ਮੁੰਬਈ, 11 ਅਗਸਤ
ਅਦਾਕਾਰ ਕਰਨ ਸਿੰਘ ਗਰੋਵਰ ਨੇ ਕਿਹਾ ਕਿ ਉਸ ਨੂੰ ਸਭ ਤੋਂ ਵੱਡਾ ਡਰ ਇਹ ਸੀ ਕਿ ਉਸ ਦਾ ਕਰੀਅਰ ਖੜ੍ਹੌਤ ਦਾ ਸ਼ਿਕਾਰ ਹੋ ਜਾਵੇਗਾ ਅਤੇ ਇਸੇ ਲਈ ਉਹ ਮੰਨਦਾ ਹੈ ਕਿ ਤਜਰਬੇ ਕਰਦੇ ਰਹਿਣਾ ਚਾਹੀਦਾ ਹੈ। ਮਾਡਲ ਤੋਂ ਅਦਾਕਾਰ ਬਣੇ ਕਰਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2004 ’ਚ ਟੀਵੀ ਸ਼ੋਅ ‘ਕਿਤਨੀ ਮਸਤ ਹੈ ਜ਼ਿੰਦਗੀ’ ਰਾਹੀਂ ਕੀਤੀ ਸੀ। ਉਸ ਨੂੰ ਪ੍ਰਸਿੱਧੀ ਰੁਮਾਂਟਿਕ-ਕਾਮੇਡੀ ਸ਼ੋਅ ‘ਦਿਲ ਮਿਲ ਗਏ’ (2007) ਅਤੇ ਫਿਰ ‘ਕਬੂਲ ਹੈ’ (2012) ਰਾਹੀਂ ਹਾਸਲ ਹੋਈ। ਉਸ ਨੇ 2015 ’ਚ ਰਿਲੀਜ਼ ਹੋਈਆਂ ਫਿਲਮਾਂ ‘ਅਲੋਨ’ ਤੇ ‘ਹੇਟ ਸਟੋਰੀ 3’ ’ਚ ਵੀ ਕੰਮ ਕੀਤਾ। ਕਰਨ ਨੇ ਕਿਹਾ, ‘ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਚੋਣਵੇਂ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਇਸੇ ਤਰ੍ਹਾਂ ਦਾ ਵਿਅਕਤੀ ਹਾਂ। ਮੈਂ ਅਜਿਹੇ ਕੰਮ ਕਰਨਾ ਪਸੰਦ ਕਰਦਾ ਹਾਂ ਜੋ ਮੈਨੂੰ ਬਾਕੀਆਂ ਨਾਲੋਂ ਵੱਖਰਾ ਕਰਦੇ ਹਨ। ਵੰਨ-ਸੁਵੰਨਤਾ ਨੇ ਮੈਨੂੰ ਵਿਕਾਸ ਕਰਨ ’ਚ ਮਦਦ ਕੀਤੀ। ਜੇਕਰ ਤੁਸੀਂ ਹਰ ਕੰਮ ਨਾਲ ਵਿਕਾਸ ਨਹੀਂ ਕਰ ਰਹੇ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਖੜੌਤ ਦੇ ਸ਼ਿਕਾਰ ਹੋ ਗਏ ਹੋ ਤੇ ਇਹੀ ਚੀਜ਼ ਮੈਨੂੰ ਡਰਾਉਂਦੀ ਹੈ। ਇਸੇ ਲਈ ਮੈਂ ਉਹ ਚੀਜ਼ਾਂ ਚੁਣਦਾ ਹਾਂ ਜਿਸ ਤੋਂ ਮੈਨੂੰ ਸਿੱਖਣ ਨੂੰ ਮਿਲਦਾ ਹੈ।’ ਕਰਨ ਗਰੋਵਰ ਇਸ ਸਮੇਂ ਭੂਸ਼ਨ ਪਟੇਲ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਡੈਂਜਰਸ’ ਦੀ ਉਡੀਕ ਕਰ ਰਿਹਾ ਹੈ ਜੋ 14 ਅਗਸਤ ਨੂੰ ਐਮਐੱਕਸ ਪਲੇਅਰ ’ਤੇ ਰਿਲੀਜ਼ ਹੋਵੇਗੀ। ਇਸ ਫਿਲਮ ’ਚ ਉਹ ਆਪਣੀ ਪਤਨੀ ਬਿਪਾਸ਼ਾ ਬਾਸੂ ਨਾਲ ਕੰਮ ਕਰ ਰਿਹਾ ਹੈ ਤੇ ਫਿਲਮ ਦੀ ਕਹਾਣੀ ਵਿਕਰਮ ਭੱਟ ਨੇ ਲਿਖੀ ਹੈ। -ਪੀਟੀਆਈ