ਜਸਪ੍ਰੀਤ ਕੌਰ ਸੰਘਾ
‘ਧੀ’ ਸ਼ਬਦ ਬੋਲਣ ਅਤੇ ਲਿਖਣ ਵਿੱਚ ਜਿੰਨਾ ਛੋਟਾ ਲੱਗਦਾ ਹੈ ਇਸ ਦੇ ਅਰਥ ਓਨੇ ਹੀ ਵਿਸ਼ਾਲ ਹਨ। ਹਰ ਰਿਸ਼ਤੇ ਦੀ ਜੜ੍ਹ ਧੀ ਹੈ। ਧੀਆਂ ਦੇ ਨਾਲ ਹੀ ਘਰ ਦੀਆਂ ਰੌਣਕਾਂ ਹੁੰਦੀਆਂ ਹਨ। ਧੀਆਂ ਘਰ ਦਾ ਸ਼ਿੰਗਾਰ ਹੁੰਦੀਆਂ ਹਨ। ਘਰ ਦਾ ਅਸਲੀ ਚਿਰਾਗ ਧੀਆਂ ਹੀ ਹੁੰਦੀਆਂ ਹਨ ਜੋ ਇੱਕ ਨਹੀਂ ਬਲਕਿ ਦੋ – ਦੋ ਕੁੱਲਾਂ ਨੂੰ ਰੁਸ਼ਨਾਉਂਦੀਆਂ ਹਨ। ਬਚਪਨ ਤੋਂ ਹੀ ਧੀ ਨੂੰ ਹਰ ਸਮੇਂ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹ ਬੇਗਾਨਾ ਧੰਨ ਹੈ, ਉਸ ਨੇ ਬੇਗਾਨੇ ਘਰ ਜਾਣਾ ਹੈ। ਉਹੀ ਧੀ ਜਦੋਂ ਵਿਆਹ ਹੋ ਕੇ ਸਹੁਰੇ ਘਰ ਜਾਂਦੀ ਹੈ ਤੇ ਉੱਥੇ ਉਸ ਨੂੰ ਇਹ ਕਹਿ ਕੇ ਬੇਗਾਨੀ ਕਰ ਦਿੱਤਾ ਜਾਂਦਾ ਹੈ ਕਿ ਉਹ ਬੇਗਾਨੇ ਘਰੋਂ ਆਈ ਹੈ, ਪਰ ਫਿਰ ਵੀ ਉਹ ਧੀ ਆਪਣੇ ਹਰ ਸਾਹ ਨਾਲ ਆਪਣੇ ਪੇਕੇ ਅਤੇ ਸਹੁਰੇ ਦੋਵਾਂ ਘਰਾਂ ਦੀ ਸੁੱਖ ਹੀ ਮੰਗਦੀ ਹੈ। ਅਸਲ ਵਿੱਚ ਕੁਦਰਤ ਨੇ ਧੀਆਂ ਨੂੰ ਬਹੁਤ ਵੱਡਾ ਜੇਰਾ ਬਖ਼ਸ਼ਿਆ ਹੈ ਜੋ ਖ਼ੁਦ ਤਾਂ ਬੇਗਾਨੇਪਣ ਦੇ ਅਹਿਸਾਸ ਨੂੰ ਝੱਲਦੀ ਹੀ ਹੈ, ਪਰ ਆਪ ਸਭ ਪਾਸੇ ਪਿਆਰ ਤੇ ਖੁਸ਼ੀਆਂ ਹੀ ਵੰਡਦੀ ਹੈ।
ਪੁੱਤ ਜੰਮਦੇ ਖੁਸ਼ੀ ਮਨਾਉਣ ਲੋਕੀਂ
ਕਾਹਤੋਂ ਕੁੱਖ ਦੇ ਅੰਦਰ ਮਾਰਨ ਧੀਆਂ
ਹਿੱਕ ਠੋਕ ਕੇ ਪੁੱਤ ਤਾਂ ਹੱਕ ਮੰਗਣ
ਨਿੱਕੀ ਘੂਰੀ ਤੋਂ ਸਦਾ ਹੀ ਡਰਨ ਧੀਆਂ
ਪਿਉ, ਭਰਾ, ਪਤੀ ਅਤੇ ਪੁੱਤਰਾਂ ’ਤੇ
ਬਣ ਬਦਲੀ ਸਦਾ ਹੀ ਵਰਨ ਧੀਆਂ
ਪਰ ਫਿਰ ਵੀ ਇਸ ਚੰਦਰੇ ਜਹਾਨ ਉੱਤੇ
ਦੁੱਖਾਂ ਲੱਦੀਆਂ ਦੁੱਖ ਹੀ ਜਰਨ ਧੀਆਂ।
ਧੀਆਂ ਦੇ ਨਾਲ ਵਿਤਕਰਾ ਪੁਰਾਣੇ ਸਮੇਂ ਤੋਂ ਹੁੰਦਾ
ਆ ਰਿਹਾ ਹੈ। ਧੀ ਦੇ ਜਨਮ ਨੂੰ ਸ਼ੁਰੂ ਤੋਂ ਹੀ
ਅਪਸ਼ਗਨ ਮੰਨਿਆ ਜਾਂਦਾ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ ਪਹਿਲਾਂ ਧੀਆਂ ਨੂੰ ਜਨਮ ਤੋਂ ਬਾਅਦ ਮਾਰਿਆ ਜਾਂਦਾ ਸੀ ਤੇ ਅੱੱਜ ਦੇ ਮਸ਼ੀਨੀ ਯੁੱਗ ਵਿੱਚ ਧੀਆਂ ਨੂੰ ਜਨਮ ਹੀ ਨਹੀਂ ਲੈਣ ਦਿੱਤਾ ਜਾਂਦਾ ਸਗੋਂ ਭਰੂਣ ਹੱਤਿਆ ਕਰ ਦਿੱਤੀ ਜਾਂਦੀ ਹੈ। ਧੀ ਨੂੰ ਕੱਲ੍ਹ ਵੀ ਬੋਝ ਸਮਝਿਆ ਜਾਂਦਾ ਸੀ ਤੇ ਅੱਜ ਵੀ, ਪਰ ਇਹ ਸਾਡੀ ਸੌੜੀ ਸੋਚ ਹੈ। ਧੀਆਂ ਬੋਝ ਨਹੀਂ ਬਲਕਿ ਸਰਮਾਇਆ ਹੁੰਦੀਆਂ ਹਨ। ਧੀਆਂ ਨਾਲ ਹੀ ਵੰਸ਼ ਅੱਗੇ ਵਧਦੇ ਹਨ। ਅਸੀਂ ਇਹ ਸੋਚਦੇ ਹੀ ਨਹੀਂ ਕਿ ਜੇਕਰ ਧੀਆਂ ਹੀ ਮਾਰ ਮੁਕਾਵਾਂਗੇ ਤਾਂ ਫਿਰ ਨੂੰਹਾਂ ਕਿੱਥੋਂ ਲਿਆਵਾਂਗੇ ? ਧੀਆਂ ਨਾਲ ਹੀ ਤਾਂ ਇਹ ਸੰਸਾਰ ਹੈ:
ਰੁੱਖ ਹੀ ਨਾ ਹੁੰਦੇ ਜੇ
ਤਾਂ ਛਾਵਾਂ ਨਹੀਂ ਸੀ ਹੋਣੀਆਂ
ਜੇ ਧੀਆਂ ਹੀ ਨਾ ਹੁੰਦੀਆਂ
ਤਾਂ ਮਾਵਾਂ ਨਹੀਂ ਸੀ ਹੋਣੀਆਂ।
ਕੁਝ ਲੋਕ ਧੀ ਇਸ ਲਈ ਨਹੀਂ ਚਾਹੁੰਦੇ ਕਿ ਅੱਜ ਦੇ ਸਮਾਜ ਵਿੱਚ ਧੀ ਕਿਧਰੇ ਵੀ ਸੁਰੱਖਿਅਤ ਨਹੀਂ ਹੈ, ਪਰ ਜੇਕਰ ਸਮਾਜਿਕ ਹਾਲਾਤ ਖ਼ਰਾਬ ਹਨ ਤਾਂ ਇਸ ਵਿੱਚ ਉਸ ਅਣਜੰਮੀ ਧੀ ਦਾ ਕੀ ਦੋਸ਼ ਹੈ ? ਸਮਾਜ ਦੀ ਗੰਦੀ ਸੋਚ ਦੀ ਸਜ਼ਾ ਉਹ ਅਣਜੰਮੀ ਧੀ ਕਿਉਂ ਭੁਗਤੇ ਜਿਸ ਨੇ ਅਜੇ ਇਹ ਸੰਸਾਰ ਦੇਖਿਆ ਵੀ ਨਹੀਂ। ਸਮਾਜ ਦੇ ਵਿਗੜੇ ਹਾਲਾਤ ਦੇ ਡਰ ਤੋਂ ਧੀਆਂ ਤੋਂ ਉਨ੍ਹਾਂ ਦੇ ਜਨਮ ਲੈਣ ਦਾ ਅਧਿਕਾਰ ਨਾ ਖੋਹੋ, ਸਗੋਂ ਆਪਣੀਆਂ ਧੀਆਂ ਨੂੰ ਇੰਨਾ ਬਹਾਦਰ ਬਣਾਓ ਕਿ ਉਹ ਅਜਿਹੇ ਸਮਾਜ ਦਾ ਸਾਹਮਣਾ ਕਰ ਸਕਣ।
ਦਾਜ ਪ੍ਰਥਾ ਜਿਹੀ ਬੁਰਾਈ ਕਾਰਨ ਵੀ ਕੁਝ ਲੋਕ ਧੀ ਜੰਮਣ ਤੋਂ ਡਰਦੇ ਹਨ, ਪਰ ਇਹ ਬੁਰਾਈ ਵੀ ਤਾਂ ਸਾਡੀ ਹੀ ਫੈਲਾਈ ਹੋਈ ਹੈ। ਜਿਸ ਬਾਪ ਨੇ ਚਾਵਾਂ- ਲਾਡਾਂ ਨਾਲ ਪਾਲੀ ਧੀ ਦੇ ਦਿੱਤੀ, ਉਸ ਤੋਂ ਵੱਡੀ ਸੌਗਾਤ ਉਹ ਹੋਰ ਕੀ ਦੇ ਸਕਦਾ ਹੈ। ਧੀਆਂ ਨੂੰ ਬੋਝ ਸਮਝਣਾ ਸਾਡੀ ਬੇਵਕੂਫ਼ੀ ਹੈ। ਧੀਆਂ ਬੋਝ ਨਹੀਂ ਸਗੋਂ ਬਾਬਲ ਦੇ ਸਿਰ ਦਾ ਤਾਜ ਹੁੰਦੀਆਂ ਹਨ। ਧੀਆਂ ਨਾਲ ਹੀ ਤਾਂ ਬਾਬਲ ਦੀ ਸਰਦਾਰੀ ਹੁੰਦੀ ਹੈ। ਧੀਆਂ ਤਾਂ ਉਸ ਘਣਛਾਵੇਂ ਬੂਟੇ ਦੀ ਤਰ੍ਹਾਂ ਹੁੰਦੀਆਂ ਹਨ ਜੋ ਹਮੇਸ਼ਾਂ ਠੰਢੀਆਂ ਛਾਵਾਂ ਹੀ ਦਿੰਦਾ ਹੈ। ਜਿਨ੍ਹਾਂ ਘਰਾਂ ਵਿੱਚ ਧੀਆਂ ਦੇ ਹਾਸੇ ਗੂੰਜਦੇ ਹਨ, ਉਹ ਘਰ ਧਰਤੀ ’ਤੇ ਸਵਰਗ ਹੁੰਦੇ ਹਨ। ਧੀਆਂ ਘਰ ਦੀ ਬਰਕਤ ਹੁੰਦੀਆਂ ਹਨ। ਜਿਸ ਘਰ ਵਿੱਚ ਧੀ ਨਹੀਂ ਹੁੰਦੀ, ਉਹ ਘਰ, ਘਰ ਨਹੀਂ ਮਕਾਨ ਹੁੰਦਾ ਹੈ। ਧੀਆਂ ਤਾਂ ਕਿਸਮਤ ਵਾਲਿਆਂ ਨੂੰ ਮਿਲਦੀਆਂ ਹਨ। ਅੱਜ ਤਾਂ ਕੁੜੀਆਂ- ਮੁੰਡਿਆਂ ਨਾਲੋਂ ਹਰ ਖੇਤਰ ਵਿੱਚ ਅੱਗੇ ਹਨ। ਅੱਜ ਦੀ ਨਾਰੀ ਤਾਂ ਚੰਦ ਤੱਕ ਪਹੁੰਚ ਗਈ ਹੈ, ਫਿਰ ਇਹ ਧੀਆਂ-ਪੁੱਤਰਾਂ ਵਾਲਾ ਵਿਤਕਰਾ ਕਿਸ ਲਈ ? ਅੱਜ ਬਹੁਤ ਜ਼ਰੂਰੀ ਹੈ ਕਿ ਅਸੀਂ ਧੀਆਂ ਪ੍ਰਤੀ ਆਪਣੀ ਸੌੜੀ ਸੋਚ ਨੂੰ ਬਦਲੀਏ ਅਤੇ ਧੀਆਂ ਨੂੰ ਵੀ ਉਹੀ ਪਿਆਰ ਅਤੇ ਸਤਿਕਾਰ ਦਈਏ ਜਿਸ ਦੀਆਂ ਉਹ ਹੱਕਦਾਰ ਹਨ।