਣ ਹੁੰਦੇ ਸਨ? ਸਫ਼ੈਦਪੋਸ਼ ਜਿਨ੍ਹਾਂ ਦਾ ਜ਼ਿਕਰ ਤੱਕ ਨਹੀਂ ਸੀ ਹੁੰਦਾ। ਉਹ ਸਦਾ ਦੁੱਧ ਧੋਤੇ ਹੀ ਰਹਿੰਦੇ ਸਨ।
ਅੱਜ ਕੱਲ੍ਹ ਵੀ ਕਈ ਘਰਾਂ ਵਿੱਚ ਬਾਲੜੀਆਂ ਨੂੰ ਬੋਝ ਸਮਝ ਕੇ ਗਰਭ ਵਿੱਚ ਹੀ ਖ਼ਤਮ ਕਰਵਾ ਦਿੰਦੇ ਹਨ। ਇਹ ਗ਼ਲਤ ਵੀ ਹੈ ਅਤੇ ਪਾਪ ਵੀ। ਇਸੇ ਲਈ ਅੱਜ ਵੀ ਔਰਤਾਂ ਦੀ ਪ੍ਰਤੀਸ਼ਤ ਪੁਰਸ਼ਾਂ ਨਾਲੋਂ ਘੱਟ ਹੈ। ਲੜਕੇ ਦੇ ਪੈਦਾ ਹੋਣ ’ਤੇ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ ਅਤੇ ਲੱਡੂ ਵੰਡੇ ਜਾਂਦੇ ਹਨ, ਪਰ ਲੜਕੀ ਦੇ ਪੈਦਾ ਹੋਣ ’ਤੇ ਘਰ ਵਿੱਚ ਮਾਤਮ ਛਾ ਜਾਂਦਾ ਹੈ ਜਿਵੇਂ ਕੋਈ ਮਰ ਗਿਆ ਹੋਵੇ। ਲੜਕੀ ਦੀ ਮਾਂ ਨੂੰ ਵੀ ਬਹੁਤ ਤੰਗ ਕੀਤਾ ਜਾਂਦਾ ਹੈ ਜਿਵੇਂ ਲੜਕੀ ਪੈਦਾ ਕਰਨ ਵਿੱਚ ਇਕੱਲੀ ਉਸ ਦਾ ਹੀ ਹੱਥ ਹੋਵੇ। ਇਹ ਸਮਝਿਆ ਜਾਂਦਾ ਹੈ ਕਿ ਉਸ ਨੇ ਸਾਰੇ ਖਾਨਦਾਨ ਨੂੰ ਵੱਟਾ ਲਾ ਕੇ ਸਭ ਲਈ ਨਮੋਸ਼ੀ ਖੜ੍ਹੀ ਕਰ ਦਿੱਤੀ ਹੈ। ਲੜਕੇ ਅਤੇ ਲੜਕੀਆਂ ਦੇ ਪਾਲਣ ਪੋਸ਼ਣ ਵਿੱਚ ਬਹੁਤ ਵਿਤਕਰਾ ਕੀਤਾ ਜਾਂਦਾ ਹੈ। ਪਹਿਲਾਂ ਲੜਕੀਆਂ ਦੀ ਪੜ੍ਹਾਈ ਵੱਲ ਬਿਲਕੁਲ ਹੀ ਧਿਆਨ ਨਹੀਂ ਸੀ ਦਿੱਤਾ ਜਾਂਦਾ। ਕਿਹਾ ਜਾਂਦਾ ਸੀ ਕਿ ਇਸ ਨੇ ਕਿਹੜਾ ਅਫ਼ਸਰ ਬਣਨਾ ਹੈ। ਇਸ ਦੀ ਪੜ੍ਹਾਈ ਦਾ ਕੀ ਫਾਇਦਾ। ਅਗਲੇ ਘਰ ਜਾ ਚੁੱਲ੍ਹਾ ਚੌਂਕਾ ਹੀ ਤਾਂ ਕਰਨਾ ਹੈ।
ਇੱਥੇ ਹੀ ਬਸ ਨਹੀਂ ਅੱਜ ਵੀ ਮਰਦ ਜੋ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਹਨ, ਉਹ ਵੀ ਔਰਤ ਨੂੰ ਜ਼ਲੀਲ ਕਰਨ ਵਾਲੀਆਂ ਹੀ ਹੁੰਦੀਆਂ ਹਨ। ਔਰਤ ਨੂੰ ਜੋ ਅਸੀਸਾਂ ਦਿੱਤੀਆਂ ਜਾਂਦੀਆਂ ਹਨ, ਉਹ ਸਭ ਪੁਰਸ਼ ਦੇ ਭਲੇ ਲਈ ਹੀ ਹੁੰਦੀਆਂ ਹਨ ਜਿਵੇਂ-ਪੁੱਤਰਵਤੀ ਹੋਵੇਂ, ਬੁੱਢ ਸੁਹਾਗਣ ਹੋਵੇਂ, ਸੱਤਾਂ ਪੁੱਤਰਾਂ ਦੀ ਮਾਂ ਹੋਵੇਂ ਆਦਿ। ਇਹ ਹੈ ਔਰਤ ਪ੍ਰਤੀ ਸਾਡੇ ਅੱਜ ਦੇ ਮਰਦ ਪ੍ਰਧਾਨ ਦੀ ਸੋਚ।
ਔਰਤ ਨੂੰ ਇਸ ਦਲਦਲ ਦੀ ਹਾਲਤ ਵਿੱਚੋਂ ਕੱਢਣ ਲਈ ਕੋਈ ਅੱਗੇ ਨਹੀਂ ਆਇਆ ਤਾਂ ਇਸ ਭਿਆਨਕ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਉਭਾਰਿਆ ਅਤੇ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਕਿਹਾ। ਭਾਵ ਜਿਸ ਔਰਤ ਨੇ ਰਾਜੇ ਮਹਾਰਾਜਿਆਂ ਨੂੰ ਅਤੇ ਪੀਰਾਂ ਪੈਗੰਬਰਾਂ ਨੂੰ ਜਨਮ ਦਿੱਤਾ ਹੈ, ਉਸ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ।
ਔਰਤ ਮਾੜੀ ਕਿਵੇਂ ਹੋਈ? ਔਰਤ ਬਿਨਾਂ ਦੁਨੀਆ ਕਿਆਸੀ ਹੀ ਨਹੀਂ ਜਾ ਸਕਦੀ। ਉਹ ਮਾਂ, ਭੈਣ, ਪ੍ਰੇਮਿਕਾ, ਪਤਨੀ ਅਤੇ ਬੇਟੀ ਹੈ। ਔਰਤ ਤੋਂ ਬਿਨਾਂ ਪੁਰਸ਼ ਅਧੂਰਾ ਹੀ ਹੈ। ਔਰਤ ਬਹੁਤ ਨਾਜ਼ੁਕ ਵੀ ਹੈ ਅਤੇ ਫੌਲਾਦ ਦੀ ਤਰ੍ਹਾਂ ਮਜ਼ਬੂਤ ਵੀ। ਮਾਈ ਭਾਗੋ, ਸ਼ਰਨਜੀਤ ਕੌਰ ਅਤੇ ਝਾਂਸੀ ਦੀ ਰਾਣੀ ਵੀਰਾਂਗਣਾਂ ਦੀਆਂ ਮਿਸਾਲਾਂ ਸਾਡੇ ਸਾਹਮਣੇ ਹਨ। ਅਜਿਹੇ ਹਾਲਾਤ ਵਿੱਚ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਔਰਤ ਦਾ ਨਵੇਂ ਸਿਰੇ ਤੋਂ ਸਫ਼ਰ ਸ਼ੁਰੂ ਹੋਇਆ। ਉਸ ਨੇ ਅਨੇਕਾਂ ਜ਼ੁਲਮਾਂ ਅਤੇ ਬੇਇਨਸਾਫ਼ੀਆਂ ਨੂੰ ਸਹਾਰਦੇ ਹੋਏ ਆਪਣੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ। ਉਸ ਦਾ ਪੱਧਰ ਉੱਚਾ ਚੁੱਕਣ ਲਈ ਸਰਕਾਰ ਅਤੇ ਕੁਝ ਅਗਾਂਹ ਵਧੂ ਲੋਕਾਂ ਨੇ ਵੀ ਹਿੱਸਾ ਪਾਇਆ। ਸਭ ਤੋਂ ਪਹਿਲਾਂ ਔਰਤਾਂ ਖਿਲਾਫ਼ ਪੁਰਾਣੀਆਂ ਅਤੇ ਗ਼ਲਤ ਰਸਮਾਂ ਨੂੰ ਖਤਮ ਕਰਨ ਵੱਲ ਧਿਆਨ ਦਿੱਤਾ ਗਿਆ। ਮਹਿਸੂਸ ਕੀਤਾ ਗਿਆ ਕਿ ਧੀਆਂ ਦਾ ਪਾਲਣ ਪੋਸ਼ਣ ਵੀ ਪੁੱਤਰਾਂ ਦੀ ਤਰ੍ਹਾਂ ਲਾਡ ਪਿਆਰ ਨਾਲ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਉੱਚੀ ਵਿਦਿਆ ਦੇ ਕੇ ਆਪਣੇ ਪੈਰਾਂ ’ਤੇ ਖੜ੍ਹਾ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਵੱਖਰੀ ਪਛਾਣ ਬਣਾ ਸਕਣ ਅਤੇ ਆਪਣੇ ਪਰਿਵਾਰ ਅਤੇ ਸਮਾਜ ਦੇ ਵਿਕਾਸ ਵਿੱਚ ਭਰਪੂਰ ਹਿੱਸਾ ਪਾ ਸਕਣ। ਬਾਲੜੀਆਂ ਦੀ ਪੜ੍ਹਾਈ ਲਈ ਉਚੇਚੇ ਉਪਰਾਲੇ ਕੀਤੇ ਗਏ। ਕਿਹਾ ਗਿਆ ਕਿ ਜੇ ਇੱਕ ਲੜਕੀ ਨੂੰ ਪੜ੍ਹਾ ਲਿਆ ਤਾਂ ਸਮਝੋ ਕਿ ਪੂਰਾ ਖਾਨਦਾਨ ਹੀ ਪੜ੍ਹਾ ਲਿਆ। ਇਸ ਤਰ੍ਹਾਂ ਭਾਰਤ ਵਿੱਚ ਔਰਤਾਂ ਲਈ ਇੱਕ ਨਵਾਂ ਸਵੇਰਾ ਹੋਇਆ। ਵਿਦਿਆ ਨਾਲ ਔਰਤ ਦਾ ਗਿਆਨ ਵਧਿਆ। ਉਸ ਨੂੰ ਆਪਣੀ ਹਸਤੀ ਦਾ ਪਤਾ ਲੱਗਿਆ। ਉਹ ਕਾਫ਼ੀ ਹੱਦ ਤੱਕ ਮਰਦਾਂ ਅਤੇ ਸੱਸਾਂ ਦੀਆਂ ਜ਼ਿਆਦਤੀਆਂ ’ਚੋਂ ਆਜ਼ਾਦ ਹੋਈ। ਉਸ ਨੇ ਘਰ ਦੀ ਚਾਰਦੀਵਾਰੀ ਵਿੱਚੋਂ ਨਿਕਲ ਕੇ ਸਮਾਜ ਵਿੱਚ ਖੁੱਲ੍ਹ ਕੇ ਵਿਚਰਨਾ ਸ਼ੁਰੂ ਕੀਤਾ ਅਤੇ ਪਰਿਵਾਰ, ਸਮਾਜ ਅਤੇ ਦੇਸ਼ ਦੁਨੀਆ ਦੇ ਵਿਕਾਸ ਵਿੱਚ ਆਪਣਾ ਅਮੁੱਲਾ ਯੋਗਦਾਨ ਪਾ ਕੇ ਦੁਨੀਆ ਨੂੰ ਚਕਾਚੌਂਧ ਕਰ ਦਿੱਤਾ।
ਹੁਣ ਸਮਾਜ ਅਤੇ ਪਰਿਵਾਰ ਵਿੱਚ ਔਰਤ ਦਾ ਦਰਜਾ ਪਹਿਲੇ ਵਾਲਾ ਨਹੀਂ ਰਿਹਾ। ਹੁਣ ਔਰਤ ਮਰਦ ਦੇ ਪੈਰਾਂ ਦੀ ਜੁੱਤੀ ਨਹੀਂ ਰਹੀ ਸਗੋਂ ਉਹ ਜੀਵਨ ਸੰਗਨੀ ਹੈ। ਉਹ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਸਮਾਜ, ਪਰਿਵਾਰ ਅਤੇ ਦੇਸ਼ ਦੀ ਉਨਤੀ ਵਿੱਚ ਭਰਪੂਰ ਯੋਗਦਾਨ ਪਾ ਰਹੀ ਹੈ। ਉਹ ਮਰਦ ਦੀ ਗੁਲਾਮ ਨਹੀਂ ਰਹੀ। ਉਸ ਦੀ ਹੋਂਦ ਕੇਵਲ ਰਸੋਈ ਅਤੇ ਹੋਰ ਘਰੇਲੂ ਕੰਮਾਂ ਕਾਰਾਂ ਤੱਕ ਹੀ ਸੀਮਤ ਨਹੀਂ। ਇਸ ਲਈ ਉਸ ਨਾਲ ਕਿਸੇ ਵੱਲੋਂ ਵੀ ਘਟੀਆ ਸਲੂਕ ਨਹੀਂ ਹੋਣਾ ਚਾਹੀਦਾ। ਉਹ ਪੜ੍ਹੀ ਲਿਖੀ ਹੈ। ਉਸ ਦੇ ਅੰਦਰਲੇ ਗਿਆਨ ਦੇ ਨੇਤਰ ਖੁੱਲ੍ਹ ਗਏ ਹਨ। ਉਹ ਬਾਹਰ ਦੇ ਸਾਰੇ ਕੰਮ ਅਤੇ ਰੁਜ਼ਗਾਰ ਦੇ ਸਾਰੇ ਕੰਮ ਨਿਭਾ ਰਹੀ ਹੈ। ਉਹ ਪਰਿਵਾਰ ਦੀ ਆਰਥਿਕ ਦਸ਼ਾ ਸੁਧਾਰਨ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ। ਸਮਾਜ ਵਿੱਚ ਉਸ ਦੀ ਮਰਦਾਂ ਦੇ ਬਰਾਬਰ ਇੱਜ਼ਤ ਹੈ। ਹੁਣ ਉਹ ਨਿਮਾਣੀ ਅਤੇ ਨਿਤਾਣੀ ਨਹੀਂ ਰਹੀ। ਆਪਣੀ ਇਸ ਹੋਂਦ ਨੂੰ ਬਰਕਰਾਰ ਰੱਖਣ ਲਈ ਉਸ ਨੂੰ ਬਹੁਤ ਸੰਘਰਸ਼ ਕਰਨਾ ਪੈ ਰਿਹਾ ਹੈ ਜਿਸ ਕਾਰਨ ਉਸ ਨੂੰ ਘਰੇਲੂ ਕੰਮ ਕਾਰ ਵਿੱਚੋਂ ਪਤੀ ਜਾਂ ਸੱਸ ਦੇ ਸਹਿਯੋਗ ਦੀ ਲੋੜ ਹੈ। ਇਸ ਸੱਚਾਈ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਨੂੰਹਾਂ ਤੋਂ ਆਪਣਾ ਦਬਦਬਾ ਘਟਾਉਣਾ ਚਾਹੀਦਾ ਹੈ। ਘਰ ਦੇ ਸਾਰੇ ਜੀਆਂ ਨੂੰ ਹਮੇਸ਼ਾਂ ਦੂਜੇ ਪ੍ਰਤੀ ਚੰਗੀ ਭਾਵਨਾ ਅਤੇ ਜ਼ੁਬਾਨ ਵਿੱਚ ਮਿਠਾਸ ਰੱਖਣੀ ਚਾਹੀਦੀ ਹੈ।
ਇਸ ਸਮੇਂ ਤੱਕ ਕੇਵਲ ਭਾਰਤ ਦੀ ਨਾਰੀ ਨੇ ਹੀ ਆਜ਼ਾਦੀ ਨਹੀਂ ਲਈ ਸਗੋਂ ਦੁਨੀਆ ਭਰ ਦੀਆਂ ਔਰਤਾਂ ਨੇ ਹੀ ਆਪਣੇ ਪੈਰਾਂ ’ਤੇ ਖੜ੍ਹੇ ਹੋ ਕੇ ਆਪਣੀ ਹੋਂਦ ਦਾ ਪ੍ਰਗਟਾਵਾ ਕੀਤਾ ਅਤੇ ਪੁਰਸ਼ ਸਮਾਜ ਨੂੰ ਹੈਰਾਨ ਕਰ ਦਿੱਤਾ। ਅੱਜ ਜ਼ਿੰਦਗੀ ਦਾ ਕੋਈ ਮੁਕਾਮ ਨਹੀਂ ਜਿਸ ਵਿੱਚ ਹਿੱਸਾ ਪਾ ਕੇ ਔਰਤਾਂ ਨੇ ਆਪਣੀ ਸਰਦਾਰੀ ਨਹੀਂ ਦਿਖਾਈ। ਮੁਸ਼ਕਿਲ ਤੋਂ ਮੁਸ਼ਕਿਲ ਜੋਖ਼ਮ ਭਰੇ ਕੰਮਾਂ, ਜਿਨ੍ਹਾਂ ਵਿੱਚ ਕੇਵਲ ਪੁਰਸ਼ਾਂ ਦੀ ਹੀ ਸਰਦਾਰੀ ਮੰਨੀ ਜਾਂਦੀ ਸੀ, ਵਿੱਚ ਵੀ ਬਰਾਬਰ ਹਿੱਸਾ ਪਾ ਕੇ ਔਰਤਾਂ ਪੁਰਸ਼ਾਂ ਦੇ ਬਰਾਬਰ ਖੜ੍ਹੀਆਂ ਹਨ। ਕਈ ਖਿੱਤਿਆਂ ਵਿੱਚ ਤਾਂ ਅੱਜ ਇਕੱਲੀ ਔਰਤ ਦੀ ਹੀ ਅਜ਼ਾਰੇਦਾਰੀ ਬਣ ਗਈ ਹੈ। ਜਿਵੇਂ ਰਿਸੈਪਸਨਿਸ਼ਟ ਅਤੇ ਨਰਸਰੀ ਸਕੂਲ ਅਧਿਆਪਕ ਆਦਿ। ਅੱਜ ਔਰਤਾਂ ਆਈ.ਏ.ਐੱਸ., ਆਈ.ਐੱਫ.ਐੱਸ. ਅਤੇ ਪੀ.ਸੀ.ਐੱਸ. ਦੀਆਂ ਸਭ ਤੋਂ ਉੱਚੀਆਂ ਨੌਕਰੀਆਂ ’ਤੇ ਬਿਰਾਜਮਾਨ ਹਨ। ਉਹ ਫ਼ੌਜ, ਪੁਲੀਸ ਅਤੇ ਇੰਜਨੀਅਰਿੰਗ ਦੀਆਂ ਕੁਰਸੀਆਂ ਸੰਭਾਲੀ ਬੈਠੀਆਂ ਹਨ। ਉਹ ਪੁਲਾੜ ਵਿੱਚ ਵੀ ਉਡਾਰੀਆਂ ਲਾ ਰਹੀਆਂ ਹਨ। ਉਹ ਦਰਜੀ, ਮਿਸਤਰੀ ਅਤੇ ਪਲੰਬਰ ਆਦਿ ਦਾ ਕੰਮ ਵੀ ਆਸਾਨੀ ਨਾਲ ਕਰ ਰਹੀਆਂ ਹਨ। ਉਹ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਵੀ ਚੁਣ ਕੇ ਦੇਸ਼ ਦੀ ਵਾਗਡੋਰ ਸੰਭਾਲ ਰਹੀਆਂ ਹਨ। ਉਹ ਮੰਤਰੀ ਅਤੇ ਕਈ ਦੇਸ਼ਾਂ ਦੀਆਂ ਪ੍ਰਧਾਨ ਮੰਤਰੀ ਬਣ ਕੇ ਵੀ ਆਪਣੇ ਦੇਸ਼ਾਂ ਦੇ ਲੋਕਾਂ ਦੀ ਸਮੁੱਚੀ ਅਗਵਾਈ ਕਰ ਰਹੀਆਂ ਹਨ।
ਇਸ ਸਭ ਦੇ ਬਾਵਜੂਦ ਅੱਜ ਔਰਤਾਂ ਨੂੰ ਦੂਹਰੀ ਮੁਸ਼ੱਕਤ ਕਰਨੀ ਪੈ ਰਹੀ ਹੈ ਦਫ਼ਤਰ ਦੇ ਕੰਮ ਦੇ ਨਾਲ ਨਾਲ ਉਨ੍ਹਾਂ ਨੂੰ ਆਪਣੇ ਪਰਿਵਾਰ ਦੀ ਵੀ ਪੂਰੀ ਸੰਭਾਲ ਕਰਨੀ ਪੈਂਦੀ ਹੈ। ਉਨ੍ਹਾਂ ਲਈ ਮਿਹਨਤ ਜ਼ਿਆਦਾ ਅਤੇ ਆਰਾਮ ਘੱਟ ਹੈ, ਪਰ ਅਜੇ ਵੀ ਕਈ ਘਟੀਆ ਸੋਚ ਵਾਲੇ ਬੰਦੇ ਆਪਣੀ ਪਤਨੀ ਨੂੰ ਤਾਅਨਾ ਦਿੰਦੇ ਹਨ-‘ਤੂੰ ਸਾਰੀ ਦਿਹਾੜੀ ਕਰਦੀ ਹੀ ਕੀ ਹੈ?’ ਇੱਥੇ ਪੁਰਸ਼ਾਂ ਨੂੰ ਆਪਣੀ ਸੋਚ ਬਦਲ ਕੇ ਆਪਣੀਆਂ ਔਰਤਾਂ ਨਾਲ ਘਰ ਦੇ ਕੰਮਾਂ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ।
ਇੱਕ ਵਾਰੀ ਕਿਸੇ ਨੇ ਆਪਣੇ ਦੋਸਤ ਨੂੰ ਪੁੱਛਿਆ ਕਿ ਪਾਣੀ ਦੀ ਕੀ ਅਹਿਮੀਅਤ ਹੈ? ਉਸ ਨੇ ਉੱਤਰ ਦਿੱਤਾ ਕਿ ਇੱਕ ਦਿਨ ਪਾਣੀ ਨਾ ਪੀ, ਆਪੇ ਕੀਮਤ ਪਤਾ ਲੱਗ ਜਾਵੇਗੀ। ਔਰਤ ਤੋਂ ਬਿਨਾਂ ਪੁਰਸ਼ ਅਧੂਰਾ ਹੈ। ਔਰਤ ਤੋਂ ਬਿਨਾਂ ਸੰਸਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਔਰਤ ਨਾਲ ਹੀ ਪਰਿਵਾਰ ਬਣਦਾ ਹੈ। ਜੇ ਇੱਕ ਦਿਨ ਵੀ ਪਤਨੀ ਪੇਕੇ ਚਲੀ ਜਾਏ ਤਾਂ ਸਾਰਾ ਘਰ ਹੀ ਉਲਟ ਪੁਲਟ ਹੋ ਜਾਂਦਾ ਹੈ। ਬੰਦੇ ਨੂੰ ਆਪਣੇ ਕੱਪੜੇ ਹੀ ਨਹੀਂ ਲੱਭਦੇ। ਸਾਰਾ ਘਰ ਭੂੂੂੂਤਵਾੜਾ ਬਣ ਜਾਂਦਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਘਰ ਵਿੱਚ ਗੁਣਵੰਤੀ ਨਾਰ ਹੋਏ ਤਾਂ ਉਹ ਪਤੀ ਅਤੇ ਪਰਿਵਾਰ ਦੇ ਭਾਗ ਬਦਲ ਕੇ ਰੱਖ ਦਿੰਦੀ ਹੈ। ਗੁਣਵੰਤੀ ਨਾਰ ਨਾਲ ਘਰ ਵਿੱਚ ਖ਼ੁਸ਼ਹਾਲੀ ਅਤੇ ਸੁੱਖ ਸ਼ਾਤੀ ਆਉਂਦੀ ਹੈ। ਔਰਤ ਮਮਤਾ ਦੀ ਮੂਰਤ ਹੈ। ਪਰਿਵਾਰ ਵਿੱਚ ਉਹ ਸਭ ਨੂੰ ਅਥਾਹ ਪਿਆਰ ਵੰਡਦੀ ਹੈ। ਔਰਤ ਤੋਂ ਬਿਨਾਂ ਘਰ ਨਹੀਂ ਬਣਦਾ। ਬੰਦੇ ਭਾਵੇਂ ਚਾਰ, ਪੰਜ ਜਾਂ ਇਸ ਤੋਂ ਵੀ ਜ਼ਿਆਦਾ ਹੋ ਜਾਣ, ਪਰ ਉਨ੍ਹਾਂ ਨੂੰ ਪਰਿਵਾਰ ਨਹੀਂ ਕਿਹਾ ਜਾ ਸਕਦਾ। ਉਹ ਛੜੇ ਮਲੰਗ ਹੀ ਅਖਵਾਉਂਦੇ ਹਨ। ਉਨ੍ਹਾਂ ਵਿੱਚ ਇੱਕ ਵੀ ਔਰਤ ਰਲ ਜਾਏ ਤਾਂ ਉਹ ਪਰਿਵਾਰ ਬਣ ਜਾਂਦਾ ਹੈ। ਔਰਤ ਸੁੰਦਰਤਾ ਦੀ ਦੇਵੀ ਅਤੇ ਸ਼ਕਤੀ ਦੀ ਪ੍ਰਤੀਕ ਹੈ। ਉਸ ਦੀ ਇੱਕ ਮੁਸਕਰਾਹਟ ਹੀ ਬੰਦੇ ਦੇ ਮਨ ਨੂੰ ਮੋਹ ਲੈਂਦੀ ਹੈ। ਉਹ ਮੋਮ ਦੀ ਤਰ੍ਹਾਂ ਨਰਮ ਵੀ ਹੈ ਅਤੇ ਚੰਡੀ ਦੀ ਤਰ੍ਹਾਂ ਤਾਕਤਵਰ ਵੀ ਹੈ।
ਇੱਥੇ ਇੱਕ ਗੱਲ ਹੋਰ ਵੀ ਹੈ ਕਿ ਆਪਣੀ ਕੁੱਖ ਵਿੱਚੋਂ ਸੰਤਾਨ ਪੈਦਾ ਕਰਨ ਦੀ ਦਾਤ ਪਰਮਾਤਮਾ ਨੇ ਕੇਵਲ ਔਰਤ ਨੂੰ ਹੀ ਦਿੱਤੀ ਹੈ। ਪੁਰਸ਼ ਭਾਵੇਂ ਜਿੰਨਾ ਮਰਜ਼ੀ ਮਹਾਨ ਕੰਮ ਕਰ ਲਏ, ਪਰ ਉਹ ਆਪਣੇ ਪੇਟ ਵਿੱਚੋਂ ਸੰਤਾਨ ਪੈਦਾ ਨਹੀਂ ਕਰ ਸਕਦਾ। ਇਹ ਖ਼ੁਸ਼ੀ ਪਰਮਾਤਮਾ ਨੇ ਕੇਵਲ ਔਰਤ ਨੂੰ ਹੀ ਦਿੱਤੀ ਹੈ।
ਆਪਣੀ ਮਹਾਨ ਉਨਤੀ ਕਾਰਨ ਔਰਤਾਂ ਨੂੰ ਆਪਣੇ ’ਤੇ ਮਾਣ ਤਾਂ ਜ਼ਰੂਰ ਹੋਣਾ ਚਾਹੀਦਾ ਹੈ, ਪਰ ਘੁਮੰਢ ਨਹੀਂ ਹੋਣਾ ਚਾਹੀਦਾ। ਪਰਿਵਾਰਕ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਰਿਸ਼ਤਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਬੇਸ਼ੱਕ ਸਰਕਾਰ ਨੇ ਔਰਤ ਦੀ ਰੱਖਿਆ ਅਤੇ ਸਨਮਾਨ ਲਈ ਕਈ ਕਾਨੂੰਨ ਬਣਾਏ ਹਨ, ਪਰ ਉਹ ਬੇਅਸਰ ਸਾਬਤ ਹੋ ਕੇ ਰਹਿ ਗਏ ਹਨ। ਅੱਜ ਵੀ ਦੇਸ਼ ਵਿੱਚ ਔਰਤਾਂ ਦਾ ਸ਼ੋਸ਼ਣ ਹੋ ਰਿਹਾ ਹੈ। ਕਈ ਵਾਰੀ ਜਦੋਂ ਕੋਈ ਔਰਤ ਘਰੋਂ ਇਕੱਲੀ ਬਾਹਰ ਜਾ ਰਹੀ ਹੋਵੇ ਤਾਂ ਉਸ ਨੂੰ ਘਟੀਆ ਪੁਰਸ਼ਾਂ ਦੀਆਂ ਕਾਮੁਕ ਨਜ਼ਰਾਂ ਦਾ ਅਤੇ ਨੰਗੇ ਫ਼ਿਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਛੋਟੀਆਂ ਛੋਟੀਆਂ ਬਾਲੜੀਆਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਨੂੰ ਜਾਨੋ ਮਾਰ ਦਿੱਤਾ ਜਾਂਦਾ ਹੈ ਤਾਂ ਕਿ ਵਹਿਸ਼ੀ ਦਰਿੰਦਿਆਂ ਦਾ ਕੋਈ ਸਬੂਤ ਨਾ ਰਹੇ। ਇੱਥੇ ਪੁਲੀਸ ਅਤੇ ਕਾਨੂੰਨ ਵੀ ਬੇਬੱਸ ਹੋ ਕੇ ਰਹਿ ਜਾਂਦੀ ਹੈ। ਫਿਰ ਵੀ ਨਾਰੀ ਇਨ੍ਹਾਂ ਜ਼ੁਲਮਾਂ ਨੂੰ ਸਹਿੰਦੀ ਹੋਈ ਅੱਗੇ ਵਧਦੀ ਜਾ ਰਹੀ ਹੈ ਅਤੇ ਆਪਣੀ ਹੋਂਦ ਦਾ ਪ੍ਰਗਟਾਵਾ ਕਰ ਰਹੀ ਹੈ।
ਇਸ ਇੰਟਰਨੈੱਟ ਦੇ ਯੁੱਗ ਵਿੱਚ ਵੀ ਕੁਝ ਔਰਤਾਂ ਖਾਸ ਕਰ ਕੇ ਨੀਵੇਂ ਤਬਕੇ ਦੀਆਂ ਲਈ ਬੜਾ ਕੁਝ ਕਰਨ ਦੀ ਲੋੜ ਹੈ। ਗ਼ਰੀਬ ਔਰਤਾਂ ਬਗਲੀ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਪਾਈ ਸਿਰਾਂ ’ਤੇ ਇੱਟਾਂ ਅਤੇ ਗਾਰੇ ਦੇ ਵੱਡੇ ਵੱਡੇ ਢੇਰ ਢੋਂਦੀਆਂ ਨਜ਼ਰ ਆਉਂਦੀਆਂ ਹਨ। ਉਹ ਸੜਕਾਂ ਅਤੇ ਰੇਲਵੇ ਸਟੇਸ਼ਨਾਂ ’ਤੇ ਭੀਖ ਮੰਗਦੀਆਂ ਨਜ਼ਰ ਆਉਂਦੀਆਂ ਹਨ। ਉਨ੍ਹਾਂ ਦਾ ਪੱਧਰ ਉੱਚਾ ਚੁੱਕਣ ਲਈ ਅਤੇ ਵਿਦਿਆ ਦੇਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ ਤਾਂ ਕਿ ਉਹ ਹੋਣਹਾਰ ਬੱਚਿਆਂ ਨੂੰ ਜਨਮ ਦੇ ਕੇ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾ ਸਕਣ।
ਗਿਆਨ ਦਾ ਕੋਈ ਅੰਤ ਨਹੀਂ। ਹਰ ਕੰਮ ਵਿੱਚ ਸੁਧਾਰ ਦੀ ਗੁੰਜਾਇਸ਼ ਰਹਿੰਦੀ ਹੈ। ਅੱਗੇ ਵਧਣਾ ਹੀ ਜ਼ਿੰਦਗੀ ਦਾ ਨਿਯਮ ਹੈ। ਇਸ ਲਈ ਇਹ ਕਦੀ ਨਹੀਂ ਕਿਹਾ ਜਾ ਸਕਦਾ ਕਿ ਔਰਤ ਨੇ ਅੰਤਿਮ ਮੰਜ਼ਿਲ ਨੂੰ ਛੂੂਹ ਲਿਆ ਹੈ ਅਤੇ ਹੁਣ ਉਸ ਨੂੰ ਹੋਰ ਅੱਗੇ ਵਧਣ ਦੀ ਜ਼ਰੂਰਤ ਨਹੀਂ। ਪਰਿਵਰਤਨ ਜ਼ਿੰਦਗੀ ਦਾ ਨਿਯਮ ਹੈ। ਸੁਹਜ ਸੁਆਦ ਮਨੁੱਖ ਦੀ ਫਿਤਰਤ ਹੈ। ਇਨ੍ਹਾਂ ਦੋਹਾਂ ਗੱਲਾਂ ਕਰ ਕੇ ਹੀ ਮਨੁੱਖ ਨੇ ਪੱਥਰ ਯੁੱਗ ਤੋਂ ਅੱਜ ਤੱਕ ਦਾ ਸਫ਼ਰ ਤੈਅ ਕੀਤਾ ਹੈ। ਮੰਜ਼ਿਲਾਂ ਤਾਂ ਹੋਰ ਵੀ ਅੱਗੇ ਤੋਂ ਅੱਗੇ ਹਨ। ਹਾਲੀ ਪੁਲਾੜ ਵਿੱਚ ਅਤੇ ਹੋਰ ਖਿੱਤਿਆਂ ਵਿੱਚ ਬਹੁਤ ਖੋਜ ਹੋਣੀ ਹੈ। ਕਈ ਭਿਆਨਕ ਬਿਮਾਰੀਆਂ ਦੇ ਇਲਾਜ ਲੱਭੇ ਜਾਣੇ ਹਨ ਜਿਸ ਵਿੱਚ ਔਰਤਾਂ ਦੀ ਵੱਡੀ ਭਾਗੀਦਾਰੀ ਦੀ ਲੋੜ ਪਵੇਗੀ।
ਸੰਪਰਕ: 83608-42861