ਡਾ. ਬਲਵਿੰਦਰ ਸਿੰਘ ਲੱਖੇਵਾਲੀ
ਏਹੋ ਹੈ ਮੇਰੀ ਮੈਅਕਸ਼ੀ, ਏਸੇ ’ਚ ਮਸਤ ਹਾਂ।
ਪੌਣਾਂ ’ਚੋਂ ਜ਼ਹਿਰ ਪੀ ਰਿਹਾ ਹਾਂ, ਮੈਂ ਦਰਖਤ ਹਾਂ।
ਡਾ. ਸੁਰਜੀਤ ਪਾਤਰ ਦੀਆਂ ਲਿਖੀਆਂ ਉਪਰੋਕਤ ਸਤਰਾਂ ਮੈਨੂੰ ਇਹ ਸੋਚਣ ਲਈ ਮਜਬੂਰ ਕਰਦੀਆਂ ਹਨ ਕਿ ਜਿਹੜੀਆਂ ਪੌਣਾਂ ਭਾਵ ਹਵਾ ਸਾਨੂੰ ਜ਼ਿੰਦਾ ਰਹਿਣ ਲਈ ਸਭ ਤੋਂ ਮੁੱਢਲੇ ਰੂਪ ਵਿਚ ਲੋੜੀਂਦੀਆਂ ਹਨ, ਜਿਨ੍ਹਾਂ ਬਿਨਾਂ ਜੀਵਨ ਦੀ ਹੋਂਦ ਇਕ ਪਲ ਵੀ ਸੰਭਵ ਨਹੀਂ, ਉਹ ਆਖ਼ਿਰ ਸ਼ੁੱਧ ਕਰਕੇ ਸਾਨੂੰ ਕੌਣ, ਕਿਵੇਂ ਅਤੇ ਕਿਉਂ ਦੇ ਰਿਹਾ? ਜਵਾਬ ਬਿਲਕੁਲ ਸਾਫ਼ ਹੈ- ਰੁੱਖ-ਪੌਦੇ। ਰੁੱਖ ਅਤੇ ਮਨੁੱਖ ਦੀ ਸਾਂਝ ਮਨੁੱਖੀ ਹੋਂਦ ਜਿੰਨੀ ਪੁਰਾਣੀ ਹੈ। ਮਨੁੱਖ ਜਾਂ ਹਰ ਜਿਉਂਦੀ-ਜਾਗਦੀ ਜਿੰਦ ਲਈ ਜੰਮਣ ਤੋਂ ਮਰਨ ਤਕ ਦੀ ਹਰ ਲੋੜ ਦੀ ਪੂਰਤੀ ਲਈ ਸਿੱਧੇ ਜਾਂ ਅਸਿੱਧੇ ਰੂਪ ਵਿਚ ਰੁੱਖ ਹੀ ਹਨ, ਜੋ ਪੈਰ-ਪੈਰ ’ਤੇ ਆਪਣਾ ਯੋਗਦਾਨ ਪਾਉਂਦੇ ਹਨ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਮਨੁੱਖ, ਰੁੱਖ ਨੂੰ ਪੇਸ਼ ਕਿਵੇਂ ਆ ਰਿਹਾ ਹੈ? ਰੁੱਖਾਂ ਦੁਆਰਾ ਛੱਡੀਆਂ-ਸਿਰਜੀਆਂ ਪੌਣਾਂ ਨੂੰ ਮਨੁੱਖ ਕਿਵੇਂ ਪਲੀਤ ਕਰ ਰਿਹਾ ਹੈ? ਅੱਜ ਲਗਪਗ ਪੂਰਾ ਵਿਸ਼ਵ ਪ੍ਰਦੂਸ਼ਿਤ ਵਾਤਾਵਰਨ ਦੇ ਦਬਾਅ ਹੇਠ ਆ ਚੁੱਕਿਆ ਹੈ। ਅਨੇਕਾਂ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਅਨੇਕਾਂ ਸ਼ਹਿਰ ਅਜਿਹੀ ਸੂਚੀ ਵਿਚ ਆ ਚੁੱਕੇ ਹਨ, ਜਿੱਥੇ ਜ਼ਹਿਰੀਲੀਆਂ ਗੈਸਾਂ ਦੀ ਮਾਤਰਾ ਆਪਣੇ ਪ੍ਰਮਾਣਿਕ ਪੱਧਰ ਤੋਂ ਕਿਤੇ ਜ਼ਿਆਦਾ ਹੈ ਤੇ ਮਨੁੱਖ ਉੱਥੇ ਆਪਣਾ ਰਹਿਣ-ਬਸੇਰਾ ਕਰ ਰਿਹਾ ਹੈ। ਜੇ ਭਾਰਤ ਜਾਂ ਫਿਰ ਪੰਜਾਬ ਦੀ ਗੱਲ ਕਰੀਏ ਤਾਂ ਅਨੇਕਾਂ ਸ਼ਹਿਰ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ। ਰੰਗਲੇ ਪੰਜਾਬ ਦੇ ਮੱਥੇ ’ਤੇ ਕਲੰਕ ਦਾ ਕਾਲਾ ਟਿੱਕਾ ਨਜ਼ਰੀਂ ਆਉਂਦਾ ਹੈ।
ਜੇ ਹਵਾ ਇਹ ਰਹੀ ਕਬਰ ਉੱਤੇ ਤਾਂ ਕੀ
ਸਭ ਘਰਾਂ ’ਚ ਵੀ ਦੀਵੇ ਬੁਝੇ ਰਹਿਣਗੇ।
ਪ੍ਰਦੂਸ਼ਿਤ ਹਵਾ ਦੇ ਸਿੱਟਿਆਂ ਵਜੋਂ ਧਰਤ ਉੱਪਰ ਹੁੰਦੇ ਨੁਕਸਾਨ ਨੂੰ ਵੇਖਦਿਆਂ ਮੈਨੂੰ ਪਾਤਰ ਹੋਰਾਂ ਦਾ ਇਹ ਸ਼ੇਅਰ ਵਾਤਾਵਰਨ ਵਾਲੇ ਪੱਖ ਨਾਲ ਖੂਬ ਜੁੜਦਾ ਨਜ਼ਰ ਆਉਂਦਾ ਹੈ। ਹਰ ਸਾਲ ਪ੍ਰਦੂਸ਼ਿਤ ਹਵਾ ਸਦਕਾ ਪੂਰੇ ਵਿਸ਼ਵ ਵਿਚ ਲੱਖਾਂ ਲੋਕ ਸਮੇਂ ਤੋਂ ਪਹਿਲਾਂ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਲੱਖਾਂ ਲੋਕ ਆਪਣੀ ਤਮਾਮ ਉਮਰ ਬਿਮਾਰੀਆਂ ਨਾਲ ਲੜਦੇ ਗੁਜ਼ਾਰਦੇ ਹਨ। ਨਵ-ਜੰਮੇ ਬੱਚੇ ਜਾਂ ਫਿਰ ਕੁੱਖ ਵਿਚ ਸਾਹ ਲੈ ਰਹੇ ਬੱਚੇ ਵੀ ਬਿਮਾਰੀਆਂ ਤੋਂ ਬਚ ਨਹੀਂ ਪਾ ਰਹੇ। ‘ਵਿਸ਼ਵ ਸਿਹਤ ਸੰਸਥਾ’ ਦੇ ਅੰਕੜੇ ਹੈਰਾਨੀ ਨਾਲ ਲੂੰ ਕੰਡੇ ਖੜ੍ਹੇ ਕਰਦੇ ਹਨ ਕਿ ਮਰਨ ਵਾਲੇ ਲੱਖਾਂ ਲੋਕਾਂ ਵਿਚੋਂ ਜ਼ਿਆਦਾਤਰ ਦੀ ਗਿਣਤੀ ਭਾਰਤ ਵਿਚ ਹੈ।
ਜਦ ਪ੍ਰਦੂਸ਼ਣ ਦੇ ਕਾਰਨਾਂ ਦੀ ਗੱਲ ਚੱਲਦੀ ਹੈ ਤਾਂ ਖ਼ਾਸ ਕਰ ਹਵਾ ਦੇ ਪ੍ਰਦੂਸ਼ਣ ਦੇ ਸਬੰਧ ਵਿਚ ਸਭ ਤੋਂ ਪਹਿਲਾਂ ਉਂਗਲ ਪੰਜਾਬ ਦੀ ਕਿਸਾਨੀ ਵੱਲ ਚੁੱਕੀ ਜਾਂਦੀ ਹੈ ਕਿ ਉਹ ਹਾੜ੍ਹੀ-ਸਾਉਣੀ ਪਰਾਲੀ ਨੂੰ ਅੱਗ ਲਾ ਕੇ ਹਵਾ ਨੂੰ ਪ੍ਰਦੂਸ਼ਿਤ ਕਰਨ ਵਿਚ ਸਭ ਤੋਂ ਮੋਹਰੀ ਹਨ ਜਾਂ ਫਿਰ ਫੈਕਟਰੀਆਂ- ਕਾਰਖਾਨਿਆਂ ਵਾਲਿਆਂ ਦਾ ਨਾਮ ਲਿਆ ਜਾਂਦਾ ਹੈ, ਪਰ ਕੁਝ ਲੋਕ ਇਹ ਗੱਲ ਭੁੱਲ ਜਾਂਦੇ ਹਨ ਕਿ ਹਵਾ ਪ੍ਰਦੂਸ਼ਣ ਫੈਲਾਉਣ ਵਿਚ ਸਾਡੇ ਟਰਾਂਸਪੋਰਟ ਸੈਕਟਰ ਅਤੇ ਵਾਹਨ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਯੋਗਦਾਨ ਹੈ। ਲੱਖਾਂ ਦੀ ਗਿਣਤੀ ਵਿਚ ਸੜਕਾਂ ਉੱਪਰ ਦਿਨ-ਰਾਤ ਦੌੜ ਰਹੇ ਵਾਹਨਾਂ ਦਾ ਧੂੰਆਂ ਮਨੁੱਖੀ ਜ਼ਿੰਦਗੀ ਲਈ ਬੇਹੱਦ ਘਾਤਕ ਹੈ।
ਘਰਾਂ ਤੋਂ ਬਾਹਰ ਸਾਡੇ ਆਸ-ਪਾਸ ਰੁਮਕਦੀਆਂ ਪਲੀਤ ਹੋਈਆਂ ਪੌਣਾਂ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੀਆਂ ਹਨ। ਬਾਹਰੀ ਪ੍ਰਦੂਸ਼ਣ ਤਾਂ ਹਰ ਰੋਜ਼ ਅਖ਼ਬਾਰਾਂ, ਟੀ.ਵੀ. ਅਤੇ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਵਿਚ ਰਹਿੰਦਾ ਹੈ, ਪਰ ਇਨਡੋਰ ਭਾਵ ਘਰਾਂ ਜਾਂ ਇਮਾਰਤਾਂ ਦੇ ਅੰਦਰਲਾ ਪ੍ਰਦੂਸ਼ਣ ਬੇਹੱਦ ਘਾਤਕ ਹੈ, ਜਿਸ ਦੀ ਚਰਚਾ ਹੀ ਬਹੁਤ ਘੱਟ ਛਿੜਦੀ ਹੈ। ਸਾਡੀ ਜ਼ਿੰਦਗੀ ਦੇ ਅਹਿਮ ਹਿੱਸੇ ਬਣ ਚੁੱਕੇ ਅਨੇਕਾਂ ਯੰਤਰ-ਉਪਕਰਨ ਸਾਡੀ ਸੁਖ-ਸੁਵਿਧਾ ਦੀ ਬਜਾਏ ਮੌਤ ਦਾ ਰਾਹ ਪੱਧਰਾ ਕਰ ਰਹੇ ਹਨ। ਹਰ ਘਰ ਜਾਂ ਇਮਾਰਤਾਂ ਅੰਦਰ ਦਿਨ-ਰਾਤ ਚੱਲਦੇ ਫਰਿਜ, ਏ.ਸੀ., ਖਾਣਾ ਪਕਾਊਣ ਦੇ ਅਨੇਕਾਂ ਯੰਤਰ ਜ਼ਹਿਰੀਲੀਆਂ ਗੈਸਾਂ ਛੱਡਦੇ ਹਨ। ਘਰਾਂ ਵਿਚ ਸਫ਼ਾਈ ਲਈ ਵਰਤੇ ਜਾਂਦੇ ਅਨੇਕਾਂ ਰਸਾਇਣਕ ਪਦਾਰਥ, ਖ਼ੂਬਸੂਰਤੀ ਵਧਾਉਣ ਲਈ ਵਰਤੇ ਜਾਂਦੇ ਅਨੇਕਾਂ ਤਰ੍ਹਾਂ ਦੇ ਡੀਓ, ਸਪਰੇਅ, ਏਅਰ ਫਰੈੱਸ਼ਨਰ ਤੇ ਘਰਾਂ ਅੰਦਰਲੀ ਲੱਕੜ ’ਤੇ ਵਰਤੇ ਜਾਂਦੇ ਪੇਂਟ, ਪਾਲਿਸ਼, ਥਿਨਰ ਆਦਿ ਸਭ ਅੰਦਰੂਨੀ ਹਵਾ ਨੂੰ ਬੇਹੱਦ ਖ਼ਰਾਬ ਕਰਦੇ ਹਨ, ਉਪਰੋਂ ਅੱਜ-ਕੱਲ੍ਹ ਘਰਾਂ ਵਿਚ ਸ਼ੀਸ਼ੇ ਆਦਿ ਦੀ ਲੋੜ ਤੋਂ ਜ਼ਿਆਦਾ ਵਰਤੋਂ ਕਰਨ ਸਦਕਾ ਘਰ ਘੱਟ ਡੱਬੇ ਜ਼ਿਆਦਾ ਬਣਾ ਰਹੇ ਹਾਂ, ਜਿਨ੍ਹਾਂ ਵਿਚੋਂ ਹਵਾ ਦਾ ਅਦਾਨ-ਪ੍ਰਦਾਨ ਘੱਟ ਹੋਣ ਨਾਲ ਅਸੀਂ ਗੰਭੀਰ ਬਿਮਾਰੀਆਂ ਦੀ ਪਕੜ ਵਿਚ ਆ ਰਹੇ ਹਾਂ।
ਦਰਅਸਲ, ਤਰੱਕੀ ਦੇ ਨਾਮ ਹੇਠ ਮਨੁੱਖ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ। ਲੋੜੋਂ ਵੱਧ ਮਸ਼ੀਨੀਕਰਨ ਨੇ ਮਨੁੱਖ ਦੀ ਜੀਵਨ-ਜਾਚ ਤਾਂ ਬਦਲੀ ਹੀ ਹੈ, ਇਸ ਦੇ ਨਾਲ-ਨਾਲ ਮਾਨਸਿਕ ਤੇ ਸਰੀਰਿਕ ਬਦਲਾਅ ਬਹੁਤ ਜ਼ਿਆਦਾ ਕੀਤੇ, ਜੋ ਲਾਭਕਾਰੀ ਨਹੀਂ ਹਨ। ਮਨੁੱਖੀ ਕਾਰਜਾਂ ਸਦਕਾ ਸਾਡੇ ਆਸ-ਪਾਸ ਬੇਹੱਦ ਜ਼ਿਆਦਾ ਗਰੀਨ ਹਾਊਸ ਗੈਸਾਂ ਵਿਚ ਵਾਧਾ ਹੋਇਆ, ਜਿਸ ਦੇ ਸਿੱਟੇ ਵਜੋਂ ਵਿਸ਼ਵ ਪੱਧਰ ’ਤੇ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ, ਜਿਨ੍ਹਾਂ ਵਿਚੋਂ ਸਭ ਤੋਂ ਵੱਡੀ ਤਬਦੀਲੀ ਤਾਪਮਾਨ ਦਾ ਵਧਣਾ ਹੈ, ਜੋ ਮਨੁੱਖਤਾ ਦੀ ਹੋਂਦ ਲਈ ਖ਼ਤਰਾ ਬਣ ਕੇ ਖੜ੍ਹਾ ਹੋ ਰਿਹਾ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮੁਸ਼ਕਿਲਾਂ ਦੀ ਚਰਚਾ ਤਾਂ ਅਸੀਂ ਅਕਸਰ ਆਪਣੀ ਰੋਜ਼ਮਰਾ ਜ਼ਿੰਦਗੀ ਵਿਚ ਕਰਦੇ ਰਹਿੰਦੇ ਹਾਂ, ਪਰ ਹੱਲ ਕੀ ਹੈ? ਬੰਦੇ ਦੁਆਰਾ ਸਹੇੜੇ ਦੁੱਖਾਂ ਦੀ ਦਾਰੂ ਕੀ ਹੈ?
ਰੁੱਖ ਬੋਲ ਨਾ ਸਕਦੇ ਭਾਵੇਂ
ਬੰਦਿਆਂ ਦਾ ਦੁੱਖ ਜਾਣਦੇ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਰੁੱਖ ਭਾਵੇਂ ਬੋਲ ਤਾਂ ਨਹੀਂ ਸਕਦੇ, ਪਰ ਸਾਡੇ ਹਰ ਸਵਾਲ ਦਾ ਜਵਾਬ ਜ਼ਰੂਰ ਹਨ, ਸਾਡੇ ਹਰ ਦੁੱਖ ਦਾ ਦਾਰੂ ਹਨ। ਕੁਝ ਲੋਕਾਂ ਦਾ ਤੱਥ ਤਾਂ ਇਹ ਵੀ ਹੈ ਕਿ ਮਨੁੱਖ ਦੀ ਉਤਪਤੀ ਵਿਚ ਰੁੱਖਾਂ-ਪੌਦਿਆਂ ਦਾ ਹੱਥ ਹੀ ਨਹੀਂ, ਬਲਕਿ ਮਨੁੱਖ ਦੇ ਵਿਕਾਸ ਦੀ ਯਾਤਰਾ ਦਾ ਆਰੰਭ ਹੋਇਆ ਹੀ ਰੁੱਖ ਤੋਂ ਹੈ। ਸੁਣਨ ਵਿਚ ਆਉਂਦਾ ਹੈ ਕਿ ਜਦੋਂ ਤਕਰੀਬਨ 65 ਮਿਲੀਅਨ ਸਾਲ (650 ਲੱਖ ਸਾਲ) ਪਹਿਲਾਂ ਡਾਇਨਾਸੋਰ ਖ਼ਤਮ ਹੋਏ ਤਾਂ ਇਹ ਚੂਹੇ ਵਰਗੇ ਜੀਵ ਨੇ, ਜਿਸ ਨੂੰ ਅਸੀਂ ਹੁਣ ‘ਪਰੋਸਿਮਿਅਨ’ ਕਹਿੰਦੇ ਹਾਂ ਧਰਤੀ ਛੱਡ ਕੇ ਰੁੱਖ ਉੱਪਰ ਰਹਿਣਾ ਸ਼ੁਰੂ ਕਰ ਦਿੱਤਾ। ਲੱਖਾਂ ਸਾਲਾਂ ਬਾਅਦ ਉਹ ਪਰੋਸਿਮਿਅਨ ਤੋਂ ਸਿਮਿਅਨ ਦੇ ਰੂਪ ਵਿਚ ਮਨੁੱਖ ਦਾ ਪਿੱਤਰ ਬਣਿਆ। ਉਨ੍ਹਾਂ ਲੱਖਾਂ ਸਾਲਾਂ ਵਿਚ ਉਸ ਚੂਹੇ ਰੂਪੀ ਜੀਵ ਦੀਆਂ ਸਰੀਰਿਕ ਅਤੇ ਮਾਨਸਿਕ ਤਬਦੀਲੀਆਂ ਜਿਵੇਂ ਕਿ ਸਰੀਰ ਦਾ ਬਣਨਾ, ਹੱਥਾਂ-ਪੈਰਾਂ ਆਦਿ ਦੀ ਬਣਤਰ, ਉਸ ਰੁੱਖ ਦੇ ਪ੍ਰਭਾਵ ਹੇਠ ਹੋਈ। ਉਸ ਦੇ ਨਾਲ-ਨਾਲ ਮੁੱਢਲੀਆਂ ਲੋੜਾਂ ਸਾਹ ਲੈਣ ਲਈ ਸ਼ੁੱਧ ਹਵਾ, ਪੀਣ ਲਈ ਪਾਣੀ ਅਤੇ ਭੋਜਨ ਆਦਿ ਸਭ ਮਨੁੱਖੀ ਹੋਂਦ ਤੋਂ ਅੱਜ ਤਕ ਸਿੱਧੇ ਜਾਂ ਅਸਿੱਧੇ ਤੌਰ ’ਤੇ ਰੁੱਖ-ਪੌਦਿਆਂ ਤੋਂ ਹੀ ਪ੍ਰਾਪਤ ਹੁੰਦੀਆਂ ਹਨ। ਮਨੁੱਖੀ ਜੀਵਨ ਦੀ ਹੋਂਦ ਰੁੱਖਾਂ ਦੀ ਹੋਂਦ ਨਾਲ ਸਿੱਧੇ ਅਤੇ ਸਪੱਸ਼ਟ ਰੂਪ ਵਿਚ ਜੁੜੀ ਹੋਈ ਹੈ।
ਅਫ਼ਸੋਸ ਐਨੇ ਕੁਝ ਤੋਂ ਜਾਣੂੰ ਹੋਣ ਦੇ ਬਾਵਜੂਦ ਮਨੁੱਖ ਰੁੱਖ-ਪੌਦਿਆਂ ਦੀ ਅਹਿਮੀਅਤ ਬਰਕਰਾਰ ਨਾ ਰੱਖਦੇ ਹੋਏ ਕੁਦਰਤ ਤੋਂ ਦੂਰ ਹੋ ਰਿਹਾ ਹੈ। ਰੁੱਖ-ਪੌਦਿਆਂ ਦੀ ਹੋਂਦ ਸਿਰਫ਼ ਮਨੁੱਖੀ ਹੋਂਦ ਲਈ ਹੀ ਜ਼ਰੂਰੀ ਨਹੀਂ, ਬਲਕਿ ਬ੍ਰਹਿਮੰਡ ਵਿਚ ਵਸਦੀਆਂ ਚੁਰਾਸੀ ਲੱਖ ਜੂਨਾਂ ਦਾ ਜੀਵਨ ਵੀ ਕੁਦਰਤੀ ਨਿਆਮਤਾਂ ਉੱਪਰ ਹੀ ਨਿਰਭਰ ਹੈ, ਪਰ ਮਨੁੱਖ ਨੇ ਆਪਣੀਆਂ ਸੁਖ-ਸਹੂਲਤਾਂ ਵਧਾਉਣ ਲਈ ਕੁਦਰਤ ਨਾਲ ਖਿਲਵਾੜ ਕਰਦਿਆਂ ਬਾਕੀ ਸਭ ਜੂਨਾਂ ਨੂੰ ਵੀ ਸੂਲੀ ਟੰਗ ਰੱਖਿਆ ਹੈ। ਵਿਸ਼ਵ ਪੱਧਰ ’ਤੇ ਜੈਵਿਕ ਵਿਭਿੰਨਤਾ ਖ਼ਤਰੇ ਹੇਠ ਹੈ। ਕੁਦਰਤੀ ਜੰਗਲਾਂ ਨੂੰ ਖ਼ਤਮ ਕਰ ਕੇ ਕੰਕਰੀਟ ਦੇ ਜੰਗਲਾਂ ਵਿਚ ਸੁਖਾਲੇ ਜੀਵਨ ਦੀ ਕਲਪਨਾ ਕਰਨਾ ਕੋਈ ਵੱਡੀ ਸਿਆਣਪ ਵਾਲੀ ਗੱਲ ਨਹੀਂ ਹੈ।
ਸ਼ੁੱਧ ਤੇ ਤਾਜ਼ੀ ਹਵਾ ਦੀ ਪ੍ਰਾਪਤੀ ਲਈ ਵੰਨ-ਸੁਵੰਨੇ ਰੁੱਖ ਪੌਦੇ ਲਾਉਣੇ ਲਾਜ਼ਮੀ ਹਨ, ਪਰ ਇਸ ਦੇ ਨਾਲ-ਨਾਲ ਉਨ੍ਹਾਂ ਦੀ ਸਾਂਭ-ਸੰਭਾਲ ਉਸ ਤੋਂ ਵੀ ਜ਼ਰੂਰੀ ਹੈ। ਰੁੱਖ ਪੌਦੇ ਲਾਉਣ ਤੋਂ ਪਹਿਲਾਂ ਉਨ੍ਹਾਂ ਬਾਰੇ ਜਾਣਕਾਰੀ ਹੋਣੀ ਲਾਜ਼ਮੀ ਹੈ, ਜਿਸ ਉਪਰੰਤ ਧਰਤੀ ਉੱਪਰ ਲਾਉਣ ਤੋਂ ਪਹਿਲਾਂ ਵਿਉਂਤਬੰਦੀ ਕਰਨੀ ਵੀ ਬੇਹੱਦ ਲਾਜ਼ਮੀ ਹੈ।
ਘਰਾਂ ਦੇ ਅੰਦਰੂਨੀ ਮਾਹੌਲ ਨੂੰ ਸਾਫ਼ ਤੇ ਸ਼ੁੱਧ ਰੱਖਣ ਲਈ ਪੌਦਿਆਂ ਨੂੰ ਗਮਲਿਆਂ ਵਿਚ ਲਾ ਕੇ ਰੱਖਿਆ ਜਾ ਸਕਦਾ ਹੈ। ਜ਼ਹਿਰੀਲੀਆਂ ਗੈਸਾਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕਈ ਕਿਸਮਾਂ ਦੇ ਪੌਦੇ ਘਰਾਂ ਅੰਦਰ ਰੱਖੇ ਜਾ ਸਕਦੇ ਹਨ। ਅਨੇਕਾਂ ਕਿਸਮਾਂ ਵਿਚੋਂ ਅਰੀਕਾ ਪਾਮ, ਮਨੀ ਪਲਾਂਟ, ਪੀਸ ਲਿੱਲੀ, ਸਨੇਕ ਪਲਾਂਟ, ਫਰਨ, ਡਰਾਈਸੀਨਾ, ਰਬੜ ਪਲਾਂਟ, ਫਾਈਕਸ ਆਦਿ ਮੁੱਖ ਰੂਪ ਵਿਚ ਹਨ, ਜੋ ਘਰਾਂ ਅੰਦਰ ਛਾਂ ਵਾਲੇ ਸਥਾਨਾਂ ’ਤੇ ਰੱਖੇ ਜਾ ਸਕਦੇ ਹਨ।
ਘਰਾਂ ਤੋਂ ਬਾਹਰ ਖੁੱਲ੍ਹੇ ਸਥਾਨਾਂ ’ਤੇ ਲਾਉਣ ਲਈ ਸਾਡੇ ਕੋਲ ਅਨੇਕਾਂ ਵੰਨਗੀਆਂ ਦੇ ਰੁੱਖ ਹਨ, ਜੋ ਅਨੇਕਾਂ ਤਰ੍ਹਾਂ ਨਾਲ ਸਾਡੇ ਲਈ ਸਹਾਈ ਹੋ ਨਬਿੜਦੇ ਹੈ। ਜਿਵੇਂ ਨਿੰਮ, ਪਿੱਪਲ, ਅੰਬ, ਇਮਲੀ, ਅਸ਼ੋਕਾ, ਸੁਖਚੈਨ, ਮੌਲਸਰੀ, ਅਮਲਤਾਸ, ਸੱਤਪਰੀਆ, ਟਾਹਲੀ ਆਦਿ ਹਵਾ ਪ੍ਰਦੂਸ਼ਣ ਦੇ ਸੰਦਰਭ ਵਿਚ ਸਹਾਈ ਹੁੰਦੇ ਹਨ। ਧਰਤੀ ਦੀ ਕੁੱਖੋਂ ਉਪਜਿਆ ਹਰ ਰੁੱਖ ਪੌਦਾ ਮਨੁੱਖ ਅਤੇ ਹੋਰਨਾਂ ਜੀਵਾਂ ਲਈ ਅਨੇਕਾਂ ਪੱਖਾਂ ਤੋਂ ਸਹਾਈ ਹੋ ਨਬਿੜਦਾ ਹੈ। ਉਦਾਹਰਣ ਵਜੋਂ ਅੰਬ ਦਾ ਰੁੱਖ ਫ਼ਲ, ਛਾਂ, ਦਵਾਈਆਂ ਦੇਣ ਦੇ ਨਾਲ-ਨਾਲ ਪੰਛੀਆਂ ਲਈ ਰਹਿਣ- ਬਸੇਰੇ ਅਤੇ ਸ਼ੁੱਧ ਹਵਾ ਦੀ ਪ੍ਰਾਪਤੀ ਵਿਚ ਆਪਣਾ ਖ਼ੂਬ ਯੋਗਦਾਨ ਪਾਉਂਦਾ ਹੈ।
ਕੁੱਲ ਮਿਲਾ ਕੇ ਗੱਲ ਬਿਲਕੁਲ ਸਾਫ਼ ਹੈ ਕਿ ਜੇਕਰ ਰੁੱਖ ਹੈ ਤਾਂ ਮਨੁੱਖ ਹਨ। ਦਿਨ-ਬ-ਦਿਨ ਵਧ ਰਹੇ ਪ੍ਰਦੂਸ਼ਿਤ ਮਾਹੌਲ ਵਿਚ ਰੁੱਖ-ਪੌਦਿਆਂ ਨਾਲ ਨੇੜਤਾ ਹੋਣੀ ਹੋਰ ਵੀ ਲਾਜ਼ਮੀ ਹੋ ਜਾਂਦੀ ਹੈ। ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਧਰਤ ’ਤੇ ਸਿਰਫ਼ ਮਨੁੱਖ ਦਾ ਕਬਜ਼ਾ ਨਹੀਂ ਹੈ। ਇਹ ਧਰਤ ਸਮੁੱਚੇ ਜੀਵ-ਜੰਤੂਆਂ ਦੀ ਸਾਂਝੀ ਹੈ। ਇਸ ਦੀ ਖ਼ੂਬਸੂਰਤੀ ਤੇ ਸਭ ਜੀਵ-ਜੰਤੂਆਂ ਦੀ ਭਲਾਈ ਰੁੱਖਾਂ-ਪੌਦਿਆਂ ਨਾਲ ਹੀ ਸੰਭਵ ਹੈ। ਜੇਕਰ ਅਸੀਂ ਰੱਬ ਨੂੰ ਮੰਨਦੇ ਹਾਂ ਤਾਂ ਰੱਬ ਇਨ੍ਹਾਂ ਬਿਰਖਾਂ-ਬੂਟਿਆਂ ਵਿਚ ਵਸਦਾ ਹੈ ਤੇ ਇਨ੍ਹਾਂ ਦੀ ਸਾਂਭ-ਸੰਭਾਲ ਕਰਨੀ ਸਾਡਾ ਮੁੱਢਲਾ ਫਰਜ਼ ਹੋਣਾ ਚਾਹੀਦਾ ਹੈ ਤਾਂ ਜੋ ਬ੍ਰਹਿਮੰਡ ਵਿਚ ਵਸਦੇ ਸਭ ਜੀਵ-ਜੰਤੂ ਆਪਣਾ ਜੀਵਨ ਸੁਖਮਈ ਬਤੀਤ ਕਰ ਸਕਣ।
ਸੰਪਰਕ: 98142-39041