ਡਾ. ਸਵਰਨਜੀਤ ਕੌਰ
ਗੁਰੂ ਅਮਰਦਾਸ ਜੀ ਦੇ ਮਹਾਂਵਾਕ ਅਨੁਸਾਰ ਮਨੁੱਖ ਨੂੰ ਆਪੇ ਦੀ ਸੋਝੀ ਹੋਣੀ ਅਤਿਅੰਤ ਲੋੜੀਂਦੀ ਹੈ। ਨਿਰਾ ਖਾਣਾ-ਪੀਣਾ, ਸੌਣਾ ਹੀ ਮਨੁੱਖ ਦਾ ਕਰਮ ਨਹੀਂ ਹੁੰਦਾ ਸਗੋਂ ਉਸ ਦੇ ਜਨਮ ਲੈਣ ਦਾ ਕੋਈ ਨਾ ਕੋਈ ਅਰਥ ਜ਼ਰੂਰ ਹੁੰਦਾ ਹੈ। ਜੀਵਨ ਅਮੁੱਲ ਹੈ। ਜੀਵਨ ਦਾਨ ਦੇਣ ਵਾਲੇ ਨੂੰ ਵੱਡਾ ਮੰਨਿਆ ਜਾਂਦਾ ਹੈ। ਪ੍ਰਸਿੱਧ ਅਫ਼ਰੀਕੀ ਕਹਾਵਤ ਹੈ, ‘ਜ਼ਿੰਦਗੀ ਇਕ ਸਾਈਕਲ ਵਾਂਗ ਹੈ, ਜਦੋਂ ਤਕ ਤੁਸੀਂ ਪੈਡਲ ਮਾਰਦੇ ਰਹੋਗੇ, ਡਿੱਗੋਗੇ ਨਹੀਂ।’ ਇਸ ਲਈ ਹਰ ਇਨਸਾਨ ਨੂੰ ਆਪਣੇ ਜੀਵਨ ਦੀ ਕਦਰ ਕਰਦੇ ਹੋਏ ਆਪਣੇ ਟੀਚੇ ਨੂੰ ਤਲਾਸ਼ਣਾ ਚਾਹੀਦਾ ਹੈ।
ਕਈ ਲੋਕ ਜੀਵਨ ਪ੍ਰਤੀ ਸੋਚ ਨੂੰ ਲੈ ਕੇ ਨਿਰਾਸ਼ਾ ਵਿਚ ਭਟਕਦੇ ਨਜ਼ਰ ਆਉਂਦੇ ਹਨ। ਅਜਿਹੇ ਲੋਕਾਂ ਦੀ ਜੀਵਨ ਪ੍ਰਤੀ ਪਹੁੰਚ ਡੂੰਘੇਰੀ ਨਹੀਂ ਹੁੰਦੀ। ਕੋਈ ਵੀ ਨਿੱਜੀ ਜੀਵਨ ਅਜਿਹਾ ਨਹੀਂ ਹੁੰਦਾ ਜਿਸ ਨੂੰ ਨਿਸ਼ਚਿਤ ਕਰਨ ਵਿਚ ਵਿਸ਼ਾਲ ਸਮਾਜਿਕ ਜੀਵਨ ਦਾ ਪ੍ਰਭਾਵ ਕੰਮ ਨਾ ਕਰਦਾ ਹੋਵੇ। ਕੋਈ ਵੀ ਮਨੁੱਖ ਜਿਸ ਨੂੰ ਆਪਣੇ ਜੀਵਨ ਦਾ ਮਿਸ਼ਨ ਸਮਝ ਆ ਜਾਂਦਾ ਹੈ, ਉਸ ਦੀ ਜੀਵਨ ਪ੍ਰਤੀ ਪਹੁੰਚ ਕਦੇ ਵੀ ਨਿਰਾਸ਼ਾ ਵਾਲੀ ਨਹੀਂ ਹੁੰਦੀ। ਨਿਰਾਸ਼ਾ ਵਿਚ ਸਿਰਫ਼ ਉਹੀ ਭਟਕਦਾ ਹੈ ਜਿਸ ਨੂੰ ਜਿਊਣ ਦੀ ਕਲਾ ਨਹੀਂ ਆਉਂਦੀ।
ਹਰ ਕੋਈ ਜੀਵਨ ਬਾਰੇ ਆਪਣੇ-ਆਪਣੇ ਤਰੀਕੇ ਅਨੁਸਾਰ ਸੋਚਦਾ ਹੈ। ਕਿਸੇ ਨੂੰ ਇਹ ਭੱਜਦਾ ਨਜ਼ਰ ਆਉਂਦਾ ਹੈ ਕਿਸੇ ਨੂੰ ਇਸ ਵਿਚ ਖੜੋਤ ਆਈ ਜਾਪਦੀ ਹੈ, ਪਰ ਇਹ ਆਪਣੀ ਚਾਲੇ ਚੱਲ ਰਿਹਾ ਹੁੰਦਾ ਹੈ।
ਸਾਰੇ ਹੀ ਧਰਮ ਗ੍ਰੰਥਾਂ ਵਿਚ ਮਨੁੱਖੀ ਜੀਵਨ ਦੀ ਅਨਮੋਲ ਹੀਰੇ ਨਾਲ ਤੁਲਨਾ ਕੀਤੀ ਗਈ ਹੈ। ਗੁਰਬਾਣੀ ਵਿਚ ਵੀ ਮਨੁੱਖ ਨੂੰ ਜੀਵਨ ਦੀ ਸੋਝੀ ਕਰਾਉਣ ਵਾਲੇ ਹਵਾਲੇ ਥਾਂ-ਥਾਂ ਮਿਲਦੇ ਹਨ। ਗੁਰੂ ਸਾਹਿਬਾਨ ਨੇ ਸੰਸਾਰ ਦੀ ਨਾਸ਼ਵਾਨਤਾ ਬਾਰੇ ਦਰਸਾ ਕੇ ਜੀਵਨ ਪ੍ਰਤੀ ਪਹੁੰਚ ਨੂੰ ਡੂੰਘੇ ਰੂਪ ਵਿਚ ਸਮਝਣ ਦੀ ਗੱਲ ਕੀਤੀ ਹੈ। ਦੁੱਖ ਦਰਦ ਵੀ ਮਨੁੱਖੀ ਜੀਵਨ ਦਾ ਹਿੱਸਾ ਹਨ, ਪਰ ਦੁੱਖਾਂ ਦਰਦਾਂ ਵਿਚ ਗ੍ਰਸਤ ਹੋ ਕੇ ਜ਼ਿੰਦਾਦਿਲੀ ਨਾਲ ਜਿਊਣ ਦੀ ਇੱਛਾ ਨਹੀਂ ਛੱਡ ਦੇਣੀ ਚਾਹੀਦੀ। ਜਦੋਂ ਹੀ ਕਿਸੇ ਨੂੰ ਜ਼ਿੰਦਗੀ ਜਿਊਣ ਦੇ ਢੰਗ ਦੀ ਸਮਝ ਆਉਂਦੀ ਹੈ ਤਿਉਂ ਹੀ ਜ਼ਿੰਦਗੀ ਆਪਣਾ ਰੰਗ ਬਦਲ ਲੈਂਦੀ ਹੈ।
ਕਈ ਮਨੁੱਖ ਦੂਜਿਆਂ ਦੀ ਖੁਸ਼ਹਾਲ ਜ਼ਿੰਦਗੀ ਨੂੰ ਦੇਖ ਕੇ ਉਨ੍ਹਾਂ ਵਾਂਗ ਜਿਊਣ ਦੀ ਇੱਛਾ ਰੱਖਦੇ ਹਨ, ਪਰ ਸਾਧਨਾ ਦੀ ਕਮੀ ਕਾਰਨ ਅਜਿਹਾ ਕਰਨ ਵਿਚ ਸਮਰੱਥ ਨਹੀਂ ਹੁੰਦੇ ਤੇ ਅੰਤ ਨਿਰਾਸ਼ ਹੋ ਬਹਿੰਦੇ ਹਨ। ਇਸ ਸਬੰਧ ਵਿਚ ਅਜਿਹੇ ਲੋਕਾਂ ਨੂੰ ਇਕ ਗੱਲ ਸਮਝ ਲੈਣੀ ਅਤਿਅੰਤ ਜ਼ਰੂਰੀ ਹੈ ਕਿ ਜਿਹੜੀ ਜੁੱਤੀ ਇਕ ਬੰਦੇ ਦੇ ਪੈਰ ’ਚ ਪੂਰੀ ਆਉਂਦੀ ਹੈ, ਉਹੀ ਕਈ ਵਾਰ ਦੂਸਰੇ ਦੇ ਪੈਰਾਂ ਵਿਚ ਚੁੱਭਣ ਲੱਗਦੀ ਹੈ। ਜੀਵਨ ਜਿਊਣ ਦੀ ਅਜਿਹੀ ਕੋਈ ਵਿਧੀ ਨਹੀਂ ਹੈ, ਜਿਹੜੀ ਹਰ ਕਿਸੇ ਲਈ ਇਕੋ ਜਿਹੀ ਢੁਕਵੀਂ ਹੋਵੇ। ਸਭ ਨੂੰ ਆਪਣੀ ਸਥਿਤੀ ਤੇ ਸਮਰੱਥਾ ਅਨੁਸਾਰ ਜੀਵਨ ਪ੍ਰਤੀ ਸਕਾਰਾਤਮਕ ਪਹੁੰਚ ਬਣਾਉਣੀ ਚਾਹੀਦੀ ਹੈ। ਕਿਸੇ ਵਿਅਕਤੀ ਦੀ ਮੌਤ ਕਿਸ ਤਰ੍ਹਾਂ ਹੁੰਦੀ ਹੈ, ਇਹ ਗੱਲ ਐਨੀ ਮਹੱਤਵਪੂਰਨ ਨਹੀਂ ਹੁੰਦੀ। ਦੂਜੇ ਪਾਸੇ ਇਹ ਗੱਲ ਮਾਅਨੇ ਰੱਖਦੀ ਹੈ ਕਿ ਉਹ ਜਿਊਂਦਾ ਕਿਵੇਂ ਹੈ। ਇਸ ਲਈ ਮਨੁੱਖ ਨੂੰ ਹਮੇਸ਼ਾਂ ਇਹ ਯਾਦ ਰੱਖਣਾ ਅਤਿਅੰਤ ਜ਼ਰੂਰੀ ਹੈ ਕਿ ਜੀਵਨ ਇਕੋ ਵਾਰ ਮਿਲਿਆ ਹੈ ਜੋ ਵੀ ਮਾਨਣਾ ਹੈ ਇੱਥੇ ਹੀ ਮਾਨਣਾ ਹੈ। ਅਨੰਤ ਸਦੀਵਤਾ ਅੰਦਰ ਅਜਿਹਾ ਮੌਕਾ ਹੋਰ ਨਹੀਂ ਮਿਲਣਾ। ਕਿਸੇ ਵਿਅਕਤੀ ਦਾ ਜਿਸ ਤਰ੍ਹਾਂ ਦਾ ਸੱਭਿਆਚਾਰਕ ਮਾਹੌਲ ਹੁੰਦਾ ਹੈ, ਉਸੇ ਤਰ੍ਹਾਂ ਦੀ ਉਸ ਦੀ ਜ਼ਿੰਦਗੀ ਪ੍ਰਤੀ ਸਮਝ ਬਣਦੀ ਹੈ। ਜੇਕਰ ਉਹ ਸਕਾਰਾਤਮਕ ਸੱਭਿਆਚਾਰਕ ਮਾਹੌਲ ਵਿਚ ਵਿਚਰਦਾ ਹੈ ਤਾਂ ਜੀਵਨ ਪ੍ਰਤੀ ਉਸ ਦਾ ਨਜ਼ਰੀਆ ਜ਼ਿੰਦਾਦਿਲੀ ਵਾਲਾ ਬਣਦਾ ਹੈ। ਇਸ ਦੇ ਉਲਟ ਨਕਾਰਾਤਮਕ ਸੋਚ ਰੋਂਦੂ ਚਿਹਰਿਆਂ ਨੂੰ ਜਨਮ ਦਿੰਦੀ ਹੈ। ਇਸ ਕਰਕੇ ਹਰ ਇਕ ਨੂੰ ਜ਼ਿੰਦਾਦਿਲੀ ਨਾਲ ਜਿਊਂ ਲੈਣਾ ਚਾਹੀਦਾ ਹੈ। ਇਸ ਨਾਲ ਮਨੁੱਖ ਸਿਹਤਯਾਬ ਵੀ ਰਹਿੰਦਾ ਹੈ ਕਿਉਂਕਿ ਨਕਾਰਾਤਮਕਤਾ ਅਨੇਕਾਂ ਰੋਗਾਂ ਦੀ ਉਤਪਤੀ ਦਾ ਕਾਰਨ ਬਣਦੀ ਹੈ। ਇਸ ਲਈ ਜਿੰਨੀ ਵੀ ਜ਼ਿੰਦਗੀ ਜਿਊਣੀ ਹੈ, ਖੁਸ਼ਹਾਲੀ ਨਾਲ ਜਿਊਣੀ ਚਾਹੀਦੀ ਹੈ। ਜਿਹੜੇ ਕਹਿੰਦੇ ਹਨ ਕਿ ਜੀਵਨ ਵਿਅਰਥ ਹੈ ਉਨ੍ਹਾਂ ਨੂੰ ਜੀਵਨ ਦੇ ਅਰਥ ਡੂੰਘੀ ਤਰ੍ਹਾਂ ਸਮਝਣ ਦੀ ਜ਼ਰੂਰਤ ਹੈ।
ਜ਼ਿੰਦਾਦਿਲੀ ਨਾਲ ਜਿਊਣ ਲਈ ਅਨੇਕਾਂ ਕੰਮ ਹਨ ਜੋ ਕੀਤੇ ਜਾ ਸਕਦੇ ਹਨ। ਕਲਾ ਨਾਲ ਜੁੜਨਾ, ਸਿਹਤ ਪ੍ਰਤੀ ਸੁਚੇਤ ਹੋ ਕੇ ਨਿਰੋਗ ਰਹਿਣ ਲਈ ਮਿਹਨਤ ਕਰਨੀ, ਸਮਾਜ ਸੇਵਾ ਕਰਨਾ, ਪ੍ਰਕਿਰਤੀ ਦੀ ਸਾਂਭ ਸੰਭਾਲ ਕਰਨਾ, ਜੀਵ ਜੰਤੂਆਂ ਦੀ ਸਾਂਭ ਸੰਭਾਲ ਆਦਿ। ਆਪਣੇ ਜ਼ਰੂਰੀ ਕੰਮਾਂ ਤੋਂ ਵਿਹਲ ਕੱਢ ਕੇ ਕੁਝ ਅਜਿਹੇ ਕੰਮ ਕਰਦੇ ਰਹਿਣ ਵਾਲਾ ਕਦੇ ਨਿਰਾਸ਼ਾ ਦਾ ਸ਼ਿਕਾਰ ਨਹੀਂ ਹੁੰਦਾ। ਆਪਣਿਆਂ ਨਾਲ ਹੱਸਣ, ਖੇਡਣ, ਗੱਲਬਾਤ ਲਈ ਵੀ ਥੋੜ੍ਹਾ ਸਮਾਂ ਕੱਢ ਲੈਣਾ ਚਾਹੀਦਾ ਹੈ। ਜੀਵਨ ਪ੍ਰਤੀ ਸਕਾਰਾਤਮਕ ਸੋਚ ਅਪਨਾਉਣ ਲਈ ਜ਼ਿੰਦਾਦਿਲ ਲੋਕਾਂ ਦੀ ਸੰਗਤ ਵੀ ਵਧੇਰੇ ਪ੍ਰਭਾਵਕਾਰੀ ਸਾਬਤ ਹੁੰਦੀ ਹੈ।
ਅਨੇਕ ਵਿਅਕਤੀ ਦੁਨੀਆ ’ਤੇ ਅਜਿਹੇ ਮਿਲ ਜਾਣਗੇ ਜਿਨ੍ਹਾਂ ਨੂੰ ਜ਼ਿੰਦਗੀ ਵਿਚ ਪਤਾ ਨਹੀਂ ਕਿੰਨੀ ਵਾਰ ਅਸਫਲਤਾ ਦਾ ਸਾਹਮਣਾ ਕਰਨਾ ਪਿਆ ਹੋਵੇਗਾ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਹਾਰ ਨਹੀਂ ਮੰਨੀ। ਅੰਤ ਸਫਲਤਾ ਨੇ ਉਨ੍ਹਾਂ ਨੂੰ ਬੁਲੰਦੀ ’ਤੇ ਪਹੁੰਚਾਇਆ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਅੰਦਰਲੇ ਗੁਣ ਦੀ ਪਛਾਣ ਕਰਕੇ ਆਪਣੀ ਸਮਰੱਥਾ ਦਾ ਅਹਿਸਾਸ ਕਰ ਲਿਆ। ਇਹੀ ਆਪੇ ਦੀ ਪਛਾਣ ਮਨੁੱਖ ਨੂੰ ਬੁਲੰਦੀ ’ਤੇ ਪਹੁੰਚਾਉਂਦੀ ਹੈ। ਸਫਲਤਾ ਇਸ ਵਿਚ ਸਿਰਫ਼ ਉਨ੍ਹਾਂ ਨੂੰ ਹੀ ਮਿਲਦੀ ਹੈ ਜੋ ਸਿਰੜ ਦੇ ਪੱਕੇ ਹੁੰਦੇ ਹਨ। ਮਨ ਵਿਚ ਲਗਾਤਾਰ ਚਲਦਾ ਚਿੰਤਨ ਮੰਜ਼ਿਲ ਵੱਲ ਵਧਣ ਦਾ ਪਹਿਲਾ ਮਹੱਤਵਪੂਰਨ ਨੁਕਤਾ ਹੈ। ਕਈ ਵਾਰ ਮਨੁੱਖ ਆਪਣੀ ਸਫਲਤਾ ਦੇ ਇੰਨਾ ਨੇੜੇ ਹੁੰਦਾ ਹੈ ਕਿ ਸਿਰਫ਼ ਇਕ ਕਦਮ ਦਾ ਫਾਸਲਾ ਤੈਅ ਕਰਨਾ ਬਾਕੀ ਹੁੰਦਾ ਹੈ, ਪਰ ਉਹ ਸੰਘਰਸ਼ ਕਰਕੇ ਇੰਨਾ ਹੰਭਿਆ ਹੁੰਦਾ ਹੈ ਕਿ ਇਕ ਕਦਮ ਵੀ ਪੁੱਟਣਾ ਭਾਰਾ ਹੋ ਜਾਂਦਾ ਹੈ। ਸੋ ਮੰਜ਼ਿਲ ਦੀ ਪ੍ਰਾਪਤੀ ਵੇਲੇ ਕਦੇ ਵੀ ਹੰਭਣਾ ਹਾਰਨਾ ਨਹੀਂ ਚਾਹੀਦਾ। ਮੂਲ ਨੂੰ ਪਛਾਣਨ ਵਾਲਾ ਦੀਵਾ ਸਦਾ ਮੱਥੇ ਵਿਚ ਜਗਦਾ ਰੱਖੋ।
ਅਨੇਕਾਂ ਸੰਤਾਂ ਮਹਾਤਮਾਵਾਂ ਨੇ ਅਧਿਆਤਮਕ ਸਾਧਨਾ ਰਾਹੀਂ ਆਪਣੇ ਮੂਲ ਦੀ ਥਾਹ ਪਾਈ। ਇੱਥੇ ਇਕ ਵੱਡੀ ਉਦਾਹਰਨ ਮਹਾਤਮਾ ਬੁੱਧ ਦੀ ਦਿੱਤੀ ਜਾ ਸਕਦੀ ਹੈ ਜੋ ਰਾਜ ਘਰਾਣੇ ਵਿਚ ਪੈਦਾ ਹੋ ਕੇ ਵੀ ਆਪਣੇ ਮੂਲ ਨੂੰ ਖੋਜਣ ਲਈ ਵੈਰਾਗੀ ਬਣ ਕੇ ਘਰੋਂ ਨਿਕਲਦੇ ਹਨ। ਇਕ ਰਾਜਕੁਮਾਰ ਅਤੇ ਮੰਜ਼ਿਲ ਦੀਆਂ ਬੇਹਿਸਾਬ ਔਕੜਾਂ ਦੇ ਬਾਵਜੂਦ ਉਹ ਭੁੱਖੇ-ਭਾਣੇ ਵੀ ਡਟੇ ਰਹੇ। ਅੰਤ ਸਮੇਂ ਤਕ ਸਰੀਰ ਵੀ ਸੁੱਕ ਕੇ ਤੀਲਾ ਬਣ ਗਿਆ, ਪਰ ਫੇਰ ਵੀ ਸਿਰੜ ਨਹੀਂ ਛੱਡਿਆ ਤੇ ਗਿਆਨ ਦੀ ਪ੍ਰਾਪਤੀ ਹੋਈ।
ਇਸ ਲਈ ਵੱਡੀ ਅਤੇ ਮਹੱਤਵਪੂਰਨ ਗੱਲ ਇਹੀ ਹੈ ਕਿ ਜਿਸ ਮੰਜ਼ਿਲ ਦਾ ਪਾਂਧੀ ਬਣਨਾ ਹੈ ਉੱਥੇ ਸਿਰੜ ਅਤੇ ਸਬਰ ਬਹੁਤ ਲੋੜੀਂਦਾ ਹੈ। ਸਿਰੜ ਅਤੇ ਸਬਰ ਰਾਹੀਂ ਹੀ ਮੂਲ ਦੀ ਪਛਾਣ ਹੁੰਦੀ ਹੈ ਅਤੇ ਸਫਲਤਾ ਮਿਲਦੀ ਹੈ।
ਸੰਪਰਕ: 98154-29691