ਇੰਜ. ਈਸ਼ਰ ਸਿੰਘ
ਅਨੇਕਾਂ ਵਖਰੇਵਿਆਂ ਦੇ ਬਾਵਜੂਦ ਦੁਨੀਆਂ ਦੇ ਸਾਰੇ ਇਨਸਾਨਾਂ ਦੀ ਇਕ ਇੱਛਾ ਸਰਬਸਾਂਝੀ ਹੈ ਅਤੇ ਉਹ ਹੈ: ਇਸ ਜੀਵਨ ਵਿਚ ਪ੍ਰਸੰਨਤਾ ਦੀ ਪ੍ਰਾਪਤੀ। ਇਸੇ ਲਈ ਇਹ ਅੱਜ ਸੰਸਾਰ ਵਿਚ ਸਭ ਤੋਂ ਵੱਧ ਚਰਚਿਤ ਵਿਸ਼ਿਆਂ ਵਿਚੋਂ ਇਕ ਹੈ। ਇਸ ਦੀ ਪ੍ਰਾਪਤੀ ਲਈ ਅਸੀਂ ਹਰ ਤਰ੍ਹਾਂ ਦੀਆਂ ਸਿਆਣਪਾਂ ਵਰਤਦੇ, ਸਕੀਮਾਂ ਬਣਾਉਂਦੇ ਅਤੇ ਕੋਸ਼ਿਸ਼ਾਂ ਕਰਦੇ ਹਾਂ। ਆਪੋ ਆਪਣੇ ਧਾਰਮਿਕ ਅਕੀਦਿਆਂ ਅਨੁਸਾਰ ਅਰਦਾਸਾਂ-ਬੇਨਤੀਆਂ ਵੀ ਕਰਦੇ ਹਾਂ। ਇਸ ਮੰਤਵ ਲਈ ਬਣਾਈ ਹਰ ਉਹ ਸਕੀਮ ਅਤੇ ਕੀਤੀ ਹਰ ਉਹ ਕੋਸ਼ਿਸ਼ ਜਾਇਜ਼ ਹੈ ਜਿਹੜੀ ਕਿ ਸਮਾਜਿਕ ਅਤੇ ਨੈਤਿਕ ਕਦਰਾਂ-ਕੀਮਤਾਂ ਅਨੁਸਾਰ ਕੀਤੀ ਜਾਵੇ। ਕਿਉਂਕਿ ਇਸ ਦੀ ਪ੍ਰਾਪਤੀ ਹਰ ਇਕ ਦਾ ਹੱਕ ਹੈ। ਅਮਰੀਕਾ ਦੇ ਸੰਵਿਧਾਨ ਵਿਚ ਤਾਂ ਪ੍ਰਸੰਨਤਾ ਨੂੰ ਮੌਲਿਕ ਅਧਿਕਾਰ ਮੰਨਿਆ ਗਿਆ ਹੈ। ਇਹ ਕੋਈ ਅੱਜ ਦੇ ਮਨੁੱਖ ਦਾ ਹੀ ਨਹੀਂ, ਬਲਕਿ ਹਰ ਸਮੇਂ ਅਤੇ ਸਥਾਨ ਦੇ ਮਨੁੱਖ ਦਾ ਉਦੇਸ਼ ਰਿਹਾ ਹੈ।
ਸਾਡੇ ਇਤਿਹਾਸ ਅਤੇ ਵਰਤਮਾਨ ਤੋਂ ਪ੍ਰਤੱਖ ਹੈ ਕਿ ਬਹੁਤ ਘੱਟ ਇਨਸਾਨ ਆਪਣੀ ਇਹ ਇੱਛਾ ਪੂਰੀ ਕਰ ਸਕਦੇ ਹਨ। ਪਹਿਲੇ ਸਮਿਆਂ ਵਿਚ ਹੋਰ ਕਿਸਮ ਦੀਆਂ ਸਮੱਸਿਆਵਾਂ ਇਸ ਵਿਚ ਰੁਕਾਵਟਾਂ ਬਣੀਆਂ ਹੋਈਆਂ ਸਨ ਅਤੇ ਅੱਜ ਹੋਰ ਕਿਸਮ ਦੀਆਂ। ਸਾਡੀਆਂ ਸਮੱਸਿਆਵਾਂ ਦੀ ਕਿਸਮ ਵੀ ਬਦਲੀ ਹੈ ਅਤੇ ਇਹ ਘਟਣ ਦੀ ਬਜਾਏ ਵਧੀਆਂ ਵੀ ਹਨ। ਇਹ ਤਿੰਨ ਕਿਸਮ ਦੀਆਂ ਹਨ: ਪਹਿਲੀ ਕੁਦਰਤੀ ਆਫ਼ਤਾਂ, ਜਿਵੇਂ ਕਿ ਭੂਚਾਲ, ਹੜ੍ਹ, ਸੁਨਾਮੀਆਂ ਆਦਿ। ਦੂਸਰੀ, ਆਪ ਸਹੇੜੀਆਂ ਸਮੂਹਿਕ ਸਮੱਸਿਆਵਾਂ, ਜਿਵੇਂ ਕਿ ਜੰਗ-ਯੁੱਧ, ਪ੍ਰਦੂਸ਼ਿਤ ਵਾਤਾਵਰਣ, ਰਾਜਨੀਤਕ ਅਤੇ ਸਮਾਜਿਕ ਝਗੜੇ ਆਦਿ। ਤੀਸਰੀ, ਸਾਡੀਆਂ ਨਿੱਜੀ ਹਨ। ਭਾਵੇਂ ਇਹ ਤਿੰਨੇਂ ਸਾਡੀ ਪ੍ਰਸੰਨਤਾ ਵਿਚ ਰੁਕਾਵਟਾਂ ਹਨ, ਪਰ ਪਹਿਲੀ ਅਤੇ ਦੂਸਰੀ ਕਿਸਮ ਦੀਆਂ ਸਮੱਸਿਆਵਾਂ ਪੂਰੀ ਤਰ੍ਹਾਂ ਸਾਡੇ ਵਸ ਤੋਂ ਬਾਹਰ ਹਨ। ਤੀਸਰੀ ਕਿਸਮ ਦੀਆਂ ਵਿਚੋਂ ਕੁਝ ਨੂੰ ਅਸੀਂ ਜ਼ਰੂਰ ਨਜਿੱਠ ਸਕਦੇ ਹਾਂ ਅਤੇ ਆਪਣੀ ਪ੍ਰਸੰਨਤਾ ਵਿਚ ਵਾਧਾ ਕਰ ਸਕਦੇ ਹਾਂ।
ਇਸੇ ਕਰਕੇ ਹਰ ਵਕਤ ਅਤੇ ਹਰ ਧਰਮ ਦੇ ਮੋਢੀ ਮਹਾਂਪੁਰਖਾਂ ਅਤੇ ਸਮੇਂ ਦੇ ਸਿਆਣਿਆਂ ਨੇ ਇਨਸਾਨ ਨੂੰ ਨਿੱਜੀ ਸਮੱਸਿਆਵਾਂ ਨੂੰ ਨਜਿੱਠਣ ਲਈ ਹੀ ਵੱਧ ਸਿੱਖਿਆਵਾਂ ਦਿੱਤੀਆਂ ਹਨ। ਪੂਰਬੀ ਮਹਾਂਪੁਰਖਾਂ ਨੇ ਮੁੱਖ ਤੌਰ ’ਤੇ ਅਧਿਆਤਮਵਾਦ ਨੂੰ ਇਨ੍ਹਾਂ ਸਿੱਖਿਆਵਾਂ ਦਾ ਆਧਾਰ ਬਣਾਇਆ ਹੈ ਅਤੇ ਪੱਛਮ ਵਾਲਿਆਂ ਨੇ ਪਦਾਰਥਵਾਦ ਨੂੰ। ਇਕੋ ਮੰਤਵ ਲਈ ਅੱਡ-ਅੱਡ ਯਤਨ ਹੋਏ ਹਨ ਅਤੇ ਉਹ ਵੀ ਬਹੁਤਾ ਕਰਕੇ ਵਿਰੋਧਾਭਾਸੀ। ਪਰ ਪਿਛਲੇ ਛੇ-ਸੱਤ ਦਹਾਕਿਆਂ ਤੋਂ ਇਸ ਕੰਮ ਵਾਸਤੇ ਪੱਛਮੀ ਮਨੋ-ਵਿਗਿਆਨੀਆਂ ਨੇ ਪੂਰਬੀ ਮਹਾਂਪੁਰਖਾਂ ਦੀਆਂ ਸਿਆਣਪਾਂ ਨੂੰ ਖੁੱਲ੍ਹੇ ਮਨ ਨਾਲ ਅਪਣਾਇਆ ਹੈ। ਅੱਜ ਉਹ ਵੀ ਵਰਤਮਾਨ ਪੱਛਮੀ ਖੋਜਾਂ ਅਤੇ ਸਨਾਤਨੀ ਪੂਰਬੀ ਸਿਆਣਪਾਂ ਦਾ ਸੁਮੇਲ ਕਰ ਰਹੇ ਹਨ। ਇਸ ਸੁਮੇਲ ਦੇ ਮੂਲ ਤੱਤ ਇਹ ਹਨ:
-ਪ੍ਰਸੰਨਤਾ ਬਾਹਰੀ ਪ੍ਰਾਪਤੀਆਂ ਤੋਂ ਕਿਤੇ ਵੱਧ ਸਾਡੇ ਨਿੱਜੀ ਸੁਧਾਰਾਂ ਉੱਤੇ ਨਿਰਭਰ ਹੈ।
-ਇਹ ਕੋਈ ਮਿਥੀ ਹੋਈ ਮੰਜ਼ਿਲ ਨਹੀਂ ਜਿੱਥੇ ਪਹੁੰਚ ਕੇ ਇਹ ਕਿਸੇ ਇਨਾਮ ਦੇ ਰੂਪ ਵਿਚ ਸਾਨੂੰ ਮਿਲ ਜਾਣੀ ਹੈ। ਇਸ ਵਾਸਤੇ ਨਿਰੰਤਰ ਅਤੇ ਉਮਰ-ਭਰ ਦੀਆਂ ਕੋਸ਼ਿਸ਼ਾਂ ਦੀ ਜ਼ਰੂਰਤ ਹੈ।
-ਜੀਵਨ ਸੁੱਖਾਂ ਅਤੇ ਦੁੱਖਾਂ ਦਾ ਮਿਸ਼ਰਣ ਹੈ। ਵਾਧੇ-ਘਾਟੇ ਅਤੇ ਕਿਸਮਾਂ ਦੇ ਫਰਕਾਂ ਨਾਲ ਇਹ ਸਭ ਨੂੰ ਦਰਪੇਸ਼ ਹਨ। ਦੋਹਾਂ ਨੂੰ ਖਿੜੇ-ਮੱਥੇ ਜਰਨਾ ਪ੍ਰਸੰਨਤਾ ਦੀ ਇਕ ਸਟੇਜ ਹੈ। ਇਹ ਵਿਚਾਰ ਸਾਰਿਆਂ ਵੱਲੋਂ ਪ੍ਰਵਾਨ ਹੈ।
-ਇਸ ਵਾਸਤੇ ਸਰੀਰਿਕ ਕਸਰਤ ਵਾਂਗ ਹਰ ਇਕ ਨੇ ਆਪੋ-ਆਪਣੀਆਂ ਕੋਸ਼ਿਸ਼ਾਂ ਕਰਨੀਆਂ ਹਨ।
ਇਸੇ ਕਰਕੇ ਇਸ ਨੂੰ ਵਿਅਕਤੀਗਤ ਤੰਦਰੁਸਤੀ ਦੇ ਨਾਂ ਹੇਠ ਪ੍ਰਚਾਰਿਆ ਜਾ ਰਿਹਾ ਹੈ। ਯੂਐੱਨਓ ਵੀ ਇਸ ਵਿਚਾਰਧਾਰਾ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਆਪਣੀਆਂ ਸਾਲਾਨਾ ਵਿਸ਼ਵ ਪ੍ਰਸੰਨਤਾ ਰਿਪੋਰਟਾਂ ਵਿਚ ਇਸ ਦੀ ਖਾਸ ਚਰਚਾ ਕਰਦੀ ਹੈ।
ਹਰ ਇਨਸਾਨ ਸਮੇਂ ਸਥਾਨ ਦੀਆਂ ਪ੍ਰਸਥਿਤੀਆਂ ਅਨੁਸਾਰ ਆਪੋ ਆਪਣੇ ਧਰਮ-ਗ੍ਰੰਥਾਂ ਦੀਆਂ ਸਿੱਖਿਆਵਾਂ ਉੱਤੇ ਅਮਲ ਕਰਕੇ ਇਸ ਵਿਚ ਵਾਧਾ ਕਰ ਸਕਦਾ ਹੈ ਕਿਉਂਕਿ ਇਨ੍ਹਾਂ ਸਾਰਿਆਂ ਦਾ ਆਧਾਰ ਇਕੋ ਸੱਚ ਹੈ ਅਤੇ ਇਹ ਸਾਰੇ ਇਕੋ ਜਿਹੇ ਸਦਾਚਾਰਕ ਨਿਯਮਾਂ ਅਤੇ ਕਦਰਾਂ-ਕੀਮਤਾਂ ਦਾ ਪ੍ਰਚਾਰ ਕਰਦੇ ਹਨ। ਇਸੇ ਕਰਕੇ ਇਸ ਲੇਖ ਦਾ ਆਧਾਰ ਗੁਰਬਾਣੀ ਨੂੰ ਬਣਾਇਆ ਗਿਆ ਹੈ। ਗੁਰਬਾਣੀ ਵਿਚ ਸਾਨੂੰ ਦੋ ਕਿਸਮ ਦੀਆਂ ਵਿਚਾਰਧਾਰਾਵਾਂ ਮਿਲਦੀਆਂ ਹਨ। ਪਹਿਲੀ ਅਨੁਸਾਰ ਸਭ ਕੁਝ ਪਰਮਾਤਮਾ ਦੀ ਇੱਛਾ ਅਨੁਸਾਰ ਹੁੰਦਾ ਹੈ, ਇਨਸਾਨ ਦੇ ਹੱਥ-ਵਸ ਕੁਝ ਵੀ ਨਹੀਂ। ਹਰ ਮਨੁੱਖ ਪਹਿਲਾਂ ਹੀ ਨਿਰਧਾਰਤ ਹੋ ਚੁੱਕੀ ਤਕਦੀਰ ਅਨੁਸਾਰ ਜੀਵਨ ਜਿਉਂਦਾ ਹੈ, ਕਰਮ ਕਰਦਾ ਹੈ ਅਤੇ ਦੁਖ-ਸੁਖ ਭੁਗਤਦਾ ਹੋਇਆ ਇਸ ਦੁਨੀਆਂ ਤੋਂ ਚਲਾ ਜਾਂਦਾ ਹੈ। ਤਕਦੀਰ ਬਦਲਦੀ ਨਹੀਂ ਕਿਉਂਕਿ ਇਹ ਕਰਮ-ਸਿਧਾਂਤ ਦੇ ਸਖ਼ਤ ਅਤੇ ਬੇ-ਲਿਹਾਜ਼ ਕਾਨੂੰਨ ਅਨੁਸਾਰ ਬਣਦੀ ਹੈ। ਦੂਸਰੀ ਅਨੁਸਾਰ ਸਾਨੂੰ ਉੱਦਮ, ਕਿਰਤ ਅਤੇ ਕਰਮ ਕਰਨ ਦੀਆਂ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਹਨ। ਮਨੁੱਖੀ ਜਨਮ ਦਾ ਲਾਹਾ ਲੈਣ ਲਈ ਪ੍ਰੇਰਿਆ ਜਾਂਦਾ ਹੈ। ਆਪਣੇ ਔਗੁਣਾਂ ਅਤੇ ਵਿਕਾਰਾਂ ਦਾ ਤਿਆਗ ਕਰਨ ਦੀਆਂ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਹਨ। ਕੁਮੱਤ ਛੱਡ ਕੇ ਸੁਮੱਤ ਨੂੰ ਗ੍ਰਹਿਣ ਕਰਨ ਅਤੇ ਮਨ ਦੀਆਂ ਮੈਲਾਂ ਲਾਹੁਣ ਦੇ ਸਾਧਨ ਸਮਝਾਏ ਜਾਂਦੇ ਹਨ। ਮਨੁੱਖ ਵਿਚ ਪਰਮਾਤਮਾ ਨਾਲ ਮਿਲਾਪ ਕਰਨ ਦੀ ਪ੍ਰਤਿਭਾ ਹੋਣ ਦੀ ਤਸੱਲੀ ਦਿੱਤੀ ਜਾਂਦੀ ਹੈ। ਸਾਨੂੰ ਇਹ ਦੋਵੇਂ ਵਿਚਾਰਧਾਰਾਵਾਂ ਪਰਸਪਰ ਵਿਰੋਧੀ ਲੱਗਦੀਆਂ ਹਨ। ਪਰ ਇਨ੍ਹਾਂ ਦੀ ਓਪਰੀ ਵਿਰੋਧਤਾ ਪਿੱਛੇ ਛੁਪੀ ਸਹਿਹੋਂਦ ਇਸ ਗੁੱਝੇ ਭੇਦ ਦਾ ਪ੍ਰਗਟਾਵਾ ਕਰਦੀ ਹੈ ਕਿ ਸਾਡੀ ਤਕਦੀਰ ਅਤੇ ਸਾਡੀਆਂ ਵਿਓਂਤਾਂ (ਤਦਬੀਰਾਂ) ਦਾ ਆਪਸ ਵਿਚ ਅਟੁੱਟ ਸਬੰਧ ਹੈ। ਇਹ ਦੋਵੇਂ ਇਕ ਦੂਜੀ ਦੀਆਂ ਪੂਰਕ ਹਨ ਅਤੇ ਸਾਡੇ ਜੀਵਨ ਵਿਚ ਨਾਲੋ-ਨਾਲ ਲਾਗੂ ਹੁੰਦੀਆਂ ਹਨ।
ਸਕਾਰਾਤਮਕ ਮਨੋਵਿਗਿਆਨ ਦੇ ਸੰਸਾਰ-ਪ੍ਰਸਿੱਧ ਬਾਨੀ ਡਾ. ਮਾਰਟਿਨ ਸੈਲਿਗਮੈਨ ਅਤੇ ਉਸ ਦੀ ਟੀਮ ਨੇ ਪ੍ਰਸੰਨਤਾ ਦਾ ਇਕ ਫਾਰਮੂਲਾ ਬਣਾਇਆ ਹੈ ਜਿਸ ਅਨੁਸਾਰ ਸਾਡੇ ਜੀਵਨ ਦੀਆਂ ਘਟਨਾਵਾਂ ਦੋ ਪ੍ਰਕਾਰ ਦੀਆਂ ਹਨ: ‘ਨਾ ਬਦਲਣਯੋਗ’ ਅਤੇ ‘ਬਦਲਣਯੋਗ’।
ਪ੍ਰਸੰਨਤਾ = (ਸੈੱਟ ਪੁਆਇੰਟ + ਜ਼ਿੰਦਗੀ ਦੇ ਹਾਲਾਤ) + ਕੋਸ਼ਿਸ਼ਾਂ
ਇਸ ਫਾਰਮੂਲੇ ਅਨੁਸਾਰ ਸਾਡੀ ਪ੍ਰਸੰਨਤਾ ਤਿੰਨ ਗੱਲਾਂ ਉੱਤੇ ਨਿਰਭਰ ਹੈ। ਸਾਡੇ ਜੀਵਨ ਦਾ ਸੈੱਟ- ਪੁਆਇੰਟ, ਸਾਡੇ ਜੀਵਨ ਦੇ ਹਾਲਾਤ ਅਤੇ ਸਾਡੀਆਂ ਕੋਸ਼ਿਸ਼ਾਂ। ਸੈੱਟ- ਪੁਆਇੰਟ ਸਾਡੀ ਪ੍ਰਸੰਨਤਾ ਦੇ ਪੈਮਾਨੇ ਦਾ ਇਕ ਪੱਧਰ ਹੈ ਜੋ ਸਾਡੇ ਕੱਦ ਵਾਂਗ ਕੁਦਰਤ ਵੱਲੋਂ ਪਹਿਲਾਂ ਹੀ ਨਿਸਚਿਤ ਹੈ, ਜਿਵੇਂ ਕਿ ਕਿਸੇ ਨੇ ਸੁਭਾਅ ਪੱਖੋਂ ਆਮ ਕਰਕੇ ਖੁਸ਼ ਰਹਿਣਾ ਹੈ ਅਤੇ ਕਿਸੇ ਨੇ ਦੁਖੀ। ਦੂਜੇ ਨੰਬਰ ’ਤੇ ਸਾਡੀ ਜ਼ਿੰਦਗੀ ਦੇ ਹਾਲਾਤ ਹਨ, ਜਿਵੇਂ ਕਿ ਸਾਡਾ ਦੇਸ਼, ਧਰਮ, ਮਾਤਾ-ਪਿਤਾ, ਬੁੱਧੀ ਆਦਿ। ਪਹਿਲੀਆਂ ਦੋਵੇਂ ਗੱਲਾਂ ‘ਨਾ ਬਦਲ’ ਸਕਣ ਯੋਗ ਹਨ। ਤੀਜੇ ਨੰਬਰ ’ਤੇ ਸਾਡੇ ਉਪਰਾਲੇ ਹਨ ਜਿਨ੍ਹਾਂ ਨਾਲ ਅਸੀਂ ‘ਬਦਲ’ ਸਕਣ ਯੋਗ ਗੱਲਾਂ ਨੂੰ ਬਦਲ ਸਕਦੇ ਹਾਂ। ਇਸੇ ਟੀਮ ਦੀ ਅਮਲੀ ਤੌਰ ’ਤੇ ਲਾਹੇਵੰਦ ਇਕ ਹੋਰ ਖੋਜ ਇਹ ਹੈ ਕਿ ਅਸੀਂ ਆਪਣੇ ਜੀਵਨ ਦੇ ਸੈੱਟ- ਪੁਆਇੰਟ ਅਤੇ ਜ਼ਿੰਦਗੀ ਦੇ ਹਾਲਾਤ ਤੋਂ ਬਹੁਤੇ ਦੁਖੀ ਨਹੀਂ ਹੁੰਦੇ ਕਿਉਂਕਿ ਮਨੁੱਖੀ ਸੁਭਾਅ ਕਰਕੇ ਅਸੀਂ ਇਨ੍ਹਾਂ ਨਾਲ ਸਮਝੌਤਾ ਕਰ ਲੈਂਦੇ ਹਾਂ। ਅਸੀਂ ਆਪਣੇ ਕੱਦ-ਬੁੱਤ, ਮਾਤਾ-ਪਿਤਾ, ਦੇਸ਼, ਧਰਮ ਅਤੇ ਸੁਭਾਅ ਨੂੰ ਛੇਤੀ ਸਵੀਕਾਰ ਕਰਕੇ ਆਪਣੇ ਜੀਵਨ ਨੂੰ ਇਨ੍ਹਾਂ ਅਨੁਸਾਰ ਢਾਲ ਲੈਂਦੇ ਹਾਂ। ਪਰ ‘ਬਦਲ’ ਸਕਣ ਯੋਗ ਸਥਿਤੀਆਂ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਨਾ ਕਰਨਾ ਸਾਡੀ ਖ਼ੁਸ਼ੀ ਵਿਚ ਵੱਡੀ ਰੁਕਾਵਟ ਹੈ। ਕੋਸ਼ਿਸ਼ਾਂ ਨਾ ਕਰਨ ਦਾ ਕਾਰਨ ਸਾਡੀਆਂ ਲਾਪ੍ਰਵਾਹੀਆਂ ਅਤੇ ਸਾਡਾ ਆਲਸ ਹੈ। ਇਨ੍ਹਾਂ ਕਰਕੇ ਖੁੰਝਾਏ ਸੁਧਾਰ ਅਤੇ ਵਿਕਾਸ ਦੇ ਮੌਕਿਆਂ ਨੂੰ ਸਾਡਾ ਅਚੇਤ ਮਨ ਰਿਕਾਰਡ ਕਰਦਾ ਰਹਿੰਦਾ ਹੈ ਜਿਸ ਨਾਲ ਸਾਡੇ ਅੰਦਰ ਝੋਰੇ, ਪਛਤਾਵੇ ਅਤੇ ਆਤਮ-ਗਿਲਾਨੀ ਪੈਦਾ ਹੁੰਦੀ ਰਹਿੰਦੀ ਹੈ। ਜੋ ਪ੍ਰਸੰਨਤਾ ਦੀ ਵੱਡੀ ਦੁਸ਼ਮਣ ਹੈ।
ਕੁਦਰਤ ਨੇ ਸਾਡੇ ਵਿਚ ਪ੍ਰਤਿਭਾ ਪਾਈ ਹੈ। ਉਸ ਦਾ ਵਿਕਾਸ ਅਤੇ ਉਪਯੋਗ ਸਾਨੂੰ ਆਪ ਕਰਨਾ ਪੈਂਦਾ ਹੈ। ਡੈਮ ਦੇ ਪਿੱਛੇ ਇਕੱਠੇ ਕੀਤੇ ਪਾਣੀ ਵਿਚ ਅਥਾਹ ਸਮਰੱਥਾ ਹੁੰਦੀ ਹੈ, ਪਰ ਇਹ ਬਿਜਲੀ ਦੀ ਸ਼ਕਤੀ ਮਸ਼ੀਨਾਂ ਵਿਚੋਂ ਲੰਘ ਕੇ ਹੀ ਪੈਦਾ ਕਰ ਸਕਦਾ ਹੈ। ਇਸੇ ਤਰ੍ਹਾਂ ਪ੍ਰਸੰਨਤਾ ਸਿਰਫ਼ ਪੜ੍ਹਨ-ਪੜ੍ਹਾਉਣ ਜਾਂ ਕੇਵਲ ਗਿਆਨ ਹਾਸਲ ਕਰਨ ਨਾਲ ਹੀ ਨਹੀਂ ਮਿਲਦੀ। ਇਸ ਦੀ ਪ੍ਰਾਪਤੀ ਵਾਸਤੇ ਦ੍ਰਿੜ ਇਰਾਦੇ, ਸੁਚੇਤ ਹੋ ਕੇ, ਸੁਹਿਰਦ ਢੰਗ ਨਾਲ ਉਮਰ-ਭਰ ਕੁਝ ਸੁਚੱਜੀਆਂ ਕਾਰਵਾਈਆਂ ਕਰਦੇ ਰਹਿਣਾ ਜ਼ਰੂਰੀ ਹੈ। ਉਦਾਹਰਨ ਵਜੋਂ ਕੁਝ ਇਹ ਹਨ: ਸਾਧਨਾ, ਸਵੀਕਾਰਤਾ, ਖਿਮਾ, ਸਬਰ-ਸੰਤੋਖ, ਨਰਮਾਈ, ਚੰਗੀ ਸਿਹਤ ਅਤੇ ਚੰਗੀ ਸੰਗਤ ਹਨ। ਮਹਾਂਪੁਰਖ ਸਾਨੂੰ ਇਨ੍ਹਾਂ ਕਾਰਵਾਈਆਂ ਵਾਸਤੇ ਪ੍ਰੇਰਦੇ ਹੀ ਇਸ ਕਰਕੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਸਾਡੇ ਵਿਚ ਬਹੁਤ ਕੁਝ ਬਦਲ ਸਕਣ ਦੀ ਕੁਦਰਤੀ ਸਮਰੱਥਾ ਹੈ।
ਇਸ ਦੇ ਨਾਲ ਅਸੀਂ ਇਹ ਵੀ ਸਮਝਣਾ ਹੈ ਕਿ ਕਿਹੜੀਆਂ ਗੱਲਾਂ ‘ਨਾ ਬਦਲ’ ਸਕਣ ਯੋਗ ਹਨ ਅਤੇ ਕਿਹੜੀਆਂ ‘ਬਦਲ’ ਸਕਣ ਯੋਗ। ਇਨ੍ਹਾਂ ਦੇ ਫ਼ਰਕ ਨੂੰ ਸਮਝਣ ਲਈ ਆਪਣੀ ਬੁੱਧੀ ਅਤੇ ਵਿਵੇਕ ਨੂੰ ਵੀ ਵਰਤਣਾ ਹੈ ਅਤੇ ਅਰਦਾਸ ਵੀ ਕਰਨੀ ਹੈ। ਇਸ ਦਾ ਇਕ ਬਹੁਤ ਵਧੀਆ ਨਮੂਨਾ ‘ਸ਼ਾਂਤੀ ਪ੍ਰੇਅਰ’ (Serenity Prayer) ਹੈ ਜੋ ਇਸ ਤਰ੍ਹਾਂ ਹੈ:
“ਸੱਚੇ ਪਾਤਸ਼ਾਹ! ਸਾਨੂੰ ਹਰ ਉਸ ਸਥਿਤੀ ਨੂੰ ਜਰਨ ਦੀ ਸਹਿਣਸ਼ੀਲਤਾ ਬਖ਼ਸ਼ ਜਿਸ ਨੂੰ ਅਸੀਂ ਬਦਲ ਨਹੀਂ ਸਕਦੇ, ਪਰ ਜਿਸ ਸਥਿਤੀ ਨੂੰ ਅਸੀਂ ਬਦਲ ਸਕਦੇ ਹਾਂ, ਉਸ ਨੂੰ ਬਦਲ ਸਕਣ ਦਾ ਹੌਸਲਾ ਅਤੇ ਬਲ ਬਖ਼ਸ਼ ਅਤੇ ਨਾਲ ਹੀ ਦੋਹਾਂ ਕਿਸਮਾਂ ਦੀਆਂ ਸਥਿਤੀਆਂ ਵਿਚ ਫ਼ਰਕ ਸਮਝਣ ਦੀ ਸੁਮੱਤ ਵੀ।”
ਸਾਡੀ ਸਿਆਣਪ ਪਹਿਲੀ ਕਿਸਮ ਦੀਆਂ ਸਥਿਤੀਆਂ ਨੂੰ ਸਵੀਕਾਰਨ ਅਤੇ ਦੂਸਰੀ ਕਿਸਮ ਦੀਆਂ ਨੂੰ ਸੁਧਾਰਨ ਵਿਚ ਹੈ। ਇਸ ਸਾਰੇ ਵਿਚਾਰ ਦਾ ਸਾਰ ਤੱਤ ਇਹ ਹੈ ਕਿ ਸਾਡਾ ਜੀਵਨ ਭਾਵੇਂ ਮੁੱਖ ਤੌਰ ’ਤੇ ਸਾਡੀ ਤਕਦੀਰ ਦਾ ਵਰਤਾਰਾ ਹੈ, ਪਰ ਇਸ ਵਿਚ ਸਾਡੀਆਂ ਕੋਸ਼ਿਸ਼ਾਂ, ਮਿਹਨਤਾਂ ਅਤੇ ਤਦਬੀਰਾਂ ਬਹੁਤ ਹੀ ਸੁਖਾਵਾਂ ਕੰਮ ਕਰਦੀਆਂ ਹਨ। ਇਸ ਲਈ ਪ੍ਰਸੰਨਤਾ ਦੀ ਪ੍ਰਾਪਤੀ ਸਾਡੀ ਤਕਦੀਰ ‘ਜਾਂ’ ਤਦਬੀਰ ਨਹੀਂ, ਬਲਕਿ ਇਹ ਸਾਡੀ ਤਕਦੀਰ ‘ਅਤੇ’ ਤਦਬੀਰ ਹੈ। ਅਸੀਂ ਦੋਹਾਂ ਦੇ ਦਾਇਰੇ ਨੂੰ ਸਮਝ ਕੇ, ਦੋਹਾਂ ਵਿਚ ਸੰਤੁਲਨ ਰੱਖਦੇ ਹੋਏ ਨਿਰੰਤਰ ਅਤੇ ਪੁਰਜ਼ੋਰ ਕੋਸ਼ਿਸ਼ਾਂ ਕਰਦੇ ਰਹਿਣਾ ਹੈ।
ਸੰਪਰਕ: 647-640-2014