ਮੁੰਬਈ: ਬੌਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਹਾਲ ਹੀ ਵਿੱਚ ਇੱਕ ਸਮਾਗਮ ਦੌਰਾਨ ਆਪਣੇ ਇੱਕ ਪ੍ਰਸ਼ੰਸਕ ਦੇ ਪੈਰੀਂ ਹੱਥ ਲਾ ਕੇ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਜਾਣਕਾਰੀ ਅਨੁਸਾਰ ਅਦਾਕਾਰ ਆਪਣੀ ਆਉਣ ਵਾਲੀ ਫ਼ਿਲਮ ‘ਵਿਕਰਮ ਵੇਧਾ’ ਵਿੱਚ ਦਿਖਾਈ ਦੇਵੇਗਾ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਸਟੇਜ ’ਤੇ ਰਿਤਿਕ ਰੌਸ਼ਨ ਦਾ ਇਕ ਪ੍ਰਸ਼ੰਸਕ ਉਸ ਨੂੰ ਮਿਲਣ ਆਉਂਦਾ ਹੈ ਅਤੇ ਉਹ ਅਦਾਕਾਰ ਦੇ ਪੈਰੀਂ ਹੱਥ ਲਾਉਂਦਾ ਹੈ। ਇਸ ਤੋਂ ਬਾਅਦ ਰਿਤਿਕ ਰੌਸ਼ਨ ਉਸ ਪ੍ਰਸ਼ੰਸਕ ਦੇ ਪੈਰੀਂ ਹੱਥ ਲਾਉਂਦਾ ਹੈ, ਜਿਸ ਤੋਂ ਲੋਕ ਬਹੁਤ ਖੁਸ਼ ਹੋਏ। ਅਦਾਕਾਰ ਦੇ ਇਕ ਚਾਹੁਣ ਵਾਲੇ ਨੇ ਆਖਿਆ,‘‘ਬਹੁਤ ਚੰਗਾ ਲੱਗਾ ਰਿਤਿਕ ਰੌਸ਼ਨ।’’ ਸੋਸ਼ਲ ਮੀਡੀਆ ’ਤੇ ਅਦਾਕਾਰ ਦੇ ਚਾਹੁਣ ਵਾਲੇ ਪ੍ਰਸ਼ੰਸਕ ਨੂੰ ਅਜਿਹਾ ਸਤਿਕਾਰ ਦੇਣ ਲਈ ਉਸ ਦੀ ਸ਼ਲਾਘਾ ਕਰ ਰਹੇ ਹਨ। ਜਾਣਕਾਰੀ ਅਨੁਸਾਰ ਰਿਤਿਕ ਰੌਸ਼ਨ ਦੀ ਆਖ਼ਰੀ ਫ਼ਿਲਮ ਟਾਈਗਰ ਸ਼ਰਾਫ ਨਾਲ ‘ਵਾਰ’ ਆਈ ਸੀ, ਜੋ ਬਹੁਤ ਹਿੱਟ ਰਹੀ ਸੀ। ਰਿਤਿਕ ਰੌਸ਼ਨ ਹੁਣ ਤਿੰਨ ਸਾਲ ਦੇ ਵਕਫ਼ੇ ਮਗਰੋਂ ਫ਼ਿਲਮ ‘ਵਿਕਰਮ ਵੇਧਾ’ ਰਾਹੀਂ ਵੱਡੇ ਪਰਦੇ ’ਤੇ ਵਾਪਸੀ ਕਰ ਰਿਹਾ ਹੈ। ਇਹ ਫ਼ਿਲਮ ਵਿਜੈ ਸੇਤੂਪਤੀ-ਆਰ ਮਾਧਵਾਨ ਦੀ ਇਸੇ ਨਾਮ ਤੋਂ ਬਣੀ ਤਾਮਿਲ ਫ਼ਿਲਮ ਦਾ ਹਿੰਦੀ ਰੀਮੇਕ ਹੈ। ਇਸ ਫ਼ਿਲਮ ਵਿੱਚ ਸੈਫ ਅਲੀ ਖਾਨ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗਾ ਅਤੇ ਇਹ ਫ਼ਿਲਮ ਆਗਾਮੀ 30 ਸਤੰਬਰ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ