ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 11 ਜਨਵਰੀ
ਬੌਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਬੀਤੇ ਦਿਨ ਆਪਣਾ 48ਵਾਂ ਜਨਮ ਦਿਨ ਮਨਾਇਆ। ਉਸ ਦਾ 2014 ਵਿੱਚ ਤਲਾਕ ਹੋ ਗਿਆ ਸੀ ਪਰ ਅੱਜ ਵੀ ਉਸ ਦੇ ਆਪਣੀ ਸਾਬਕਾ ਪਤਨੀ ਸੂਜ਼ਨ ਨਾਲ ਚੰਗੇ ਸਬੰਧ ਹਨ। ਬਾਕੀ ਤਲਾਕਸ਼ੁਦਾ ਜੋੜਿਆਂ ਦੀ ਤਰ੍ਹਾਂ ਨਾ ਹੋ ਕੇ ਦੋਵੇਂ ਇੱਕ-ਦੂਜੇ ਦਾ ਖਿਆਲ ਰੱਖਦੇ ਹਨ। ਰਿਤਿਕ ਅਤੇ ਸੂਜ਼ਨ ਅਕਸਰ ਸੋਸ਼ਲ ਮੀਡੀਆ ’ਤੇ ਆਪਣੇ ਬੱਚਿਆਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਰਿਤਿਕ ਨੇ ਸੂਜ਼ਨ ਦੇ ਪਰਿਵਾਰ ਨਾਲ ਕੁਝ ਸਮਾਂ ਬਿਤਾਇਆ ਅਤੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਤਲਾਕ ਤੋਂ ਬਾਅਦ ਵੀ ਦੋਵੇਂ ਚੰਗੇ ਦੋਸਤ ਹਨ।
ਫਿਲਮਸਾਜ਼ ਰਾਕੇਸ਼ ਰੌਸ਼ਨ ਨੇ ਰਿਤਿਕ ਅਤੇ ਸੂਜ਼ਨ ਦੇ ਸਬੰਧਾਂ ਬਾਰੇ ਗੱਲ ਕਰਦਿਆਂ ਦੱਸਿਆ, ‘‘ਤਲਾਕ ਤੋਂ ਠੀਕ ਬਾਅਦ ਜਦੋਂ ਰਿਤਿਕ ਅਦਾਲਤ ਤੋਂ ਬਾਹਰ ਆਇਆ ਤਾਂ ਉਸ ਨੇ ਸੂਜ਼ਨ ਲਈ ਕਾਰ ਦਾ ਦਰਵਾਜ਼ਾ ਖੋਲ੍ਹਿਆ। ਇਹ ਗੱਲ ਉਸ ਦੇ ਕਿਰਦਾਰ ਨੂੰ ਉਭਾਰਦੀ ਹੈ। ਤੁਹਾਨੂੰ ਕੋਈ ਵੀ ਇਹ ਗੱਲਾਂ ਨਹੀਂ ਸਿਖਾਏਗਾ। ਇਹ ਅੰਦਰ ਹੀ ਹੁੰਦੀਆਂ ਹਨ। ਉਹ ਔਰਤਾਂ ਅਤੇ ਹੋਰਨਾਂ ਦਾ ਸਤਿਕਾਰ ਕਰਦਾ ਹੈ। ਜਿਵੇਂ ਉਹ ਮੇਰੇ ਪੈਰੀਂ ਹੱਥ ਲਾਉਂਦਾ ਹੈ ਅਤੇ ਇਸੇ ਤਰ੍ਹਾਂ ਮੇਰੇ ਪੋਤੇ ਹਰੀਦਾਨ ਅਤੇ ਹਰੀਹਾਨ ਵੀ ਕਰਦੇ ਹਨ। ਤੁਸੀਂ ਇਹ ਗੱਲਾਂ ਸੁਭਾਵਿਕ ਹੀ ਕਰਦੇ ਹੋ।’’ ਜਦੋਂ ਰਾਕੇਸ਼ ਤੋਂ ਪੁੱਛਿਆ ਗਿਆ ਕਿ ਕੀ ਉਹ ਰਿਤਿਕ ਨੂੰ ਜ਼ਿੰਦਗੀ ਵਿੱਚ ਅੱਗੇ ਵਧਦੇ ਦੇਖਣਾ ਚਾਹੁੰਦੇ ਹਨ ਤਾਂ ਉਸ ਨੇ ਕਿਹਾ, ‘‘ਉਸ ਦੀ ਕਿਸਮਤ ਵਿੱਚ ਜੋ ਲਿਖਿਆ ਹੈ, ਉਹੀ ਹੋਵੇਗਾ। ਮੇਰੀ ਇੱਛਾ ਨਾਲ ਕੋਈ ਫਰਕ ਨਹੀਂ ਪੈਂਦਾ। ਜੋ ਹੋਣਾ ਹੈ ਉਹੀ ਹੋਵੇਗਾ… ਅਤੇ ਚੰਗਾ ਹੀ ਹੋਵੇਗਾ। ਮੈਂ ਬੱਸ ਇਹੀ ਕਹਿਣਾ ਚਾਹੁੰਦਾ ਕਿ ਰਿਤਿਕ ਉਵੇਂ ਹੀ ਰਹੇ ਜਿਵੇਂ ਉਹ ਹੈ।’’