ਨਵੀਂ ਦਿੱਲੀ, 19 ਨਵੰਬਰ
ਤਾਮਿਲ ਸੁਪਰ ਸਟਾਰ ਸੂਰਿਆ ਦਾ ਮੰਨਣਾ ਹੈ ਕਿ ਫਿਲਮਾਂ ਨੂੰ ਮਨੋਰੰਜਨ ਤੋਂ ਇਲਾਵਾ ਉਮੀਦ ਤੇ ਪ੍ਰੇਰਣਾ ਵੀ ਦੇਣੀ ਚਾਹੀਦੀ ਹੈ। ਉਹ ਮਨੋਰੰਜਨ ਭਰਪੂਰ ਫਿਲਮਾਂ ਦੇ ਖ਼ਿਲਾਫ਼ ਨਹੀਂ ਹਨ ਪਰ ਉਹ ਉਨ੍ਹਾਂ ਕਹਾਣੀਆਂ ਨੂੰ ਤਰਜੀਹ ਦਿੰਦੇ ਹਨ, ਜੋ ਪ੍ਰੇਰਿਤ ਕਰਦੀਆਂ ਹਨ।
ਭਾਵੇਂ ਹੁਣ ਤਕ ਉਨ੍ਹਾਂ ਨੇ ਇੱਕ ਹੀ ਬੌਲੀਵੁੱਡ ਫਿਲਮ ਰਾਮ ਗੋਪਾਲ ਵਰਮਾ ਦੀ ‘ਰਕਤ ਚਰਿੱਤਰ 2’ ਵਿੱਚ ਅਦਾਕਾਰੀ ਕੀਤੀ ਹੈ ਪਰ ਦਰਸ਼ਕ ਵਜੋਂ ਉਹ ਬੌਲੀਵੁੱਡ ਦੀਆਂ ਬਹੁਤ ਸਾਰੀਆਂ ਫਿਲਮਾਂ ਦੇਖ ਚੁੱਕੇ ਹਨ। ਅਸਲ ਕਹਾਣੀਆਂ ’ਤੇ ਆਧਾਰਤ ਫਿਲਮਾਂ ਤੋਂ ਉਹ ਜ਼ਿਆਦਾ ਪ੍ਰਭਾਵਿਤ ਹੋਏ ਹਨ। ਸੂਰਿਆ ਨੇ ਕਿਹਾ, ‘ਨੀਰਜਾ’, ‘ਪੈਡਮੈਨ’, ‘ਭਾਗ ਮਿਲਖਾ ਭਾਗ’, ‘ਮਾਂਝੀ’ ਵਰਗੀਆਂ ਫਿਲਮਾਂ ਲਈ ਦਿਲ ਵਿੱਚ ਖ਼ਾਸ ਜਗ੍ਹਾ ਹੁੰਦੀ ਹੈ। ਇਹ ਫਿਲਮਾਂ ਸਿਰਫ਼ ਕਹਾਣੀਆਂ ਨਹੀਂ ਸੁਣਾਉਂਦੀਆਂ, ਸਗੋਂ ਉਮੀਦ ਵੀ ਜਗਾਉਂਦੀਆਂ ਹਨ ਤੇ ਪ੍ਰੇਰਿਤ ਵੀ ਕਰਦੀਆਂ ਹਨ। ਇਹ ਦਿਖਾਉਂਦੀਆਂ ਹਨ ਕਿ ਸਾਡੇ ਲੋਕ ਕਿੰਨੇ ਮਜ਼ਬੂਤ ਹਨ।’
ਸੂਰਿਆ ਨੇ ਕਿਹਾ, ‘ਮੈਂ ‘ਸਿੰਘਮ’ ਤੇ ‘ਗਜ਼ਨੀ’ ਵਰਗੀਆਂ ਫਿਲਮਾਂ ਕੀਤੀਆਂ ਹਨ, ਜੋ ਮੈਨੂੰ ਪਸੰਦ ਵੀ ਹਨ ਪਰ ਫਿਲਮਾਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ, ਜਿਨ੍ਹਾਂ ਤੋਂ ਕੁਝ ਸਿੱਖਿਆ ਜਾ ਸਕੇ, ਜੋ ਤੁਹਾਨੂੰ ਸੋਚਣ ਲਈ ਮਜਬੂਰ ਕਰਨ ਜਾਂ ਤੁਹਾਡੇ ਵਿਸ਼ਵਾਸ ਨੂੰ ਬਦਲ ਸਕਣ ਤੇ ਫ਼ੈਸਲੇ ਲੈਣ ਵਿੱਚ ਤੁਹਾਡੀ ਸਹਾਇਤਾ ਕਰਨ।’ ਸੂਰਿਆ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਸੂਰਾਰਾਏ ਪੋਤਰੂ’ ਦੀ ਕਈ ਲੋਕਾਂ ਨੇ ਸ਼ਲਾਘਾ ਕੀਤੀ ਹੈ। ਇਹ ਇੱਕ ਪ੍ਰੇਰਨਾਦਾਇਕ ਫਿਲਮ ਹੈ। ਇਹ ਫਿਲਮ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਦੇਖੀ ਜਾ ਸਕਦੀ ਹੈ।
-ਆਈਏਐੱਨਐੱਸ