ਜਸਵਿੰਦਰ ਸਿੰਘ ਭੁਲੇਰੀਆ
ਅੱਜਕੱਲ੍ਹ ਮਾਂ-ਬਾਪ ਦੇ ਵਾਧੂ ਰੁਝੇਵੇਂ, ਮੋਬਾਈਲ, ਫੇਸਬੁੱਕ, ਵਟਸਐਪ ਆਦਿ ਦੀ ਲੋੜ ਤੋਂ ਜ਼ਿਆਦਾ ਵਰਤੋਂ ਕਰਨ ਨਾਲ ਬੱਚੇ ਅਣਡਿੱਠੇ ਹੋ ਰਹੇ ਹਨ। ਬੱਚਿਆਂ ਵੱਲ ਪੂਰਾ ਧਿਆਨ ਨਹੀਂ ਦਿੱਤਾ ਜਾ ਰਿਹਾ। ਸਮਾਰਟ ਫੋਨ ਦੇ ਕੇ ਅਕਸਰ ਬੱਚਿਆਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ। ਭੱਜ-ਦੌੜ ਦੀ ਜ਼ਿੰਦਗੀ ਵਿੱਚ ਸਿਰਫ਼ ਬੱਚਿਆਂ ਵੱਲ ਘੱਟ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ, ਸਗੋਂ ਮਾਂ-ਬਾਪ ਕੋਲ ਉਨ੍ਹਾਂ ਦੀ ਗੱਲ ਸੁਣਨ ਲਈ ਵੀ ਸਮਾਂ ਨਹੀਂ ਹੈ। ਜਦੋਂ ਵੀ ਬੱਚਾ ਆਪਣੇ ਮਨ ਦੀ ਗੱਲ ਉਨ੍ਹਾਂ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਪੜ੍ਹਨ ਜਾਂ ਧਿਆਨ ਨਾਲ ਕੰਮ ਕਰਨ ਦੀਆਂ ਹਦਾਇਤਾਂ ਦੇ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ। ਉਹ ਮਨ ਹੀ ਮਨ ਵਿੱਚ ਘੁੱਟਦਾ ਰਹਿੰਦਾ ਹੈ, ਜਿਸ ਕਾਰਨ ਉਹ ਆਪਣੇ-ਆਪ ਨੂੰ ਇਕੱਲਾ ਮਹਿਸੂਸ ਕਰਨ ਲੱਗ ਪੈਂਦਾ ਹੈ। ਇਸ ਤਰ੍ਹਾਂ ਮਾਂ-ਬਾਪ ਵੱਲੋਂ ਕੀਤੀ ਗਈ ਲਾਪ੍ਰਵਾਹੀ ਬੱਚਿਆਂ ’ਤੇ ਬਹੁਤ ਭਾਰੀ ਪੈਂਦੀ ਹੈ। ਇਸ ਲਈ ਹਰ ਮਾਂ-ਬਾਪ ਨੂੰ ਆਪਣੇ ਬੱਚਿਆਂ ਦੀ ਗੱਲ ਸਿਰਫ਼ ਧਿਆਨ ਨਾਲ ਹੀ ਨਹੀਂ ਸੁਣਨੀ ਚਾਹੀਦੀ, ਬਲਕਿ ਉਸ ਨੂੰ ਵਿਸ਼ਵਾਸ ਵਿੱਚ ਲੈ ਕੇ ਉਸ ਦਾ ਹੱਲ ਵੀ ਕਰਨਾ ਚਾਹੀਦਾ ਹੈ।
ਕਈ ਵਾਰ ਘਰ ਵਿੱਚ ਮਾਪਿਆਂ ਦੀ ਗ਼ੈਰਹਾਜ਼ਰੀ ਵਿੱਚ ਕੋਈ ਰਿਸ਼ਤੇਦਾਰ ਬੱਚਿਆਂ ਨਾਲ ਗ਼ਲਤ ਹਰਕਤ ਵੀ ਕਰ ਦਿੰਦਾ ਹੈ, ਪਰ ਅਕਸਰ ਬੱਚੇ ਡਰਦੇ ਦੱਸਦੇ ਨਹੀਂ। ਜੇ ਉਨ੍ਹਾਂ ਨੂੰ ਭਰੋਸਾ ਹੋਵੇ ਕਿ ਮਾਂ-ਬਾਪ ਗੱਲ ਸੁਣ ਕੇ ਉਨ੍ਹਾਂ ਦਾ ਸਾਥ ਦੇਣਗੇ, ਬਲਕਿ ਦਬਾਉਣ ਦੀ ਕੋਸ਼ਿਸ਼ ਨਹੀਂ ਕਰਨਗੇ ਤਾਂ ਉਹ ਖੁੱਲ੍ਹ ਕੇ ਮਾਪਿਆਂ ਨੂੰ ਸਾਰੀ ਗੱਲ ਦੱਸਣ ਲੱਗਿਆਂ ਸ਼ਰਮ ਨਹੀਂ ਕਰਨਗੇ। ਕਈ ਵਾਰ ਬੱਚੇ ਸਕੂਲ ਜਾਣ ਤੋਂ ਡਰਨ ਲੱਗਦੇ ਹਨ, ਪਰ ਅਸੀਂ ਉਨ੍ਹਾਂ ਦੀ ਪਰੇਸ਼ਾਨੀ ਨੂੰ ਸਮਝਣ ਦੀ ਬਜਾਏ ਜਬਰਦਸਤੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਸ ਦਾ ਇਹ ਹੱਲ ਨਹੀਂ। ਸਾਨੂੰ ਉਸ ਦੀ ਪਰੇਸ਼ਾਨੀ ਦਾ ਕਾਰਨ ਜਾਣਨਾ ਚਾਹੀਦਾ ਹੈ ਕਿ ਉਸ ਨੂੰ ਸਹਿਪਾਠੀ ਤੋਂ ਜਾਂ ਕਿਸੇ ਅਧਿਆਪਕ ਤੋਂ ਪਰੇਸ਼ਾਨੀ ਤਾਂ ਨਹੀਂ ਹੈ। ਪੂਰੀ ਜਾਣਕਾਰੀ ਲੈ ਕੇ ਉਸ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਕਿ ਬੱਚੇ ਨੂੰ ਇਹ ਹੌਸਲਾ ਹੋਵੇ ਕਿ ਉਹ ਇਕੱਲਾ ਨਹੀਂ, ਉਸ ਦੇ ਮਾਂ-ਬਾਪ ਨਾਲ ਹਨ। ਕਈ ਵਾਰ ਗੁਆਂਢੀ ਵੀ ਬੱਚਿਆਂ ਦੀ ਸਮੱਸਿਆ ਦਾ ਕਾਰਨ ਬਣ ਜਾਂਦੇ ਹਨ। ਅਕਸਰ ਮਾਂ-ਬਾਪ ਜਾਂਦੇ ਸਮੇਂ ਬੱਚਿਆਂ ਨੂੰ ਗੁਆਂਢੀ ਘਰ ਜਾਂ ਗੁਆਂਢੀ ਨੂੰ ਉਨ੍ਹਾਂ ਕੋਲ ਛੱਡ ਜਾਂਦੇ ਹਨ। ਮੌਕਾ ਮਿਲਣ ’ਤੇ ਕਈ ਵਾਰ ਉਹ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜ਼ਾਮ ਦੇ ਦਿੰਦੇ ਹਨ, ਜਿਸ ਨੂੰ ਬੱਚਾ ਸਾਰੀ ਉਮਰ ਨਹੀਂ ਭੁੱਲ ਸਕਦਾ। ਬੱਚਿਆਂ ਨੂੰ ਕਦੇ ਵੀ ਕਿਸੇ ਦੇ ਭਰੋਸੇ ’ਤੇ ਨਾ ਛੱਡੋ। ਜਿੱਥੋਂ ਤੱਕ ਹੋ ਸਕੇ, ਆਪਣੇ ਬਜ਼ੁਰਗਾਂ ਨੂੰ ਜ਼ਰੂਰ ਕੋਲ ਰੱਖੋ। ਉਨ੍ਹਾਂ ਦੁਆਰਾ ਦਿੱਤਾ ਗਿਆ ਸਮਾਂ, ਸਾਥ ਤੇ ਚੰਗੀ ਸੋਚ ਬੱਚਿਆਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਆਤਮ-ਵਿਸ਼ਵਾਸ ਪੈਦਾ ਕਰੇਗਾ। ਕਿਸ਼ੋਰ ਅਵਸਥਾ ਵਿੱਚ ਬੱਚੇ ਅਕਸਰ ਗ਼ਲਤੀਆਂ ਕਰ ਬੈਠਦੇ ਹਨ।
ਇਨ੍ਹਾਂ ਹਾਲਤਾਂ ਵਿਚ ਉਨ੍ਹਾਂ ਨੂੰ ਮਾਂ-ਬਾਪ ਦੇ ਪਿਆਰ, ਸਾਥ ਅਤੇ ਹਮਦਰਦੀ ਦੀ ਖਾਸ ਲੋੜ ਹੁੰਦੀ ਹੈ। ਇਹ ਸਮਾਂ ਉਨ੍ਹਾਂ ਨੂੰ ਇਕੱਲਾ ਛੱਡਣ, ਮਾਰਨ-ਕੁੱਟਣ ਜਾਂ ਗਾਲੀ-ਗਲੋਚ ਕਰਨ ਦਾ ਨਹੀਂ ਹੁੰਦਾ, ਸਗੋਂ ਸਮੇਂ ਨੂੰ ਸੰਭਾਲਣ ਦਾ ਹੁੰਦਾ ਹੈ। ਸਾਰੀ ਉਮਰ ਪਛਤਾਉਣ ਨਾਲੋਂ ਸਮੇਂ ਨੂੰ ਸਮੇਂ ਸਿਰ ਸੰਭਾਲ ਲੈਣਾ ਹੀ ਬੜੀ ਵੱਡੀ ਜਿੱਤ ਹੁੰਦੀ ਹੈ। ਹਰ ਮਾਂ ਨੂੰ ਆਪਣੀ ਧੀ ਦੀ ਸਹੇਲੀ ਬਣ ਕੇ ਰਹਿਣਾ ਚਾਹੀਦਾ ਹੈ, ਤਾਂ ਕਿ ਉਹ ਹਰ ਗੱਲ ਮਾਂ ਨਾਲ ਸਾਂਝੀ ਕਰ ਸਕੇ। ਬਚਪਨ ਤੋਂ ਉਨ੍ਹਾਂ ਨੂੰ ਚੰਗੇ ਤੇ ਨੇਕ ਸੰਸਕਾਰ ਦੇਣੇ ਚਾਹੀਦੇ ਹਨ। ਸਮੇਂ-ਸਮੇਂ ’ਤੇ ਉਨ੍ਹਾਂ ਦੀ ਕੌਂਸਲਿੰਗ ਕਰਨੀ ਚਾਹੀਦੀ ਹੈ ਤਾਂ ਕਿ ਉਹ ਬੁਰੀ ਸੰਗਤ ਤੋਂ ਬਚ ਸਕਣ। ਪਿਉ ਪੁੱਤਰ ਵੀ ਚੰਗੇ ਦੋਸਤਾਂ ਵਾਂਗ ਰਹਿ ਸਕਦੇ ਹਨ| ਮਾਂ ਪਿਉ ਹੋਣ ਦਾ ਬਹੁਤਾ ਪ੍ਰੈੱਸ਼ਰ ਵੀ ਬੱਚਿਆਂ ’ਤੇ ਨਹੀਂ ਪਾਉਣਾ ਚਾਹੀਦਾ| ਘਰੋਂ ਬਾਹਰ ਤੁਸੀਂ ਬੇਸ਼ੱਕ ਕਿਸੇ ਵੀ ਅਹੁਦੇ ’ਤੇ ਬਿਰਾਜਮਾਨ ਹੋਵੋ ਉਸ ਹੈਸੀਅਤ ਦਾ ਬੱਚਿਆਂ ’ਤੇ ਰੋਹਬ ਨਹੀਂ ਪਾਉਣਾ ਚਾਹੀਦਾ| ਕਈ ਵਾਰ ਬਹੁਤੀ ਠਾਣੇਦਾਰੀ ਵੀ ਬੱਚਿਆਂ ਦਾ ਮਾਪਿਆਂ ਤੋਂ ਮੋਹ ਭੰਗ ਕਰ ਦਿੰਦੀ ਹੈ, ਜੋ ਕਿ ਨਹੀਂ ਹੋਣਾ ਚਾਹੀਦਾ| ਮਾਂ-ਬਾਪ ਦੀ ਗ਼ੈਰ-ਹਾਜ਼ਰੀ ਵਿੱਚ ਨੌਕਰ ਜਾਂ ਕਈ ਮਿੱਤਰ ਬੱਚਿਆਂ ਨੂੰ ਕੁਰਾਹੇ ਪਾ ਦਿੰਦੇ ਹਨ| ਉਹ ਬੁਰੀ ਸੰਗਤ ਵਿੱਚ ਪੈ ਕੇ ਨਸ਼ਿਆਂ ਆਦਿ ਦਾ ਸੇਵਨ ਕਰਨ ਲੱਗ ਜਾਂਦੇ ਹਨ। ਇਸ ਤਰ੍ਹਾਂ ਦੇ ਹਾਲਾਤ ਵਿੱਚ ਬੱਚਿਆਂ ਨੂੰ ਮਾਂ-ਬਾਪ ਦੇ ਸਾਥ ਦੀ ਸਖ਼ਤ ਲੋੜ ਹੁੰਦੀ ਹੈ। ਹਰ ਮਾਂ-ਬਾਪ ਨੂੰ ਆਪਣੇ ਫਾਲਤੂ ਰੁਝੇਵੇਂ ਘਟਾ ਕੇ ਆਪਣੇ ਬੱਚਿਆਂ ਨੂੰ ਪੂਰਾ ਸਮਾਂ ਦੇਣਾ ਚਾਹੀਦਾ ਹੈ।
ਬੱਚਿਆਂ ਦੇ ਮਿੱਤਰਾਂ ਬਾਰੇ ਪੂਰੀ ਜਾਣਕਾਰੀ ਰੱਖਣ ਦੇ ਨਾਲ-ਨਾਲ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਵੀ ਧਿਆਨ ਰੱਖਣਾ ਚਾਹੀਦਾ ਹੈ। ਅਧਿਆਪਕਾਂ ਨੂੰ ਉਸ ਬਾਰੇ ਜ਼ਰੂਰ ਪੁੱਛਣਾ ਚਾਹੀਦਾ ਹੈ। ਬੱਚਿਆਂ ਲਈ ਮਾਂ-ਬਾਪ ਰੱਬ ਵਰਗਾ ਆਸਰਾ ਹੁੰਦੇ ਹਨ। ਇਸ ਲਈ ਘਰ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਾ ਕੇ ਰੱਖੋ ਕਿ ਹਰ ਕਿਸੇ ਦੀ ਸਾਂਝ ਬਣੀ ਰਹੇ। ਹਰ ਕੋਈ ਆਪਣੀ ਗੱਲ ਦੂਜਿਆਂ ਨਾਲ ਸਾਂਝੀ ਕਰ ਸਕੇ। ਲੋੜ ਪੈਣ ’ਤੇ ਮਾਂ-ਬਾਪ ਨੂੰ ਬੱਚੇ ਨਾਲ ਚੱਟਾਨ ਵਾਂਗ ਖੜ੍ਹੇ ਹੋਣਾ ਚਾਹੀਦਾ ਹੈ। ਬੱਚਿਆਂ ਵਿੱਚ ਇਸ ਤਰ੍ਹਾਂ ਦਾ ਵਿਸ਼ਵਾਸ ਪੈਦਾ ਕਰੋ ਕਿ ਉਹ ਬਿਨਾਂ ਝਿਜਕ ਤੋਂ ਹਰ ਗੱਲ ਉਨ੍ਹਾਂ ਨਾਲ ਸਾਂਝੀ ਕਰ ਸਕੇ ਤਾਂ ਕਿ ਉਸ ਨੂੰ ਅੰਦਰ ਦੇ ਬੋਝ ਨੂੰ ਸਾਰੀ ਉਮਰ ਹੰਢਾਉਣਾ ਨਾ ਪਵੇ। ਬੱਚੇ ਹੀ ਮਾਂ-ਬਾਪ ਦਾ ਸਭ ਤੋਂ ਕੀਮਤੀ ਧਨ ਹੁੰਦੇ ਹਨ। ਬੱਚਿਆਂ ਨੂੰ ਲੋੜ ਤੋਂ ਵੱਧ ਪੈਸਾ ਨਹੀਂ ਦੇਣਾ ਚਾਹੀਦਾ|
ਜਦੋਂ ਵੀ ਬੱਚਾ ਕਿਸੇ ਨੂੰ ਫੋਨ ਕਰੇ ਤਾਂ ਉਸ ਨੂੰ ਜ਼ਰੂਰ ਪੁੱਛਿਆ ਜਾਵੇ ਕਿ ਇਹ ਫੋਨ ਕਿੱਸਦਾ ਆਇਆ ਸੀ| ਅੱਜਕੱਲ੍ਹ ਹਰ ਇੱਕ ਬੰਦਾ ਕਿਸੇ ਦਾ ਫੋਨ ਆਉਂਦਿਆ ਹੀ ਪਾਸੇ ਤੁਰ ਪੈਂਦਾ ਹੈ| ਇੰਜ ਕਰਨ ਨਾਲ ਸ਼ੱਕ ਦਾ ਘੇਰਾ ਵਧਣ ਲੱਗ ਜਾਂਦਾ ਹੈ| ਅੱਜ ਸਮਾਜ ਦੀ ਇਹ ਸਭ ਤੋਂ ਵੱਡੀ ਸਮੱਸਿਆ ਹੈ ਕਿ ਇਕੱਲਾ ਇਕੱਲਾ ਬੱਚਾ ਹੋਣ ਕਰਕੇ ਬੱਚੇ ਨੂੰ ਬਹੁਤਾ ਕੁਝ ਕਿਹਾ ਨਹੀਂ ਜਾ ਰਿਹਾ| ਜਿਸ ਦਾ ਬੱਚੇ ਵੀ ਨਾਜਾਇਜ਼ ਫਾਇਦਾ ਲੈ ਰਹੇ ਹਨ| ਪਹਿਲਾਂ ਵਾਂਗ ਅੱਜਕੱਲ੍ਹ ਸੰਯੁਕਤ ਪਰਿਵਾਰ ਨਹੀਂ ਰਹੇ| ਜਿਸ ਕਰਕੇ ਮਾਪਿਆਂ ਤੋਂ ਵੀ ਬੱਚੇ ਪਾਸਾ ਵੱਟਦੇ ਜਾ ਰਹੇ ਹਨ। ਜੇਕਰ ਸਿਲਸਲਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਨਤੀਜੇ ਘਾਤਕ ਸਿੱਧ ਹੋ ਸਕਦੇ ਹਨ| ਸਾਨੂੰ ਸਾਰਿਆਂ ਨੂੰ ਅੱਜ ਲੋੜ ਹੈ ਬੱਚਿਆਂ ਵੱਲ ਧਿਆਨ ਦੇਣ ਦੀ ਤਾਂ ਕਿ ਉਨ੍ਹਾਂ ਦਾ ਭਵਿੱਖ ਖੁਸ਼ਹਾਲ ਹੋਵੇ।
ਸੰਪਰਕ: 75891-55501