ਹਰਜੀਤ ਸਿੰਘ*
ਨਾਸਾ ਨੇ 14 ਦਸੰਬਰ, 2021 ਨੂੰ ਐਲਾਨ ਕੀਤਾ ਕਿ ਸੌਰ ਉਪਗ੍ਰਹਿ “ਪਾਰਕਰ ਸੌਰ ਪ੍ਰੋਬ” ਨੇ 28 ਅਪਰੈਲ, 2021 ਨੂੰ ਸੂਰਜ ਨੂੰ ਪਹਿਲੀ ਵਾਰ ਛੂਹਿਆ। ਸੂਰਜ ਨੂੰ ਛੂਹਣ ਦਾ ਕੀ ਮਤਲਬ ਹੈ, ਇਹ ਜਾਣਨ ਲਈ ਪਹਿਲਾਂ ਸਾਨੂੰ ਸੂਰਜ ਬਾਰੇ ਥੋੜ੍ਹੀ ਜਾਣਕਾਰੀ ਹੋਣੀ ਜ਼ਰੂਰੀ ਹੈ।
ਸਾਡਾ ਸੂਰਜ ਇੱਕ ਦਰਮਿਆਨੇ ਆਕਾਰ ਦਾ ਤਾਰਾ ਹੈ, ਜੋ ਧਰਤੀ ਤੋਂ ਲਗਭਗ 110 ਗੁਣਾ ਵੱਡਾ ਹੈ। ਇਹ ਬਹੁਤ ਗਰਮ ਗੈਸਾਂ ਦਾ ਬਣਿਆ ਹੈ ਅਤੇ ਧਰਤੀ ਵਾਂਗ ਇਸਦੀ ਕੋਈ ਠੋਸ ਸਤ੍ਵਾ ਨਹੀਂ ਹੈ। ਇਸਦੇ ਕੇਂਦਰੀ ਭਾਗ ਨੂੰ ਕੋਰ ਕਹਿੰਦੇ ਹਨ। ਇੱਥੇ ਪਰਮਾਣੂ ਕਿਰਿਆਵਾਂ ਦੁਆਰਾ ਹਾਇਡ੍ਰੋਜਨ ਗੈਸ, ਹੀਲੀਅਮ ਵਿੱਚ ਬਦਲਦੀ ਹੈ ਅਤੇ ਭਾਰੀ ਮਾਤਰਾ ਵਿੱਚ ਊਰਜਾ ਤਾਪ ਦੇ ਰੂਪ ਵਿੱਚ ਪੈਦਾ ਹੁੰਦੀ ਹੈ। ਸੂਰਜ ਦੀ ਸਾਰੀ ਊਰਜਾ ਦਾ ਸਰੋਤ ਇਹੀ ਕਿਰਿਆਵਾਂ ਹਨ। ਇਹ ਸੂਰਜ ਦਾ ਸਭ ਤੋਂ ਸੰਘਣਾ ਭਾਗ ਹੈ। ਇੰਨਾ ਸੰਘਣਾ ਕਿ ਪ੍ਰਕਾਸ਼ ਨੂੰ ਇਸ ਵਿੱਚੋਂ ਬਾਹਰ ਆਉਣ ਲਈ 2000 ਸਾਲ ਲੱਗ ਜਾਂਦੇ ਹਨ। ਉਸਤੋਂ ਬਾਹਰਲਾ ਭਾਗ ਰੇਡੀਏਟਿਵ ਜ਼ੋਨ ਹੈ ਜੋ ਕੋਰ ਦੀ ਊਰਜਾ ਨੂੰ, ਵਿਕਿਰਣ ਰਾਹੀਂ, ਅਗਲੀ ਪਰਤ ਕਨਵੈਕਟਿਵ ਜ਼ੋਨ ਤੱਕ ਲਿਜਾਂਦਾ ਹੈ। ਇਸ ਜ਼ੋਨ ਵਿੱਚ ਕਣਾਂ ਦੇ ਵਹਾਅ ਨਾਲ ਊਰਜਾ ਅੱਗੇ ਜਾਂਦੀ ਹੈ। ਇਸਤੋਂ ਅਗਲੀ ਪਰਤ ਫੋਟੋਸਫ਼ੀਅਰ ਹੈ। ਧਰਤੀ ਤੋਂ ਸੂਰਜ ਨੂੰ ਦੇਖਣ ਸਮੇਂ ਸਾਨੂੰ ਇਹੋ ਪਰਤ ਦਿਖਦੀ ਹੈ, ਜਿਸ ਕਰਕੇ ਇਸਨੂੰ ਸੂਰਜ ਦੀ ਸਤ੍ਵਾ ਵੀ ਕਿਹਾ ਜਾਂਦਾ ਹੈ। ਅਗਲੀ ਪਰਤ ਦਾ ਨਾਮ ਕਰੋਮੋਸਫ਼ੀਅਰ ਹੈ ਜੋ ਬਹੁਤ ਵਿਰਲੀ ਹੈ, ਜੋ ਬਿਨਾਂ ਖਾਸ ਫਿਲਟਰ ਦੇ ਨਹੀਂ ਦੇਖੀ ਜਾ ਸਕਦੀ। ਇਸਨੂੰ ਪੂਰਨ ਸੂਰਜ ਗ੍ਰਹਿਣ ਦੌਰਾਨ ਵੀ ਦੇਖਿਆ ਜਾ ਸਕਦਾ ਹੈ। ਸਭ ਤੋਂ ਬਾਹਰਲੀ ਪਰਤ ਦਾ ਨਾਮ ਹੈ ਕੋਰੋਨਾ। ਇਹ ਸਭ ਤੋਂ ਮੋਟੀ ਪਰ ਸਭ ਤੋਂ ਵਿਰਲੀ ਪਰਤ ਹੈ। ਕੋਰ ਤੋਂ ਬਾਅਦ ਇਹ ਸਭ ਤੋਂ ਗਰਮ ਪਰਤ ਹੈ।
ਸੂਰਜ ਦੀ ਸਤ੍ਵਾ ’ਤੇ ਦਿਸਣ ਵਾਲੇ ਕਾਲੇ ਰੰਗ ਦੇ ਧੱਬਿਆਂ ਨੂੰ ਸੌਰ ਧੱਬੇ ਕਹਿੰਦੇ ਹਨ। ਆਸ ਪਾਸ ਦੇ ਇਲਾਕੇ ਤੋਂ ਠੰਢੇ ਹੋਣ ਕਰਕੇ ਇਹ ਕਾਲੇ ਰੰਗ ਦੇ ਨਜ਼ਰ ਆਉਂਦੇ ਨੇ। ਇਹ ਜ਼ਿਆਦਾਤਰ ਜੋੜਿਆਂ ਵਿੱਚ ਮਿਲਦੇ ਨੇ। ਸੌਰ ਰੇਸ਼ੇ ਬਹੁਤ ਗਰਮ ਗੈਸ ਦੇ ਬਣੇ ਹੁੰਦੇ ਨੇ ਜੋ ਸੂਰਜ ਦੇ ਚੁੰਬਕੀ ਖੇਤਰ ਦੇ ਪ੍ਰਭਾਵ ਕਾਰਨ ਕੋਰੋਨਾ ਵਿੱਚ ਲਟਕੇ ਰਹਿੰਦੇ ਹਨ। ਕਰੋਮੋਸਫ਼ੀਅਰ ਵਿੱਚੋਂ ਤੇਜ਼ ਗਤੀ ਨਾਲ ਨਿਕਲਣ ਵਾਲੇ ਚੁੰਬਕੀ ਪਦਾਰਥ ਨੂੰ ਸੌਰ ਫਲੇਅਰ ਕਹਿੰਦੇ ਨੇ। ਕੁਝ ਫਲੇਅਰਾਂ ਬਹੁਤ ਸ਼ਕਤੀਸ਼ਾਲੀ ਅਤੇ ਤੇਜ਼ ਹੁੰਦੀਆਂ ਹਨ ਅਤੇ ਸੂਰਜ ਦੀ ਗੁਰੂਤਾ ਖਿੱਚ ਤੋਂ ਨਿਕਲ ਕੇ ਪੁਲਾੜ ਵਿੱਚ ਚਲੀਆਂ ਜਾਂਦੀਆਂ ਨੇ। ਕੋਰੋਨਾ ਵਿੱਚੋਂ ਲਗਾਤਾਰ ਤੇਜ਼ ਗਤੀ ’ਤੇ ਚਾਰਜ ਹੋਏ ਕਣ ਨਿਕਲਦੇ ਰਹਿੰਦੇ ਹਨ, ਜਿਸਨੂੰ ਸੌਰ ਹਨੇਰੀ (Solar Wind) ਕਹਿੰਦੇ ਨੇ। ਇਹ ਹਨੇਰੀ ਧਰਤੀ ਤੱਕ ਵੀ ਪਹੁੰਚਦੀ ਹੈ।
ਉੱਪਰਲੇ ਪੈਰੇ ਵਿੱਚ ਦੱਸੀਆਂ ਸਾਰੀਆਂ ਚੀਜ਼ਾਂ ਸੌਰ ਵਾਤਾਵਰਨ ਦਾ ਹਿੱਸਾ ਹਨ ਅਤੇ ਧਰਤੀ ਦੀਆਂ ਰੁੱਤਾਂ ਵਾਂਗ ਨਿਯਮਤ ਰੂਪ ਵਿੱਚ ਵਾਪਰਦੀਆਂ ਰਹਿੰਦੀਆਂ ਹਨ। ਇਸ ਲਈ ਇਸਨੂੰ ਸੌਰ ਮੌਸਮ ਕਹਿੰਦੇ ਹਨ। ਸੌਰ ਹਨੇਰੀ ਦੁਆਰਾ ਸੂਰਜ ਅਰਬਾਂ ਟਨ ਚਾਰਜ ਹੋਏ ਕਣ, ਹਰ ਘੰਟੇ ਸਾਡੇ ਵੱਲ ਸੁੱਟਦਾ ਹੈ ਅਤੇ ਜਦੋਂ ਇਹ ਧਰਤੀ ’ਤੇ ਆਉਂਦੇ ਨੇ ਤਾਂ ਧਰਤੀ ਦੀ ਸੁਰੱਖਿਆ ਢਾਲ, ਚੁੰਬਕੀ ਖੇਤਰ, ਨਾਲ ਟਕਰਾਉਂਦੇ ਹਨ। ਇਨ੍ਹਾਂ ਕਣਾਂ ਵਿੱਚ ਖਤਰਨਾਕ ਇਲੈਕਟ੍ਰੋਨ ਅਤੇ ਪ੍ਰੋਟੋਨ ਹੁੰਦੇ ਹਨ, ਪਰ ਧਰਤੀ ਦੇ ਚੁੰਬਕੀ ਖੇਤਰ ਨਾਲ ਟਕਰਾ ਕੇ ਮੁੜ ਜਾਂਦੇ ਨੇ। ਇਨ੍ਹਾਂ ਕਣਾਂ ਕਰਕੇ ਹੀ ਯੂਰਪ ਦੀਆਂ ਪ੍ਰਸਿੱਧ ਉੱਤਰੀ ਲਾਈਟਾਂ (Aurora Borealis) ਬਣਦੀਆਂ ਹਨ। ਸੂਰਜ ਦੇ ਬਦਲਦੇ ਮੌਸਮ ਦਾ ਅਸਰ ਧਰਤੀ ’ਤੇ ਵੀ ਪੈਂਦਾ ਹੈ ਤੇ ਇਸ ਨੂੰ ਪੁਲਾੜ ਦਾ ਮੌਸਮ ਕਿਹਾ ਜਾਂਦਾ ਹੈ। ਇਹ ਮੌਸਮ ਸਾਡੀ ਧਰਤੀ ਦੇ ਉਪਗ੍ਰਹਿਆਂ, ਸੰਚਾਰ ਯੰਤਰਾਂ, ਮੋਬਾਈਲ ਫੋਨਾਂ ਅਤੇ ਬਿਜਲਈ ਯੰਤਰਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਇੱਕ ਤਕੜੀ ਫਲੇਅਰ ਪੂਰੀ ਧਰਤੀ ਦੇ ਸੰਚਾਰ ਉਪਗ੍ਰਹਿਆਂ, ਪਾਵਰ ਗਰਿੱਡ, ਮੋਬਾਈਲ ਨੈਟਵਰਕ, ਜੀਪੀਐਸ, ਕੇਬਲ ਟੀਵੀ ਆਦਿ ਨੂੰ ਪ੍ਰਭਾਵਿਤ ਕਰਕੇ ਸਭ ਬੰਦ ਕਰ ਸਕਦੀ ਹੈ। ਦਿਨ ਬ ਦਿਨ ਸਾਡੀ ਇਨ੍ਹਾਂ ਯੰਤਰਾਂ ’ਤੇ ਨਿਰਭਰਤਾ ਵਧ ਰਹੀ ਹੈ। ਇਸੇ ਕਰਕੇ ਸੌਰ ਮੌਸਮ ਨੂੰ ਸਮਝਣਾ ਅਤੇ ਸਮਾਂ ਰਹਿੰਦਿਆਂ ਇੱਕ ਤਕੜੀ ਫਲੇਅਰ ਵਰਗੀ ਘਟਨਾ ਦੀ ਭਵਿੱਖਬਾਣੀ ਕਰਨਾ ਬਹੁਤ ਜ਼ਰੂਰੀ ਹੈ। ਜਦ ਤੱਕ ਅਸੀਂ ਸੂਰਜ ਬਾਰੇ ਚੰਗੀ ਤਰ੍ਹਾਂ ਜਾਣ ਨਹੀਂ ਲੈਂਦੇ, ਅਸੀਂ ਇਹ ਭਵਿੱਖਬਾਣੀ ਨਹੀਂ ਕਰ ਸਕਦੇ।
ਇਸ ਮਕਸਦ ਲਈ ਵਿਗਿਆਨੀਆਂ ਵੱਲੋਂ ਬਹੁਤ ਸਾਰੇ ਮਿਸ਼ਨ ਸੂਰਜ ਵੱਲ ਭੇਜੇ ਜਾ ਚੁੱਕੇ ਨੇ। ਇਨ੍ਹਾਂ ਵਿੱਚ ਪਾਇਓਨੀਅਰ ਲੜੀ ਦੇ ਉਪਗ੍ਰਹਿ, ਸੋਹੋ (SOHO), ਉਲੇਸਿਸ, ਜੇਨੇਸਿਸ, ਹੀਲੀਓਸ ਆਦਿ ਮੁੱਖ ਹਨ। ਇਸੇ ਲੜੀ ਵਿੱਚ ਅਗਲਾ ਮਿਸ਼ਨ ਹੈ ਪਾਰਕਰ ਸੌਰ ਪ੍ਰੋਬ।
ਪਾਰਕਰ ਸੌਰ ਪ੍ਰੋਬ ਇੱਕ ਇਤਿਹਾਸਿਕ ਉਪਗ੍ਰਹਿ ਹੈ ਜੋ ਸੂਰਜ ਦੇ ਕੋਰੋਨਾ ਵਿੱਚ ਦਾਖਲ ਹੋ ਸਕਣ ਵਾਲਾ ਪਹਿਲਾ ਉਪਗ੍ਰਹਿ ਹੋਵੇਗਾ। ਇਸ ਪ੍ਰੋਬ ਦਾ ਨਾਮ ਸ਼ਿਕਾਗੋ ਯੂਨੀਵਰਸਿਟੀ ਦੇ ਪ੍ਰੋ. ਯੂਜਿਨ ਪਾਰਕਰ ਦੇ ਨਾਮ ’ਤੇ ਰੱਖਿਆ ਗਿਆ ਹੈ। ਪ੍ਰੋ. ਪਾਰਕਰ ਨੇ 50ਵਿਆਂ ਦੌਰਾਨ ਇਹ ਦੱਸਿਆ ਸੀ ਕਿ ਤਾਰੇ ਊਰਜਾ ਕਿਵੇਂ ਛੱਡਦੇ ਹਨ। ਉਸਨੇ ਇਸ ਊਰਜਾ ਦੇ ਵਹਾਅ ਨੂੰ ਸੌਰ ਹਨੇਰੀ ਦਾ ਨਾਮ ਦਿੱਤਾ ਅਤੇ ਉਸਦੇ ਕੋਰੋਨਾ ਦੇ, ਆਸ ਤੋਂ ਉਲਟ ਜ਼ਿਆਦਾ ਗਰਮ ਹੋਣ ਦਾ ਸੰਭਾਵਿਤ ਕਾਰਨ ਵੀ ਦੱਸਿਆ।
ਇਸ ਮਿਸ਼ਨ ਦੇ ਡਿਜ਼ਾਇਨ ’ਤੇ ਕੰਮ 2015 ਵਿੱਚ ਸ਼ੁਰੂ ਹੋਇਆ ਤੇ 12 ਅਪਰੈਲ, 2018 ਨੂੰ ਛੱਡੀ ਗਈ 685 ਕਿੱਲੋ ਭਾਰੀ ਇਸ ਪ੍ਰੋਬ ਦਾ ਮੁੱਖ ਮਕਸਦ ਉਸ ਊਰਜਾ ਦੇ ਵਹਾਅ ਦਾ ਪਤਾ ਲਗਾਉਣਾ ਹੈ ਜੋ ਕੋਰੋਨਾ ਨੂੰ ਏਨਾ ਗਰਮ ਕਰਦੀ ਹੈ ਅਤੇ ਸੌਰ ਹਨੇਰੀ ਨੂੰ ਪ੍ਰਬਲ ਬਣਾਉਂਦੀ ਹੈ। ਇਹ ਸੂਰਜ ਦੇ ਪਲਾਜ਼ਮਾ ਅਤੇ ਚੁੰਬਕੀ ਖੇਤਰ ਨੂੰ ਵੀ ਘੋਖੇਗੀ ਜੋ ਸੌਰ ਹਨੇਰੀ ਪੈਦਾ ਕਰਦੇ ਹਨ। ਇਹ ਪ੍ਰੋਬ ਬਾਹਰੀ ਕੋਰੋਨਾ ਦਾ ਪੂਰਾ ਸਰਵੇਖਣ ਕਰਕੇ ਡਾਟਾ ਧਰਤੀ ’ਤੇ ਭੇਜੇਗੀ। ਇਸ ਡਾਟਾ ਨਾਲ ਸਾਨੂੰ ਸੌਰ ਮੌਸਮ ਦੀ ਭਵਿੱਖਬਾਣੀ ਕਰਨ ਵਿੱਚ ਬਹੁਤ ਮਦਦ ਮਿਲੇਗੀ।
ਇਹ ਸੂਰਜ ਦੁਆਲੇ ਇੱਕ ਅੰਡਾਕਾਰ ਪੰਧ ਵਿੱਚ ਘੁੰਮਦੀ ਹੈ। ਪੰਧ ਦੌਰਾਨ ਸੂਰਜ ਤੋਂ ਸਭ ਤੋਂ ਦੂਰ ਹੋਣ ਸਮੇਂ ਇਹ ਸ਼ੁੱਕਰ ਦੇ ਪੰਧ ਤੋਂ ਵੀ ਬਾਹਰ ਆ ਜਾਂਦੀ ਹੈ। ਇੱਕ ਚੱਕਰ ਪੂਰਾ ਕਰਨ ਲਈ ਇਸਨੂੰ 88 ਦਿਨ ਲਗਦੇ ਹਨ। ਆਪਣੇ 8ਵੇਂ ਚੱਕਰ ਦੌਰਾਨ 28 ਅਪਰੈਲ, 2021 ਨੂੰ ਪ੍ਰੋਬ ਨੇ ਸੂਰਜ ਦੇ ਕੋਰੋਨਾ ਵਿੱਚ ਦਾਖਲ ਹੋ ਕੇ ਇਤਿਹਾਸ ਰਚ ਦਿੱਤਾ। ਅਜਿਹਾ ਕਰਨ ਵਾਲੀ ਇਹ ਇਨਸਾਨ ਦੀ ਬਣਾਈ ਪਹਿਲੀ ਵਸਤੂ ਹੈ।
ਸੂਰਜ ਨੂੰ ਵਾਚਣ ਲਈ ਇਸਦੇ ਜ਼ਿਆਦਾ ਨੇੜੇ ਹੋਣਾ ਬਿਹਤਰ ਹੈ। ਸੋ ਸੂਰਜ ਨੇੜੇ ਇੱਕ ਗੋਲਾਕਾਰ ਪੰਧ ਜ਼ਿਆਦਾ ਵਧੀਆ ਹੋ ਸਕਦਾ ਸੀ। ਪਰ ਸੂਰਜ ਦੇ ਨੇੜੇ ਹੋਣ ਸਮੇਂ ਪ੍ਰੋਬ ਦਾ ਤਾਪਮਾਨ ਬਹੁਤ ਵਧ ਜਾਂਦਾ ਹੈ ਤੇ ਠੰਢਾ ਕਰਨ ਲਈ ਇਸਨੂੰ ਸੂਰਜ ਤੋਂ ਦੂਰ ਲਿਜਾਣਾ ਪੈਂਦਾ ਹੈ। ਆਪਣੇ 88 ਦਿਨਾਂ ਵਿੱਚੋਂ ਇਹ ਸਿਰਫ਼ 11 ਕੁ ਦਿਨ ਸੂਰਜ ਨੇੜੇ ਰਹਿੰਦੀ ਹੈ ਅਤੇ ਬਾਕੀ 77 ਦਿਨ ਦੂਰ। ਸੂਰਜ ਨੇੜੇ ਧਰਤੀ ਨਾਲ ਸੰਚਾਰ ਵਿੱਚ ਵੀ ਦਿੱਕਤ ਆਉਂਦੀ ਹੈ, ਸੋ ਪ੍ਰੋਬ ਸਾਰਾ ਡਾਟਾ ਸੂਰਜ ਤੋਂ ਦੂਰ ਜਾ ਕੇ ਹੀ ਧਰਤੀ ਨੂੰ ਭੇਜਦੀ ਹੈ। ਇਸਦੀ ਡਾਟਾ ਟ੍ਰਾਂਸਫਰ ਦਰ ਵੀ ਬਹੁਤ ਘੱਟ ਹੈ। ਇਹੀ ਕਾਰਨ ਹੈ ਕਿ ਅਪਰੈਲ ਵਿੱਚ ਸੂਰਜ ਨੂੰ ਛੂਹਣ ਬਾਰੇ ਨਾਸਾ ਸਾਨੂੰ ਦਸੰਬਰ ਵਿੱਚ ਹੀ ਦੱਸ ਸਕੀ।
ਪ੍ਰੋਬ ਨੂੰ ਸੂਰਜ ਨੇੜੇ ਜਾ ਕੇ ਇੱਕ ਹੋਰ ਦਿੱਕਤ ਆਉਂਦੀ ਹੈ। ਬੇਹੱਦ ਗਰਮੀ ਦੇ ਨਾਲ-ਨਾਲ ਇਸਨੂੰ ਸੂਰਜ ਤੋਂ ਨਿਕਲ ਰਹੇ ਤੇਜ਼ ਕਣਾਂ ਦੀ ਬੰਬਾਰੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਧਰਤੀ ਤੱਕ ਪਹੁੰਚਦੇ-ਪਹੁੰਚਦੇ ਇਨ੍ਹਾਂ ਕਣਾਂ ਦੀ ਘਣਤਾ ਘਟ ਜਾਂਦੀ ਹੈ ਤੇ ਸਾਡਾ ਚੁੰਬਕੀ ਖੇਤਰ ਇਨ੍ਹਾਂ ਨੂੰ ਹੋਰ ਪਾਸੇ ਮੋੜ ਕੇ ਸਾਨੂੰ ਬਚਾ ਲੈਂਦਾ ਹੈ। ਪਰ ਸੂਰਜ ਨੇੜੇ ਇਨ੍ਹਾਂ ਕਣਾਂ ਦੀ ਘਣਤਾ ਵੀ ਬਹੁਤ ਜ਼ਿਆਦਾ ਹੈ ਅਤੇ ਬਚਾਅ ਲਈ ਕੋਈ ਚੁੰਬਕੀ ਖੇਤਰ ਵੀ ਨਹੀਂ ਹੈ। ਇਨ੍ਹਾਂ ਕਣਾਂ ਅਤੇ ਤਪਸ਼ ਤੋਂ ਬਚਾਉਣ ਲਈ 2.3 ਮੀਟਰ ਚੌੜੀ ਅਤੇ 4.5 ਇੰਚ ਮੋਟੀ ਤਾਪ ਰੋਧੀ ਢਾਲ ਵਰਤੀ ਗਈ ਹੈ। ਇਹ ਢਾਲ ਕਾਰਬਨ-ਕਾਰਬਨ ਸੈਂਡਵਿਚ ਅਤੇ ਕਾਰਬਨ ਫੋਮ ਦੀ ਬਣੀ ਹੈ। ਇਸਦਾ ਸੂਰਜ ਵਾਲਾ ਪਾਸਾ ਚਿੱਟੇ ਐਲੂਮੀਨਾ ਨਾਲ ਢਕਿਆ ਹੈ। ਸੂਰਜ ਦੇ ਸਭ ਤੋਂ ਨੇੜੇ ਹੋਣ ਸਮੇਂ ਇਸਦਾ ਬਾਹਰੀ ਤਾਪਮਾਨ 1400 ਡਿਗਰੀ ਸੈਲਸੀਅਸ ਅਤੇ ਅੰਦਰ ਦੇ ਉਪਕਰਣਾਂ ਦਾ ਤਾਪਮਾਨ 30 ਡਿਗਰੀ ਸੈਲਸੀਅਸ ਹੋਵੇਗਾ। ਇਹ ਪ੍ਰੋਬ ਸੌਰ ਊਰਜਾ ’ਤੇ ਕੰਮ ਕਰਦੀ ਹੈ, ਪਰ ਸੂਰਜ ਨੇੜੇ ਇਸਦੇ ਸੌਰ ਪੈਨਲ ਪਿਘਲ ਸਕਦੇ ਨੇ। ਇਸ ਲਈ ਸੂਰਜ ਨੇੜੇ ਜਾਣ ਸਮੇਂ ਇਸਦੇ ਸੌਰ ਪੈਨਲ ਬੰਦ ਕਰਕੇ ਤਾਪ ਰੋਧੀ ਢਾਲ ਦੇ ਪਿੱਛੇ ਤਹਿ ਕਰ ਦਿੱਤੇ ਜਾਂਦੇ ਹਨ। ਉਸ ਸਮੇਂ ਇਸਦਾ ਬਹੁਤ ਥੋੜ੍ਹਾ ਜਿਹਾ ਹਿੱਸਾ ਬਾਹਰ ਰਹਿੰਦਾ ਹੈ, ਜਿਸ ਨੂੰ ਪਾਣੀ ਨਾਲ ਠੰਢਾ ਰੱਖਿਆ ਜਾਂਦਾ ਹੈ। ਇਹ ਧਿਆਨ ਰੱਖਿਆ ਜਾਂਦਾ ਹੈ ਕਿ ਪ੍ਰੋਬ ਕਦੇ ਵੀ ਢਾਲ ਦੀ ਛਾਂ ਵਿੱਚੋਂ ਬਾਹਰ ਨਾ ਆਵੇ। ਸੂਰਜ ਦੀ ਰੌਸ਼ਨੀ ਸਿੱਧੀ ਪੈਣ ਨਾਲ ਇਸਦਾ ਤਾਪਮਾਨ ਵਧ ਸਕਦਾ ਹੈ ਤੇ ਪ੍ਰੋਬ ਪਿਘਲ ਜਾਂ ਸੜ ਸਕਦੀ ਹੈ।
ਛੇ ਸਾਲ, 11 ਮਹੀਨੇ ਦੇ ਜੀਵਨ ਕਾਲ ਦੌਰਾਨ ਪ੍ਰੋਬ ਸੂਰਜ ਦੇ ਕੁੱਲ 24 ਚੱਕਰ ਲਏਗੀ। ਆਪਣੇ ਆਖਰੀ ਦਿਨਾਂ ਦੌਰਾਨ ਇਹ ਸੂਰਜ ਦੇ ਸਭ ਤੋਂ ਨੇੜੇ, ਲਗਭਗ 61.6 ਲੱਖ ਕਿਲੋਮੀਟਰ ਦੀ ਦੂਰੀ ’ਤੇ ਹੋਵੇਗੀ। ਇਹ ਕਿੰਨਾ ਨੇੜੇ ਹੈ ਸਮਝਣ ਲਈ ਜਾਣਨਾ ਜ਼ਰੂਰੀ ਹੈ ਕਿ ਧਰਤੀ ਤੋਂ ਸੂਰਜ ਦੀ ਦੂਰੀ 15 ਕਰੋੜ ਕਿਲੋਮੀਟਰ ਹੈ। ਇਸਦੀ ਗਤੀ ਉਸ ਸਮੇਂ ਲਗਭਗ 200 ਕਿਲੋ ਮੀਟਰ ਪ੍ਰਤੀ ਸਕਿੰਟ ਹੋਵੇਗੀ।
ਆਪਣੇ ਹੁਣ ਤੱਕ ਦੇ ਸਫ਼ਰ ਵਿੱਚ ਪ੍ਰੋਬ ਨੇ ਉਮੀਦ ਮੁਤਾਬਕ ਹੀ ਕੰਮ ਕੀਤਾ ਹੈ ਅਤੇ ਬਹੁਤ ਸਾਰਾ ਡਾਟਾ ਭੇਜਿਆ ਹੈ। ਡਾਟਾ ਦੀ ਪੜਚੋਲ ਤੋਂ ਪਤਾ ਲੱਗਿਆ ਹੈ ਕਿ ਸੌਰ ਹਨੇਰੀ ਸੂਰਜ ਤੋਂ ਸਿੱਧੀ ਬਾਹਰ ਨਹੀਂ ਨਿਕਲਦੀ ਸਗੋਂ ਇਸ ਵਿੱਚ ਵਿੰਗ-ਵਲ ਹੁੰਦੇ ਹਨ। ਕਿਉਂ, ਹਾਲੇ ਨਹੀਂ ਪਤਾ, ਪਰ ਇਹ ਨਵੀਂ ਜਾਣਕਾਰੀ ਹੈ। ਕੋਰੋਨਾ ਦੇ ਜ਼ਿਆਦਾ ਤਾਪਮਾਨ ਦਾ ਕਾਰਨ ਅਲਫੇਨ ਤਰੰਗਾਂ ਹੋਣ ਦੇ ਸੰਕੇਤ ਮਿਲੇ ਹਨ। ਨਾਲ ਹੀ ਸੂਰਜ ਦੀ ਸਤ੍ਵਾ ਤੋਂ ਲਗਭਗ 56 ਲੱਖ ਦੂਰ ਇੱਕ ਧੂੜ ਮੁਕਤ ਖੇਤਰ ਮਿਲਿਆ ਹੈ। ਸੂਰਜ ਦੇ ਦਬਾਅ ਕਰਕੇ ਇਸਤੋਂ ਅੰਦਰ ਕੋਈ ਧੂੜ ਦਾ ਕਣ ਨਹੀਂ ਆ ਸਕਦਾ, ਹਾਲਾਂਕਿ ਸੌਰ ਹਨੇਰੀ ਦੇ ਕਣ ਬਾਹਰ ਜਾ ਸਕਦੇ ਹਨ।
ਭਖਦੇ ਸਵਾਲ ਜਿਵੇਂ, ਕੋਰੋਨਾ ਸੂਰਜ ਦੀ ਸਤ੍ਵਾ ਤੋਂ ਜ਼ਿਆਦਾ ਗਰਮ ਕਿਉਂ ਹੈ? ਸੌਰ ਹਨੇਰੀ ਕਿਉਂ ਚਲਦੀ ਹੈ? ਆਦਿ ਦੇ ਜਵਾਬ ਸਿਰਫ਼ ਸੂਰਜ ਨੇੜੇ ਜਾ ਕੇ ਹੀ ਮਿਲ ਸਕਦੇ ਹਨ ਤੇ ਪਾਰਕਰ ਪ੍ਰੋਬ ਜਵਾਬ ਦੇਣ ਦੇ ਸਮਰੱਥ ਹੈ। ਹਾਲੇ ਇਸਦਾ ਅੱਧੇ ਤੋਂ ਵੱਧ ਜੀਵਨ ਕਾਲ ਬਚਿਆ ਹੈ, ਜਿਸ ਕਾਰਨ ਉਮੀਦ ਹੈ ਕਿ ਇਹ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਸਕੇਗੀ। ਨਾਲ ਹੀ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਾਰਕਰ ਪ੍ਰੋਬ ਜਿੰਨੇ ਸਵਾਲਾਂ ਦੇ ਜਵਾਬ ਦੇਵੇਗੀ, ਉਸਤੋਂ ਵੱਧ ਖੜ੍ਹੇ ਵੀ ਕਰੇਗੀ ਤੇ ਉਨ੍ਹਾਂ ਦੇ ਜਵਾਬ ਲੱਭਣ ਲਈ ਸ਼ਾਇਦ ਤੁਹਾਡੇ ’ਚੋਂ ਕੋਈ ਅਗਲੀ ਪ੍ਰੋਬ ਡਿਜ਼ਾਇਨ ਕਰੇਗਾ।
*ਵਿਗਿਆਨੀ -ਇਸਰੋ।
ਸੰਪਰਕ: 99957-65095