ਹਰਮੀਤ ਸਿਵੀਆ
ਫੁਲਕਾਰੀ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਰਹੀ ਹੈ। ਫੁਲਕਾਰੀ ਰੇਸ਼ਮ ਦੇ ਧਾਗਿਆਂ ਨਾਲ ਵੱਖ-ਵੱਖ ਫੁੱਲ, ਵੇਲਾਂ ਅਤੇ ਬੂਟਿਆਂ ਨਾਲ ਇੱਕ ਰੰਗ-ਬਿਰੰਗੇ ਫੁੱਲਾਂ ਦੇ ਬਾਗ਼ ਦੀ ਕਲਪਨਾ ਹੋ ਨਿੱਬੜਦੀ ਹੈ। ਇਹ ਰੰਗ ਹੁਣ ਸਾਡੇ ਸੱਭਿਆਚਾਰ ਵਿੱਚੋਂ ਲੋਪ ਹੋ ਰਿਹਾ ਹੈ।
ਪੰਜਾਬੀਆਂ ਦੇ ਦਿਲਾਂ ਵਿੱਚ ਇਸ ਦੀ ਯਾਦ ਨਾਲ ਅਨੋਖੀਆਂ ਖ਼ੁਸ਼ੀਆਂ ਅਤੇ ਹੁਸੀਨ ਯਾਦਾਂ ਜੁੜੀਆਂ ਹੋਈਆਂ ਹਨ। ਇਸ ਨੂੰ ਯਾਦ ਕਰਨ ਨਾਲ ਕੁਝ ਅਣਛੂਹੇ ਜਿਹੇ ਚਿੱਤਰ, ਝਲਕੀਆਂ ਬਣ ਕੇ ਅੱਖਾਂ ਅੱਗੋਂ ਲੰਘ ਜਾਂਦੇ ਹਨ। ਸੋ ਸੋਹਣੀ ਮੁਟਿਆਰ ਦੇ ਰੂਪ ਨੂੰ ਹੁਸੀਨ ਕਰਨ ਲਈ ਫੁਲਕਾਰੀ ਦੀ ਸਦੀਵੀ ਯਾਦ ਅਜੇ ਵੀ ਸਾਡੇ ਦਿਲਾਂ ਵਿੱਚ ਥਾਂ ਮੱਲੀ ਬੈਠੀ ਹੈ। ਫੁਲਕਾਰੀ ਵਾਲੀ ਮੁਟਿਆਰ ਇੰਜ ਲੱਗਦੀ ਸੀ ਜਿਵੇਂ ਉਸ ਕੋਲ ਕੋਈ ਅਨੋਖੀ ਸ਼ਕਤੀ ਹੋਵੇ। ਇਹ ਅਨੋਖਾ ਸੱਚ ਹੈ, ਪਰ ਇਹ ਬੀਤ ਚੁੱਕਿਆ ਹੈ। ਹੁਣ ਤਾਂ ਦੇਖਣਾ ਹੀ ਪੱਲੇ ਹੈ, ਸ਼ਾਇਦ ਹੋਰ ਸਮੇਂ ਬਾਅਦ ਲੋਕ ਦੇਖਣ ਤੋਂ ਵੀ ਵਾਂਝੇ ਰਹਿ ਜਾਣ। ਫਿਰ ਉਹ ਸਮਾਂ ਹੋਵੇਗਾ ਜਦੋਂ ਫੁਲਕਾਰੀ ਦੀ ਹੋਂਦ ਬਿਲਕੁਲ ਖ਼ਤਮ ਹੋਈ ਹੋਵੇਗੀ।
ਫੁਲਕਾਰੀ ਦਾ ਅਰਥ ਫੁੱਲ ਕੱਢਣਾ ਹੈ, ਪਰ ਪੰਜਾਬੀ ਮੁਟਿਆਰ ਆਪਣੀ ਫੁਲਕਾਰੀ ਉੱਪਰ ਜ਼ਿਆਦਾ ਕਰਕੇ ਫੁੱਲ ਬੂਟੀਆਂ ਹੀ ਕੱਢਦੀਆਂ ਸਨ। ਕਈ ਫੁਲਕਾਰੀਆਂ ਉੱਤੇ ਚਿੱਤਰ ਵੀ ਕੱਢੇ ਜਾਂਦੇ ਸਨ, ਜਿਨ੍ਹਾਂ ਦੀ ਅਗਵਾਈ ਸਾਡਾ ਇੱਕ ਲੋਕ ਗੀਤ ਇੰਜ ਕਰਦਾ ਹੈ :
ਗੋਰੀਏ ਨੀਂ ਤੂੰ ਬੜੀ ਸਿਆਣੀ ਤੇਰੀ ਰੀਸ ਨਹੀਂ।
ਜੋ ਸੂਈ ਰੇਸ਼ਮੀ ਫੁੱਲ ਕੱਢਦੀ ਉਸ ਸੂਈ ਦੀ ਰੀਸ ਨਹੀਂ।
ਫੁਲਕਾਰੀ ਕਦੋਂ ਅਤੇ ਕਿਵੇਂ ਹੋਂਦ ਵਿੱਚ ਆਈ ਇਸ ਬਾਰੇ ਅਜੇ ਤੱਕ ਕੋਈ ਸਹੀ ਗਿਆਨ ਨਹੀਂ ਮਿਲਿਆ, ਪਰ ਇਹ ਗੱਲ ਜ਼ਰੂਰ ਪ੍ਰਚੱਲਤ ਹੈ ਕਿ ਕਸ਼ਮੀਰ ਵਿੱਚ ਆ ਕੇ ਵੱਸਣ ਵਾਲੇ ਈਰਾਨੀ ਮੁਸਲਮਾਨ ਇਸ ਹੁਨਰ ਨੂੰ ਆਪਣੇ ਨਾਲ ਭਾਰਤ ਲੈ ਆਏ ਸਨ। ਇਰਾਨ ਵਿੱਚ ਇਸ ਨੂੰ ਗੁਲਕਾਰੀ ਕਿਹਾ ਜਾਂਦਾ ਹੈ। ਗੁਲਕਾਰੀ ਵੀ ਫ਼ਾਰਸੀ ਦਾ ਇੱਕ ਸ਼ਬਦ ਹੈ, ਜਿਸ ਦਾ ਅਰਥ ਹੈ ਫੁੱਲ ਕੱਢਣਾ। ਇਹ ਕਦੇ ਪੰਜਾਬਣਾਂ ਦਾ ਸਭ ਤੋਂ ਪਿਆਰਾ ਅਤੇ ਨਿਆਰਾ ਸ਼ੌਕ ਹੁੰਦਾ ਸੀ। ਫੁਲਕਾਰੀ ਨੂੰ ਹਰੇਕ ਮੁਟਿਆਰ ਨਹੀਂ ਲੈ ਸਕਦੀ ਕਿਉਂਕਿ ਇਹ ਆਮ ਦੁਪੱਟੇ ਜਾਂ ਚੁੰਨੀ ਤੋਂ ਕੁਝ ਜ਼ਿਆਦਾ ਹੀ ਭਾਰੀ ਹੁੰਦੀ ਹੈ, ਇਸ ਲਈ ਫੁਲਕਾਰੀ ਨੂੰ ਜ਼ਿਆਦਾਤਰ ਸ਼ਗਨਾਂ ਦੇ ਭਾਵ ਖ਼ੁਸ਼ੀ ਦੇ ਮੌਕਿਆਂ ’ਤੇ ਹੀ ਲਿਆ ਜਾਂਦਾ ਸੀ। ਅੱਜਕੱਲ੍ਹ ਦੀਆਂ ਮੁਟਿਆਰਾਂ ਜਾਂ ਕਹਿ ਲਵੋ ਕਿ ਕੁੜੀਆਂ ਕਈ ਤਾਂ ਇਸ ਦੇ ਨਾਮ ਤੋਂ ਵੀ ਅਣਜਾਣ ਹਨ, ਖਾਸ ਕਰਕੇ ਸ਼ਹਿਰੀ ਵਸੋਂ ਵਿੱਚ ਰਹਿਣ ਵਾਲੀਆਂ ਛੋਟੀ ਉਮਰ ਦੀਆਂ ਕੁੜੀਆਂ। ਜੋ ਕੁੜੀਆਂ ਫੁਲਕਾਰੀ ਬਾਰੇ ਜਾਣਦੀਆਂ ਵੀ ਹਨ, ਉਹ ਵੀ ਇਸ ਕਰਕੇ ਜਾਣਦੀਆਂ ਹਨ ਕਿ ਜਦੋਂ ਕਿਤੇ ਕੋਈ ਵੀ ਸੱਭਿਆਚਾਰਕ ਜਾਂ ਵਿਰਾਸਤੀ ਮੇਲੇ ਆਦਿ ਹੁੰਦੇ ਹਨ ਤਾਂ ਉੱਥੋਂ ਹੀ ਉਨ੍ਹਾਂ ਨੇ ਫੁਲਕਾਰੀ ਬਾਰੇ ਕੁਝ ਸੁਣਿਆ ਹੁੰਦਾ ਹੈ।
ਪਹਿਲਾਂ ਜਦੋਂ ਕੋਈ ਪੰਜਾਬੀ ਮੁਟਿਆਰ ਸਿਰ ਉੱਪਰ ਫੁਲਕਾਰੀ ਲੈਂਦੀ ਸੀ ਤਾਂ ਉਸ ਦੇ ਹੁਸਨ ਅਤੇ ਕਾਸ਼ਨੀ ਅੱਖਾਂ ਨੂੰ ਹੋਰ ਵੀ ਖ਼ੂਬਸੂਰਤੀ ਮਿਲਦੀ ਸੀ। ਜਿਵੇਂ ਸਾਡਾ ਇੱਕ ਲੋਕ ਗੀਤ ਕਹਿੰਦਾ ਹੈ:
ਹੁਸਨ ਗੋਰੀ ਦਾ ਚੋ ਚੋ ਪੈਂਦਾ,
ਜਿਉਂ ਮਾਖਿਉਂ ਮਖਿਆਰੀ ਦਾ।
ਨੈਣ ਗੋਰੀ ਦੇ ਕਜਲਾ ਪਾਇਆ,
ਡਾਢਾ ਰੰਗ ਫੁਲਕਾਰੀ ਦਾ।
ਪੰਜਾਬੀ ਮੁਟਿਆਰਾਂ ਦਾ ਦਿਲ ਪਿਆਰ ਤੇ ਮੋਹ ਨਾਲ ਗੜੁੱਚ ਹੁੰਦਾ ਸੀ ਅਤੇ ਹੈ। ਪੰਜਾਬੀ ਮੁਟਿਆਰਾਂ ਜਾਂ ਔਰਤਾਂ ਖਰੀਆਂ ਵੀ ਹਨ ਅਤੇ ਸੁਭਾਵਿਕ ਵੀ ਹਨ, ਪਰ ਲੋੜ ਹੈ ਉਨ੍ਹਾਂ ਦੇ ਭਾਵਾਂ ਨੂੰ ਸਮਝਣ ਦੀ, ਉਨ੍ਹਾਂ ਦੀ ਤੱਕਣੀ ਨੂੰ ਪਰਖਣ ਦੀ, ਉਨ੍ਹਾਂ ਦੇ ਜਜ਼ਬਿਆਂ ਨੂੰ ਰਾਹਤ ਦੇਣ ਦੀ, ਉਨ੍ਹਾਂ ਦੇ ਸੁਭਾਵੀ ਵਲਵਲਿਆਂ ਵਿੱਚ ਮੌਲਿਕਤਾ ਲਿਆਉਣ ਦੀ। ਪੰਜਾਬੀ ਔਰਤਾਂ ਨੇ ਆਪਣੀ ਚਾਹਤ ਨੂੰ ਫੁਲਕਾਰੀ ਵਿੱਚ ਉਤਾਰਿਆ ਅਤੇ ਪੰਜਾਬ ਦੇ ਲੋਕ ਗੀਤਾਂ ਵਿੱਚ ਇਸ ਦੀ ਸੁੰਦਰਤਾ ਅਤੇ ਕਲਾ ਦੀ ਬੜੀ ਪ੍ਰਸੰਸਾ ਕੀਤੀ ਹੈ। ਫੁਲਕਾਰੀ ਅਤੇ ਪੰਜਾਬਣ ਮੁਟਿਆਰ ਦਾ ਰਿਸ਼ਤਾ ਇੰਨਾ ਗੂੜ੍ਹਾ ਹੈ ਕਿ ਪੰਜਾਬੀ ਲੋਕ ਗੀਤਾਂ ਵਿੱਚ ਵੀ ਫੁਲਕਾਰੀ ਦਾ ਅਤੇ ਪੰਜਾਬਣ ਮੁਟਿਆਰ ਦਾ ਜ਼ਿਕਰ ਆਉਂਦਾ ਹੈ। ਜਦੋਂ ਕਿਸੇ ਮੁਟਿਆਰ ਦਾ ਮਾਹੀ ਪਰਦੇਸ ਗਿਆ ਹੁੰਦਾ ਹੈ ਤਾਂ ਉਹ ਫੁਲਕਾਰੀ ਕੱਢਦੀ ਹੋਈ ਆਪਣੇ ਮਾਹੀ ਨੂੰ ਮਿਲਣ ਦੀ ਤਾਂਘ ਵਿੱਚ ਤਤਪਰ ਰਹਿੰਦੀ ਹੈ ਅਤੇ ਉਹ ਆਪਣੇ ਜੋਬਨ ਨੂੰ ਵੇਖ ਕੇ ਝੂਰਦੀ ਹੋਈ ਕਹਿੰਦੀ ਹੈ:
ਜੀ ਮੈਂਡੇ ਸਿਰ ਉੱਪਰ ਫੁਲਕਾਰੀ ਆ।
ਤੁਸੀਂ ਪਰਦੇਸ ਹੋ ਜੋਬਨ ਕਿਸ ਕਾਰੀ ਆ।
ਇਸੇ ਹੀ ਤਰ੍ਹਾਂ ਜਦੋਂ ਕਿਸੇ ਮੁਟਿਆਰ ਦੇ ਮਾਹੀ ਨੇ ਪਰਦੇਸ ਤੋਂ ਵਾਪਸ ਆਉਣਾ ਹੋਵੇ, ਤਾਂ ਉਹ ਆਪਣੀਆਂ ਆਂਢ-ਗੁਆਂਢ ਦੀਆਂ ਸਹੇਲੀਆਂ ਨੂੰ ਕਹਿੰਦੀ ਹੈ:
ਪਰਦੇਸ ਗਏ ਬਿਨ ਮਾਹੀ ਦੇ ਕੀ ਜਿਉਣਾ
ਕੱਢਣੀ ਮੈਂ ਫੁਲਕਾਰੀ ਨੀਂ ਅੱਜ ਮਾਹੀ ਨੇ ਆਉਣਾ।
ਇੱਕ ਸਮਾਂ ਉਹ ਵੀ ਸੀ ਜਦੋਂ ਫੁਲਕਾਰੀ ਸਾਡੇ ਸੱਭਿਆਚਾਰ, ਸਾਡੀ ਵਿਰਾਸਤ ਦਾ ਇੱਕ ਅਹਿਮ ਅੰਗ ਹੋਇਆ ਕਰਦੀ ਸੀ, ਪਰ ਅੱਜ ਅਸੀਂ ਆਪਣੀ ਵਿਰਾਸਤ ਦੀਆਂ ਕੁਝ ਵਿਸ਼ੇਸ਼ਤਾਵਾਂ ਨੂੰ ਭੁੱਲਦੇ ਜਾ ਰਹੇ ਹਾਂ। ਭਾਵੇਂ ਕਿ ਫੁਲਕਾਰੀ ਅਜੇ ਬਿਲਕੁਲ ਲੋਪ ਨਹੀਂ ਹੋਈ, ਪਰ ਹੋ ਰਹੀ ਹੈ। ਜਿਸ ਤਰ੍ਹਾਂ ਅਸੀਂ ਆਪਣੀ ਵਿਰਾਸਤ ਦੀਆਂ ਵਿਸ਼ੇਸ਼ਤਾਵਾਂ ਨੂੰ ਭੁੱਲਦੇ ਜਾ ਰਹੇ ਹਾਂ, ਇੱਕ ਦਿਨ ਫੁਲਕਾਰੀ ਸਾਨੂੰ ਅਜਾਇਬਘਰਾਂ ਵਿੱਚ ਹੀ ਵੇਖਣ ਨੂੰ ਮਿਲਿਆ ਕਰੇਗੀ।
ਸੰਪਰਕ: 80547-57806