ਬਾਲ ਕਹਾਣੀ
ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਹਰਖੋ ਬਿੱਲੀ ਹਰ ਰੋਜ਼ ਕੰਧ ਓਹਲੇ ਘਾਤ ਲਾ ਕੇ ਬੈਠ ਜਾਂਦੀ ਸੀ, ਪਰ ਚੂਹੇ ਉਸਦੇ ਅੱਗੇ ਤੋਂ ਝਕਾਨੀ ਦੇ ਕੇ ਲੰਘ ਜਾਂਦੇ। ਇਕ ਵੀ ਚੂਹਾ ਉਸ ਦੇ ਹੱਥ ਨਾ ਆਉਂਦਾ। ਹਰਖੋ ਕਈ ਦਿਨਾਂ ਤੋਂ ਭੁੱਖੀ ਸੀ। ਭੁੱਖ ਉਸ ਦੀਆਂ ਅੱਖਾਂ ਵਿਚ ਉਤਰ ਆਈ ਸੀ। ਉਹ ਸੋਚਦੀ ਫਟਾਫਟ ਕੋਈ ਚੂਹਾ ਉਸ ਦੇ ਪੰਜੇ ਹੇਠ ਆ ਜਾਵੇ ਅਤੇ ਉਹ ਉਸ ਨੂੰ ਸਬੂਤਾ ਹੀ ਨਿਗਲ ਜਾਵੇ।
ਅਚਾਨਕ ਸੀਵਰੇਜ ਦੀ ਮੋਰੀ ’ਚੋਂ ਦੋ ਤਿੰਨ ਚੂਹੇ ਨਿਕਲਦੇ ਦਿਖਾਈ ਦਿੱਤੇ। ਹਰਖੋ ਸਾਹ ਰੋਕ ਕੇ ਬੈਠ ਗਈ। ਚੂਹੇ ਆਸੇ ਪਾਸੇ ਦਾ ਜਾਇਜ਼ਾ ਲੈ ਰਹੇ ਸਨ। ਇਕ ਚੂਹਾ ਹੌਲੀ ਦੇਣੀ ਦੂਜੇ ਚੂਹੇ ਨੂੰ ਕਹਿੰਦਾ, ‘‘ਭਰਾਵਾ ਮੈਨੂੰ ਤਾਂ ਨੇੜੇ ਤੇੜੇ ਕੋਈ ਬਿੱਲੀ ਲੁਕੀ ਲੱਗਦੀ ਹੈ।’’ “ਲੱਗਦਾ ਤਾਂ ਮੈਨੂੰ ਵੀ ਆ।” ਦੂਜਾ ਚੂਹਾ ਬੋਲਿਆ।
“ਇਹ ਮਾਣੋ ਬੜੀ ਚਲਾਕ ਹੈ। ਪਹਿਲਾਂ ਚੂਹੇ ਨਾਲ ਖੇਡਾਂ ਖੇਡਦੀ ਹੈ, ਫੇਰ ਮਾਰ ਕੇ ਖਾ ਜਾਂਦੀ ਹੈ।”
ਤੀਜੇ ਚੂਹੇ ਨੇ ਹਾਮੀ ਭਰੀ।
“ਜੇ ਬਹੁਤਾ ਡਰ ਆਉਂਦਾ ਤਾਂ ਆਪਾਂ ਪਿਛਾਂਹ ਨੂੰ ਮੁੜ ਪੈਨੇ ਆਂ।” ਚੂਹੇ ਇਕ ਦੂਜੇ ਵੱਲ ਦੇਖਦੇ ਬੋਲੇ। “ਪਿੱਛੇ ਕਾਹਨੂੰ ਮੁੜਨਾ, ਨਾਲ ਦੇ ਘਰ ਦੇ ਕੂੜੇ ’ਚ ਬਚੇ-ਖੁਚੇ ਬਰੈੱਡ, ਪੀਜੇ ਤੇ ਕੇਕ ਦੇ ਟੁਕੜੇ ਪਏ ਨੇ। ਉਹ ਸਾਨੂੰ ਹਾਕਾਂ ਮਾਰ ਰਹੇ ਨੇ।”
“ਤੈਨੂੰ ਕਿਵੇਂ ਪਤਾ।”
“ਮੈਂ ਕੰਧ ਉੱਤੋਂ ਦੀ ਦੇਖਿਆ।”
“ਠਹਿਰੋ! ਜ਼ਰਾ ਮੈਂ ਆਪਣੇ ਪੁੱਤ ਰੈਟੂ ਨੂੰ ਬੁਲਾਉਂਦਾ ਹਾਂ। ਉਸ ਕੋਲ ਇਕ ਮਸ਼ੀਨ ਹੈ ਜੋ ਆਲੇ ਦੁਆਲੇ ਦਾ ਸਭ ਕੁਝ ਨੇੜੇ ਕਰ ਕੇ ਦਿਖਾ ਦਿੰਦੀ ਹੈ। ਆਪਾਂ ਅੱਜ ਉਹ ਮਸ਼ੀਨ ਵੀ ਵਰਤ ਕੇ ਦੇਖੀਏ।” ਮੋਟਾ ਚੂਹਾ ਬੋਲਿਆ। ਉਸ ਨੇ ਅਜੀਬ ਜਿਹੀ ਆਵਾਜ਼ ਉਤਪੰਨ ਕੀਤੀ। ਰੈਟੂ ਮਸ਼ੀਨ ਲੈ ਕੇ ਝੱਟ ਆ ਗਿਆ। ਉਸ ਨੇ ਮਸ਼ੀਨ ਆਸੇ ਪਾਸੇ ਘੁੰਮਾਈ। ਇਕ ਬਿੱਲੀ ਦੂਰ ਝਾੜੀ ਓਹਲੇ ਚੂਹਿਆਂ ਨੂੰ ਦਬੋਚਣ ਦੀ ਤਾਕ ਵਿਚ ਬੈਠੀ, ਉਸਨੂੰ ਨਜ਼ਰ ਪਈ। ਉਸ ਨੇ ਮਸ਼ੀਨ ਵਿਚੋਂ ਸਾਰੇ ਚੂਹਿਆਂ ਨੂੰ ਬਿੱਲੀ ਦਿਖਾਈ। ਚੂਹੇ ਰੈਟੂ ਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਣ ਲੱਗੇ। “ਬੜੀ ਕਮਾਲ ਦੀ ਮਸ਼ੀਨ ਆ, ਇਸ ਨੂੰ ਕੀ ਕਹਿੰਦੇ ਨੇ?”
“ਦੂਰਬੀਨ।” ਰੈਟੂ ਨੇ ਕਿਹਾ।
“ਇਹ ਤੂੰ ਕਿੱਥੋਂ ਲੈ ਕੇ ਆਇਆਂ?”
“ਪ੍ਰਯੋਗਸ਼ਾਲਾ ਵਿਚੋਂ।’’
“ਉਹ ਕੀ ਹੁੰਦੀ ਆ?”
“ਜਿੱਥੇ ਇਨਸਾਨ ਚੂਹਿਆਂ ਦੀ ਚੀਰ ਫਾੜ ਕਰਕੇ ਪ੍ਰਯੋਗ ਕਰਦੇ ਹਨ।”
“ਤੂੰ ਉੱਥੇ ਕੀ ਕਰਨ ਗਿਆ ਸੀ?”
“ਮੇਰੇ ਮਿੱਤਰ ਸਮੇਤ ਕੁਝ ਚੂਹਿਆਂ ਨੂੰ ਪ੍ਰਯੋਗਸ਼ਾਲਾ ਦਾ ਇਕ ਮੁਲਾਜ਼ਮ ਪਾਰਕ ’ਚੋਂ ਖ਼ਰੀਦ ਕੇ ਲੈ ਗਿਆ ਸੀ। ਮੈਂ ਵੀ ਉਸ ਦੇ ਸਾਈਕਲ ਦੀ ਟੋਕਰੀ ਵਿਚ ਰੱਖੇ ਕੱਪੜੇ ਥੱਲੇ ਲੁਕ ਗਿਆ। ਉੱਥੇ ਜਾ ਕੇ ਉਸ ਨੇ ਚੂਹਿਆਂ ਵਾਲਾ ਪਿੰਜਰਾ ਕਮਰੇ ਅੰਦਰ ਰੱਖ ਦਿੱਤਾ। ਮੈਂ ਵੀ ਹੌਲੀ ਦੇਣੇ ਉਸ ਪਿੰਜਰੇ ਪਿੱਛੇ ਵੜ ਗਿਆ ਸਾਂ। ਉੱਥੇ ਪ੍ਰਯੋਗਸ਼ਾਲਾ ਵਿਚ ਤਾਂ ਕਲਾਸਾਂ ਲੱਗਦੀਆਂ ਸਨ। ਅਧਿਆਪਕ ਚੂਹੇ ਦੇ ਅੰਦਰਲੇ ਪਾਸੇ ਦੀ ਸ਼ਕਲ ਬੋਰਡ ’ਤੇ ਵਾਹ ਕੇ ਬੱਚਿਆਂ ਨੂੰ ਇਕੱਲੇ ਇਕੱਲੇ ਭਾਗ ਬਾਰੇ ਸਮਝਾਉਂਦੇ ਸਨ। ਮੈਂ ਤਾਂ ਹੈਰਾਨ ਰਹਿ ਗਿਆ ਕਿ ਇਨ੍ਹਾਂ ਪੜ੍ਹਨ ਵਾਲਿਆਂ ਨੇ ਸਾਡੇ ਬਾਰੇ ਪੜ੍ਹ ਕੇ ਕੀ ਲੈਣਾ? ਉੱਥੇ ਅਧਿਆਪਕ ਰਲ ਕੇ ਉਪਕਰਨਾਂ ਅਤੇ ਯੰਤਰਾਂ ਬਾਰੇ ਗੱਲਾਂ ਵੀ ਕਰਦੇ ਸਨ। ਉਹ ਇਸ ਖਿਡੌਣੇ ਯੰਤਰ ਨਾਲ ਕਮਰੇ ਦੀ ਬਾਰੀ ’ਚੋਂ ਉੱਡਦੇ ਪੰਛੀਆਂ, ਬੱਦਲਾਂ, ਘਰਾਂ ਦੀਆਂ ਛੱਤਾਂ ਵੱਲ ਦੇਖਦੇ। ਆਪਸ ਵਿਚ ਗੱਲਾਂ ਕਰਦੇੇ। ਇਹ ਦੂਰਬੀਨ ਦੂਰੋਂ ਚੀਜ਼ਾਂ ਨੂੰ ਇਸ ਤਰ੍ਹਾਂ ਨੇੜੇ ਲਿਆ ਕੇ ਦਿਖਾ ਦਿੰਦੀ ਹੈ ਜਿਵੇਂ ਚੀਜ਼ਾਂ ਕੋਲ ਪਈਆਂ ਹੋਣ।”
‘‘ਮੈਂ ਸੋਚਿਆ ਬਈ ਇਹ ਖਿਡੌਣਾ ਤਾਂ ਸਾਡੇ ਦੁਸ਼ਮਣਾਂ ਬਿੱਲੀਆਂ, ਬਾਜ਼ ਤੇ ਉੱਲੂਆਂ ਨੂੰ ਵਾਚਣ ਦੇ ਬੜਾ ਕੰਮ ਆਊਗਾ। ਮੈਂ ਆਪਣੇ ਪਿੰਜਰੇ ਵਿਚਲੇ ਦੋਸਤ ਨਾਲ ਗੱਲ ਸਾਂਝੀ ਕੀਤੀ। ਰਾਤੀਂ ਪਿੰਜਰਾ ਤੋੜ ਕੇ ਮੇਰਾ ਦੋਸਤ ਬਾਹਰ ਆ ਗਿਆ। ਅਸੀਂ ਦੋਹਾਂ ਨੇ ਖਿਡੌਣਾ ਦੂਰਬੀਨ ਨੂੰ ਘਸੀਟ ਕੇ ਬਾਰੀ ਤੀਕਰ ਲੈ ਆਂਦਾ। ਹੌਲੀ ਹੌਲੀ ਦੂਰਬੀਨ ਪ੍ਰਯੋਗਸ਼ਾਲਾ ਤੋਂ ਬਾਹਰ ਫਰਸ਼ ’ਤੇ ਲੈ ਗਏ। ਉੱਥੋਂ ਲੁਕਦੇ ਲੁਕਾਊਂਦੇ ਦੂਰਬੀਨ ਨੂੰ ਆਪਣੀ ਖੁੱਡ ਵਿਚ ਲੈ ਆਏ।”
ਤਿੰਨੇ ਚੂਹੇ ਸੀਵਰੇਜ ਦੀ ਮੋਰੀ ਅੰਦਰ ਵੜੇ ਰੈਟੂ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਰਹੇ ਸਨ। ਉਨ੍ਹਾਂ ਨੇ ਦੇਖਿਆ ਕਿ ਬਿੱਲੀ ਅਜੇ ਵੀ ਮੋਰੀ ਵੱਲ ਟਿਕਟਿਕੀ ਲਗਾਈ ਬੈਠੀ ਸੀ। ਦੂਰਬੀਨ ਦਾ ਚੂਹਿਆਂ ਨੂੰ ਕਾਫ਼ੀ ਸਹਾਰਾ ਹੋ ਗਿਆ ਸੀ। ਬਿੱਲੀ ਨੂੰ ਵੀ ਪਤਾ ਲੱਗ ਗਿਆ ਸੀ ਕਿ ਦੋਹਾਂ ਸਿਰਿਆਂ ’ਤੇ ਗੋਲ ਸ਼ੀਸ਼ਿਆਂ ਵਾਲੀ ਪਾਈਪ ਨਾਲ ਚੂਹੇ ਉਸ ਦੀ ਹਰ ਹਰਕਤ ਨੂੰ ਦੇਖਦੇ ਸਨ। ਉਸ ਨੇ ਆਪਣੀ ਮੁਸ਼ਕਲ ਬਾਰੇ ਘਰੇ ਬਿੱਲੇ ਨਾਲ ਗੱਲ ਕੀਤੀ। ਬਿੱਲੇ ਨੇ ਇਕ ਡੱਬੀ ਵਰਗਾ ਯੰਤਰ ਬਿੱਲੀ ਨੂੰ ਲਿਆ ਦਿੱਤਾ ਸੀ। ਉਸ ਡੱਬੀ ਨੂੰ ਬਿੱਲੀ ਚੂਹਿਆਂ ਦੇ ਨਿਕਲਣ ਵਾਲੀ ਥਾਂ ਨੇੜੇ ਕਿਤੇ ਘਾਹ ਵਿਚ ਰੋਜ਼ ਰਾਤ ਨੂੰ ਲੁਕੋ ਆਉਂਦੀ ਸੀ। ਇਸ ਡੱਬੀ ਨਾਲ ਉਸ ਨੂੰ ਰੋਜ਼ ਚੂਹਿਆਂ ਦੀਆਂ ਆਪਸ ਵਿਚ ਕੀਤੀਆਂ ਗੱਲਾਂ ਸੁਣਨ ਲੱਗੀਆਂ। ਚੂਹੇ ਜਿਹੜੀ ਵੀ ਯੋਜਨਾ ਬਣਾਉਂਦੇ ਬਿੱਲੀ ਪਹਿਲਾਂ ਹੀ ਉੱਥੇ ਘਾਤ ਲਾਈ ਬੈਠੀ ਹੁੰਦੀ। ਇਕ ਦੋ ਚੂਹੇ ਰੋਜ਼ ਬਿੱਲੀ ਦਾ ਭੋਜਨ ਬਣਨ ਲੱਗੇ। ਚੂਹਿਆਂ ਨੇ ਖੁੱਡ ਵਿਚ ਇਕ ਮੀਟਿੰਗ ਕੀਤੀ।
ਬਿੱਲੀ ਦੀ ਡੱਬੀ ’ਤੇ ਵੀ ਵਿਚਾਰ ਹੋਈ। ਬਿੱਲੀ ਨੂੰ ਘੇਰਨ ਦੀ ਸਲਾਹ ਬਣਾਈ ਗਈ। ਤਜਰਬੇਕਾਰ ਚੂਹਿਆਂ ਨੇ ਬਿੱਲੀ ਨੂੰ ਘੇਰਨ ਦੇ ਕੰਮ ਦੀ ਕਮਾਂਡ ਸੰਭਾਲ ਲਈ ਸੀ। ਸੰਝ ਢਲੀ ਤਾਂ ਬਹੁਤੇ ਚੂਹੇ ਖੁੱਡ ਵਿਚ ਹੀ ਰਹੇ। ਖੁੱਡ ਦੇ ਮੂੰਹ ਕੋਲ ਇਕ ਛੋਟਾ ਚੂਹਾ ਬੈਠਾ ਦਿਸਦਾ ਸੀ। ਬਿੱਲੀ ਨੇ ਕਿਆਰੀ ਦੇ ਪੌਦਿਆਂ ਵਿਚੋਂ ਦੀ ਹੋ ਕੇ ਚੂਹੇ ਨੂੰ ਜਾ ਦਬੋਚਿਆ। ਪੰਜੇ ਥੱਲਿਓਂ ਨਿਕਲ ਕੇ ਚੂਹਾ ਭੱਜ ਲਿਆ। ਚੂਹਾ ਅੱਗੇ ਅੱਗੇ ਤੇ ਬਿੱਲੀ ਪਿੱਛੇ। ਆਖਰ ਸਬੂਤੇ ਚੂਹੇ ਨੂੰ ਬਿੱਲੀ ਨੇ ਨਿਗਲ ਲਿਆ। ਵੇਖਦਿਆਂ ਹੀ ਬਿੱਲੀ ਜ਼ਮੀਨ ’ਤੇ ਲਿਟਣ ਲੱਗੀ। ਚੂਹਾ ਉਸ ਦੇ ਗਲੇ ਤੋਂ ਥੱਲੇ ਨਹੀਂ ਉਤਰ ਰਿਹਾ ਸੀ। ਉਤਰਦਾ ਵੀ ਕਿਵੇਂ ਇਹ ਤਾਂ ਚਾਬੀ ਨਾਲ ਚੱਲਣ ਵਾਲਾ ਸਖ਼ਤ ਰਬੜ ਦਾ ਚੂਹਾ ਸੀ। ਬਿੱਲੀ ਦੇਰ ਤਕ ਜ਼ਮੀਨ ’ਤੇ ਲਿਟਦੀ ਰਹੀ। ਆਖਰ ਹਰਖੋ ਉਸ ਚੂਹੇ ਨੂੰ ਗਲੇ ਤੋਂ ਬਾਹਰ ਕੱਢਣ ਵਿਚ ਸਫਲ ਹੋ ਗਈ। ਆਵਾਰਾ ਕੁੱਤੇ ਹਰਖੋ ਨੂੰ ਦਬੋਚਣ ਨੇੜੇ ਵੀ ਆਏ, ਪਰ ਬੱਚਿਆਂ ਨੇ ਸੋਟੀਆਂ ਮਾਰ ਮਾਰ ਦੂਰ ਭਜਾ ਦਿੱਤੇ। ਚੰਦ ਚਾਚਾ ਸਾਈਕਲ ’ਤੇ ਚੁੱਕ ਕੇ ਬਿੱਲੀ ਨੂੰ ਜਾਨਵਰਾਂ ਦੇ ਡਾਕਟਰ ਕੋਲ ਲੈ ਗਿਆ। ਡਾਕਟਰ ਨੇ ਪੁੱਛਿਆ,‘‘ਕੀ ਇਹ ਤੁਹਾਡੀ ਪਾਲਤੂ ਬਿੱਲੀ ਹੈ ?”
“ਹਾਂ।” ਚੰਦ ਚਾਚੇ ਨੇ ਕਿਹਾ।
“ ਇਸ ਦੀ ਜੀਭ ਅਤੇ ਗਲੇ ਵਿਚ ਡੂੰਘੇ ਜ਼ਖ਼ਮ ਹਨ। ਕੀ ਖਾ ਲਿਆ ਇਸ ਨੇ?” ਡਾਕਟਰ ਨੇ ਪੁੱਛਿਆ। “ਪਲਾਸਟਿਕ ਚੱਬ ਗਈ।” ਚੰਦ ਚਾਚੇ ਨੇ ਕਿਹਾ। “ਓਹ!” ਡਾਕਟਰ ਨੇ ਡੂੰਘਾ ਸਾਹ ਭਰਿਆ। ਡਾਕਟਰ ਨੇ ਚੰਦ ਚਾਚੇ ਨੂੰ ਦਵਾਈ ਦਿੰਦਿਆਂ ਕਿਹਾ,‘‘ਆਹ ਦੋ ਗੋਲੀਆ ਭਾਂਡੇ ਵਿਚ ਘੋਲ ਕੇ ਦਿਨ ’ਚ ਦੋ ਵਾਰ ਬਿੱਲੀ ਨੂੰ ਦੇਣੀਆਂ ਨੇ। ਇਸਦੇ ਦੁੱਧ ਵਿਚ ਚੁਟਕੀ ਹਲਦੀ ਪਾ ਕੇ ਪਿਆਉਣੀ ਹੈ। ਦੋ ਤਿੰਨ ਦਿਨ ਤੀਕ ਠੀਕ ਹੋਜੂਗੀ।”
ਡਾਕਟਰ ਨੂੰ ਪੈਸੇ ਦੇ ਕੇ ਚੰਦ ਚਾਚਾ ਬਿੱਲੀ ਨੂੰ ਟੋਕਰੀ ਵਿਚ ਬਿਠਾ ਕੇ ਸਾਈਕਲ ’ਤੇ ਘਰ ਵੱਲ ਚੱਲ ਪਿਆ। ਚੰਦ ਚਾਚੇ ਨੇ ਠੀਕ ਹੋਣ ਤੀਕ ਹਰਖੋ ਨੂੰ ਆਪਣੀ ਛੱਤ ਉਪਰਲੇ ਸਟੋਰ ਵਿਚ ਰੱਖੇ ਪਿੰਜਰੇ ਵਿਚ ਡੱਕ ਦਿੱਤਾ। ਸਮੇਂ ’ਤੇ ਦਵਾ ਦਾਰੂ ਦੇਣ ਨਾਲ ਹਰਖੋ ਤਿੰਨ ਚਾਰ ਦਿਨਾਂ ਵਿਚ ਪੂਰੀ ਤਰ੍ਹਾਂ ਠੀਕ ਹੋ ਗਈ। ਹਰਖੋ ਦੇ ਠੀਕ ਹੋਣ ’ਤੇ ਚੰਦ ਚਾਚੇ ਨੂੰ ਅਜੀਬ ਜਿਹੀ ਖ਼ੁਸ਼ੀ ਅਤੇ ਸੰਤੁਸ਼ਟੀ ਮਿਲੀ ਸੀ, ਪਰ ਉਸ ਨੂੰ ਚੂਹਿਆਂ ਵੱਲੋਂ ਬਿੱਲੀ ਨਾਲ ਕੀਤੀ ਧੋਖਾ ਧੜੀ ’ਤੇ ਰਹਿ ਰਹਿ ਕੇ ਗੁੱਸਾ ਆ ਰਿਹਾ ਸੀ।
ਸੰਪਰਕ: 97806-67686