ਜਗਜੀਤ ਢਿੱਲੋਂ
ਪੰਜਾਬੀ ਗੀਤ ਸੁਣਨ ਵਾਲਾ ਸ਼ਾਇਦ ਹੀ ਕੋਈ ਅਜਿਹਾ ਸਰੋਤਾ ਹੋਵੇ ਜਿਸ ਨੇ ਪੰਜਾਬੀ ਗੀਤਾਂ ਵਿਚ ‘ਮਾਨ ਮਰਾੜਾਂ ਵਾਲੇ’ ਦਾ ਨਾਮ ਨਾ ਸੁਣਿਆ ਹੋਵੇ। ਬਾਬੂ ਸਿੰਘ ਮਾਨ ਜਾਂ ਮਾਨ ਮਰਾੜਾਂ ਵਾਲਾ ਗੀਤਕਾਰੀ ਦਾ ਉਹ ਨਾਮ ਹੈ ਜੋ ਪਿਛਲੀ ਕਰੀਬ ਅੱਧੀ ਸਦੀ ਤੋਂ ਉਹ ਗੀਤ ਲਿਖ ਰਿਹਾ ਹੈ ਜੋ ਅੱਧੀ ਸਦੀ ਪਹਿਲਾਂ ਵੀ ਲੋਕਾਂ ਦੀ ਪਸੰਦ ਸਨ ਅਤੇ ਅੱਜ ਵੀ ਲੋਕਾਂ ਦੀ ਪਸੰਦ ਬਣੇ ਹੋਏ ਹਨ। ਇਹ ਇਸ ਗੀਤਕਾਰ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਨ੍ਹਾਂ ਦੀ ਕਲਮ ਹਰ ਵਕਤ ਨਾਲ ਚੱਲੀ ਹੈ, ਪਰ ਇਸ ਕਲਮ ਨੇ ਹਮੇਸ਼ਾਂ ਆਪਣੇ ਗੀਤਾਂ ਰਾਹੀਂ ਉਹ ਵਿਸ਼ੇ ਛੂਹੇ ਜੋ ਹਕੀਕਤ ਦੇ ਨੇੜੇ ਹਨ, ਜਿਨ੍ਹਾਂ ਵਿਚੋਂ ਪੰਜਾਬੀ ਰੰਗ ਡੁੱਲ੍ਹ ਡੁੱਲ੍ਹ ਪੈਂਦਾ ਹੈ ਅਤੇ ਹਰ ਸਰੋਤੇ ਨੂੰ ਇੰਜ ਲੱਗਦਾ ਹੈ ਕਿ ਇਹ ਗੀਤ ਉਸ ਲਈ ਹੀ ਲਿਖਿਆ ਗਿਆ ਹੈ।
ਪੰਜਾਬੀ ਗੀਤਕਾਰੀ ਦੇ ਇਸ ਸਦਾਬਹਾਰ ਕਲਮਕਾਰ ਦਾ ਜਨਮ 10 ਅਕਤੂਬਰ 1942 ਨੂੰ ਜ਼ਿਲ੍ਹਾ ਫ਼ਰੀਦਕੋਟ ਦੇ ਹਲਕੇ ਸਾਦਿਕ ਦੇ ਨੇੜਲੇ ਪਿੰਡ ਮਰਾੜ ਵਿਖੇ ਸ. ਇੰਦਰ ਸਿੰਘ ਮਾਨ ਤੇ ਮਾਤਾ ਆਸ ਕੌਰ ਦੇ ਘਰ ਹੋਇਆ । ਬਾਬੂ ਸਿੰਘ ਮਾਨ ਨੂੰ ਲਿਖਣ ਦਾ ਸ਼ੌਕ ਬਚਪਨ ਤੋਂ ਹੀ ਸੀ। ਉਹ ਪ੍ਰਾਇਮਰੀ ਤਕ ਜੰਡ ਸਾਹਿਬ ਪੜ੍ਹੇ ਅਤੇ ਇਸ ਦੇ ਬਾਅਦ ਅਗਲੀ ਸਿੱਖਿਆ ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਤੋਂ ਹਾਸਿਲ ਕੀਤੀ। ਛੇਵੀਂ ਜਮਾਤ ਵਿਚ ਹੀ ਉਸ ਦੀਆਂ ਰਚਨਾਵਾਂ ਰਸਾਲਿਆਂ ਵਿਚ ਛਪਣ ਲੱਗ ਗਈਆਂ। ਇਕ ਗੀਤ ‘ਦੁੱਧ ਕਾਹੜ ਕੇ ਜਾਗ ਨਾ ਲਾਵਾਂ ਤੇਰੀਆਂ ਉਡੀਕਾਂ ਹਾਣੀਆਂ’ ਕਰਤਾਰ ਸਿੰਘ ਬਲੱਗਣ ਦੇ ਮੈਗਜ਼ੀਨ ਵਿਚ ਛਪਿਆ। ਸਾਲ 1963 ਵਿਚ ਬਾਬੂ ਸਿੰਘ ਮਾਨ ਦੀ ਪਹਿਲੀ ਕਿਤਾਬ ‘ਗੀਤਾਂ ਦਾ ਵਣਜਾਰਾ’ ਪ੍ਰਕਾਸ਼ਿਤ ਹੋਈ ਅਤੇ ਉਸਦਾ ਪਹਿਲਾ ਗੀਤ ਗੁਰਪਾਲ ਸਿੰਘ ਪਾਲ ਨੇ ਗਇਆ।
ਇਸ ਤੋਂ ਬਾਅਦ ਉਸਦਾ ਮਕਬੂਲ ਗੀਤ ‘ਆ ਗਿਆ ਵਣਜਾਰਾ ਨੀਂ ਚੜ੍ਹਾ ਲੈ ਭਾਬੀ ਚੂੜੀਆਂ’ ਹਰਚਰਨ ਗਰੇਵਾਲ ਅਤੇ ਸੁਰਿੰਦਰ ਕੌਰ ਦੀ ਆਵਾਜ਼ ਵਿਚ ਰਿਕਾਰਡ ਹੋਇਆ। ਬਾਬੂ ਸਿੰਘ ਮਾਨ ਉਹ ਕਲਾਕਾਰ ਹੈ ਜਿਸ ਦੀ ਕਲਮ ਨੂੰ ਪੰਜਾਬੀ ਕਲਾਕਾਰਾਂ ਤੋਂ ਲੈ ਕੇ ਬੌਲੀਵੁੱਡ ਦੇ ਕਈ ਵੱਡੇ ਗਾਇਕ ਗਾ ਚੁੱਕੇ ਹਨ, ਇਨ੍ਹਾਂ ਵਿਚ ਸੁਖਵਿੰਦਰ ਸਿੰਘ, ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ, ਗੁਰਚਰਨ ਪੋਹਲੀ, ਮੁਹੰਮਦ ਸਦੀਕ, ਰਣਜੀਤ ਕੌਰ, ਹਰਭਜਨ ਮਾਨ ਵਰਗੇ ਕਈ ਪ੍ਰਸਿੱਧ ਕਲਾਕਾਰਾਂ ਦੇ ਨਾਮ ਸ਼ਾਮਲ ਹਨ। ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਕਰੀਅਰ ਦਾ ਪਹਿਲਾ ਗੀਤ ਵੀ ਮਾਨ ਨੇ ਲਿਖਿਆ ਸੀ।
ਉਸਨੇ ਕਈ ਫ਼ਿਲਮਾਂ ਲਈ ਵੀ ਗੀਤ ਲਿਖੇ ਜਿਸ ਵਿਚ ‘ਕੁੱਲੀ ਯਾਰ ਦੀ’, ‘ਨਸੀਬੋ’ ਅਤੇ ‘ਸੱਸੀ ਪੁੰਨੂੰ’ ਆਦਿ ਸ਼ਾਮਲ ਹਨ। ਪੰਜਾਬੀ ਸੱਭਿਆਚਾਰ ਦੀਆਂ ਮਸ਼ਹੂਰ ਪ੍ਰੇਮ ਕਹਾਣੀਆਂ ਜਿਵੇਂ ਹੀਰ ਰਾਂਝਾ, ਮਿਰਜ਼ਾ ਸਾਹਿਬਾ, ਸੋਹਣੀ ਮਹੀਂਵਾਲ ਅਤੇ ਪੰਜਾਬੀ ਲੋਕ ਕਥਾਵਾਂ ਦੇ ਹੀਰੋ ਅਤੇ ਪੂਰਨ ਭਗਤ ਅਤੇ ਸੁੱਚਾ ਸਿੰਘ ਸੂਰਮਾ ਵਰਗੇ ਇਤਿਹਾਸ ਬਾਰੇ ਵੀ ਗੀਤ ਲਿਖੇ ਹਨ। ਉਨ੍ਹਾਂ ਦੀ ਗੀਤਕਾਰੀ ਦੀ ਖਾਸੀਅਤ ਹੈ ਕਿ ਉਨ੍ਹਾਂ ਦਾ ਪੁਰਾਣਾ ਕੋਈ ਵੀ ਗੀਤ ਸੁਣ ਲਵੋ ਵੀਡੀਓ ਆਪੇ ਅੱਖਾਂ ਅੱਗੇ ਚੱਲ ਪੈਂਦੀ ਹੈ। ਅੱਜ ਤਕ ਉਨ੍ਹਾਂ ਨੇ ਜਿੰਨੇ ਵੀ ਗੀਤ ਲਿਖੇ ਜ਼ਿਆਦਾਤਰ ਪਿੰਡਾਂ ਦੇ ਕਈ ਲੋਕਾਂ ਨਾਲ ਅਤੇ ਰਿਸ਼ਤਿਆਂ ਨਾਲ ਸਬੰਧਿਤ ਹਨ। ਉਨ੍ਹਾਂ ਜੋ ਦੇਖਿਆ ਓਹੀ ਲਿਖਿਆ ਹੈ। ਬਾਬੂ ਸਿੰਘ ਮਾਨ ਦੇ ਇਲਾਕੇ ਦੇ ਇਕ ਬੰਦੇ ਨੇ ਜ਼ਮੀਨ ਵੇਚ ਕੇ ਟਰੱਕ ਲੈ ਲਿਆ। ਓਦੋਂ ਉਨ੍ਹਾਂ ਦੀ ਕਲਮ ਨੇ ਲਿਖਿਆ ‘ਭੋਂ ਵੇਚ ਕੇ ਟਰੱਕ ਲੈ ਆਂਦਾ ਬਾਬੇ ਦੀ ਫੁੱਲ ਕਿਰਪਾ।’
ਸਾਲ 1977 ਵਿਚ ਸਾਦਿਕ ਵਿਚ ਇਕ ਸਮਾਗਮ ’ਤੇ ਮੁਹੰਮਦ ਸਦੀਕ ਨੇ ਮਾਨ ਦੀ ਕਲਮ ’ਚੋਂ ਨਿਕਲਿਆ ਉਸ ਸਮੇਂ ਨੂੰ ਬਿਆਨ ਕਰਦਾ ਗੀਤ ਗਾਇਆ ‘ਬਾਦਲ ਟੌਹੜਾ ਤੇ ਤਲਵੰਡੀ ਫਿਰਦੇ ਸਿੱਖ ਪੰਥ ਨੂੰ ਵੰਡੀ।’ ਇਕ ਗੀਤ ‘ਤੇਲੂ ਰਾਮ ਦੀ ਹੱਟੀ ਦਾ ਜ਼ਰਦਾ’ ਵੀ ਮਰਾੜ ਪਿੰਡ ਦੇ ਤੇਲੂ ਰਾਮ ’ਤੇ ਲਿਖਿਆ ਸੀ। ਸੁਣਨ ਵਿਚ ਆਉਂਦਾ ਹੈ, ‘‘ਖਰਬੂਜ਼ੇ ਵਰਗੀ ਜੱਟੀ ਖਾ ਲੀ ਵੇ ਕਾਲੇ ਨਾਗ ਨੇ’ ਵੀ ਕਿਸੇ ਬੰਦੇ ਨਾਲ ਸਬੰਧਿਤ ਸੀ ਜੋ ਜ਼ਿਆਦਾ ਸੁਨੱਖਾ ਨਹੀਂ ਸੀ ਤੇ ਘਰਵਾਲੀ ਸੁਨੱਖੀ ਮਿਲ ਗਈ ਸੀ।
ਬਾਬੂ ਸਿੰਘ ਮਾਨ ਸਿਰਫ਼ ਗੀਤਕਾਰੀ ਵਿਚ ਹੀ ਨਹੀਂ ਹੈ, ਸਗੋਂ ਊਸਨੇ ਲਗਾਤਾਰ 25 ਸਾਲ ਆਪਣੇ ਪਿੰਡ ਦੀ ਸਰਪੰਚੀ ਵੀ ਕੀਤੀ। ਇਹ ਸਰਪੰਚੀ ਵੀ ਉਨ੍ਹਾਂ ਪੜ੍ਹਦੇ ਸਮੇਂ ਚੜ੍ਹਦੀ ਜਵਾਨੀ ਵਿਚ ਹਾਸਿਲ ਕੀਤੀ। ਉਹ ਹਮੇਸ਼ਾਂ ਸਰਬਸੰਮਤੀ ਨਾਲ ਸਰਪੰਚ ਬਣਦਾ ਰਿਹਾ। ਕੁਝ ਸਮਾਂ ਬਲਾਕ ਸੰਮਤੀ ਦਾ ਚੇਅਰਮੈਨ ਵੀ ਰਿਹਾ।
ਫ਼ਰੀਦਕੋਟ ਨੇੜਲੇ ਪਿੰਡਾਂ ਦੇ ਬਜ਼ੁਰਗ ਦੱਸਦੇ ਨੇ ਕਿ ਇਸ ਇਲਾਕੇ ਵਿਚ ਕਲਾਕਾਰਾਂ ਦਾ ਆਉਣਾ ਮਾਨ ਸਾਬ੍ਹ ਦੀ ਬਦੌਲਤ ਹੋਇਆ। ਜਦੋਂ ਮਰਾੜ ਪਿੰਡ ਮੁਹੰਮਦ ਸਦੀਕ ਤੇ ਹੋਰ ਕਈ ਕਲਾਕਾਰਾਂ ਨੇ ਆਉਣਾ ਤਾਂ ਲੋਕੀਂ ਦੂਰ ਦੂਰ ਦੇ ਪਿੰਡਾਂ ਤੋਂ ਸਾਈਕਲਾਂ ’ਤੇ ਮਰਾੜ ਉਨ੍ਹਾਂ ਨੂੰ ਸੁਣਨ ਜਾਂਦੇ ਹੁੰਦੇ ਸੀ। ਉਸ ਤੋਂ ਬਾਅਦ ਮਰਾੜ ਪਿੰਡ ਨਹੀਂ ਇਕ ਬਰਾਂਡ ਬਣ ਗਿਆ। ਕਈ ਵਾਰ ਕਿਸੇ ਗੀਤ ਵਿਚ ਉਸਨੇ ਮਰਾੜ ਨਾ ਲਿਖਣਾ ਤਾਂ ਕੰਪਨੀ ਨੇ ਕਹਿਣਾ ‘ਮਾਨ ਸਾਬ੍ਹ ਇਸ ਵਿਚ ਮਰਾੜ ਜ਼ਰੂਰ ਪਾਓ।’
ਹਰਭਜਨ ਮਾਨ ਦੇ ਗੀਤਾਂ ਵਿਚ ਜ਼ਿਆਦਾਤਰ ਬਾਬੂ ਸਿੰਘ ਮਾਨ ਦਾ ਨਾਮ ਸੁਣਨ ਨੂੰ ਮਿਲਦਾ ਹੈ। 90ਵਿਆਂ ਦੇ ਸ਼ੁਰੂਆਤੀ ਸਾਲਾਂ ਵਿਚ ਹਰਭਜਨ ਮਾਨ ਨੇ ਜਲੰਧਰ ਦੂਰਦਰਸ਼ਨ ’ਤੇ ਇਕ ਗੀਤ ਗਾਉਣਾ ਸੀ। ਓਦੋਂ ਮਾਨ ਨਾਲ ਹਰਭਜਨ ਮਾਨ ਦੀ ਮੁਲਾਕਾਤ ਅਵਤਾਰ ਸਿੰਘ ਬਰਾੜ ਰਾਹੀਂ ਹੋਈ ਸੀ। ਉਦੋਂ ਇਕ ਕਲੀ ਲਿਖੀ ਹੋਈ ਸੀ ‘ਅੱਲ੍ਹੜ ਉਮਰ ਨਿਆਣੀ ਬੈਠੀਂ ਵੇਹੜੇ ਬਾਬੁਲ ਦੇ’ ਜਿਸ ਦਾ ਸੰਗੀਤ ਪਹਿਲਾਂ ਹੀ ਤਿਆਰ ਸੀ। ਫੇਰ ਮਾਨ ਸਾਬ੍ਹ ਹੱਸ ਕੇ ਕਹਿੰਦੇ ਸਮਝੋ ਮੁਰਦਾ ਤਿਆਰ ਕਰ ਲਿਆ ਜਾਨ ਪਾਉਣੀ ਬਾਕੀ ਹੈ, ਬਾਕੀ ਕਲੀ ਉਨ੍ਹਾਂ ਨੇ ਸਟੂਡੀਓ ਜਾ ਕੇ ਹੀ ਪੂਰੀ ਕੀਤੀ। ਹਰਭਜਨ ਮਾਨ ਦੀ ‘ਗੱਲ੍ਹਾਂ ਗੋਰੀਆਂ’ ਐਲਬਮ ਦੇ ਗੀਤ ਵੀ ਬਾਬੂ ਸਿੰਘ ਮਾਨ ਦੇ ਲਿਖੇ ਹੋਏ ਸਨ। ਹਰਭਜਨ ਮਾਨ ਦਾ ਇਕ ਗੀਤ ‘ਬਾਬੇ ਬਿਸ਼ਨੇ ਦੀ ਬੈਠਕ’ ਉਹ ਵੀ ਮਰਾੜ ਪਿੰਡ ’ਚ ਮੌਜੂਦ ਹੈ। ਇਹ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਕਿ ਬਾਬੂ ਸਿੰਘ ਮਾਨ ਨੇ ਜੋ ਲਿਖਿਆ ਉਸ ਗੀਤ ਪਿੱਛੇ ਕੋਈ ਨਾ ਕੋਈ ਇਤਿਹਾਸ ਜ਼ਰੂਰ ਹੈ।
ਕਈ ਵਾਰ ਇੰਜ ਲੱਗਦਾ ਹੈ ਜਿਵੇਂ ਬਾਬੂ ਸਿੰਘ ਮਾਨ ਤੇ ਹਰਭਜਨ ਮਾਨ ਇਕ ਦੂਸਰੇ ਲਈ ਹੀ ਬਣੇ ਹੋਣ। ਅੱਜ ਹਰਭਜਨ ਮਾਨ ਦੀਆਂ ਸਾਰੀਆਂ ਫ਼ਿਲਮਾਂ ਦੇ ਗੀਤ ਬਾਬੂ ਸਿੰਘ ਮਾਨ ਦੇ ਹੁੰਦੇ ਹਨ। ਬਾਬੂ ਸਿੰਘ ਮਾਨ ਦੇ ਸਪੁੱਤਰ ਅਮਿਤੋਜ ਮਾਨ ਲੇਖਕ ਅਤੇ ਫ਼ਿਲਮ ਨਿਰਦੇਸ਼ਕ ਹਨ।
ਸੰਪਰਕ: 95014 86005