ਨਵੀਂ ਦਿੱਲੀ, 31 ਦਸੰਬਰ
ਹੌਲੀਵੁੱਡ ਅਦਾਕਾਰਾ ਗਲ ਗਡੋਟ ਨੇ ‘ਮਾਈ ਪਰਸਨਲ ਵੰਡਰ ਵਿਮੈੱਨ’ (ਮੇਰੀਆਂ ਨਿੱਜੀ ਕਮਾਲ ਦੀਆਂ ਮਹਿਲਾਵਾਂ) ਦੀ ਸੂਚੀ ’ਚ ਸ਼ਾਹੀਨ ਬਾਗ਼ ਦੇ ਪ੍ਰਦਰਸ਼ਨਾਂ ’ਚ ਸ਼ਮੂਲੀਅਤ ਕਰਨ ਵਾਲੀ ਦਾਦੀ ਬਿਲਕੀਸ ਬਾਨੋ ਨੂੰ ਵੀ ਸ਼ਾਮਲ ਕੀਤਾ ਹੈ। ਨਾਗਰਿਕਤਾ ਵਿਰੋਧੀ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ’ਚ ਦਾਦੀ ਚਿਹਰਾ ਬਣ ਗਈ ਸੀ ਅਤੇ ਉਹ ਟਾਈਮ ਰਸਾਲੇ ਦੀ ਸਭ ਤੋਂ ਵੱਧ ਅਸਰਦਾਰ 100 ਵਿਅਕਤੀਆਂ ਦੀ ਸੂਚੀ ’ਚ ਵੀ ਸ਼ਾਮਲ ਹੋਈ ਸੀ। ਹੁਣੇ ਜਿਹੇ ਰਿਲੀਜ਼ ਹੋਈ ਫਿਲਮ ‘ਵੰਡਰ ਵਿਮੈੱਨ 1984’ ’ਚ ਬਾਕਮਾਲ ਅਦਾਕਾਰੀ ਕਰਨ ਵਾਲੀ ਗਡੋਟ ਨੇ ਆਪਣੇ ਇੰਸਟਾਗ੍ਰਾਮ ਪੰਨੇ ’ਤੇ ਦੁਨੀਆ ਭਰ ’ਚ ਹਰ ਖੇਤਰ ਦੀਆਂ ਮੁਟਿਆਰਾਂ ਅਤੇ ਮਹਿਲਾਵਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। 35 ਵਰ੍ਹਿਆਂ ਦੀ ਅਦਾਕਾਰਾ ਨੇ ਬਿਲਕੀਸ ਦੀ ਤਸਵੀਰ ਸਾਂਝੀ ਕਰਦਿਆਂ ਗਲਤ ਕੈਪਸ਼ਨ ਦਿੱਤੀ ਹੈ ਜਿਸ ’ਚ ਉਸ ਨੇ ਲਿਖਿਆ ਹੈ,‘‘82 ਵਰ੍ਹਿਆਂ ਦੀ ਕਾਰਕੁਨ ਭਾਰਤ ’ਚ ਮਹਿਲਾਵਾਂ ਦੇ ਬਰਾਬਰੀ ਦੇ ਅਧਿਕਾਰਾਂ ਲਈ ਲੜ ਰਹੀ ਹੈ। ਇਸ ਤੋਂ ਮੈਨੂੰ ਪ੍ਰੇਰਣਾ ਮਿਲਦੀ ਹੈ ਕਿ ਮੁਕਾਬਲਾ ਕਰਨ ਲਈ ਉਮਰ ਦੀ ਕੋਈ ਹੱਦ ਨਹੀਂ ਹੁੰਦੀ ਹੈ।’’ -ਪੀਟੀਆਈ