ਨਿਊਯਾਰਕ: ਅਦਾਕਾਰ ਨਵਾਜ਼ੂਦੀਨ ਸਿੱਦੀਕੀ, ਵੀਰ ਦਾਸ ਅਤੇ ਸੁਸ਼ਮਿਤਾ ਸੇਨ ਦੀ ਸੀਰੀਜ਼ ‘ਆਰਿਆ’ ਵਿੱਚੋਂ ਕਿਸੇ ਨੇ ਵੀ 2021 ਦੇ ਅੰਤਰਰਾਸ਼ਟਰੀ ਐਮੀ ਐਵਾਰਡਜ਼ ਵਿੱਚ ਜਿੱਤ ਦਰਜ ਨਹੀਂ ਕੀਤੀ ਪਰ ਕਾਮੇਡੀਅਨ ਵੀਰ ਦਾਸ ਨੇ ਕਿਹਾ ਕਿ ਇਸ ਐਵਾਰਡ ਸਮਾਗਮ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨਾ ਹੀ ‘ਸਨਮਾਨ’ ਵਾਲੀ ਗੱਲ ਹੈ। ਸਿੱਦੀਕੀ, ਜਿਸ ਨੂੰ ਉਸ ਦੀ ਨੈੱਟਫਲਿਕਸ ਫਿਲਮ ‘ਸੀਰੀਅਸ ਮੈੱਨ’ ਵਿੱਚ ਉਸ ਦੇ ਸਰਬੋਤਮ ਪ੍ਰਦਰਸ਼ਨ ਲਈ ਨਾਮਜ਼ਦ ਕੀਤਾ ਗਿਆ ਸੀ, ਸਕਾਟਿਸ਼ ਅਦਾਕਾਰ ਡੇਵਿਟ ਟੇਨੈਂਟ ਤੋਂ ਹਾਰ ਗਿਆ। ਇਸੇ ਤਰ੍ਹਾਂ ਕਾਮੇਡੀ ਵਰਗ ਵਿੱਚ ਆਪਣੇ ਨੈੱਟਫਲਿਕ ਸਪੈਸ਼ਲ ‘ਵੀਰ ਦਾਸ: ਫਾਰ ਇੰਡੀਆ’ ਲਈ ਨਾਮਜ਼ਦ ਹੋਇਆ ਵੀਰ ਦਾਸ ਫਰਾਂਸ ਦੀ ਸੀਰੀਜ਼ ‘ਕਾਲ ਮਾਈ ਏਜੰਟ’ ਦੇ ਸੀਜ਼ਨ-4 ਤੋਂ ਹਾਰ ਗਿਆ। ਬੀਤੇ ਕੁਝ ਦਿਨਾਂ ਤੋਂ ‘ਆਈ ਕਮ ਫਰੌਮ ਟੂ ਇੰਡੀਆਜ਼’ ਕਾਰਨ ਸੁਰਖੀਆਂ ਵਿੱਚ ਆਏ ਕਾਮੇਡੀਅਨ ਵੀਰ ਦਾਸ ਦਾ ਕਹਿਣਾ ਹੈ ਕਿ ਉਸ ਨੂੰ ਫਰੈਂਚ ਡਰਾਮਾ ਪਸੰਦ ਹੈ। ਉਸ ਨੇ ਇੰਸਟਾਗ੍ਰਾਮ ’ਤੇ ਮੈਡਲ ਅਤੇ ਸਲਾਦ ਦੀਆਂ ਦੋ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘‘ਮੈਨੂੰ ਅੰਤਰਰਾਸ਼ਟਰੀ ਐਮੀ ਐਵਾਰਡਜ਼ ਵਿੱਚ ਸਰਬੋਤਮ ਕਾਮੇਡੀ ਲਈ ਨਾਮਜ਼ਦ ਕੀਤਾ ਗਿਆ ਸੀ ਪਰ ‘ਕਾਲ ਮਾਈ ਏਜੰਟ’ ਸੀਰੀਜ਼ ਜੋ ਮੈਨੂੰ ਕਾਫੀ ਪਸੰਦ ਹੈ, ਨੇ ਐਵਾਰਡ ਜਿੱਤਿਆ। ਮੈਨੂੰ ਇਹ ਮੈਡਲ ਮਿਲਿਆ ਅਤੇ ਕ੍ਰਿਸਪੀ ਪਨੀਰ ਟੌਪਿੰਗ ਵਾਲਾ ਇਹ ਸਲਾਦ ਖਾਧਾ। ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਾ ਸਨਮਾਨ ਵਾਲੀ ਗੱਲ ਹੈ। ਐਮੀਜ਼ ਫਾਰ ਇੰਡੀਆ ਦਾ ਸ਼ੁਕਰੀਆ। ਇਹ ਹਮੇਸ਼ਾ ਭਾਰਤ ਲਈ ਹੈ।’’ ਇਸ ਤੋਂ ਇਲਾਵਾ ਰਾਮ ਮਾਧਵਨੀ ਦੇ ਨਿਰਦੇਸ਼ਨ ਹੇਠ ਬਣੀ ਅਤੇ ਡਿਜ਼ਨੀ ਪਲੱਸ ਹੌਟਸਟਾਰ ’ਤੇ ਰਿਲੀਜ਼ ਹੋਈ ਸੁਸ਼ਮਿਤਾ ਸੇਨ ਦੀ ਸੀਰੀਜ਼ ‘ਆਰਿਆ’ ਨੂੰ ‘ਸਰਬੋਤਮ ਡਰਾਮਾ ਸੀਰੀਜ਼’ ਵਰਗ ਵਿੱਚ ਨਾਮਜ਼ਦ ਕੀਤਾ ਗਿਆ ਸੀ। ਇਸ ਵਰਗ ਦਾ ਐਵਾਰਡ ਇਜ਼ਰਾਈਲ ਦੀ ਸੀਰੀਜ਼ ‘ਤਹਿਰਾਨ’ ਨੂੰ ਮਿਲਿਆ। ਵੀਰ ਦਾਸ, ਨਵਾਜ਼ੂਦੀਨ ਸਿੱਦੀਕੀ ਅਤੇ ਮਾਧਵਨੀ ਤਿੰਨੋਂ ਨਿਊਯਾਰਕ ਵਿੱਚ ਹੋਏ ਸਮਾਗਮ ’ਚ ਸ਼ਾਮਲ ਹੋਏ। ਸੁਸ਼ਮਿਤਾ ਸੇਨ, ਜਿਸ ਨੇ ਹਾਲ ਹੀ ਵਿੱਚ ਸਰਜਰੀ ਕਰਵਾਈ ਸੀ, ਸਮਾਗਮ ਵਿੱਚ ਨਹੀਂ ਪਹੁੰਚ ਸਕੀ। -ਪੀਟੀਆਈ