ਮੁੰਬਈ, 27 ਮਈ
ਅਦਾਕਾਰਾ ਹੁਮਾ ਕੁਰੈਸ਼ੀ ਨੇ ਆਖਿਆ ਕਿ ਉਹ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ‘ਮਹਾਰਾਣੀ’ ਵਿੱਚ ਨਾਇਕਾ ਰਾਣੀ ਭਾਰਤੀ ਦੀ ਭੂਮਿਕਾ ਵਿੱਚ ਨਜ਼ਰ ਆਏਗੀ। ਇਹ ਉਸ ਲਈ ਤਾਂ ਵੀ ਖਾਸ ਹੈ ਕਿਉਂਕਿ ਇਸ ਵਿਚ ਉਸ ਨੂੰ ਜਾਨਣ ਨਾਲੋਂ ਭੁੱਲਣ ਦੀ ਵੱਧ ਲੋੜ ਹੈ। ਉਸ ਦਾ ਕਹਿਣਾ ਹੈ ਕਿ ਅਦਾਕਾਰਾ ਵਜੋਂ ਦਿੱਲੀ ਤੋਂ ਮੁੰਬਈ ਜਾਣ ਦੇ ਤਜਰਬੇ ਸਦਕਾ ਉਸ ਨੂੰ ਰਾਣੀ ਬਾਰੇ ਸਮਝਣ ਵਿੱਚ ਕਾਫੀ ਮਦਦ ਮਿਲੀ। ਰਾਣੀ ਇੱਕ ਅਨਪੜ੍ਹ ਪੇਂਡੂ ਔਰਤ ਹੈ। ਅਚਾਨਕ ਬਦਲੇ ਹਾਲਾਤ ਕਾਰਨ ਉਹ ਬਿਹਾਰ ਦੀ ਸਿਆਸਤ ਦਾ ਕੇਂਦਰੀ ਧੁਰਾ ਬਣ ਜਾਂਦੀ ਹੈ ਅਤੇ ਰਾਜ ਦੀ ਮੁੱਖ ਮੰਤਰੀ ਬਣਦੀ ਹੈ। ਹੁਮਾ ਨੇ ਆਖਿਆ ਕਿ ਜਦੋਂ ਉਹ ਵੱਡੀ ਹੋ ਰਹੀ ਸੀ ਤਾਂ ਉਸ ਨੂੰ ਵੀ ਰਾਣੀ ਵਾਂਗ ਪਤਾ ਨਹੀਂ ਸੀ ਕਿ ਬੌਲੀਵੁੱਡ ਨਾਲ ਜੁੜਨ ਦਾ ਕੀ ਮਕਸਦ ਹੈ। ਅਦਾਕਾਰਾ ਨੇ ਆਖਿਆ,‘‘ਰਾਣੀ ਭਾਰਤੀ ਕਦੇ ਵੀ ਆਪਣੇ ਪਿੰਡ ਤੋਂ ਬਾਹਰ ਨਹੀਂ ਗਈ। ਉਸ ਦੀ ਭੂਮਿਕਾ ਨਿਭਾਉਣਾ ਵੱਡੀ ਚੁਣੌਤੀ ਸੀ। ਉਹ ਮੇਰੇ ਤੋਂ ਬਿਲਕੁੱਲ ਵੱਖਰੀ ਸੀ। ਜੇਕਰ ਤੁਸੀਂ ਕੁਝ ਜਾਣਦੇ ਹੋ ਤਾਂ ਉਸ ਨੂੰ ਕਿਵੇਂ ਭੁੱਲ ਸਕਦੇ ਹੋ। ਦਿੱਲੀ ਤੋਂ ਮੁੰਬਈ ਜਾਣਾ ਮੇਰੇ ਲਈ ਬਹੁਤ ਖਾਸ ਹੈ। ਇਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਮੈਂ ਦਿੱਲੀ ਵਿੱਚ ਵੱਖਰੀ ਜ਼ਿੰਦਗੀ ਜਿਉਂਦੀ ਸੀ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਬੌਲੀਵੁੱਡ ਦਾ ਹਿੱਸਾ ਹੋਵਾਂਗੀ।’’ -ਆਈਏਐੱਨਐੱਸ