ਮੁੰਬਈ: ਬੌਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਹੁਮਾ ਕੁਰੇਸ਼ੀ ਦੀ ਫਿਲਮ ‘ਡਬਲ ਐੱਕਸਐੱਲ’ ਦੇ ਟਰੇਲਰ ਰਿਲੀਜ਼ ਮਗਰੋਂ ਦੋਵੇਂ ਅਭਿਨੇਤਰੀਆਂ ਨੇ ਫਿਲਮ ਵਿਚਲੇ ਕਾਮੇਡੀ ਦ੍ਰਿਸ਼ਾਂ ਪਿਛਲੇ ਕੁਝ ਕਿੱਸੇ ਸਾਂਝੇ ਕੀਤੇ ਹਨ। ਇਸ ਟਰੇਲਰ ਵਿੱਚ ਸੋਨਾਕਸ਼ੀ ਤੇ ਹੁਮਾ ਨੂੰ ਵੱਖ-ਵੱਖ ਲੋਕ ਤਾਹਨੇ ਮਾਰਦੇ ਅਤੇ ਪਤਲੇ ਹੋਣ ਲਈ ਖਾਣ-ਪੀਣ ਦੀ ਸਲਾਹ ਦਿੰਦੇ ਦਿਖਾਈ ਦੇ ਰਹੇ ਹਨ। ਦੋਵੇਂ ਰਾਤ ਦੇ ਖਾਣੇ ਲਈ ਇੱਕ ਰੈਸਤਰਾਂ ਵਿੱਚ ਜਾਂਦੀਆਂ ਹਨ ਤੇ ਇੱਕ ਤੋਂ ਬਾਅਦ ਦੂਜੀ ਚੀਜ਼ ਖਾਣ ਵਾਲੀ ਮੰਗਵਾਉਂਦੀਆਂ ਹਨ। ਅਭਿਨੇਤਰੀਆਂ ਨੇ ਦੱਸਿਆ ਕਿ ਸ਼ੂਟਿੰਗ ਤੋਂ ਬਾਅਦ ਨਾ ਸਿਰਫ਼ ਉਹ ਦੋਵੇਂ ਸਗੋਂ ਫਿਲਮ ਦਾ ਸਾਰਾ ਅਮਲਾ ਉਹੀ ਕੁਝ ਖਾਣ ਲਈ ਲੋਚਦਾ ਰਿਹਾ ਸੀ, ਜਿਨ੍ਹਾਂ ਸਭ ਚੀਜ਼ਾਂ ਨੂੰ ਨਾ ਖਾਣ ਦੀ ਸ਼ੂਟਿੰਗ ਦੌਰਾਨ ਸਲਾਹ ਦਿੱਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਸ਼ੂਟਿੰਗ ਮਗਰੋਂ ਸਾਰਿਆਂ ਨੇ ਆਪਣੇ ਮਨ ਪਸੰਦ ਖਾਣੇ ਮੰਗਵਾ ਕੇ ਰੱਜ ਕੇ ਖਾਧੇ। ਇਸ ਫ਼ਿਲਮ ਵਿੱਚ ਜ਼ਹੀਰ ਇਕਬਾਲ ਅਤੇ ਮਾਹਤ ਰਾਘਵੇਂਦਰ ਵੀ ਦਿਖਾਈ ਦੇਣਗੇ। ਇਹ ਫਿਲਮ 4 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। -ਆਈਏਐੱਨਐੱਸ