ਮੁੰਬਈ, 10 ਜਨਵਰੀ
ਬੌਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਤੇ ਦੀਪਿਕਾ ਪਾਦੂਕੋਣ ਆਪਣੀ ਪਹਿਲੀ ਐਕਸ਼ਨ ਅਡਵੈਂਚਰ ਫ਼ਿਲਮ ‘ਫਾਈਟਰ’ ’ਚ ਇਕੱਠੇ ਕੰਮ ਕਰਨਗੇ ਜੋ ਕਿ ਫਿਲਮਸਾਜ਼ ਸਿਧਾਰਥ ਅਨੰਦ ਵੱਲੋਂ ਬਣਾਈ ਜਾ ਰਹੀ ਹੈ। ਫ਼ਿਲਮ ਦਾ ਐਲਾਨ ਐਤਵਾਰ ਨੂੰ ਰਿਤਿਕ ਦੇ ਜਨਮ ਦਿਨ ਮੌਕੇ ਕੀਤਾ ਗਿਆ। ਰਿਤਿਕ ਰੌਸ਼ਨ ਨੇ ਸੋਸ਼ਲ ਮੀਡੀਆ ’ਤੇ ‘ਫਾਈਟਰ’ ਫਿਲਮ ਦਾ ਪੋਸਟਰ ਰਿਲੀਜ਼ ਕਰਦਿਆਂ ਸਿਧਾਰਥ ਆਨੰਦ ਦੇ ਪ੍ਰੋਡਕਸ਼ਨ ਹਾਊਸ ‘ਮਾਰਫਲਿਕਸ’ ਬਾਰੇ ਜਾਣਕਾਰੀ ਸਾਂਝੀ ਕੀਤੀ ਜੋ ਕਿ ਸਾਲ 2022 ਵਿੱਚ ਰਿਲੀਜ਼ ਹੋਵੇਗਾ। ਰਿਤਿਕ ਨੇ ਲਿਖਿਆ,‘‘ ਮਾਰਫਲਿਕਸ ਦੀ ਪਹਿਲੀ ਝਲਕ ‘ਫਾਈਟਰ’ ਪੇਸ਼ ਕਰਨ ਜਾ ਰਹੇ ਹਾਂ, ਜਿਸ ਵਿੱਚ ਦੀਪਿਕਾ ਮੇਰੀ ਸਹਿਯਾਤਰੀ ਹੋਵੇਗੀ।’’ ਰਿਤਿਕ ਨੇ ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ, ਅੱਗੇ ਆਪਣੀ ਪੋਸਟ ਵਿੱਚ ਲਿਖਿਆ, ‘‘ਇੱਕ ਅਭਿਨੇਤਾ ਹੋਣ ਦੇ ਨਾਤੇ ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੈਂ ਮਮਤਾ ਐਂਡ ਸਿਡ ਆਨੰਦ ਦੇ ਪਹਿਲੇ ਪ੍ਰੋਡਕਸ਼ਨ ਹਾਊਸ ‘ਮਾਰਫਲਿਕਸ’ ਦਾ ਹਿੱਸਾ ਬਣਾਂਗਾ।’’ ਮੋਸ਼ਨ ਪੋਸਟਰ ’ਤੇ ਰਿਤਿਕ ਦਾ ਵਾਇਸਓਵਰ ਹੈ, ‘‘ਦੁਨੀਆ ਮੇ ਮਿਲ ਜਾਏਂਗੇ ਆਸ਼ਿਕ ਕਈ, ਪਰ ਵਤਨ ਸੇ ਹਸੀਨ ਸਨਮ ਨਹੀਂ ਹੋਤਾ। ਹੀਰੋਂ ਮੇ ਸਿਮਟ ਕਰ, ਸੋਨੇ ਸੇ ਲਿਪਟ ਕਰ ਮਰਤੇ ਹੈਂ ਕਈ ਪਰ ਤਿਰੰਗੇ ਸੇ ਖੂਬਸੂਰਤ ਕਫ਼ਨ ਨਹੀਂ ਹੋਤਾ’’ ਦੀਪਿਕਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟਰ ਸਾਂਝਾ ਕਰ ਕੇ ਇਹ ਲਿਖਿਆ, ‘‘ਸੁਪਨੇ ਸੱਚਮੁੱਚ ਪੂਰੇ ਹੁੰਦੇ ਹਨ, ‘ਫਾਈਟਰ’ ਸਿਧਾਰਥ ਆਨੰਦ ਤੇ ਰਿਤਿਕ ਰੌਸ਼ਨ ਮਾਰਫਲਿਕਸ।’’ ਫਿਲਮ ਬਾਰੇ ਗੱਲ ਕਰਦਿਆਂ ਆਨੰਦ ਨੇ ਕਿਹਾ, ‘‘ਆਪਣੇ ਦੋ ਪਸੰਦੀਦਾ ਸਿਤਾਰਿਆਂ ਰਿਤਿਕ ਅਤੇ ਦੀਪਿਕਾ ਨਾਲ ਪ੍ਰੋਡਕਸ਼ਨ ਹਾਊਸ ਮਾਰਫਲਿਕਸ ਦੀ ਯਾਤਰਾ ਦੀ ਸ਼ੁਰੂਆਤ ਕਰਦਿਆਂ ਬਹੁਤ ਖ਼ੁਸ਼ ਹਾਂ।”
-ਆਈਏਐੱਨਐੱਸ