ਨਵੀਂ ਦਿੱਲੀ: ਸਾਰਾ ਅਲੀ ਖਾਨ ਆਪਣੀ ਫਿਲਮ ‘ਅਤਰੰਗੀ ਰੇ’ ਦੇ ਪ੍ਰਚਾਰ ਲਈ ਰਾਜਧਾਨੀ ਦਿੱਲੀ ਵਿੱਚ ਹੈ। ਫਿਲਮ ਵਿੱਚ ਨਿਭਾਏ ਗਏ ‘ਰਿੰਕੂ’ ਦੇ ਕਿਰਦਾਰ ਬਾਰੇ ਉਸ ਨੇ ਕਿਹਾ, ‘‘ਅਸੀਂ ਦੋਵੇਂ ਆਤਮਵਿਸ਼ਵਾਸ ਨਾਲ ਭਰਪੂਰ ਹਾਂ ਤੇ ਸਾਡਾ ਆਤਮਵਿਸ਼ਵਾਸ ਸਾਡੀ ਅੰਦਰੂਨੀ ਕਮਜ਼ੋਰੀ ’ਤੇ ਵੀ ਪਰਦਾ ਪਾਉਂਦਾ ਹੈ। ਉੱਥੇ ਹੀ ਅਸੀਂ ਇੱਕ-ਦੂਜੇ ਤੋਂ ਵੱਖਰੀਆਂ ਵੀ ਹਾਂ। ਮੈਂ ਸੁਭਾਅ ਤੋਂ ਬਾਗੀ ਨਹੀਂ ਹਾਂ। ਮੈਂ ਬੋਤਲਾਂ ਨਹੀਂ ਭੰਨ੍ਹਾਂਗੀ ਅਤੇ ਨਾ ਹੀ 21 ਵਾਰ ਭੱਜਾਂਗੀ। ਮੈਂ ਆਪਣੇ ਪਤੀ ਦੇ ਵਿਆਹ ’ਤੇ ਕਦੇ ਵੀ ਨੱਚ ਨਹੀਂ ਸਕਦੀ। ਇਸੇ ਤਰ੍ਹਾਂ ਮੈਂ ਬਿਹਾਰੀ ਲਹਿਜੇ ਵਿੱਚ ਵੀ ਨਹੀਂ ਬੋਲ ਸਕਦੀ।’’ ਦਿੱਲੀ ਵਿੱਚ ਫਿਲਮ ਦੇ ਪ੍ਰਚਾਰ ਦੌਰਾਨ ਸਾਰਾ ਕਾਫੀ ਆਤਮਵਿਸ਼ਵਾਸ ਨਾਲ ਭਰੀ ਦਿਖਾਈ ਦੇ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਹ ਖੁਦ ਵੀ ਅਤਰੰਗੀ ਹੈ। ਸਾਰਾ ਨੂੰ ਉਮੀਦ ਹੈ ਕਿ ਉਹ ਆਪਣੇ ਕੰਮ ਜ਼ਰੀਏ ਇਸ ਵਾਰ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਜ਼ਰੂਰ ਖਿੱਚੇਗੀ। ਇਸ ਤੋਂ ਪਹਿਲਾਂ ‘ਲਵ ਆਜ ਕਲ 2’ ਵਿੱਚ ਉਹ ਅਜਿਹਾ ਕਰਨ ’ਚ ਅਸਫਲ ਰਹੀ ਸੀ। ਉਸ ਨੇ ਨਿਰਦੇਸ਼ਕ ਆਨੰਦ ਐੱਲ. ਰਾਏ ਦਾ ਧੰਨਵਾਦ ਕਰਦਿਆਂ ਕਿਹਾ, ‘‘ਇਹ ਮੌਕਾ ਮੇਰੇ ਕੋਲ ਸਹੀ ਸਮੇਂ ’ਤੇ ਆਇਆ। ‘ਕੇਦਾਰਨਾਥ’ ਦੇ ਦਸ ਦਿਨਾਂ ਬਾਅਦ ਮੈਂ ‘ਅਤਰੰਗੀ ਰੇ’ ਦੇ ਸੈੱਟ ’ਤੇ ਸੀ। ਇਹ ਮੇਰੇ ਲਈ ਚੰਗਾ ਸੀ ਕਿਉਂਕਿ ਦਰਸ਼ਕਾਂ ਨੂੰ ‘ਲਵ ਆਜ ਕਲ’ ਬਹੁਤੀ ਪਸੰਦ ਨਹੀਂ ਆਈ ਤੇ ਮੈਂ ਦਰਸ਼ਕਾਂ ਲਈ ਹੀ ਕੰਮ ਕਰ ਰਹੀ ਹਾਂ।’’ -ਪੀਟੀਆਈ