ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੂੰ ਆਖ਼ਰੀ ਵਾਰ ਸਾਲ 2016 ਵਿੱਚ ‘ਸਿਲਵਰ ਸਕਰੀਨ ’ਤੇ ਦੇਖਿਆ ਗਿਆ ਸੀ। ਫ਼ਿਲਮ ‘ਸਾਡੇ ਸੀਐੱਮ ਸਾਬ੍ਹ’ ਤੋਂ ਬਾਅਦ ਮਾਨ ਨੇ ਕੋਈ ਫ਼ਿਲਮ ਨਹੀਂ ਕੀਤੀ। ਹੁਣ ਉਹ ਛੇ ਸਾਲ ਮਗਰੋਂ ਫ਼ਿਲਮ ‘ਪੀਆਰ’ ਨਾਲ ਪਰਦੇ ’ਤੇ ਵਾਪਸੀ ਲਈ ਤਿਆਰ ਹੈ। ਮਨਮੋਹਨ ਸਿੰਘ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਫ਼ਿਲਮ ‘ਪੀਆਰ’ ਇੱਕ ਵਿਅਕਤੀ ਦੇ ਸਫ਼ਰ ਦਰਸਾਉਂਦੀ ਹੈ, ਜੋ ਇੱਕ ਰਹੱਸ ਸੁਲਝਾਉਣ ਲਈ ਕੈਨੇਡਾ ਜਾਂਦਾ ਹੈ। ਉਸ ਨੂੰ ਆਪਣੇ ਅਜ਼ੀਜ਼ (ਦਿਲਬਰ ਆਰੀਆ) ਦੀ ਭਾਲ ਹੈ, ਜੋ ਹਜ਼ਾਰਾਂ ਪੰਜਾਬੀਆਂ ਵਾਂਗ ਪੀਆਰ ਲੈਣ ਖ਼ਾਤਰ ਵਿਦੇਸ਼ ਜਾਂਦਾ ਹੈ।
ਹਰਭਜਨ ਮਾਨ ਨੇ ਸੋਸ਼ਲ ਮੀਡੀਆ ’ਤੇ ਫ਼ਿਲਮ ਦਾ ਟਰੇਲਰ ਸਾਂਝਾ ਕਰਦਿਆਂ ਆਖਿਆ, ‘‘ਇਹ ਫ਼ਿਲਮ ਬਹੁਤ ਮਿਹਨਤ ਨਾਲ ਬਣਾਈ ਗਈ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ 27 ਮਈ ਨੂੰ ਸਿਨੇਮਾਘਰਾਂ ਵਿੱਚ ਫ਼ਿਲਮ ਦੇਖ ਦੇ ਬਹੁਤ ਖੁਸ਼ ਹੋਵੋਗੇ!’’ ਇਸ ਫ਼ਿਲਮ ਵਿੱਚ ਅਦਾਕਾਰ ਕਰਮਜੀਤ ਅਨਮੋਲ, ਕੰਵਲਜੀਤ ਸਿੰਘ, ਕਮਲਜੀਤ ਨੀਰੂ, ਅਮਰ ਨੂਰੀ ਅਤੇ ਮਰਹੂੁਮ ਗਾਇਕ ਸਰਦੂਲ ਸਿਕੰਦਰ ਅਹਿਮ ਭੂਮਿਕਾਵਾਂ ਵਿਚ ਹਨ। ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਇਹ ਆਖ਼ਰੀ ਫਿਲਮ ਹੈ। ਨਿਰਮਾਤਾਵਾਂ ਅਨੁਸਾਰ ਫ਼ਿਲਮ ਯਕੀਨਨ ਦਰਸ਼ਕਾਂ ਦਾ ਧਿਆਨ ਖਿੱਚੇਗੀ। ਫ਼ਿਲਮ ‘ਪੀਆਰ’ ਵਿੱਚ ਹਰਭਜਨ ਮਾਨ ਅਤੇ ਨਿਰਦੇਸ਼ਕ ਮਨਮੋਹਨ ਸਿੰਘ ਇੱਕ ਵਾਰ ਫਿਰ ਇਕੱਠੇ ਹੋਏ ਹਨ। ਇਨ੍ਹਾਂ ਦੋਵਾਂ ਨੂੰ ਲਗਾਤਾਰ ਪੰਜ ਫ਼ਿਲਮਾਂ ਦੇ ਕੇ ਪੰਜਾਬੀ ਸਿਨੇਮਾ ਨੂੰ ਨਵੀਂ ਲੀਹ ’ਤੇ ਤੋਰਨ ਲਈ ਜਾਣਿਆ ਜਾਂਦਾ ਹੈ, ਜਿਨ੍ਹਾਂ ਵਿੱਚ ‘ਜੀ ਆਇਆਂ ਨੂੰ’, ‘ਅਸਾਂ ਨੂੰ ਮਾਣ ਵਤਨਾਂ ਦਾ’, ‘ਦਿਲ ਆਪਣਾ ਪੰਜਾਬੀ’, ‘ਮਿੱਟੀ ਵਾਜਾਂ ਮਾਰਦੀ’ਅਤੇ ‘ਮੇਰਾ ਪਿੰਡ-ਮਾਈ ਹੋਮ’ ਸ਼ਾਮਲ ਹਨ। ਫ਼ਿਲਮ ਵਿੱਚ ਗੀਤ ਹਰਭਜਨ ਮਾਨ, ਜਸਬੀਰ ਜੱਸੀ, ਸਰਦੂਲ ਸਿਕੰਦਰ, ਮੰਨਤ ਨੂਰ ਨੇ ਗਾਏ ਹਨ ਜਦਕਿ ਇਕ ਸ਼ਬਦ ਭਾਈ ਭੁਪਿੰਦਰ ਸਿੰਘ ਰਾਗੀ ਫਾਜ਼ਿਲਕਾ ਵਾਲਿਆਂ ਨੇ ਗਾਇਆ ਹੈ। -ਟ੍ਰਿਬਿਊਨ ਵੈੱਬ ਡੈਸਕ