ਮੁੰਬਈ: ਅਦਾਕਾਰਾ ਜਾਹਨਵੀ ਕਪੂਰ ਨੂੰ ਆਸ ਹੈ ਕਿ ਉਸ ਦੀ ਨਵੀਂ ਕਾਮੇਡੀ ਫਿਲਮ ‘ਗੁੱਡ ਲੱਕ ਜੈਰੀ’ ਵਿੱਚ ਉਸ ਦੀ ਅਦਾਕਾਰੀ ਦੇਖ ਕੇ ਦਰਸ਼ਕ ਉਸ ਦੀ ‘ਭੋਲੀ’ ਤੇ ‘ਵਿਚਾਰੀ’ ਦਿੱਖ ਨਾਲੋਂ ਕੁਝ ਵੱਖਰਾ ਮਹਿਸੂਸ ਕਰਨਗੇ। 2018 ਵਿੱਚ ਰੁਮਾਂਟਿਕ ਡਰਾਮਾ ‘ਧੜਕ’ ਤੋਂ ਫਿਲਮਾਂ ਦੀ ਦੁਨੀਆਂ ਵਿੱਚ ਆਪਣਾ ਸਫ਼ਰ ਸ਼ੁਰੂ ਕਰਨ ਵਾਲੀ 25 ਸਾਲਾ ਅਦਾਕਾਰਾ ਹੁਣ ਤੱਕ ‘ਰੂਹੀ’, ‘ਗੁੰਜਨ ਸਕਸੈਨਾ’ ਅਤੇ ਨੈੱਟਫਲਿਕਸ ਦੀ ਸੀਰੀਜ਼ ‘ਘੋਸਟ ਸਟੋਰੀਜ਼’ ਵਿੱਚ ਨਜ਼ਰ ਆ ਚੁੱਕੀ ਹੈ। ਜ਼ਿਕਰਯੋਗ ਹੈ ਕਿ ‘ਗੁੱਡ ਲੱਕ ਜੈਰੀ’ 2018 ਵਿੱਚ ਆਈ ਤਾਮਿਲ ਫਿਲਮ ‘ਕੋਲਾਮਾਵੂ ਕੋਕਿਲਾ’ ਦੀ ਰੀਮੇਕ ਹੈ, ਜਿਸ ਵਿੱਚ ਨਯਨਤਾਰਾ ਤੇ ਯੋਗੀ ਬਾਬੂ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਫਿਲਮ ਬਾਰੇ ਗੱਲ ਕਰਦਿਆਂ ਜਾਹਨਵੀ ਨੇ ਕਿਹਾ, ‘‘ਮੈਂ ਫਿਲਮ ਦੇਖੀ ਤੇ ਇਹ ਮੈਨੂੰ ਬਹੁਤ ਵਧੀਆ ਤੇ ਮਜ਼ਾਹੀਆ ਲੱਗੀ। ਮੈਂ ਨਯਨਤਾਰਾ ਤੇ ਯੋਗੀ ਬਾਬੂ ਦੀ ਪ੍ਰਸ਼ੰਸਕ ਹਾਂ ਤੇ ਇਸ ਫਿਲਮ ਵਿੱਚ ਨਯਨਤਾਰਾ ਨੇ ਬਹੁਤ ਹੀ ਕਮਾਲ ਦੀ ਭੂਮਿਕਾ ਨਿਭਾਈ ਹੈ। ਮੈਨੂੰ ਲੱਗਦਾ ਹੈ ਕਿ ‘ਗੁੱਡ ਲੱਕ ਜੈਰੀ’ ਮੇਰੇ ਲਈ ਇੱਕ ਬਿਲਕੁਲ ਵੱਖਰੇ ਕਿਸਮ ਦਾ ਤਜਰਬਾ ਰਹੀ ਹੈ।’’ ਅਦਾਕਾਰਾ ਦਾ ਕਹਿਣਾ ਹੈ ਕਿ ਦਰਸ਼ਕਾਂ ਨੇ ਉਸ ਨੂੰ ਹਮੇਸ਼ਾ ਇਕ ਭੋਲ਼ੀ ਜਿਹੀ, ਸ਼ਾਂਤ ਤੇ ਵਿਚਾਰੀ ਕਿਸਮ ਦੀ ਕੁੜੀ ਵਾਲੀ ਦਿੱਖ ਵਿੱਚ ਦੇਖਿਆ ਹੈ। ਉਸ ਨੂੰ ਆਸ ਹੈ ਕਿ ਉਸ ਦੀ ਇਹ ਨਵੀਂ ਫਿਲਮ ਉਸ ਦੀ ਇਸ ਦਿੱਖ ਨੂੰ ਬਦਲਣ ਦਾ ਕੰਮ ਕਰੇਗੀ। -ਪੀਟੀਆਈ