ਵਰਿੰਦਰ ਸ਼ਰਮਾ
ਬਦਲਾਅ ਦੇ ਅਜੋਕੇ ਦੌਰ ਵਿੱਚ ਛੋਟੇ-ਛੋਟੇ ਬੱਚੇ ਆਪਣੇ ਮਾਪਿਆਂ ਦੇ ਕਹਿਣੇ ’ਚ ਨਹੀਂ ਹਨ। ਇਹ ਛੋਟੀ ਉਮਰ ਦੇ ਬੱਚੇ ਆਪਣੀ 13-14 ਸਾਲ ਦੀ ਉਮਰ ’ਚ ਪਹੁੰਚਦੇ ਹੋਏ ਆਪਣੇ ਭਵਿੱਖ ਨੂੰ ਸੰਵਾਰਨ ਦੀ ਬਜਾਏ ਆਪਣੀ ਸਕੂਲੀ ਉਮਰ ’ਚ ਹੀ ਹਿੰਸਕ ਗਤੀਵਿਧੀਆਂ ’ਚ ਸ਼ਾਮਲ ਹੋ ਰਹੇ ਹਨ। ਦੇਸ਼ ਭਰ ਦੇ ਵਿਦਿਅਕ ਅਦਾਰਿਆਂ ’ਚ ਵਿਦਿਆਰਥੀਆਂ ਦਰਮਿਆਨ ਖੂਨੀ ਝੜਪਾਂ ਦੀਆਂ ਨਿੱਤ ਆਉਂਦੀਆਂ ਖ਼ਬਰਾਂ ਸਾਡੇ ਲਈ ਚਿਤਾਵਨੀ ਹਨ ਅਤੇ ਅਜਿਹੀਆਂ ਭਿਆਨਕ ਘਟਨਾਵਾਂ ਅਧਿਆਪਕਾਂ ਅਤੇ ਮਾਪਿਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਵੀ ਹਨ।
ਦਰਅਸਲ, ਇਹ ਗੱਲ ਸਮਝ ਤੋਂ ਪਰੇ ਹੈ ਕਿ ਬਚਪਨ ਹਿੰਸਕ ਕਿਉਂ ਹੁੰਦਾ ਜਾ ਰਿਹਾ ਹੈ? ਇਹ ਦੇਖਿਆ ਗਿਆ ਹੈ ਕਿ ਖੇਡਣ ਅਤੇ ਖਾਣ-ਪੀਣ ਦੀ ਉਮਰ ’ਚ ਮਾਸੂਮ ਬੱਚਿਆਂ ਦੇ ਵਿਵਹਾਰ ’ਚ ਹਮਲਾਵਰਤਾ ਸਮੁੱਚੇ ਸਮਾਜ ਲਈ ਘਾਤਕ ਸਾਬਤ ਹੋ ਰਹੀ ਹੈ ਕਿਉਂਕਿ ਇਹ ਅੱਲ੍ਹੜ ਦੇਸ਼ ਦਾ ਭਵਿੱਖ ਅਤੇ ਕੱਲ੍ਹ ਦੇ ਨਾਗਰਿਕ ਵੀ ਹਨ। ਇਸ ਲਈ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਨੂੰ ਸਮੇਂ ਸਿਰ ਸਹੀ ਸੇਧ ਦੇਈਏ।
ਬਿਨਾਂ ਸ਼ੱਕ ਬੱਚਿਆਂ ਦਾ ਮਨ ਕੋਰੀ ਸਲੇਟ ਵਾਂਗ ਹੁੰਦਾ ਹੈ। ਤੁਸੀਂ ਉਸ ਨੂੰ ਜਿਸ ਵੀ ਸਾਂਚੇ ’ਚ ਢਾਲੋਗੇ ਉਹ ਆਪਣੇ ਆਪ ਨੂੰ ਉਸ ਸਾਂਚੇ ’ਚ ਢਾਲ ਲਵੇਗਾ। ਇੱਕ ਗੱਲ ਹੋਰ, ਕੀ ਇਸ ਤੇਜ਼ ਰਫ਼ਤਾਰ ਜ਼ਿੰਦਗੀ ’ਚ ਇਨ੍ਹਾਂ ਨੂੰ ਸੰਭਾਲਣ ਲਈ ਕਿਸੇ ਕੋਲ ਸਮਾਂ ਹੈ? ਮਾਪੇ ਵੀ ਬੇਵੱਸ ਹਨ। ਜੇਕਰ ਮਾਪੇ ਨੌਕਰੀ ਕਰਦੇ ਹਨ ਤਾਂ ਬੱਚਿਆਂ ਨੂੰ ਕੰਮ ਵਾਲੀ ਦੇ ਹਵਾਲੇ ਕਰਨ ’ਤੇ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਨਹੀਂ ਹੁੰਦਾ। ਮਾਪਿਆਂ ਦੇ ਪਿਆਰ ਤੋਂ ਵਾਂਝੇ ਰਹਿ ਜਾਣ ਕਾਰਨ ਉਨ੍ਹਾਂ ਦੇ ਵਿਵਹਾਰ ’ਚ ਚਿੜਚਿੜਾਪਣ ਆ ਜਾਂਦਾ ਹੈ। ਇਸ ਤੋਂ ਇਲਾਵਾ ਅੱਜਕੱਲ੍ਹ ਛੋਟੇ ਬੱਚਿਆਂ ਦੇ ਕੋਮਲ ਹੱਥਾਂ ’ਚ ਮੋਬਾਈਲ ਫੋਨ ਆ ਗਏ ਹਨ। ਬਚਪਨ, ਕਿਸ਼ੋਰ ਅਵਸਥਾ ਤੋਂ ਲੈ ਕੇ ਜਵਾਨੀ ਤੱਕ ਅੱਪੜਦੇ ਇਹ ਬੱਚੇ ਮੋਬਾਈਲ ਫੋਨ ਦੇ ਇੰਨੇ ਆਦੀ ਹੋ ਜਾਂਦੇ ਹਨ ਕਿ ਫਿਰ ਇਨ੍ਹਾਂ ਦਾ ਪਿੱਛੇ ਮੁੜਨਾ ਅਸੰਭਵ ਹੋ ਜਾਂਦਾ ਹੈ। ਜਦੋਂ ਵੀ ਉਨ੍ਹਾਂ ਨੂੰ ਫੋਨ ਵਾਪਸ ਕਰਨ ਲਈ ਕਿਹਾ ਜਾਂਦਾ ਹੈ ਤਾਂ ਉਹ ਧਮਕੀਆਂ ਦਿੰਦੇ ਹਨ ਅਤੇ ਉਨ੍ਹਾਂ ਦਾ ਸੁਭਾਅ ਬੇਹੱਦ ਹਿੰਸਕ ਹੋ ਜਾਂਦਾ ਹੈ।
ਸੁੰਦਰ-ਸੁੰਦਰ ਛੋਟੀਆਂ ਕਵਿਤਾਵਾਂ/ਕਹਾਣੀਆਂ ਵੇਖਦੇ ਹੋਏ ਇਹ ਬੱਚੇ ਹਿੰਸਕ ਫਿਲਮਾਂ/ਸੀਰੀਅਲਾਂ ਅਤੇ ਖਿਡੌਣਿਆਂ ਦੇ ਵੀਡੀਓ ਵੇਖਣ ਲੱਗ ਜਾਂਦੇ ਹਨ। ਬਸ ਇੱਥੇ ਹੀ ਬੱਚਿਆਂ ਦਾ ਹਿੰਸਾ ਵੱਲ ਝੁਕਾਅ ਪੈਦਾ ਹੋ ਜਾਂਦਾ ਹੈ। ਇਸੇ ਕਰਕੇ ਅੱਜ ਦੀ ਨਵੀਂ ਪੀੜ੍ਹੀ ਦਾ ਹਥਿਆਰਾਂ ਨਾਲ ਮੋਹ ਪੈਦਾ ਹੋਣਾ ਸੁਭਾਵਿਕ ਹੀ ਹੀ। ਉਹ ਹੱਥਾਂ ’ਚ ਹਥਿਆਰ ਫੜਨ ਨੂੰ ਆਪਣੀ ਸ਼ਾਨ ਸਮਝਦੇ ਹਨ। ਉਹ ਛੋਟੀਆਂ-ਛੋਟੀਆਂ ਗੱਲਾਂ ’ਤੇ ਇੱਕ ਦੂਜੇ ਨਾਲ ਝਗੜਾ ਕਰਨ ’ਚ ਆਪਣਾ ਕੀਮਤੀ ਸਮਾਂ ਬਰਬਾਦ ਕਰਦੇ ਰਹਿੰਦੇ ਹਨ। ਇਹ ਬੱਚੇ ਆਪਣੇ ਤੋਂ ਵੱਡੇ ਮੁੰਡਿਆਂ ਨਾਲ ਰਲ ਸਮੂਹਾਂ ’ਚ ਵੰਡ ਇੱਕ ਦੂਜੇ ਨੂੰ ਲੜਨ ਲਈ ਚੁਣੌਤੀ ਵੀ ਦਿੰਦੇ ਹਨ। ਇਸੇ ਕਾਰਨ ਵਿਦਿਅਕ ਅਦਾਰਿਆਂ ’ਚ ਰੋੋਜ਼ਾਨਾ ਹਿੰਸਕ ਦ੍ਰਿਸ਼ ਵੇਖੇ ਜਾ ਸਕਦੇ ਹਨ। ਅਜਿਹਾ ਲੱਗਦਾ ਹੈ ਕਿ ਅੱਲ੍ਹੜ ਆਪਣੇ ਮਾਪਿਆਂ, ਸਰਪ੍ਰਸਤਾਂ ਅਤੇ ਸਮਾਜ ਤੋਂ ਚੰਗੀਆਂ ਕਦਰਾਂ-ਕੀਮਤਾਂ ਨਹੀਂ ਸਿੱਖਦੇ। ਇਸ ’ਚ ਦੋਸ਼ੀ ਕੌਣ ਹੈ? ਇਹ ਸੋਚਣ ਵਾਲੀ ਗੱਲ ਹੈ। ਅੱਜ ਦੇ ਇਹ ਅੱਲ੍ਹੜ ਵੀ ਨੌਜਵਾਨਾਂ ਵਾਂਗ ਆਪਣੀ ਵੱਖਰੀ ਕਾਲਪਨਿਕ ਦੁਨੀਆ ’ਚ ਰਹਿਣਾ ਪਸੰਦ ਕਰਦੇ ਹਨ। ਇਹ ਆਪ ਤੋੋਂ ਵੱਡੇ ਨੌਜਵਾਨਾਂ ਦੀ ਰੀਸ ਕਰਦੇ ਹਨ। ਇੱਥੋਂ ਹੀ ਸਾਨੂੰ ਅੱਲ੍ਹੜਾਂ ਦੇ ਹਮਲਾਵਰ ਰਵੱਈਏ ਦਾ ਅੰਦਾਜ਼ਾ ਲੱਗਣ ਲੱਗ ਪੈਂਦਾ ਹੈ।
ਅੱਲ੍ਹੜਾਂ ਦੀ ਹਮਲਾਵਰ ਮਾਨਸਿਕਤਾ ਨੂੰ ਠੱਲ੍ਹ ਪਾਉਣ ਲਈ ਤੁਰੰਤ ਕਦਮ ਚੁੱਕਣਾ ਸਮੇਂ ਦੀ ਮੁੱਖ ਲੋੜ ਹੈ। ਅਧਿਆਪਕਾਂ, ਮਾਪਿਆਂ ਅਤੇ ਸਮਾਜ ਨੂੰ ਇਸ ਬੇਹੱਦ ਸੰਵੇਦਨਸ਼ੀਲ ਵਿਸ਼ੇ ’ਤੇ ਵਿਚਾਰ ਕਰਨਾ ਹੋਵੇਗਾ। ਅਜਿਹੇ ਬੇਹੱਦ ਨਾਜ਼ੁਕ ਹਾਲਤ ਕਿਉਂ ਬਣਦੇ ਜਾ ਰਹੇ ਹਨ? ਸੋਚੋ, ਥੋੜ੍ਹਾ-ਬਹੁਤ ਵਿਚਾਰ ਕਰੋ ਕਿ ਇਹ ਅੱਲ੍ਹੜ ਇੰਨੀ ਛੋਟੀ ਉਮਰ ’ਚ ਕਿਹੜੀਆਂ ਮਾਨਸਿਕ ਸਥਿਤੀਆਂ ’ਚੋਂ ਗੁਜ਼ਰ ਰਹੇ ਹਨ ਅਤੇ ਕਿਉਂ ਆਤਮਹੱਤਿਆ ਜਿਹੇ ਘਾਤਕ ਕਦਮ ਚੁੱਕ ਰਹੇ ਹਨ। ਗੌਰਤਲਬ ਹੈ ਕਿ ਆਧੁਨਿਕ ਮੋਬਾਈਲ ਫੋਨ ਦੇ ਯੁੱਗ ’ਚ ਇੰਟਰਨੈੱਟ ਦੀ ਬੇਲਗਾਮ ਵਰਤੋਂ ਉਨ੍ਹਾਂ ਦੇ ਵਿਵਹਾਰ ’ਚ ਅਚਾਨਕ ਤਬਦੀਲੀ ਲਿਆ ਰਹੀ ਹੈ। ਵੱਖ-ਵੱਖ ਆਨਲਾਈਨ ਗੇਮਾਂ ਨੇ ਬੱਚਿਆਂ ਦੇ ਬਚਪਨ ਨੂੰ ਪ੍ਰਭਾਵਿਤ ਕੀਤਾ ਹੈ। ਸਾਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੁੰਦਾ ਕਿ ਛੋਟੇ ਬੱਚੇ ਬਚਪਨ ਦੀਆਂ ਕਵਿਤਾਵਾਂ/ਕਹਾਣੀਆਂ ਦਾ ਆਨੰਦ ਲੈਂਦੇ ਹੋਏ, ਹਿੰਸਕ ਵੀਡੀਓਜ਼ ਵਿੱਚ ਕਦੋਂ ਉਲਝ ਜਾਂਦੇ ਹਨ! ਜੇਕਰ ਅਸੀਂ ਸੱਚ ਮੰਨੀਏ ਤਾਂ ਇਹ ਹਿੰਸਕ ਵੀਡੀਓਜ਼ ਅੱਲ੍ਹੜਾਂ ’ਤੇ ਮਾੜਾ ਪ੍ਰਭਾਵ ਪਾ ਰਹੇ ਹਨ। ਇਸ ਕਾਰਨ ਉਹ ਬੇਹੱਦ ਹਿੰਸਕ, ਅਸਹਿਣਸ਼ੀਲ, ਅਨੁਸ਼ਾਸਨਹੀਣ ਅਤੇ ਗੁੱਸੇ ਵਾਲੇ ਹੁੰਦੇ ਜਾ ਰਹੇ ਹਨ। ਉਹ ਅੱਲ੍ਹੜ ਉਮਰ ’ਚ ਹੀ ਆਪਣੇ ਰਸਤੇ ਤੋਂ ਭਟਕ ਜਾਂਦੇ ਹਨ ਅਤੇ ਅਸਮਾਜਿਕ ਅਨਸਰਾਂ ਦੇ ਨਕਸ਼ੇ-ਕਦਮਾਂ ’ਤੇ ਚੱਲਣ ਅਤੇ ਗ਼ਲਤ ਰਸਤੇ ’ਤੇ ਜਾਣ ਲਈ ਭਰਮ ਜਾਂਦੇ ਹਨ। ਉਨ੍ਹਾਂ ਦੀਆਂ ਇਹ ਗ਼ਲਤ ਹਰਕਤਾਂ ਉਨ੍ਹਾਂ ਦੇ ਆਪਣੇ ਜੀਵਨ ਅਤੇ ਸਮੂਹ ਸਮਾਜ ਲਈ ਕੋਈ ਸ਼ੁੱਭ ਸੰਕੇਤ ਨਹੀਂ ਹਨ।
ਜੇਕਰ ਅਸੀਂ ਇਸ ’ਤੇ ਵਿਚਾਰ ਕਰੀਏ ਤਾਂ ਇਹ ਸਾਡੇ ਸਾਰਿਆਂ ਅੱਗੇ ਬਹੁਤ ਗੰਭੀਰ ਸਮੱਸਿਆ ਆ ਖੜ੍ਹੀ ਹੋਈ ਹੈ। ਅਜਿਹੀ ਸੰਕਟਮਈ ਸਥਿਤੀ ’ਚ ਸਾਨੂੰ ਅੱਲ੍ਹੜਾਂ ਦੀ ਸਥਿਤੀ ਨੂੰ ਸਮਝਦੇ ਹੋਏ ਆਪਣੇ ਆਪ ਹੀ ਅੱਗੇ ਆਉਣਾ ਪਵੇਗਾ। ਇਹ ਯਕੀਨੀ ਤੌਰ ’ਤੇ ਸਮੁੱਚੇ ਸਮਾਜ ਲਈ ਬਿਹਤਰ ਹੋਵੇਗਾ ਅਤੇ ਬਚਪਨ ਵੀ ਆਪਣੀ ਮਾਸੂਮੀਅਤ ’ਤੇ ਨਾਜ਼ ਕਰ ਸਕੇਗਾ। ਆਧੁਨਿਕ ਸਮੇਂ ’ਚ ਮੋਬਾਈਲ ਬੱਚਿਆਂ ਦੇ ਮਨੋਰੰਜਨ ਦਾ ਇੱਕ ਬੇਲਗਾਮ ਸਾਧਨ ਬਣ ਗਿਆ ਹੈ। ਪਰ ਅਫ਼ਸੋਸ, ਕੋਈ ਇਹ ਦੇਖਣ ਦੀ ਖੇਚਲ ਨਹੀਂ ਕਰਦਾ ਕਿ ਇਸ ਵਿੱਚ ਕੌਣ ਕੀ ਸੇਵਾ ਕਰ ਰਿਹਾ ਹੈ ਅਤੇ ਬੱਚਿਆਂ ’ਤੇ ਇਸ ਦਾ ਕੀ ਪ੍ਰਭਾਵ ਪਵੇਗਾ? ਹੁਣ ਸਕੂਲ ਪੱਧਰ ’ਤੇ ਵੀ ਅਧਿਆਪਕਾਂ ਦੀ ਭੂਮਿਕਾ ਪਹਿਲਾਂ ਵਰਗੀ ਨਹੀਂ ਰਹੀ। ਉਹ ਬਾਲਪਨ ਹਮਲਾਵਰ ਰਵੱਈਏ ਨੂੰ ਰੋਕਣ ’ਚ ਲਾਚਾਰ ਜਿਹੇ ਜਾਪਦੇ ਹਨ।
ਦੇਖਿਆ ਜਾਵੇ ਤਾਂ ਅਜੋਕੇ ਸਮੇੇਂ ’ਚ ਗੁਰੂ-ਚੇਲੇ ਦੇ ਸਬੰਧਾਂ ’ਚ ਦੂਰੀ ਕਾਫ਼ੀ ਵਧ ਰਹੀ ਹੈ। ਬੱਚੇ ਬੇਪ੍ਰਵਾਹ ਹਨ। ਇਸ ਲਈ ਅਧਿਆਪਕ ਵੀ ਬੱਚਿਆਂ ਦੇ ਹਮਲਾਵਰ ਰਵੱਈਏ ਅਤੇ ਉਨ੍ਹਾਂ ਦੀ ਸੋਚ ਨੂੰ ਸੁਧਾਰਨ ’ਚ ਦਿਲਚਸਪੀ ਨਹੀਂ ਲੈ ਰਹੇ ਹਨ। ਮੇਰੀ ਨਿੱਜੀ ਰਾਏ ਹੈ ਕਿ ਜੇਕਰ ਸਰਕਾਰੀ ਸਕੂਲਾਂ ’ਚ ਅਧਿਆਪਕਾਂ/ਪ੍ਰਸ਼ਾਸਨਿਕ ਅਧਿਕਾਰੀਆਂ ਦੇ ਬੱਚਿਆਂ ਨੂੰ ਵੀ ਪੜ੍ਹਾਉਣਾ ਲਾਜ਼ਮੀ ਕਰ ਦਿੱਤਾ ਜਾਵੇ ਤਾਂ ਇਸ ਦੇ ਸਾਰਥਕ ਨਤੀਜੇ ਨਿਕਲ ਸਕਦੇ ਹਨ। ਲੋਕਾਂ ਨੂੰ ਪੈਸੇ ਦੀ ਅੰਨ੍ਹੇਵਾਹ ਦੌੜ ਨੂੰ ਛੱਡ ਕੇ ਆਪਣੇ ਬੱਚਿਆਂ ਦਾ ਸਹੀ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ। ਸਾਨੂੰ ਸਿਰਫ਼ ਬੱਚੇ ਪੈਦਾ ਕਰਨਾ ਹੀ ਆਪਣਾ ਕੰਮ/ ਫਰਜ਼ ਨਹੀਂ ਸਮਝਣਾ ਚਾਹੀਦਾ ਸਗੋਂ ਬੱਚਿਆਂ ਨੂੰ ਚੰਗੇ ਸੰਸਕਾਰ ਦੇਣਾ ਅਤੇ ਸਮੇਂ-ਸਮੇਂ ’ਤੇ ਉਨ੍ਹਾਂ ਵੱਲ ਧਿਆਨ ਦੇਣਾ ਵੀ ਸਾਡੀ ਸਾਰਿਆਂ ਦੀ ਮੁੱਢਲੀ ਤੇ ਨੈਤਿਕ ਜ਼ਿੰਮੇਵਾਰੀ ਹੈ। ਸਾਨੂੰ ਆਪਣੇ ਫਰਜ਼ਾਂ ਤੋਂ ਕਦੇ ਵੀ ਭੱਜਣਾ ਨਹੀਂ ਚਾਹੀਦਾ।
ਅਸੀਂ ਪਿਛਲੇ ਕੁਝ ਸਮੇਂ ਤੋਂ ਦੇਖ ਰਹੇ ਹਾਂ ਕਿ ਸਾਡੇ ਸਿਆਸੀ ਦ੍ਰਿਸ਼ ’ਚ ਵਧ ਰਹੀ ਬੇਲੋੜੀ ਹਮਲਾਵਰਤਾ ਸਾਡੇ ਨੌਜਵਾਨਾਂ ਨੂੰ ਵੀ ਅਸੰਵੇਦਨਸ਼ੀਲ ਬਣਾ ਰਹੀ ਹੈ। ਕੁਝ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਬੇਮਿਸਾਲ ਹੰਗਾਮਾ ਵੇਖਣ ਨੂੰ ਮਿਲਿਆ। ਸਵਾਲ ਇਹ ਹੈ ਕੀ ਮਾਣਯੋਗ ਮੈਬਰਾਂ ਨੂੰ ‘ਤੂੰ-ਤੂੰ’ ਦੀ ਭਾਸ਼ਾ ਸ਼ੋਭਾ ਦਿੰਦੀ ਹੈ? ਕਿਉਂਕਿ ਇਹ ਬੱਚਿਆਂ ਦੇ ਵੀ ਆਗੂ ਹਨ। ਇਸ ਲਈ, ਇਸ ਭੈੜੀ ਕਿਸਮ ਦੀ ਸਿਆਸਤ ਦਾ ਬਚਪਨ ’ਤੇ ਮਾੜਾ ਅਸਰ ਪੈਣਾ ਸੁਭਾਵਿਕ ਹੀ ਹੈ। ਬੱਚੇ ਸਿਆਸੀ ਆਗੂਆਂ ਦੇ ਬੇਹੱਦ ਘਟੀਆ ਵਤੀਰੇ ਨੂੰ ਦੇਖ ਕੇ ਸੋਚਦੇ ਹਨ ਕਿ ਇਹ ਤਾਂ ਆਮ ਜ਼ਿੰਦਗੀ ਦਾ ਹਿੱਸਾ ਹੈ। ਅੱਲ੍ਹੜ ਉਮਰ ਦੇ ਬੱਚਿਆਂ ’ਚ ਵਧ ਰਹੀ ਹਿੰਸਕ ਪ੍ਰਵਿਰਤੀ ਦਾ ਇੱਕ ਹੋਰ ਮੁੱਖ ਕਾਰਨ ਅੱਜ ਦੇ ਦੌਰ ’ਚ ਬੱਚਿਆਂ ਦਾ ਖੇਡਾਂ ਤੋਂ ਬਹੁਤ ਦੂਰ ਹੋ ਜਾਣਾ ਵੀ ਹੈ। ਇਸ ਨਾਲ ਉਨ੍ਹਾਂ ਦੇ ਵਿਵਹਾਰ ’ਚ ਮਾਸੂਮੀਅਤ ਘਟ ਰਹੀ ਹੈ। ਇਨ੍ਹਾਂ ’ਚ ਨੈਤਿਕ ਕਦਰਾਂ-ਕੀਮਤਾਂ ਹੌਲੀ-ਹੌਲੀ ਘਟ ਰਹੀਆਂ ਹਨ। ਅੱਲ੍ਹੜਾਂ ਦੇ ਵਿਵਹਾਰ ’ਚ ਵਧਦਾ ਹਮਲਾਵਰ ਰਵੱਈਆ ਸਾਡੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਆਖਰ ਇਨ੍ਹਾਂ ਬੱਚਿਆਂ ਨੂੰ ਸਹੀ ਰਸਤੇ ’ਤੇ ਲਿਆਉਣ ਲਈ ਵਿਦਿਅਕ ਸੰਸਥਾਵਾਂ, ਪ੍ਰਸ਼ਾਸਨ, ਅਧਿਆਪਕਾਂ ਅਤੇ ਮਾਪਿਆਂ ਨੂੰ ਇਸ ਸਮੱਸਿਆ ਦੇ ਹੱਲ ਲਈ ਜਲਦੀ ਅੱਗੇ ਆਉਣਾ ਚਾਹੀਦਾ ਹੈ।
ਈਮੇਲ: varindersharmadharmkot@gmail.com