ਅਤੈ ਸਿੰਘ
ਖ਼ੁਸ਼ੀ ਬੜੀ ਕੀਮਤੀ ਏ, ਮਹਿੰਗੀ ਏ, ਅਮੁੱਲੀ ਏ। ਖ਼ੁਸ਼ੀ ਪਲ ਏ, ਘੜੀ ਏ; ਘੜੀ-ਪਲ ਏ। ਖ਼ੁਸ਼ੀ ਦਾ ਇਹ ਪਲ ਈ ਪਸਰ ਕੇ ਸਮੁੱਚੀ ਜ਼ਿੰਦਗੀ ਨੂੰ ਖ਼ੁਸ਼ੀ ਨਾਲ ਭਰ ਦਿੰਦਾ ਏ। ਬੰਦਾ ਖ਼ੁਸ਼ੀ ਨੂੰ ਸਦੀਵੀ ਬਣਾਉਣ ਲਈ, ਜ਼ਿੰਦਗੀ ਨੂੰ ਸਦੀਵ ਖ਼ੁਸ਼ੀ ਨਾਲ ਭਰਨ ਲਈ, ਖ਼ੁਸ਼ੀ ਨੂੰ ਆਪਣੀ ਖ਼ੁਸ਼ੀ ਬਣਾਉਣ ਲਈ ਕੀ ਕੁਝ ਕਰਦਾ ਏ – ਚੰਗਾ-ਮਾੜਾ, ਸਿੱਧਾ-ਪੁੱਠਾ, ਔਖਾ-ਸੌਖਾ, ਖ਼ੁਸ਼ੀ ਹਾਸਲ ਹੋਵੇ ਸਹੀ, ਭਾਵੇਂ ਕਿਵੇਂ ਵੀ ਹੋਵੇ। ਪਰ, ਅਸਲ ਖ਼ੁਸ਼ੀ ਲੱਭਦੀ ਨਹੀਂ, ਖ਼ੁਸ਼ੀ ਸਿਰਫ਼ ਹੁੰਦੀ ਏ – ਮਹਿਸੂਸ ਹੁੰਦੀ ਏ, ਅਨੁਭਵ ਹੁੰਦੀ ਏ; ਜ਼ਿੰਦਗੀ ਦੇ ਸੰਗ-ਸੰਗ ਹੁੰਦੀ ਏ। ਖ਼ੁਸ਼ੀ ਖੁਸਦੀ ਨਹੀਂ, ਗੁਆਚਦੀ ਨਹੀਂ, ਸਿਰਫ਼ ਸਾਨੂੰ ਖ਼ੁਸ਼ ਹੋਣ ਦੀ ਜਾਚ ਭੁੱਲਦੀ ਏ।
ਖ਼ੁਸ਼ੀ ਲਈ ਬੰਦਾ ਕੀ ਨਹੀਂ ਕਰਦਾ ! ਮੁਹੱਬਤ ਤੋਂ ਨਫ਼ਰਤ, ਨਫ਼ਰਤ ਤੋਂ ਮੁਹੱਬਤ ਵੱਲ ਮੁੜਦਾ ਏ। ਜਿਊਣ ਤੋਂ ਮਰਨ ਤਕ ਅੱਪੜਦਾ ਏ। ਆਸ ਤੋਂ ਨਿਰਆਸ ਤਕ, ਨਿਰਆਸ ਤੋਂ ਮੁੜ ਆਸ ਵੱਲ ਆਉਂਦਾ ਏ। ਕੇਹੀ ਤ੍ਰਾਸਦੀ ਏ ਕਿ ਖ਼ੁਸ਼ੀ ਲਈ ਬੰਦਾ, ਬੰਦਾ ਮਾਰਨ ਤਕ ਵੀ ਜਾਂਦਾ; ਤਾਂ ਵੀ ਖ਼ੁਸ਼ੀ ਨਸੀਬ ਨਹੀਂ ਹੁੰਦੀ। ਉਹ ਰਾਂਝੇ ਵਾਲੀ ਵੰਝਲੀ ਵਜਾਉਣੀ ਜੂ ਭੁੱਲ ਬੈਠਾ!
ਹੁਣ ਤਰੱਕੀ ਦੇ ਦੌਰ ਵਿਚ ਰਾਂਝੇ ਦੀ ਵੰਝਲੀ ਨੂੰ ਪੁੱਛਦਾ ਵੀ ਕੌਣ ਏ ਭਲਾ! ਤੜਕੇ ਤੋਂ ਗਈ ਰਾਤ ਤਕ ਵੱਡੇ-ਵੱਡੇ, ਉੱਚੇ-ਉੱਚੇ, ਭਾਰੇ-ਭਾਰੇ ਧੂਤੂ ਕਿੱਲ੍ਹ-ਕਿੱਲ੍ਹ ਆਪਣੇ ਸੰਘ ਤੇ ਦੂਜਿਆਂ ਦੇ ਕੰਨ ਪਾੜ-ਪਾੜ ਉੱਚੀਆਂ-ਲੰਮੀਆਂ ਸੁਰੀਆਂ-ਬੇਸੁਰੀਆਂ; ਆਪ-ਹੁਦਰੀਆਂ ਹੇਕਾਂ ਲਾ ਲਾ ਮਨੁੱਖ ਦਾ ਜਨਮ ਸਫਲ ਕਰਨ ’ਤੇ ਲੱਗੇ ਨੇ। ਨਵੀਂ ਤਕਨੀਕ ਦੇ ਡੀ.ਜੇ . ਆਵਾਜ਼ਾਂ ਵਾਲੀਆਂ ਧੂੜਾਂ ਪੁੱਟੀ ਜਾਂਦੇ ਨੇ। ਮਾਸੂਮ ਗਾਇਕ ਦੁਆਲੇ ਕੰਨ-ਪਾੜਵਾਂ ਆਰਕੇਸਟਰਾ ਘੇਰਾ ਘੱਤੀ ਬੈਠਾ ਏ। ਏਨੀ ਧਮਕ, ਏਨੇ ਖੜਾਕ; ਏਨੇ ਰੋਲ-ਘਚੋਲੇ ਵਿਚ ਕੋਈ ਸੁਰ ਵੀ ਹੋਵੇਗੀ, ਕੋਈ ਸੰਗੀਤ ਵੀ ਹੋਵੇਗਾ; ਕੋਈ ਇਲਾਹੀ ਨਾਦ ਵੀ ਸੁਣੇਗਾ – ਇਹ ਤਾਂ ਸੁਣਨ ਵਾਲੇ ਜਾਣਨ ਜਾਂ ਸੁਣਾਉਣ ਵਾਲੇ – ਜਾਂ ਫਿਰ ਇਸ ਚੀਕ ਚਿਹਾੜੇ ਤੋਂ ਡਰਦੇ, ਸਹਿਮਦੇ; ਤ੍ਰਾਹ-ਤ੍ਰਾਹ ਕਰਦੇ ਉੱਡਦੇ ਪਰਿੰਦੇ ਜਾਣਨ – ਤੇ ਜਾਂ ਫਿਰ ਕੰਨਾਂ ’ਚ ਰੂੰ ਦੇ ਕੇ ਚੰਗੇ ਭਵਿੱਖ, ਚੰਗੇ ਰੁਜ਼ਗਾਰ; ਚੰਗੇ ਜੀਵਨ ਜਿਊਣ ਦੇ ਸੁਪਨੇ ਸੰਭਾਲੀ ਪੜ੍ਹਨ ਵਾਲੇ ਪਾੜ੍ਹੇ ਜਾਣਨ, ਜਿਹੜੇ ਜਾਣਦੇ ਨੇ : ਗੀਤ ਗਾਉਣ ਲਈ ਏ ਸੁਣਾਉਣ ਲਈ ਨਹੀਂ; ਸਕੂਨ ਲਈ ਏ, ਬੇਚੈਨੀ ਲਈ ਨਹੀਂ; ਮਧੁਰਤਾ ਲਈ ਏ, ਕੁਰੱਖਤਾ ਲਈ ਨਹੀਂ। ਗਾਉਂਦੀ ਕੁਦਰਤ ਦੀ ਤਾਨ : ‘ਚਿੜੀ ਚੂਕਦੀ ਨਾਲ ਜਾਂ ਤੁਰੇ ਪਾਂਧੀ’ ਵਾਲੀ ਗੱਲ ਕਿੱਥੇ? ਇਹ ਮਹਾਨ ਪਹੁੰਚੇ ਹੋਏ, ਲੋਕ ਤਾਂ ਖ਼ੁਸ਼ੀ ਲੱਭਣ ਤੇ ਖ਼ੁਸ਼ੀ ਵੰਡਣ ’ਤੇ ਤੁਲੇ ਹੋਏ ਨੇ, ਜਿਨ੍ਹਾਂ ਦਾ ਭਾਈ ਵੀਰ ਸਿੰਘ ਵਾਂਗ ਲੱਗਦਾ ਏ, ‘ਵੱਸਲੋਂ ਉਰ੍ਹੇ ਮੁਕਾਮ ਨਾ ਕੋਈ।’ ਇਹ ਹੁਣ ਖ਼ੁਸ਼ੀ ਲਈ ਹਥਿਆਰ ਨਹੀਂ ਵਰਤਦੇ। ਇਨ੍ਹਾਂ ਕੋਲ ਗੁੜ ਏ। ਇਹ ਜ਼ਹਿਰ ਨਹੀਂ, ਗੁੜ ਦਿੰਦੇ ਨੇ – ਕਹਾਵਤ ਵੀ ਏ: ਜੇ ਬੰਦਾ ਗੁੜ ਦਿੱਤੇ… ਤਾਂ ਜ਼ਹਿਰ ਦੀ ਕੀ ਲੋੜ! ਗੁੜ ’ਚ ਕਿੰਨੀ ਖ਼ੁਸ਼ੀ ਏ। ਇਹ ਗੁੜ ਦੇਣ ਵਾਲੇ ਜਾਣਨ ਜਾਂ ਗੁੜ ਖਾਣ ਵਾਲੇ! ਜੇ ਗੁੜ ਈ ਏਨਾ ਕੁਝ ਕਰ ਦਿੰਦਾ ਏ – ਬੰਦੇ ਨੂੰ ਐਵੇਂ ਖ਼ੁਸ਼ ਕਰ ਦਿੰਦਾ ਹੈ ਤਾਂ ਜ਼ਹਿਰ ਕੀ ਕੁਝ ਨਾ ਕਰਦਾ ਹੋਵੇਗਾ? ਜ਼ਹਿਰ ਲੁਕਵਾਂ ਵੀ, ਮਿੱਠਾ ਵੀ; ਧੀਮਾ ਵੀ। ਵਿਗਿਆਨਕ ਤਰੱਕੀ ਨੇ ਜ਼ਹਿਰ ਦਾ ਨਾਂ ਵੀ ਹੁਣ ਜ਼ਹਿਰ ਨਹੀਂ ਰਹਿਣ ਦਿੱਤਾ।
ਟੀਕਾ ਤਾਂ ਜ਼ਹਿਰ ਨਹੀਂ – ਦਵਾ ਏ – ਕਈ ਮਰਜ਼ਾਂ ਦਾ ਇਲਾਜ ਏ – ਜੇ ਇਸਦੀ ਸਹੀ ਵਰਤੋਂ ਹੋਵੇ ਤਾਂ – ਤੇ ਜੇ ਦੁਰਵਰਤੋਂ ਹੋਵੇ ਤਾਂ ਇਹ ਬਿਮਾਰੀ ਏ, ਮੌਤ ਏ। ਜੇ ਮੱਝ-ਗਾਂ ਟੀਕਾ ਲਾਇਆਂ ਈ – ਪਤਾ ਨਹੀਂ ਕਾਹਦਾ – ਪਸਮ ਪੈਂਦੀ ਏ ਤੇ ਪੂਰਾ ਦੁੱਧ ਦਿੰਦੀ ਏ ਤਾਂ ਪੱਠੇ-ਦੱਥੇ, ਵੰਡ-ਵੜੇਵੇਂ; ਨਹਾਉਣ- ਪਾਣੀ ਡਾਹੁਣ ਦੀ ਕੀ ਲੋੜ? ਪੈਸੇ ਵਿਚ ਕਿੰਨੀ ਖ਼ੁਸ਼ੀ ਏ, ਇਹ ਡੰਗਰ ਕੀ ਜਾਣਨ; ਇਹ ਤਾਂ ਇਨਸਾਨ ਈ ਜਾਣੇ – ਆਧੁਨਿਕ, ਸੱਭਿਅਕ; ਅਗਾਂਹਵਧੂ ਇਨਸਾਨ ! ਟੀਕਾ ਡੰਗਰਾਂ ਲਈ ਈ ਨਹੀਂ, ਫ਼ਲਾਂ, ਸਬਜ਼ੀਆਂ; ਦਾਲਾਂ ਵਗੈਰਾ ਲਈ ਈ ਨਹੀਂ – ਸਿੱਧੇ-ਅਸਿੱਧੇ ਢੰਗ ਨਾਲ ਬੰਦੇ ਲਈ ਈ ਏ। ਟੀਕੇ ’ਚ ਕੀ ਹੁੰਦਾ ਏ – ਇਹ ਦੁੱਧ ਪੀਣ ਵਾਲੇ ਪਨੀਰ, ਫ਼ਲ, ਸਬਜ਼ੀਆਂ ਵਗੈਰਾ ਖਾਣ ਵਾਲੇ ਜਾਣਨ। ਹੁਣ ਏਡੇ ਵੱਡੇ ਮੁਲਕ ’ਚ ਸਾਰਿਆਂ ਨੂੰ ਤਾਂ ਸਭ ਕੁਝ ਖਾਣਾ ਨਸੀਬ ਨਹੀਂ ਹੁੰਦਾ। ਕਿਸੇ ਨੂੰ ਕਿਸੇ ਖਾਤਰ ਭੁੱਖਿਆਂ ਵੀ ਰਹਿਣਾ ਪੈਂਦਾ ਏ! ਬੰਦਾ ਈ ਬੰਦੇ ਲਈ ਕੁਰਬਾਨੀ ਕਰਦਾ ਏ! ਤੇ ਇਹ ਟੀਕੇ ਵਾਲਾ ਖ਼ਾਸ ਪਦਾਰਥ ਖਾ ਕੇ ਜਿਹੜੇ ਤੜਪਦੇ ਨੇ, ਡਾਕਟਰਾਂ ਕੋਲ ਜਾਂਦੇ ਨੇ; ਇਹ ਉਨ੍ਹਾਂ ਦੀ ਭੁੱਲ ਏ! ਇੱਥੇ ਤਾਂ ਉਹ ‘ਯੋਧੇ’ ਵੀ ਹਨ ਜਿਹੜੇ ਟੀਕੇ ਵਿਚ ‘ਕੁਝ’ ਭਰ ਕੇ ਆਪ ਆਪਣੀਆਂ ਨਾੜਾਂ ਵਿੰਨ੍ਹਦੇ ਨੇ – ਮੁਸਕਰਾਉਂਦੇ, ਹੱਸਦੇ; ਖ਼ੁਸ਼ ਹੁੰਦੇ ਨੇ! ਲੋਕ ਕਿਵੇਂ-ਕਿਵੇਂ ਖ਼ੁਸ਼ ਹੁੰਦੇ ਨੇ? ਵੰਝਲੀ ਤੋਂ ਗੁੜ, ਗੁੜ ਤੋਂ ਟੀਕੇ ਤਕ ਪਹੁੰਚਦੇ-ਪਹੁੰਚਦੇ; ਵੰਝਲੀ ਕਿਤੇ ਗੁਆ ਬੈਠਦੇ ਨੇ। ਉਹ ਵੰਝਲੀ ਬਿਨਾਂ ਕਿਵੇਂ ਮੁਸਕਰਾਉਂਦੇ ਨੇ; ਖ਼ੁਸ਼ੀ ਬਿਨਾਂ ਕਿਵੇਂ ਹੱਸਦੇ ਨੇ – ਉਹੀ ਜਾਣਨ! ਵਾਰਿਸ ਸ਼ਾਹ ਹੁਰੀਂ ਤਾਂ ਆਖਦੇ ਨੇ : ‘ਬਾਝ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ…।’
ਸੰਪਰਕ: 98151-77577