ਮੁੰਬਈ: ਫਿਲਮ ਅਦਾਕਾਰ ਵਿੱਕੀ ਕੌਸ਼ਲ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਸਰਦਾਰ ਊਧਮ’ ਰਿਲੀਜ਼ ਲਈ ਤਿਆਰ ਹੈ। ਨਿਰਦੇਸ਼ਕ ਸ਼ੂਜੀਤ ਸਰਕਾਰ ਨੇ ਫਿਲਮ ਦੇ ਸਿਰਲੇਖ ਦੀ ਵਿਆਖਿਆ ਕਰਦਿਆਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਫਿਲਮ ਸਿਰਫ਼ ਪੰਜਾਬ ਤੱਕ ਸੀਮਤ ਰਹੇ ਬਲਕਿ ਉਹ ਚਾਹੁੰਦੇ ਹਨ ਕਿ ਫਿਲਮ ਦਾ ਸੁਨੇਹਾ ਪੂਰੀ ਦੁਨੀਆ ਵਿੱਚ ਜਾਵੇ। ਸਰਕਾਰ ਨੇ ਕਿਹਾ, ‘ਫਿਲਮ ਦਾ ਨਾਂ ‘ਸਰਦਾਰ ਊਧਮ’ ਹੈ। ‘ਸਰਦਾਰ ਊਧਮ’ ਮੇਰੀ ਸਮਝ ਹੈ। ਮੈਂ ਸਾਰੀ ਫ਼ਿਲਮ ਵਿੱਚ ਉਸ ਦੀ (ਸਰਦਾਰ ਊਧਮ ਸਿੰਘ) ਵਿਚਾਰਧਾਰਾ, ਉਸ ਦੀ ਸੋਚ ਤੇ ਸੁਨੇਹੇ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।’’ ਉਸ ਨੇ ਕਿਹਾ, ‘‘ਮੈਂ ਮਹਿਸੂਸ ਕਰਦਾ ਹਾਂ ਕਿ ਇਹ ਸੁਨੇਹਾ ਦੁਨੀਆ ਦੇ ਕਿਸੇ ਇਕ ਹਿੱਸੇ ਤੱਕ ਸੀਮਤ ਨਾ ਰਹਿ ਕੇ ਪੂਰੀ ਦੁਨੀਆਂ ਵਿੱਚ ਹਰ ਕਿਸੇ ਤੱਕ ਪਹੁੰਚੇ। ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਉਦੋਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਕਿਸ ਬਾਰੇ ਗੱਲ ਕਰ ਰਿਹਾ ਹਾਂ।’’ ਫ਼ਿਲਮਸਾਜ਼ ਨੇ ਕਿਹਾ ਕਿ ਉਸ ਨੇ ਬਹੁਤ ਸਨਮਾਨ ਨਾਲ ਫ਼ਿਲਮ ਦਾ ਨਾਮ ‘ਸਰਦਾਰ ਊਧਮ’ ਰੱਖਿਆ ਹੈ। ਸਰਕਾਰ ਨੇ ਕਿਹਾ, ‘‘ਮੈਂ ਉਸ ਦੇ ਨਾਂ (ਊਧਮ ਸਿੰਘ) ਨਾਲ ਸ਼ਹੀਦ, ਕੰਬੋਜ ਜਾਂ ਸੁਨਾਮ ਜੋੜ ਸਕਦਾ ਸੀ, ਪਰ ਮੈਂ ਅਜਿਹਾ ਨਹੀਂ ਕੀਤਾ। ਕਿਉਂਕਿ ਮੈਂ ਉਨ੍ਹਾਂ ਨੂੰ ਆਪਣਾ ਦੋਸਤ ਮੰਨਦਾ ਹਾਂ ਤੇ ਉਹ ਸਾਡੇ ਸਾਰਿਆਂ ਦੇ ਦੋਸਤ ਹਨ।’’ -ਆਈਏਐੱਨਐੱਸ