ਮੁੰਬਈ: ‘ਕੌਨ ਬਨੇਗਾ ਕਰੋੜਪਤੀ-13’ ਦੇ ਫਿਨਾਲੇ ਐਪੀਸੋਡ ‘ਸ਼ਾਨਦਾਰ ਸ਼ੁਕਰੀਆ’ ਵਿੱਚ ਇਸ ਵਾਰ ਵਿਸ਼ੇਸ਼ ਮਹਿਮਾਨ ਵਜੋਂ ਕ੍ਰਿਕਟਰ ਹਰਭਜਨ ਸਿੰਘ ਤੇ ਇਰਫਾਨ ਪਠਾਨ ਨੇ ਸ਼ਿਰਕਤ ਕੀਤੀ। ਬਿੱਗ ਬੀ ਨਾਲ ਗੱਲਬਾਤ ਕਰਦਿਆਂ ਹਰਭਜਨ ਨੇ ਦੱਸਿਆ ਕਿ ਉਸ ਦੀ ਧੀ ਹਿਨਾਇਆ ਹੀਰ ਪਲਾਹਾ ਦੇ ਜਨਮ ਤੋਂ ਬਾਅਦ ਉਸ ਦੇ ਜੀਵਨ ਵਿੱਚ ਕਈ ਮਹੱਤਵਪੂਰਨ ਬਦਲਾਅ ਆਏ ਹਨ।
ਸ਼ੋਅ ਦੇ ਮੇਜ਼ਬਾਨ ਅਮਿਤਾਭ ਬੱਚਨ ਨਾਲ ਗੱਲ ਕਰਦਿਆਂ ਹਰਭਜਨ ਨੇ ਕਿਹਾ, ‘ਸਰ, ਜਦੋਂ ਮੇਰੀ ਧੀ ਬੋਲਦੀ ਹੈ ਤਾਂ ਮੈਂ ਬਹੁਤ ਭਾਵੁਕ ਹੋ ਜਾਂਦਾ ਹਾਂ। ਮੇਰੀ ਉਸ ਨਾਲ ਐਨੀ ਨੇੜਤਾ ਹੈ ਕਿ ਰੱਬ ਹੀ ਇਸ ਨੂੰ ਸਮਝ ਸਕਦਾ ਹੈ।’ ਹਰਭਜਨ ਨੇ ਕਿਹਾ, ‘ਪਿਤਾ ਬਣਨ ਤੋਂ ਬਾਅਦ ਹੀ ਮੈਨੂੰ ਮਾਪੇ ਹੋਣ ਦਾ ਅਰਥ ਸਮਝ ਆਇਆ ਕਿਉਂਕਿ ਜਦੋਂ ਮੈਂ 13-14 ਸਾਲਾਂ ਦਾ ਸੀ ਤਾਂ ਮੇਰੇ ਮਾਤਾ-ਪਿਤਾ ਨੇ ਮੈਨੂੰ ਚੰਡੀਗੜ੍ਹ ਹੋਸਟਲ ਵਿੱਚ ਭੇਜ ਦਿੱਤਾ ਸੀ ਤੇ ਉਹ ਖੁਦ ਮੈਨੂੰ ਛੱਡ ਕੇ ਗਏ ਸਨ।’ ਹਰਭਜਨ ਨੇ ਆਪਣੀ ਪਤਨੀ ਗੀਤਾ ਬਸਰਾ ਤੇ ਧੀ ਦੀ ਇੱਕ ਵੀਡੀਓ ਵੀ ਬਿੱਗ ਬੀ ਨੂੰ ਦਿਖਾਈ। ਹਰਭਜਨ ਨੇ ਕਿਹਾ ਕਿ ਜੇਕਰ ਉਸ ਦੇ ਮਾਤਾ-ਪਿਤਾ ਉਸ ਨੂੰ ਹੋਸਟਲ ਵਿੱਚ ਨਾ ਛੱਡਦੇ ਤਾਂ ਸ਼ਾਇਦ ਅੱਜ ਉਹ ਕ੍ਰਿਕਟਰ ਨਾ ਹੁੰਦਾ।’ ਉਸ ਨੇ ਕਿਹਾ, ‘ਮਾਪਿਆਂ ਲਈ ਆਪਣੇ ਬੱਚੇ ਤੋਂ ਦੂਰ ਰਹਿਣਾ ਬਹੁਤ ਔਖਾ ਹੈ ਅਤੇ ਇੰਨਾ ਹੀ ਔਖਾ ਬੱਚੇ ਲਈ ਮਾਪਿਆਂ ਤੋਂ ਦੂਰ ਰਹਿਣਾ ਹੈ। ਆਪਣੇ ਬੱਚੇ ਤੋਂ ਦੂਰ ਰਹਿਣ ਦਾ ਫੈਸਲਾ ਲੈਣ ਲਈ ਹਿੰਮਤ ਦੀ ਲੋੜ ਹੁੰਦੀ ਹੈ। ਹੁਣ ਮੇਰੇ ਲਈ ਵੀ ਹਿਨਾਇਆ ਨੂੰ ਛੱਡ ਕੇ ਘਰੋਂ ਬਾਹਰ ਜਾਣਾ ਬਹੁਤ ਮੁਸ਼ਕਲ ਹੁੰਦਾ ਹੈ।’ -ਆਈਏਐੱਨਐੱਸ