ਮੁੰਬਈ: ਫਿਲਮਸਾਜ਼ ਅਤੇ ਨਿਰਮਾਤਾ ਇਮਤਿਆਜ਼ ਅਲੀ ਨੂੰ ਵਿੱਚ ਭਾਰਤ ਵਿੱਚ ‘ਰੂਸੀ ਫਿਲਮ ਮੇਲੇ’ ਦਾ ਬਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ। ਇਸ ਮੇਲੇ ਤਹਿਤ 16 ਅਕਤੂਬਰ ਤੋਂ 27 ਨਵੰਬਰ ਤੱਕ ਡਿਜ਼ਨੀ ਪਲੱਸ ਹੌਟਸਟਾਰ ’ਤੇ ਭਾਰਤੀ ਦਰਸ਼ਕਾਂ ਲਈ ਵੱਖ-ਵੱਖ ਸ਼ੈਲੀ ਵਾਲੀਆਂ ਦਸ ਪ੍ਰਸਿੱਧ ਰੂਸੀ ਫਿਲਮਾਂ ਦਿਖਾਈਆਂ ਜਾਣਗੀਆਂ। ‘ਲਵ ਆਜ ਕੱਲ੍ਹ’, ‘ਜਬ ਵੀ ਮੈੱਟ’, ‘ਰੌਕਸਟਾਰ’ ਅਤੇ ‘ਤਮਾਸ਼ਾ’ ਵਰਗੀਆਂ ਫਿਲਮਾਂ ਲਈ ਮਸ਼ਹੂਰ ਫਿਲਮਸਾਜ਼ ਇਮਤਿਆਜ਼ ਅਲੀ ਨੇ ਇਸ ਬਾਰੇ ਕਿਹਾ, ‘‘ਰੂਸ ਅਤੇ ਭਾਰਤ ਵਿਚਾਲੇ ਲੰਮੇ ਸਮੇਂ ਤੋਂ ਸਭਿਆਚਾਰਕ ਸਾਂਝ ਹੈ। ਰਾਜ ਕਪੂਰ ਤੇ ਮਿਥੁਨ ਚਰਕਬਰਤੀ ਵਰਗੇ ਫਿਲਮੀ ਸਿਤਾਰੇ ਰੂਸ ਵਿੱਚ ਬਹੁਤ ਮਸ਼ਹੂਰ ਰਹੇ ਹਨ ਅਤੇ ਇਸੇ ਤਰ੍ਹਾਂ ਰੂਸੀ ਸੰਗੀਤ ਤੇ ਸਿਨੇਮਾ ਵੀ ਭਾਰਤੀ ਸਭਿਆਚਾਰ ਦਾ ਹਿੱਸਾ ਰਹੇ ਹਨ।’’ ਉਸ ਨੇ ਕਿਹਾ, ‘‘ਮੈਂ ਸਾਰੇ ਭਾਰਤੀ ਦਰਸ਼ਕਾਂ ਨੂੰ 16 ਅਕਤੂਬਰ ਤੋਂ ਇਹ ਫਿਲਮਾਂ ਦੇਖਣ ਅਤੇ ਇਨ੍ਹਾਂ ਦੋ ਮਹਾਨ ਸਭਿਆਚਾਰਾਂ ’ਤੇ ਆਧਾਰਤ ਹੋਰ ਫਿਲਮਾਂ ਬਣਾਉਣ ਦਾ ਸੱਦਾ ਦਿੰਦਾ ਹਾਂ।’’ ਰੂਸੀ ਫੈਡਰੇਸ਼ਨ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਓਲਗਾ ਲਯੂਬੀਮੋਵਾ ਨੇ ਕਿਹਾ ਕਿ ‘ਰੂਸੀ ਫਿਲਮ ਮੇਲਾ’ ਘਰੇਲੂ ਸਮੱਗਰੀ ਨੂੰ ਵਿਦੇਸ਼ ਵਿਚ ਉਤਸ਼ਾਹਿਤ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਢੰਗ ਹੈ। ਫਿਲਮ ਮੇਲੇ ਦੇ ਡਾਇਰੈਕਟਰ ਸਰਫਰਾਜ਼ ਆਲਮ ਨੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਨਿਯਮਿਤ ਤੌਰ ’ਤੇ ਭਾਰਤ ’ਚ ਰੂਸੀ ਫਿਲਮਾਂ ਲਿਆਉਣ ਦੀ ਇੱਛਾ ਰੱਖਦੇ ਹਨ। ਡਿਜ਼ਨੀ ਪਲੱਸ ਹਾਟਸਟਾਰ ਦੇ ਬੁਲਾਰੇ ਨੇ ਕਿਹਾ ਕਿ ਉਹ ਆਪਣੇ ਪਲੈਟਫਾਰਾਮ ’ਤੇ ਦਰਸ਼ਕਾਂ ਨੂੰ ਰੂਸੀ ਫਿਲਮਾਂ ਦਿਖਾਉਣ ਲਈ ਉਤਸ਼ਾਹਿਤ ਹਨ। ਜ਼ਿਕਰਯੋਗ ਹੈ ਕਿ ਇਸ ਫਿਲਮ ਮੇਲੇ ਵਿੱਚ ‘ਆਈਸ’, ‘ਆਨ ਦਿ ਐਜ’, ‘ਟੈੱਲ ਹਰ’, ‘ਡਾਕਟਰ ਲਿਜ਼ਾ’, ‘ਦਿ ਰੈਲੇਟਿਵਜ਼’, ‘ਅਨਦਰ ਵਿਮੈਨ’, ਅਤੇ ‘ਜੈੱਟਲੈਡ’ ਸਮੇਤ ਹੋਰ ਫਿਲਮਾਂ ਅੰਗਰੇਜ਼ੀ ਸਬ-ਟਾਈਟਲਜ਼ ਨਾਲ ਦਿਖਾਈਆਂ ਜਾਣਗੀਆਂ। -ਪੀਟੀਆਈ