ਚੰਡੀਗੜ੍ਹ: ਅਦਾਕਾਰਾ ਦੀਪਿਕਾ ਪਾਦੂਕੋਨ ਨੇ ਹਾਲ ਹੀ ਵਿੱਚ ਅਲਿਓਰ ਮੈਗਜ਼ੀਨ ਲਈ ਕਰਵਾਏ ਆਪਣੇ ਨਵੇਂ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰਾ ਨੇ ਇਸ ਤਜਰਬੇ ਨੂੰ ਨਿਵੇਕਲਾ ਦੱਸਦੇ ਹੋਏ ਆਪਣੇ ਸਫ਼ਰ ਨੂੰ ਔਖਾ ਦੱਸਿਆ ਹੈ। ਇਨ੍ਹਾਂ ਤਸਵੀਰਾਂ ਨਾਲ ਦੀਪਿਕਾ ਨੇ ਲਿਖਿਆ, ‘ਮੈਨੂੰ ਮੇਰੀ ਰੰਗਤ ਕਰਕੇ ਕਮਤਰੀ ਦਾ ਅਹਿਸਾਸ ਕਰਵਾਇਆ ਗਿਆ।’ ਅਦਾਕਾਰਾ ਦੇ ਇਸ ਬਿਆਨ ’ਤੇ ਲੋਕਾਂ ਨੇ ਆਪਣੀ ਅਸਹਿਮਤੀ ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਇੰਸਟਾਗ੍ਰਾਮ ’ਤੇ ਪਾਈ ਪੋਸਟ ਨਾਲ ਦੀਪਿਕਾ ਨੇ ਆਖਿਆ, ‘ਉਸ ਇਨਸਾਨ ਤੋਂ ਲੈ ਕੇ, ਜਿਸ ਨੂੰ ਜਿਥੋਂ ਤੱਕ ਮੈਨੂੰ ਯਾਦ ਆਉਂਦਾ ਹੈ, ਰੰਗਤ ਕਰਕੇ ਕਮਤਰੀ ਦਾ ਅਹਿਸਾਸ ਕਰਵਾਇਆ ਜਾਂਦਾ ਰਿਹਾ, ਵਿਸ਼ਵ ਦੀਆਂ ਸਭ ਤੋਂ ਪ੍ਰਮੁੱਖ ਸੁੰਦਰਤਾ ’ਤੇ ਆਧਾਰਿਤ ਮੈਗਜ਼ੀਨਾਂ ਵਿੱਚੋਂ ਇੱਕ ਦੇ ਕਵਰ ’ਤੇ ਛਪਣ ਤੱਕ ਦਾ ਇਹ ਸਫ਼ਰ, ਬਹੁਤ ਕੁਝ ਸਿੱਖਣ, ਭੁੱਲਣ ਅੱਗੇ ਵਧਣ ਤੇ ਵਿਕਾਸ ਕਰਨ ਦਾ ਇੱਕ ਸਖ਼ਤ ਸਫ਼ਰ ਰਿਹਾ ਹੈ।’ ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਇੱਕ ਸ਼ਖ਼ਸ ਨੇ ਲਿਖਿਆ ਹੈ, ‘ਰੰਗਤ ਕਰਕੇ ਕਮਤਰੀ ਦਾ ਅਹਿਸਾਸ ਕਰਵਾਇਆ’ ਇਸ ਦਾ ਮਤਲਬ ਕੀ ਹੋਇਆ? ਕੀ ਤੁਸੀਂ ਪੀਓਸੀ (ਪਰਸਨ ਆਫ ਕਲਰ) ਮਤਲਬ ਗੂੜ੍ਹੀ ਰੰਗਤ ਵਾਲੇ ਇਨਸਾਨ ਹੋ?’ ਇੱਕ ਹੋਰ ਨੇ ਲਿਖਿਆ, ‘‘ਪਰਸਨ ਆਫ ਕਲਰ’ ਦੀ ਥਾਂ ਸਿਰਫ਼ ਗੂੜ੍ਹੀ ਰੰਗਤ ਵਾਲਾ ਇਨਸਾਨ ਕਹੋ।’ -ਟ੍ਰਿਬਿਊਨ ਵੈੱਬ ਡੈਸਕ