ਮੁੰਬਈ: ਅਦਾਕਾਰਾ ਆਲੀਆ ਭੱਟ ਦਾ ਕਹਿਣਾ ਹੈ ਕਿ ਉਹ ਆਪਣੇ ਪਤੀ ਰਣਬੀਰ ਕਪੂਰ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਪਹਿਲੀ ਫਿਲਮ ਦੀ ਨਿਰਮਾਤਾ ਬਣ ਕੇ ਖੁਸ਼ ਹੋਵੇਗੀ, ਪਰ ਜੇਕਰ ਰਣਬੀਰ ਨੇ ਉਸ ਨੂੰ ਇਸ ਪ੍ਰਾਜੈਕਟ ਦਾ ਹਿੱਸਾ ਨਾ ਬਣਾਇਆ ਤਾਂ ਉਸ ਨੂੰ ਨਿਰਾਸ਼ਾ ਹੋਵੇਗੀ। ਆਪਣੀ ਫਿਲਮ ‘ਸ਼ਮਸ਼ੇਰਾ’ ਦੀ ਪ੍ਰਮੋਸ਼ਨ ਦੌਰਾਨ ਅਦਾਕਾਰ ਰਣਬੀਰ ਕਪੂਰ ਨੇ ਕਈ ਥਾਈਂ ਆਖਿਆ ਕਿ ਉਹ ਫਿਲਮ ਡਾਇਰੈਕਟਰ ਵਜੋਂ ਆਪਣਾ ਹੱਥ ਅਜ਼ਮਾਉਣਾ ਚਾਹੁੰਦਾ ਹੈ। ਉਸ ਦੀ ਨਵੀਂ ਫਿਲਮ ‘ਬ੍ਰਹਮਾਸਤਰ ਪਾਰਟ ਵਨ: ਸ਼ਿਵਾ’ ਵੀ ਤਿਆਰ ਹੈ ਜਿਸ ’ਚ ਆਲੀਆ ਭੱਟ ਵੀ ਨਜ਼ਰ ਆਵੇਗੀ। ਅਦਾਕਾਰ ਨੇ ਕਿਹਾ ਸੀ ਕਿ ਲੌਕਡਾਊਨ ਦੌਰਾਨ ਉਸ ਨੇ ਇੱਕ ਕਹਾਣੀ ਵੀ ਲਿਖੀ ਹੈ। ਉੱਧਰ, ਭੱਟ ਦੇ ਬੈਨਰ ਹੇਠ ਬਣੀ ਪਹਿਲੀ ਫਿਲਮ ‘ਡਾਰਲਿੰਗਜ਼’ ਦੇ ਟਰੇਲਰ ਦੇ ਲਾਂਚ ਮੌਕੇ ਅਦਾਕਾਰਾ ਆਲੀਆ ਭੱਟ ਨੇ ਕਿਹਾ, ‘‘ਅਸੀਂ ਇਸ ਬਾਰੇ ਚਰਚਾ ਕੀਤੀ ਸੀ। ਮੈਂ ਰਣਬੀਰ ਨੂੰ ਦੱਸ ਦਿੱਤਾ ਸੀ ਕਿ ਜੇਕਰ ਉਹ ਇਸ ਫਿਲਮ ਵਿੱਚ ਮੈਨੂੰ ਨਿਰਮਾਤਾ ਵਜੋਂ ਨਹੀਂ ਲੈਂਦਾ ਹੈ ਤਾਂ ਮੈਨੂੰ ਨਿਰਾਸ਼ਾ ਹੋਵੇਗੀ।’’ ਆਲੀਆ ਨੇ ਕਿਹਾ ਕਿ ਅਦਾਕਾਰਾ ਵਜੋਂ ਭਾਵੇਂ ਕਿ ਫਿਲਮ ’ਚ ਉਸ ਨੂੰ ਨਾ ਲਿਆ ਜਾਵੇ ਪਰ ਉਹ ਆਪਣੇ ਹੁਨਰ ਨਾਲ ਫਿਲਮ ਨਿਰਮਾਣ ’ਚ ਯੋਗਦਾਨ ਪਾ ਸਕਦੀ ਹੈ। -ਪੀਟੀਆਈ