ਜੱਗਾ ਸਿੰਘ ਆਦਮਕੇ
ਪੰਜਾਬੀ ਸੱਭਿਆਚਾਰ ਪੰਜਾਬੀ ਜਨ ਜੀਵਨ ਨਾਲ ਜੁੜੇ ਵਿਸ਼ਾਲ ਵਰਤਾਰੇ ਦਾ ਸਮੂਹ ਹੈ। ਪੰਜਾਬੀ ਲੋਕ ਬੋਲੀਆਂ, ਗੀਤਾਂ ਵਿੱਚ ਪੰਜਾਬੀ ਸੱਭਿਆਚਾਰ, ਪੰਜਾਬੀ ਜਨ ਜੀਵਨ ਦੇ ਹਰ ਪੱਖ ਦੀ ਪੇਸ਼ਕਾਰੀ ਮਿਲਦੀ ਹੈ। ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਪੰਜਾਬੀ ਨਾਵਾਂ ਦਾ ਜ਼ਿਕਰ ਲੋਕਗੀਤਾਂ, ਬੋਲੀਆਂ ਜਾਂ ਲੋਕ ਸਾਹਿਤ ਦੀਆਂ ਹੋਰ ਵਿਧਾਵਾਂ ਵਿੱਚ ਨਾ ਮਿਲੇ।
ਬੋਲੀਆਂ ਤੇ ਗੀਤਾਂ ਵਿੱਚ ਪੰਜਾਬੀ ਦੇ ਠੇਠ ਨਾਵਾਂ ਦੀ ਭਰਮਾਰ ਹੈ। ਅਜਿਹੇ ਨਾਵਾਂ ਵਿੱਚ ਨਾਜ਼ਰ ਦਾ ਨਾਂ ਕਦੇ ਵੀਰ ਤੇ ਕਦੇ ਮਾਹੀ ਦੇ ਰੂਪ ਵਿੱਚ ਆਉਂਦਾ ਹੈ। ਗਿੱਧੇ ਦੀਆਂ ਬੋਲੀਆਂ ਵਿੱਚ ਨਾਜ਼ਰ ਦਾ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ:
ਆ ਵੇ ਨਾਜ਼ਰਾ, ਬਹਿ ਵੇ ਨਾਜ਼ਰਾ
ਬੋਤਾ ਬੰਨ੍ਹ ਦਰਵਾਜ਼ੇ।
ਵੇ ਬੋਤੇ ਤੇਰੇ ਨੂੰ ਭੋਅ ਦੀ ਟੋਕਰੀ
ਤੈਨੂੰ ਦੋ ਪ੍ਰਸ਼ਾਦੇ।
ਇਸੇ ਤਰ੍ਹਾਂ ਜੈ ਕੌਰ ਪੰਜਾਬੀ ਔਰਤਾਂ ਦਾ ਆਮ ਮਿਲਦਾ ਨਾਂ ਸੀ। ਜੈ ਕੌਰ ਨਾਂ ਦਾ ਜ਼ਿਕਰ ਅਕਸਰ ਹੀ ਗਿੱਧੇ, ਮਲਵਈ ਗਿੱਧੇ ਦੀਆਂ ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ:
* ਅੱਡੀ ਵੱਜਦੀ ਜੈ ਕੁਰੇ ਤੇਰੀ
ਲੋਕਾਂ ਦੇ ਦਰਵਾਜ਼ੇ ਹਿੱਲਦੇ।
* ਬੱਗੇ ਬਲਦ ਖਰਾਸੇ ਜਾਣਾ
ਜੈ ਕੁਰੇ ਕੋਠੀ ਵਿੱਚੋਂ ਕੱਢ ਘੁੰਗਰੂ।
ਇਸੇ ਤਰ੍ਹਾਂ ਕਰਤਾਰ ਸਿੰਘ ਤੇ ਕਰਤਾਰ ਕੌਰ ਪੰਜਾਬੀਆਂ ਦੇ ਜਾਣੇ ਪਛਾਣੇ ਨਾਂ ਹਨ। ਕਰਤਾਰ ਸਿੰਘ ਤੇ ਕਰਤਾਰ ਕੌਰ ਨਾਵਾਂ ਦਾ ਵਰਣਨ ਲੋਕਗੀਤਾਂ ਤੇ ਲੋਕ ਬੋਲੀਆਂ ਵਿੱਚ ਵੱਖ ਵੱਖ ਤਰੀਕਿਆਂ ਨਾਲ ਕੀਤਾ ਮਿਲਦਾ ਹੈ:
* ਸਾਡੇ ਪਿੰਡ ਦਾ ਇੱਕ ਛੜਾ ਸੁਣੀਂਦਾ
ਨਾਂ ਉਹਦਾ ਕਰਤਾਰੀ
ਰਾਤੀਂ ਮੈਥੋਂ ਦਾਲ ਲੈ ਗਿਆ
ਲੱਗੀ ਉਹਨੂੰ ਬੜੀ ਕਰਾਰੀ
ਨੀਂ ਚੰਦਰੇ ਨੇ ਹੋਰ ਮੰਗ ਲੀ
ਮੈਂ ਕੜਛੀ ਬੁੱਲ੍ਹਾਂ ’ਤੇ ਮਾਰੀ
ਨੀਂ ਚੰਦਰੇ ਨੇ ਹੋਰ ਮੰਗ ਲੀ
* ਆਏ ਨੀਂ ਕਰਤਾਰੋ
ਤੇਰੇ ਵੀਰ ਅੰਮਾ ਦੇ ਜਾਏ।
ਭਾਬੀਆਂ ਟੀਰਮ ਟੀਰੀਆਂ
ਵੀਰੇ ਡੂੰਮਾਂ ਦੇ ਜਾਏ।
* ਕਰਤਾਰ ਕੁਰ ਨਖਰੋ
ਦਰਾਂ ’ਤੇ ਤੇਲ ਚੁਆ ਦਾਰੀਏ
ਨੀਂ ਮੇਲਣਾਂ ਆਈਆਂ ਦੇ
ਸ਼ਗਨ ਮਨਾ ਦਾਰੀਏ
ਇਨ੍ਹਾਂ ਸੂਰੀਆਂ ਦੇ
ਸ਼ਗਨ ਮਨਾ ਦਾਰੀਏ।
ਇਸ ਤਰ੍ਹਾਂ ਬਚਨ ਕੌਰ ਅਤੇ ਧੰਨ ਕੌਰ ਵੀ ਪੰਜਾਬਣਾਂ ਦੇ ਆਮ ਮਿਲਦੇ ਨਾਂ ਹਨ। ਲੋਕ ਬੋਲੀਆਂ ਵਿੱਚ ਬਚਨ ਕੌਰ ਅਤੇ ਧੰਨ ਕੌਰ ਦਾ ਨਾਂ ਕੁਝ ਇਸ ਤਰ੍ਹਾਂ ਵਰਤਿਆ ਮਿਲਦਾ ਹੈ :
* ਮੇਰੇ ਗੱਡੇ ਉੱਤੇ ਚੜ੍ਹ ਬਚਨੋ
ਤੈਨੂੰ ਸ਼ਿਮਲੇ ਦੀ ਸੈਰ ਕਰਵਾਵਾਂ।
* ਸੁੱਚੇ ਰੁਮਾਲਾਂ ਨੂੰ
ਲਾ ਦੇ ਧੰਨ ਕੁਰੇ ਗੋਟਾ।
ਭਾਨ ਸਿੰਘ ਵੀ ਪੰਜਾਬੀਆਂ ਦਾ ਹਰਮਨ ਪਿਆਰਾ ਨਾਂ ਅਤੇ ਲੋਕ ਬੋਲੀਆਂ, ਟੱਪਿਆਂ ਦਾ ਹਿੱਸਾ ਰਿਹਾ ਹੈ। ਭਾਨ ਸਿੰਘ (ਭਾਨ ਸਿਓਂ) ਦਾ ਵਰਣਨ ਲੋਕ ਬੋਲੀਆਂ, ਟੱਪਿਆਂ ਵਿੱਚ ਕੁਝ ਇਸ ਤਰ੍ਹਾਂ ਕੀਤਾ ਮਿਲਦਾ ਹੈ:
ਦਾਣਾ ਦਾਣਾ ਦਾਣਾ
ਉਹ ਮੈਨੂੰ ਨਿਤ ਪੁੱਛਦੀ
ਪਿੰਡ ਕਦੋਂ ਮੈਨੂੰ ਲੈ ਕੇ ਜਾਣਾ
ਅੱਡੀਆਂ ਕੂਚ ਰੱਖੀਆਂ
ਮਾਂ ਨੇ ਬਣਾ ਲਿਆ ਤਾਣਾ ਬਾਣਾ
ਲੈ ਜਾ ਭਾਨ ਸਿਆਂ
ਤੇਰੇ ਵੇ ਮੁਕਲਾਵੇ ਜਾਣਾ
ਲੈ ਜਾ ਭਾਨ ਸਿਆਂ।
ਪੰਜਾਬੀਆਂ ਦੇ ਠੇਠ ਨਾਵਾਂ ਵਿੱਚ ਇੱਕ ਨਾਂ ਸੁਰਜਣ ਸਿੰਘ ਵੀ ਹੈ। ਅਜਿਹਾ ਹੋਣ ਕਾਰਨ ਲੋਕਗੀਤਾਂ, ਬੋਲੀਆਂ ਆਦਿ ਵਿੱਚ ਸੁਰਜਣ ਦਾ ਨਾਂ ਵੀ ਬਹੁਤ ਬੋਲਦਾ ਹੈ:
ਕੈਂਠਾਂ ਤੇਰਾ ਵੇ ਮੱਲਾ
ਬਣਦਾ ਜੁਗਨੀਆਂ ਦੇ ਨਾਲ
ਜੁਗਨੀ ਡੇਢ ਤੇ ਹਜ਼ਾਰ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ।
ਅਕਸਰ ਹੀ ਲੋਕ ਬੋਲੀਆਂ ਆਦਿ ਵਿੱਚ ਹਰਨਾਮ ਕੌਰ ਦਾ ਜ਼ਿਕਰ ਵੀ ਕੁਝ ਇਸ ਤਰ੍ਹਾਂ ਮਿਲਦਾ ਹੈ:
ਰਾਇਆ ਰਾਇਆ ਰਾਇਆ
ਪੜ੍ਹ ਹਰਨਾਮ ਕੁਰੇ
ਕਾਟ ਯਾਰ ਨੇ ਪਾਇਆ
ਪੜ੍ਹ ਹਰਨਾਮ ਕੁਰੇ।
ਇਸ ਤਰ੍ਹਾਂ ਸ਼ਾਮ ਕੌਰ ਨਾਂ ਦਾ ਜ਼ਿਕਰ ਵੀ ਬਹੁਤ ਸਾਰੀਆਂ ਲੋਕ ਬੋਲੀਆਂ ਵਿੱਚ ਮਿਲਦਾ ਹੈ:
ਸੁਣ ਨੀਂ ਮੇਲਣੇ ਮਛਲੀ ਵਾਲੀਏ
ਚੜ੍ਹੀ ਜਵਾਨੀ ਲੁਕੀ ਨਾ ਰਹਿੰਦੀ
ਜਿਹੜੀ ਚੜ੍ਹੀ ਖਾ ਕੇ ਮੱਖਣ ਪੇੜੇ
ਨਾਨਕਿਆਂ ਦਾ ਮੇਲ ਦੇਖ ਕੇ
ਮਾਰਦੇ ਗੱਭਰੂ ਗੇੇੜੇ/ ਨੱਚ ਲੈ ਸ਼ਾਮ ਕੁਰੇ
ਦੇ ਦੇ ਸ਼ੌਕ ਦੇ ਗੇੜੇ/ ਨੱਚ ਲੈ ਸ਼ਾਮ ਕੁਰੇ
ਇਸ ਤਰ੍ਹਾਂ ਵੱਡੇ ਪੱਧਰ ’ਤੇ ਪੰਜਾਬੀਆਂ ਦੇ ਪ੍ਰਚੱਲਿਤ ਅਤੇ ਹਰਮਨ ਪਿਆਰੇ ਨਾਂ ਲੋਕਗੀਤਾਂ, ਲੋਕ ਬੋਲੀਆਂ, ਟੱਪਿਆਂ ਅਤੇ ਦੂਸਰੀਆਂ ਲੋਕ ਸਾਹਿਤ ਦੀਆਂ ਵਿਧਾਵਾਂ ਵਿੱਚ ਬੋਲਦੇ ਹਨ। ਅਜਿਹਾ ਹੋਣ ਨਾਲ ਲੋਕ ਸਾਹਿਤ ਵਿੱਚ ਨਾਵਾਂ ਦੀ ਵਰਤੋਂ ਪੰਜਾਬੀ ਸੱਭਿਆਚਾਰ ਅਤੇ ਲੋਕ ਸਾਹਿਤ ਦੀ ਨੇੜਤਾ ਦਾ ਅਤੇ ਲੋਕ ਸਾਹਿਤ ਵੱਲੋਂ ਸੱਭਿਆਚਾਰ ਦੀ ਪੇਸ਼ਕਾਰੀ ਦਾ ਪ੍ਰਮਾਣ ਹਨ।
ਸੰਪਰਕ: 94178-32908