ਚੰਡੀਗੜ੍ਹ: ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਰਿਸ਼ਤੇ ਬਾਰੇ ਭਾਵੇਂ ਦੁਨੀਆ ਭਰ ਦੇ ਪ੍ਰਸ਼ੰਸਕ ਜਾਣਦੇ ਹਨ ਪਰ ਉਨ੍ਹਾਂ ਨੂੰ ਅਕਸਰ ਹੀ ਵਿਆਹ ਬਾਰੇ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਹਨ। ਪ੍ਰਸ਼ੰਸਕ ਸ਼ਾਇਦ ਇਹ ਜਾਣਨ ਲਈ ਇੰਤਜ਼ਾਰ ਨਹੀਂ ਕਰ ਸਕਦੇ ਕਿ ਇਹ ਬੌਲੀਵੁੱਡ ਜੋੜਾ ਵਿਆਹ ਦੇ ਬੰਧਨ ਵਿੱਚ ਕਦੋਂ ਬੱਝੇਗਾ। 2020 ਵਿੱਚ ਇੱਕ ਇੰਟਰਵਿਊ ਦੌਰਾਨ ਰਣਬੀਰ ਨੇ ਕਿਹਾ ਸੀ ਕਿ ਜੇਕਰ ਮਹਾਮਾਰੀ ਨਾ ਹੁੰਦੀ ਤਾਂ ਹੁਣ ਨੂੰ ਉਸ ਨੇ ਆਲੀਆ ਨਾਲ ਵਿਆਹ ਕਰਵਾ ਲੈਣਾ ਸੀ। ਹੁਣ ਆਲੀਆ ਭੱਟ ਨੇ ਰਣਬੀਰ ਦੇ ਵਿਆਹ ਬਾਰੇ ਬਿਆਨ ਨਾਲ ਸਹਿਮਤ ਹੁੰਦਿਆਂ ਨੇ ਕਿਹਾ ਕਿ ਉਸ ਨੇ ਕੁਝ ਗ਼ਲਤ ਨਹੀਂ ਆਖਿਆ ਸੀ। ਉਸ ਅਨੁਸਾਰ ਜਦੋਂ ਵੀ ਉਨ੍ਹਾਂ ਦਾ ਵਿਆਹ ਹੋਵੇਗਾ, ਬਹੁਤ ਸ਼ਾਨਦਾਰ ਤਰੀਕੇ ਨਾਲ ਹੋਵੇਗਾ। ਉਸ ਨੇ ਹੱਸਦਿਆਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਮੈਂ ਮਨ ਵਿੱਚ ਲੰਮੇ ਸਮੇਂ ਤੋਂ ਰਣਬੀਰ ਨਾਲ ਵਿਆਹੀ ਹੋਈ ਹਾਂ ਪਰ ਯਕੀਨਨ ਉਹ ਗ਼ਲਤ ਨਹੀਂ ਹੈ। ਹਰ ਕੰਮ ਦਾ ਸਮਾਂ ਹੁੰਦਾ ਹੈ। ਮੈਂ ਸਮਝਦੀ ਹਾਂ ਕਿ ਜਦੋਂ ਸਮਾਂ ਆਏਗਾ ਅਸੀਂ ਵਿਆਹ ਕਰਵਾ ਲਵਾਂਗੇ। -ਟ੍ਰਿਬਿਊਨ ਵੈੱਬ ਡੈਸਕ
‘ਗੰਗੂੂਬਾਈ ਕਾਠੀਆਵਾੜੀ’ ਦੀ ਤਿਆਰੀ ਲਈ ਦੇਖੀਆਂ ਸਨ ਪੁਰਾਣੀਆਂ ਫ਼ਿਲਮਾਂ
ਮੁੰਬਈ: ਆਲੀਆ ਭੱਟ ਆਪਣੀ 25 ਫਰਵਰੀ ਨੂੰ ਰਿਲੀਜ਼ ਹੋਣ ਵਾਲ ਆਪਣੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਦੇ ਪ੍ਰਚਾਰ ਕਰਨ ਵਿੱਚ ਰੁੱਝੀ ਹੋਈ ਹੈ। ਅਦਾਕਾਰਾ ਨੇ ਦੱਸਿਆ ਕਿ ਉਸ ਨੇ ਫਿਲਮ ‘ਗੰਗੂਬਾਈ ਕਾਠੀਆਵਾੜੀ’ ਦੀ ਤਿਆਰੀ ਲਈ ਮੀਨਾ ਕੁਮਾਰੀ ਦੀਆਂ ਫਿਲਮਾਂ ਸਮੇਤ ਹੋਰ ਕਈ ਕਲਾਸਿਕ ਹਿੰਦੀ ਫਿਲਮਾਂ ਦੇਖੀਆਂ ਕਿਉਂਕਿ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਚਾਹੁੰਦੇ ਸਨ ਕਿ ਆਲੀਆ ਵਿਚ ਪੁਰਾਣੀਆਂ ਅਦਾਕਾਰਾਂ ਵਾਲੇ ਹਾਵ-ਭਾਵ ਨਜ਼ਰ ਆਉਣ। ਉਸ ਨੇ ਸ਼ਬਾਨਾ ਆਜ਼ਮੀ ਦੀ ਫਿਲਮ ‘ਮੰਡੀ’ ਵੀ ਦੇਖੀ। ਸ਼ਿਆਮ ਬੈਨੇਗਲ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਵਿਚ ਉਸ ਦੀ ਮਾਤਾ ਸੋਨੀ ਰਾਜ਼ਦਾਨ ਵੀ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਸ ਨੇ ਅਮਰੀਕੀ ਪੀਰੀਅਡ ਡਰਾਮਾ ‘ਮੈਮਰੀਜ਼ ਆਫ ਗੀਸ਼ਾ’ ਅਤੇ ਹੋਰ ਪੁਰਾਣੀਆਂ ਫਿਲਮਾਂ ਦੇਖੀਆਂ। ਫਿਲਮ ‘ਗੰਗੂਬਾਈ ਕਾਠੀਆਵਾੜੀ’ ਵਿਚ ਆਲੀਆ ਮੁੱਖ ਕਿਰਦਾਰ ਗੰਗੂਬਾਈ ਦੇ ਰੂਪ ਵਿਚ ਨਜ਼ਰ ਆਵੇਗੀ, ਜੋ 1960 ਦਹਾਕੇ ਵਿਚ ਮੁੰਬਈ ਦੇ ਰੈੱਡ-ਲਾਈਟ ਇਲਾਕੇ ਕਮਾਠੀਪੁਰਾ ਦੀਆਂ ਸ਼ਕਤੀਸ਼ਾਲੀ ਤੇ ਪੰਸਦੀਦਾ ਔਰਤਾਂ ’ਚੋਂ ਇੱਕ ਸੀ। -ਪੀਟੀਆਈ