ਜਗਜੀਤ ਕੌਰ ਢਿੱਲਵਾਂ
ਪੰਜਾਬਣਾਂ ਦੀ ਹਸਤ ਕਲਾ ਤੋਂ ਵਾਰੇ ਜਾਣ ਨੂੰ ਦਿਲ ਕਰਦਾ ਹੈ। ਇੰਜ ਲੱਗਦਾ ਹੈ ਜਿਵੇਂ ਉਨ੍ਹਾਂ ਦੇ ਹੱਥਾਂ ਵਿਚ ਕੋਈ ਜਾਦੂ ਹੋਵੇ। ਇਹ ਬਹੁਤ ਹੀ ਸੀਮਤ ਅਤੇ ਸਸਤੇ ਸਾਧਨਾਂ ਨਾਲ ਹਰ ਵਸਤ ਨੂੰ ਮੂੰਹੋਂ ਬੁਲਾਉਣ ਦੀ ਕਲਾ ਰੱਖਦੀਆਂ ਹਨ, ਇਹ ਕਲਾ ਭਾਵੇਂ ਸਿਉਣ-ਪਰੋਣ ਦੀ ਹੋਵੇ, ਖਾਣ ਪਕਾਉਣ ਦੀ, ਸੂਝ-ਸਲੀਕੇ ਦੀ, ਸਿਰਜਣ-ਘੜਨ ਦੀ ਜਾਂ ਫਿਰ ਨੱਚਣ-ਗਾਉਣ ਦੀ। ਪੰਜਾਬਣਾਂ ਦੀ ਹਰ ਖੇਤਰ ਵਿਚ ਸਰਦਾਰੀ ਹੈ।
ਗੱਲ ਸ਼ੁਰੂ ਕਰਦੇ ਹਾਂ ਪੰਜਾਬਣਾਂ ਦੀ ਸਿਉਣ-ਪਰੋਣ ਦੀ ਕਲਾ ਤੋਂ, ਕੱਢਣ ਕੱਤਣ ਤੋਂ, ਜਿਵੇਂ ਕਸੀਦਾਕਾਰੀ ਹਰ ਪੰਜਾਬ ਦੀ ਜਾਈ ਦਾ ਮੁੱਢਲਾ ਹੁਨਰ ਹੈ। ਬਾਲ-ਵਰੇਸ ਸੰਭਾਲਦੀਆਂ ਧੀਆਂ ਨੂੰ ਹੀ ਕੱਤਣ ਤੁੰਬਣ ਨਾਲ ਜੋੜ ਦਿੱਤਾ ਜਾਂਦਾ ਸੀ। ਜਿੱਥੇ ਉਹ ਹਾਣ ਦੀਆਂ ਮੁਟਿਆਰਾਂ ਸੰਗ ਵਿੰਗੇ-ਟੇਢੇ ਤੋਪੇ ਪਾਉਂਦੀਆਂ-ਪਾਉਂਦੀਆਂ ਸੁੱਘੜ ਰਕਾਨਾਂ ਦਾ ਖਿਤਾਬ ਜਿੱਤ ਲੈਂਦੀਆਂ ਸਨ। ਕਸੀਦਾਕਾਰੀ ਵਿਚ ਰੇਸ਼ਮ ਦੇ ਰੰਗ-ਬਿਰੰਗੇ ਅਤੇ ਮਹੀਨ ਧਾਗਿਆਂ ਨਾਲ ਕੀਤੀ ਕਲਾਕਾਰੀ ਪੰਜਾਬਣਾਂ ਦੀ ਕਲਾ ਦਾ ਸਿਖ਼ਰ ਹੈ, ਘਰ ਦੇ ਬੁਣੇ ਚਿੱਟੇ ਖੱਦਰ ਨੂੰ ਸੂਹਾ ਰੰਗ ਕੇ ਪੁੱਠੇ ਪਾਸਿਓਂ ਤੋਪੇ ਭਰਦੀਆਂ ਮੁਟਿਆਰਾਂ ਜਦੋਂ ਕੱਪੜੇ ਨੂੰ ਪਲਟ ਕੇ ਸਿੱਧਾ ਕਰਦੀਆਂ ਤਾਂ ਸੱਚਮੁੱਚ ਹੀ ਉਹ ਕਿਸੇ ਬਾਗ਼ ਜਾਂ ਫੁੱਲਾਂ ਦੀ ਕਿਆਰੀ ਵਾਂਗ ਖਿੜ ਉੱਠਦਾ। ਦਸੂਤੀ ਦੀਆਂ ਚਿੱਟੀਆਂ ਚਾਦਰਾਂ, ਸਿਰ੍ਹਾਣਿਆਂ, ਝੋਲਿਆਂ, ਮੇਜ਼ਪੋਸ਼ਾ ਤੇ ਕੱਢੇ ਮੋਰ-ਤੋਤੇ ਘੁੱਗੀਆਂ-ਚਿੜੀਆਂ ਸੱਚਮੁੱਚ ਹੀ ਉਡਾਰੀਆਂ ਮਾਰਦੇ ਪ੍ਰਤੀਤ ਹੁੰਦੇ। ਪੰਜਾਬਣਾਂ ਦੇ ਹੱਥਾਂ ਦੀ ਮਹੀਨ ਕਲਾਕਾਰੀ ਕੁਦਰਤ ਨੂੰ ਵੀ ਮਾਤ ਪਾ ਜਾਂਦੀ।
ਲੋਹੇ ਦੇ ਅੱਡਿਆਂ ਉੱਤੇ ਤਾਣਾ ਪਾ ਕੇ ਸੂਤ ਦੀਆਂ ਰੰਗ ਬਿਰੰਗੀਆਂ ਗੁੱਛੀਆਂ ਨਾਲ ਬਣੀਆਂ ਦਰੀਆਂ ਵੀ ਕਲਾ ਦਾ ਕਮਾਲ ਹਨ। ਜਿੱਥੇ ਉਹ ਆਪਣੇ ਕੋਮਲ ਪੋਟਿਆਂ ਨਾਲ ਭਾਂਤ-ਭਾਂਤ ਦੇ ਨਮੂਨਿਆਂ ਨਾਲ ਦਰੀ ਨੂੰ ਸੋਹਣਾ ਬਣਾਉਂਦੀਆਂ, ਉੱਥੇ ਹੱਥਿਆਂ (ਪੰਜੇ) ਨਾਲ ਠੋਕਰ ਕੇ ਇਸਨੂੰ ਮਜ਼ਬੂਤ ਵੀ ਬਣਾ ਲੈਂਦੀਆਂ।
ਸਾਂਝੇ ਪਰਿਵਾਰਾਂ ਦੀ ਲੋੜ ਮੁਤਾਬਿਕ ਮੰਜਿਆਂ ਦੀ ਲੋੜ ਨੂੰ ਵੀ ਪੂਰਾ ਕਰ ਲਿਆ ਜਾਂਦਾ। ਚਰਖੇ ’ਤੇ ਕੱਤੇ ਬਾਰੀਕ ਸੂਤ ਨੂੰ ਕਈ ਕਈ ਲੜੇ ਕਰਕੇ ਵੱਟਿਆ ਜਾਂਦਾ ਤੇ ਫਿਰ ਉਸਨੂੰ ਰੰਗ ਕੇ ਗੋਲੇ ਬਣਾ ਕੇ ਮੰਜਾ ਬੁਣਿਆ ਜਾਂਦਾ। ਮੰਜੇ ਬੁਣਨ ਵਿਚ ਵੀ ਹਰ ਪੰਜਾਬਣ ਆਪਣੀ ਹਸਤ ਕਲਾ ਦਾ ਪੂਰਾ ਜ਼ੌਹਰ ਵਿਖਾਉਂਦੀ ਸੀ। ਆਂਢ ਗੁਆਂਢ ਵਿਚੋਂ ਵੀ ਮੰਜੇ ਲਿਆ ਕੇ ਨਵੇਂ ਨਵੇਂ ਨਮੂਨੀਆਂ ਦੇ ਮੰਜੇ ਬੁਣੇ ਜਾਂਦੇ। ਇਸੇ ਤਰ੍ਹਾਂ ਗਰਮੀਆਂ ਵਿਚ ਵਰਤਣ ਵਾਲੀਆਂ ਹੱਥ ਪੱਖੀਆਂ ਵੀ ਕਲਾ ਦਾ ਉੱਤਮ ਨਮੂਨਾ ਹੁੰਦੀਆਂ ਸਨ। ਪੱਖੀਆਂ ਟਸਰ, ਰੇਸ਼ਮ, ਰੀਬਨ ਅਤੇ ਪਛਮ ਨਾਲ ਬਣਾਈਆਂ ਜਾਂਦੀਆਂ ਸਨ, ਫਿਰ ਉਨ੍ਹਾਂ ਨੂੰ ਮਣਕਿਆਂ, ਸਿਤਾਰਿਆਂ, ਸ਼ੀਸ਼ਿਆਂ ਅਤੇ ਲੋਗੜੀ ਦੇ ਫੁੱਲਾਂ ਨਾਲ ਸਜਾਇਆ ਜਾਂਦਾ ਸੀ। ਪੱਖੀਆਂ ਦੀ ਝਾਲਰ ਵੀ ਬੜੀਆਂ ਰੀਝਾਂ ਨਾਲ ਲਗਾਈ ਜਾਂਦੀ ਸੀ।
ਕੰਧ ਨਾਲ ਮੰਜੇ ਖੜ੍ਹੇ ਕਰਕੇ ਸਰਕੜੇ ਦੀਆਂ ਪੋਰੀਆਂ ਨਾਲ ਨਾਲੇ ਬੁਣਨਾ ਵੀ ਪੰਜਾਬਣਾਂ ਦੀ ਕਲਾ ਦਾ ਕਮਾਲ ਹੈ। ਬਾਰੀਕ ਟਸਰ ਦੇ ਨਾਲੇ ਬੁਣਦੀਆਂ ਉਂਗਲਾਂ ਨਾਲ ਦੱਬ-ਚੱਕ ਕਰਦੀਆਂ ਉਹ ਸੁੰਦਰ ਨਮੂਨੇ ਉਣ ਲੈਂਦੀਆਂ ਸਨ। ਜਿਸ ਨੂੰ ਮਲਵਈ ਬੋਲੀ ਵਿਚ ‘ਖੇਡਾਂ ਪਾਉਣਾ’ ਕਿਹਾ ਜਾਂਦਾ ਹੈ। ਘੱਗਰਿਆਂ ਵਿਚ ਪਾਏ ਜਾਣ ਵਾਲੇ ਨਾਲੇ ਮਣਕਿਆਂ, ਸਿਤਾਰਿਆਂ, ਸ਼ੀਸ਼ਿਆਂ ਤੇ ਘੁੰਗਰੂਆਂ ਨਾਲ ਸ਼ਿੰਗਾਰੇ ਹੁੰਦੇ ਸਨ। ਢਾਕ ’ਤੇ ਲਮਕਦੇ ਨਾਲੇ ਮੁਟਿਆਰਾਂ ਦੀ ਤੋਰ ਨੂੰ ਹੋਰ ਵੀ ਮਟਕੀਲੀ ਬਣਾਉਂਦੇ ਸਨ।
ਕੱਚੀਆਂ ਸਬ੍ਹਾਤਾਂ ਵਿਚ ਟਾਂਡਾ ਅਤੇ ਕਾਨਸਾਂ ਨੂੰ ਸ਼ਿੰਗਾਰਨ ਲਈ ਉਹ ਬਾਜ਼ਾਰੂ ਵਸਤਾਂ ਨਹੀਂ ਸਗੋਂ ਹੱਥੀਂ ਬਣੀਆਂ ਵਸਤਾਂ ਹੀ ਵਰਤਦੀਆਂ ਸਨ। ਕਰੋਸ਼ੀਏ ਨੂੰ ਉਂਗਲਾਂ ’ਤੇ ਘੁੰਮਾਉਂਦੀਆਂ ਉਹ ਹਾਥੀ, ਘੋੜੇ, ਮੋਰ, ਤੋਤੇ, ਹਿਰਨ, ਖਰਗੋਸ਼ ਬਣਾ ਧਰਦੀਆਂ ਸਨ। ਪੰਜਾਬਣਾਂ ਦੀ ਜਾਦੂਗਰੀ ਦਾ ਹੀ ਕਮਾਲ ਹੁੰਦਾ ਸੀ ਕੇ ਉਹ ਫਿਊਜ਼ ਹੋਏ ਬੱਲਬਾਂ ਅਤੇ ਕੱਚ ਦੀਆਂ ਖਾਲੀ ਬੋਤਲਾਂ ’ਤੇ ਵੀ ਬੇਅੰਤ ਕਲਾ ਬਿਖੇਰ ਦਿੰਦੀਆਂ ਸਨ। ਫਿਰ ਖੇਸਾਂ ਦੇ ਬੰਬਲ ਵੱਟਣਾ, ਦਰੀਆਂ ਦੀ ਜਾਲੀ ਬੰਨ੍ਹਣਾ, ਥਾਲਾਂ, ਪਰਾਂਤਾਂ ਦੇ ਰੁਮਾਲ ਬੁਣਨਾ ਵੀ ਉਨ੍ਹਾਂ ਦੀ ਦਸਤਕਾਰੀ ਦਾ ਹੁਨਰ ਸੀ। ਖੱਡਿਆਂ ’ਤੇ ਦੋੜੇ, ਖੇਸ, ਖੇਸੀਆਂ, ਦਰੀਆਂ, ਚੁਤਹੀਆਂ, ਮਜਨੂੰ ਵੀ ਉਨ੍ਹਾਂ ਦੇ ਹੱਥਾਂ ਦਾ ਹੀ ਹੁਨਰ ਸੀ। ਵੱਖ ਵੱਖ ਨਮੂਨਿਆਂ ਨਾਲ ਉਹ ਗ਼ਜ਼ਾਂ ਦੇ ਗਜ਼ ਕੱਪੜਾ ਤਿਆਰ ਕਰ ਲੈਂਦੀਆਂ ਸਨ। ਚਰਖੇ ’ਤੇ ਕੱਤੀਆਂ ਕੱਚੀਆਂ ਤੰਦਾਂ ਨੂੰ ਸਿੱਧਾ ਕਰਕੇ ਪਾਣ ਦੇਣਾ ਅਤੇ ਫਿਰ ਸੁਲਝਾਅ ਕੇ ਰੱਛ ਤਕ ਪਹੁੰਚਾਉਣਾ, ਤਾਣੇ ਨੂੰ ਸਲੀਕੇ ਨਾਲ ਲਪੇਟ ਕੇ ਰੱਖਣਾ ਫਿਰ ਬੁਣੇ ਜਾ ਰਹੇ ਕੱਪੜੇ ਨੂੰ ਤੁਰ ’ਤੇ ਲਪੇਟਣਾ ਵੀ ਉਨ੍ਹਾਂ ਦੇ ਸਚਿਆਰਪੁਣੇ ਅਤੇ ਸੁੱਘੜਤਾ ਦਾ ਸਬੂਤ ਸੀ। ਸਿਰਜਣ ਘੜਨ ਦੀ ਕਲਾ ਵਿਚ ਤਾਂ ਉਹ ਮਿੱਟੀ ਨੂੰ ਵੀ ਮੂੰਹੋਂ ਬੁਲਾ ਦਿੰਦੀਆਂ ਸਨ। ਪੰਜਾਬਣਾਂ ਦੇ ਹੱਥ ਆਈ ਕਾਲੀ ਪੀਲੀ ਮਿੱਟੀ ਵੀ ਕਲਾ ਦੀਆਂ ਬਾਤਾਂ ਪਾਉਣ ਲੱਗ ਜਾਂਦੀ। ਚੁੱਲ੍ਹੇ-ਹਾਰੇ, ਤੰਦੂਰ, ਭੜੋਲੇ, ਬਖਾਰੀਆਂ ਭਾਵੇਂ ਉਹ ਗਰਜ਼ ਪੂਰੀ ਕਰਨ ਲਈ ਬਣਾਉਂਦੀਆਂ ਸਨ, ਪਰ ਉਨ੍ਹਾਂ ਦੀ ਹਸਤ ਕਲਾ ਦਾ ਜਾਦੂ ਇਨ੍ਹਾਂ ਉੱਪਰ ਵੀ ਪ੍ਰਤੱਖ ਝਲਕਦਾ ਸੀ। ਚੁੱਲ੍ਹੇ-ਹਾਰਿਆਂ, ਕੰਧਾਂ-ਕੰਧੋਲੀਆਂ ਉੱਪਰ ਮਿੱਟੀ ਦੇ ਬਣਾਏ ਮੋਰ-ਤੋਤੇ, ਹਿਰਨ-ਚੀਤੇ, ਸ਼ੇਰ-ਬਘਿਆੜ, ਘੁੱਗੀਆਂ-ਗੁਟਾਰਾਂ ਅਤੇ ਵੇਲ-ਬੂਟੇ ਪੰਜਾਬਣਾਂ ਦੀ ਹਸਤ ਕਲਾ ਦਾ ਸਿਖਰ ਹੋ ਨਿੱਬੜਦਾ ਹੈ। ਲਿੱਪੇ ਸੰਵਾਰੇ ਚੌਂਤਰੇ ਪੰਜਾਬਣਾਂ ਦੀ ਸੁੱਘੜਤਾ ਅਤੇ ਸਚਿਆਰਤਾ ਦਾ ਸਬੂਤ ਹੁੰਦੇ ਸਨ ਜਿਨ੍ਹਾਂ ਦਾ ਜ਼ਿਕਰ ਲੰਬੀ ਹੇਕ ਵਾਲੇ ਗੀਤਾਂ ਵਿਚ ਵੀ ਮਿਲਦਾ ਹੈ:
ਲਿੱਪਿਆ ਸੰਵਾਰਿਆ ਚੌਂਤਰਾ,
ਡੇਕਾਂ ਫੁੱਲੀਆਂ ਵੇ ਚੀਰੇ ਵਾਲਿਆ।
ਪੁੱਤ ਜਿਨ੍ਹਾਂ ਦੇ ਨੌਕਰੀ,
ਮਾਵਾਂ ਡੁੱਲ੍ਹੀਆਂ ਵੇ ਚੀਰੇ ਵਾਲਿਆ।
ਚੌਂਤਰੇ, ਕੰਧੋਲੀਆਂ ਲਈ ਛੱਪੜਾਂ ਟੋਇਆਂ ਵਿਚੋਂ ਬੱਠਲਾਂ ਨਾਲ ਮਿੱਟੀ ਢੋਣੀ ਵੀ ਪੰਜਾਬਣਾਂ ਦੇ ਤਕੜੇ ਜੁੱਸਿਆਂ ਦਾ ਹੀ ਕਮਾਲ ਸੀ। ਫਿਰ ਮਿੱਟੀ ਨੂੰ ਹੱਥਾਂ ਨਾਲ ਗੁੰਨ੍ਹ-ਗੁੰਨ੍ਹ ਕੇ ਉਂਗਲਾਂ ਦੇ ਪੋਟੇ ਫੇਰ-ਫੇਰ ਕੇ ਮੋਰ ਤੋਤੇ ਬਣਾਉਣੇ ਊਨ੍ਹਾਂ ਦੇ ਕ੍ਰਮਸ਼ੀਲ ਹੱਥਾਂ ਦਾ ਹੀ ਕਮਾਲ ਸੀ। ਹੱਥੀਂ ਬਣਾਈਆਂ ਕ੍ਰਿਤਾਂ ਉੱਪਰ ਜਦੋਂ ਪੀਲੀ ਮਿੱਟੀ ਦਾ ਪੋਚਾ ਫੇਰ ਦਿੱਤਾ ਜਾਂਦਾ ਤਾਂ ਇਹ ਕ੍ਰਿਤਾਂ ਪੰਜਾਬਣ ਦੀ ਗੱਲ ਦਾ ਹੁੰਗਾਰਾ ਭਰਦੀਆਂ ਪ੍ਰਤੀਤ ਹੁੰਦੀਆਂ।
ਪੰਜਾਬਣਾਂ ਤਾਂ ਆਪਣੀ ਕਲਾ ਨਾਲ ਕੱਖਾਂ-ਕਾਨਿਆਂ ਵਿਚ ਵੀ ਜਾਨ ਪਾ ਦਿੰਦੀਆਂ ਸਨ। ਕੱਖਾਂ, ਕਾਨਿਆਂ, ਛਿਲਤਰਾਂ, ਤੀਲਾਂ ਤੋਂ ਬਣੇ ਬੋਹੀਏ-ਛਿੱਕੂ, ਕੱਤਣੀਆਂ ਵਿਚੋਂ ਵੀ ਉਨ੍ਹਾਂ ਦੀ ਕਲਾ ਡੁੱਲ੍ਹ-ਡੁੱਲ੍ਹ ਪੈਂਦੀ ਸੀ। ਕਮਾਲ ਹੈ! ਉਨ੍ਹਾਂ ਦੀਆਂ ਉਂਗਲਾਂ ਦੇ ਪੋਟੇ ਜਿਸ ਚੀਜ਼ ਨੂੰ ਵੀ ਛੂਹ ਲੈਂਦੇ ਸਨ, ਬਸ ਕਲਾ ਦੀ ਮੂਰਤ ਘੜ ਦਿੰਦੇ ਸਨ। ਕੱਤਣੀ ਚਰਖੇ ਤੋਂ ਲਾਹੇ ਹੋਏ ਗਲੋਟਿਆਂ ਨੂੰ ਸਾਂਭਣ ਲਈ ਛਿਲਤਰਾਂ-ਤੀਲਾਂ ਦੀ ਬਣਾਈ ਜਾਂਦੀ ਸੀ ਜਿਸ ਦਾ ਜ਼ਿਕਰ ਇਕ ਲੋਕ ਬੋਲੀ ਵਿਚ ਵੀ ਮਿਲਦਾ ਹੈ:
ਖੰਭ ਸੁੱਟ ਜਾ ਕਲਹਿਰੀਆ ਮੋਰਾ
ਵੇ ਕੱਤਣੀ ਦੀ ਤੀਲ੍ਹ ਟੁੱਟ ਗਈ।
ਬੋਹੀਏ ਅਖ਼ਬਾਰੀ ਕਾਗ਼ਜ਼ਾਂ ਨੂੰ ਮਿੱਟੀ ਵਿਚ ਗਾਲ਼ ਕੇ ਬਣਾਏ ਜਾਂਦੇ ਸਨ। ਪੰਜਾਬਣਾਂ ਕਈ ਕਈ ਦਿਨ ਕਾਗਜ਼ਾਂ ਨੂੰ ਮਿੱਟੀ ਵਿਚ ਗੁੰਨ੍ਹ ਕੇ ਰੱਖਦੀਆਂ ਸਨ। ਪੂਰੀ ਤਰ੍ਹਾਂ ਮਿੱਟੀ ਵਿਚ ਮਿਲ ਜਾਣ ਤੋਂ ਬਾਅਦ ਉਨ੍ਹਾਂ ਨੂੰ ਮੂਧੇ ਘੜਿਆਂ ਉੱਤੇ ਪੱਥ ਕੇ ਬੱਠਲ ਵਾਂਗ ਉਤਾਰ ਕੇ ਉਨ੍ਹਾਂ ਉੱਪਰ ਪੀਲੀ ਮਿੱਟੀ ਫੇਰ ਕੇ ਵੱਖ-ਵੱਖ ਰੰਗਾਂ ਨਾਲ ਫੁੱਲ-ਬੂਟੇ ਚਿਤਰੇ ਜਾਂਦੇ ਸਨ। ਇਨ੍ਹਾਂ ਬੋਹੀਆਂ ਨੂੰ ਘਰ ਵਿਚ ਆਟਾ, ਦਾਲ, ਅਨਾਜ, ਖਲ਼, ਵੜੇਵੇਂ ਪਾਉਣ ਲਈ ਵਰਤਿਆ ਜਾਂਦਾ ਸੀ। ਵਿਆਹ ਸ਼ਾਦੀਆਂ ਵਿਚ ਭਾਜੀ ਵੀ ਇਨ੍ਹਾਂ ਵਿਚ ਪਾ ਕੇ ਵਰਤਾਈ ਜਾਂਦੀ ਸੀ। ਧੀ-ਭੈਣ ਨੂੰ ਸੰਧਾਰੇ ਦੇ ਮੱਠੀਆਂ-ਗੁਲਗਲੇ ਵੀ ਬੋਹੀਏ ਵਿਚ ਪਾ ਕੇ ਭੇਜੇ ਜਾਂਦੇ ਸਨ, ਇਸ ਲਈ ਸੰਧਾਰੇ ਨੂੰ ‘ਬੋਹੀਆ ਆਉਣਾ’ ਵੀ ਕਹਿੰਦੇ ਹਨ।
ਇਨ੍ਹਾਂ ਤੋਂ ਬਿਨਾਂ ਘਰ ਵਿਚ ਲੱਸੀ, ਤਿਉੜ ਮੱਖਣ, ਘਿਓ, ਪੰਜੀਰੀ, ਭੁੱਖੇ, ਪਾਪੜ, ਵੜੀਆਂ, ਪਿੰਨੀਆਂ ਤਿਆਰ ਕਰਨਾ ਵੀ ਉਨ੍ਹਾਂ ਦੇ ਸਚਿਆਰਪੁਣੇ ਦਾ ਹੀ ਕਮਾਲ ਸੀ। ਗੱਲ ਕੀ ਉਨ੍ਹਾਂ ਦੇ ਸੁੱਘੜ ਹੱਥਾਂ ਵਿਚ ਕੋਈ ਅਲੋਕਾਰੀ ਹੁਨਰ ਸੀ। ਇਸੇ ਕਰਕੇ ਪੰਜਾਬਣਾਂ ਦੀ ਸਿਫ਼ਤ ਕਰਦਾ ਨੰਦਲਾਲ ਨੂਰਪੁਰੀ ਕਹਿ ਉੱਠਿਆ:
ਬੱਲੇ ਨੀਂ ਪੰਜਾਬ ਦੀਏ ਸ਼ੇਰ ਬੱਚੀਏ…
ਸੰਪਰਕ : 98157-68572